
ਘਰ ਖਾਲੀ ਕਰਨ ਲਈ ਕਹਿਣ 'ਤੇ ਕੀਤੇ 50 ਵਾਰ, ਮੁਲਜ਼ਮ ਗ੍ਰਿਫ਼ਤਾਰ
Indian student Death: ਅਮਰੀਕਾ ਦੇ ਜਾਰਜੀਆ ਦੇ ਸ਼ਹਿਰ ਲਿਥੋਨੀਆ ਵਿਚ ਇਕ ਬੇਘਰੇ ਨਸ਼ੇੜੀ ਨੇ ਇਕ 25 ਸਾਲਾ ਭਾਰਤੀ ਵਿਦਿਆਰਥੀ ਦੇ ਸਿਰ 'ਤੇ ਹਥੌੜੇ ਨਾਲ ਕਰੀਬ 50 ਵਾਰ ਹਮਲਾ ਕਰ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ, ਜਿਸ 'ਚ ਹਮਲਾਵਰ ਜੂਲੀਅਨ ਫਾਕਨਰ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ 'ਤੇ ਹਥੌੜੇ ਨਾਲ 50 ਵਾਰ ਬੇਰਹਿਮੀ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।
ਇਕ ਮੀਡੀਆ ਰੀਪੋਰਟ ਅਨੁਸਾਰ ਵਿਵੇਕ ਸੈਣੀ ਫਾਕਨਰ ਦੇ ਸਟੋਰ 'ਤੇ ਪਾਰਟ-ਟਾਈਮ ਕਲਰਕ ਵਜੋਂ ਕੰਮ ਕਰਦਾ ਸੀ। ਚੈਨਲ ਨੇ ਕਿਹਾ ਕਿ ਸੈਣੀ ਨੇ ਫਾਕਨਰ ਨੂੰ ਚਿਪਸ, ਕੋਕ, ਪਾਣੀ ਅਤੇ ਇਕ ਜੈਕਟ ਦੇ ਕੇ ਮਦਦ ਕੀਤੀ, ਪਰ ਬਾਅਦ ਵਿਚ ਸੁਰੱਖਿਆ ਚਿੰਤਾਵਾਂ ਦੇ ਕਾਰਨ ਉਸ ਨੇ ਫਾਕਨਰ ਨੂੰ ਜਾਣ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਨਹੀਂ ਤਾਂ ਉਹ ਪੁਲਿਸ ਨਾਲ ਸੰਪਰਕ ਕਰੇਗਾ।
ਇਸ ਮਗਰੋਂ ਵਿਵੇਕ ਸੈਣੀ 16 ਜਨਵਰੀ ਨੂੰ ਅਪਣੇ ਘਰ ਜਾ ਰਿਹਾ ਸੀ ਕਿ ਫਾਕਨਰ ਨੇ ਉਸ 'ਤੇ ਹਮਲਾ ਕਰ ਦਿਤਾ। ਪੁਲਿਸ ਨੇ ਸੈਣੀ ਦੀ ਲਾਸ਼ 'ਤੇ ਫਾਕਨਰ ਨੂੰ ਮੌਕੇ 'ਤੇ ਖੜ੍ਹਾ ਪਾਇਆ। ਬੀ.ਟੈਕ. ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਆਏ ਸੈਣੀ ਨੇ ਹਾਲ ਹੀ 'ਚ 'ਬਿਜ਼ਨਸ ਐਡਮਿਨਿਸਟ੍ਰੇਸ਼ਨ' 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ।
ਇਸ ਬੇਰਹਿਮੀ ਨਾਲ ਵਾਪਰੀ ਘਟਨਾ ਤੋਂ ਬਾਅਦ ਹਰਿਆਣਾ 'ਚ ਰਹਿ ਰਹੇ ਸੈਣੀ ਦਾ ਪਰਿਵਾਰ ਸੋਗ 'ਚ ਹੈ। ਉਸ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਲਲਿਤਾ ਸੈਣੀ ਇਸ ਘਟਨਾ ਬਾਰੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿਚ ਨਹੀਂ ਹਨ।
(For more Punjabi news apart from Indian student beaten to death with hammer at a convenience store, stay tuned to Rozana Spokesman)