21 ਸਾਲਾ ਹੰਸਪ੍ਰੀਤ ਸਿੰਘ ਅਤੇ 20 ਸਾਲਾ ਹਰਸ਼ਦੀਪ ਸਿੰਘ ਵਜੋਂ ਹੋਈ ਨੌਜਵਾਨਾਂ ਦੀ ਪਛਾਣ
ਵੈਨਕੂਵਰ (ਮਲਕੀਤ ਸਿੰਘ) : ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਬੀਤੇ ਦਿਨੀਂ ਤੜਕੇ ਵਾਪਰੇ ਗੋਲੀਕਾਂਡ ਦੇ ਮਾਮਲੇ ਵਿਚ ਸਰੀ ਪੁਲਿਸ ਨੇ ਗ੍ਰਿਫ਼ਤਾਰ ਕੀਤੇ 2 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਜਨਤਾ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਮਕਸਦ ਨਾਲ ਜਾਰੀ ਕੀਤੀਆਂ ਗਈਆਂ ਹਨ।
ਪੁਲਿਸ ਮੁਤਾਬਕ ਇਸ ਮਾਮਲੇ ਵਿਚ 21 ਸਾਲਾ ਹੰਸਪ੍ਰੀਤ ਸਿੰਘ ਅਤੇ 20 ਸਾਲਾ ਹਰਸ਼ਦੀਪ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਦੋਹਾਂ ’ਤੇ ਤੜਕੇ ਹੋਈ ਗੋਲੀਬਾਰੀ ਨਾਲ ਸਬੰਧਤ ਗੰਭੀਰ ਦੋਸ਼ ਲਗਾਏ ਗਏ ਹਨ।
ਹਾਲਾਂਕਿ ਜਾਂਚ ਕਰ ਰਹੀ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਘਟਨਾ ਨੂੰ ਹਾਲੇ ਤਕ ਜ਼ਬਰਦਸਤੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਹਰ ਪੱਖੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਮਾਮਲੇ ਦੀ ਗਹਿਰਾਈ ਤਕ ਪਹੁੰਚਣ ਵਿਚ ਮਦਦ ਮਿਲ ਸਕਦੀ ਹੈ ਅਤੇ ਹੋਰ ਸੰਭਾਵਿਤ ਤੱਥ ਸਾਹਮਣੇ ਆ ਸਕਦੇ ਹਨ।
