
ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਟਰੰਪ ਦੀ ਚਿੱਠੀ ਦਾ ਦਿਤਾ ਜਵਾਬ
ਦੁਬਈ : ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ਸ਼ਕਿਆਨ ਨੇ ਡੋਨਾਲਡ ਟਰੰਪ ਦੇ ਇਕ ਚਿੱਠੀ ਦੇ ਜਵਾਬ ਵਿਚ ਅਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਓਮਾਨ ਜ਼ਰੀਏ ਰਸਤੇ ਈਰਾਨ ਨੇ ਅਸਿੱਧੇ ਤੌਰ ’ਤੇ ਗੱਲਬਾਤ ਤੋਂ ਇਨਕਾਰ ਨਹੀਂ ਕੀਤਾ ਹੈ, ਪਰ ਪਿਛਲੀਆਂ ਉਲੰਘਣਾਵਾਂ ਕਾਰਨ ਹੁਣ ਵਿਸ਼ਵਾਸ ਨਾ ਹੋਣ ਦੀ ਗੱਲ ਵੀ ਕਹੀ। ਪੇਜ਼ੇਸ਼ਕਿਅਨ ਨੇ ਟਿਪਣੀ ਕੀਤੀ, ‘‘ਉਨ੍ਹਾਂ ਨੂੰ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਵਿਸ਼ਵਾਸ ਪੈਦਾ ਕਰ ਸਕਦੇ ਹਨ।’’ 2018 ਦੇ ਪ੍ਰਮਾਣੂ ਸਮਝੌਤੇ ਤੋਂ ਟਰੰਪ ਦੇ ਪਿੱਛੇ ਹਟਣ ਤੋਂ ਬਾਅਦ, ਤਣਾਅ ਵਧ ਗਿਆ ਹੈ, ਜਿਸ ’ਚ ਈਰਾਨ ਦੇ ਸਹਿਯੋਗੀਆਂ ਅਤੇ ਵਿਰੋਧੀਆਂ ਨਾਲ ਹਮਲਿਆਂ ਅਤੇ ਟਕਰਾਅ ਸ਼ਾਮਲ ਹਨ।
ਈਰਾਨ ਦੇ ਸੁਪਰੀਮ ਲੀਡਰ ਖਾਮੇਨੀ ਨੇ ਟਰੰਪ ਨਾਲ ਗੱਲਬਾਤ ਨੂੰ ‘ਬੁੱਧੀਮਾਨ ਜਾਂ ਸਨਮਾਨਯੋਗ ਨਹੀਂ’ ਦਸਦਿਆਂ ਰੱਦ ਕਰ ਦਿਤਾ। ਟਰੰਪ ਨੇ ਉੱਤਰੀ ਕੋਰੀਆ ਨਾਲ ਅਪਣੇ ਪਿਛਲੇ ਪੱਤਰ-ਵਿਹਾਰ ਨੂੰ ਯਾਦ ਕਰਦਿਆਂ ਚਿਤਾਵਨੀ ਦਿਤੀ ਹੈ ਕਿ ਜੇਕਰ ਈਰਾਨ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਰੁਧ ਫੌਜੀ ਕਾਰਵਾਈ ਕੀਤੀ ਜਾਵੇਗੀ। ਈਰਾਨ ਦਾ ਕਹਿਣਾ ਹੈ ਕਿ ਉਸ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ, ਹਾਲਾਂਕਿ ਸੰਯੁਕਤ ਰਾਸ਼ਟਰ ਨੇ ਦੇਸ਼ ਵਲੋਂ ਤੇਜ਼ੀ ਨਾਲ ਹਥਿਆਰ ਪੱਧਰ ਦਾ ਯੂਰੇਨੀਅਮ ਬਣਾਉਣ ਦੀ ਤਿਆਰੀ ਦੀ ਰੀਪੋਰਟ ਕੀਤੀ ਹੈ।