ਨਾਬਾਲਗ ਲੜਕਿਆਂ ਨੇ ਮਜ਼ਾਕ 'ਚ ਵਜਾਈ ਸੀ ਅਨੁਰਾਗ ਚੰਦਰਾ ਦੇ ਘਰ ਦੀ ਘੰਟੀ, ਗੁੱਸੇ 'ਚ ਆਏ ਸ਼ਖ਼ਸ ਨੇ ਲੜਕਿਆਂ ਦੀ ਕਾਰ ਨੂੰ ਮਾਰੀ ਸੀ ਟੱਕਰ
16 ਵਰ੍ਹਿਆਂ ਦੇ 3 ਲੜਕਿਆਂ ਦੀ ਹੋਈ ਮੌਤ ਤੇ 3 ਹੋਏ ਸਨ ਜ਼ਖ਼ਮੀ
ਵਾਰਦਾਤ ਤੋਂ ਪਹਿਲਾਂ ਮੁਲਜ਼ਮ ਨੇ ਪੀਤੀ ਸੀ ਰੱਜ ਕੇ ਸ਼ਰਾਬ
19 ਜਨਵਰੀ, 2020 ਨੂੰ ਵਾਪਰੀ ਸੀ ਘਟਨਾ
ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਤਿੰਨ ਨਾਬਾਲਗਾਂ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਜਾਣਕਾਰੀ ਮੀਡੀਆ 'ਚ ਆਈ ਇਕ ਖ਼ਬਰ ਤੋਂ ਮਿਲੀ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੇ ਸ਼ੁੱਕਰਵਾਰ ਨੂੰ ਕਤਲ ਦੀ ਕੋਸ਼ਿਸ਼ ਅਤੇ ਕਤਲ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਹੈ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ 19 ਜਨਵਰੀ, 2020 ਨੂੰ ਵਾਪਰੀ, ਜਦੋਂ ਨਾਬਾਲਗਾਂ ਦੀ ਟੋਲੀ ਨੇ ਮਜ਼ਾਕ 'ਚ ਖੇਡਦੇ ਸਮੇਂ ਅਨੁਰਾਗ ਚੰਦਰਾ ਦੇ ਘਰ ਦੀ ਘੰਟੀ ਵਜਾਈ।
ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਭੱਜਣ ਤੋਂ ਪਹਿਲਾਂ ਇਕ ਬੱਚੇ ਨੇ ਉਸ ਨੂੰ ਛੇੜਿਆ ਸੀ। ਉਸ ਨੇ ਆਪਣੀ ਕਾਰ ਨਾਲ ਤਿੰਨੋਂ ਨੌਜਵਾਨਾਂ ਨੂੰ ਦਰੜ ਕੇ ਮਾਰ ਦਿੱਤਾ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਇਸ ਘਟਨਾ ਵਿੱਚ 16 ਸਾਲ ਦੇ ਤਿੰਨੇ ਨੌਜਵਾਨ ਮਾਰੇ ਗਏ ਸਨ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਜ਼ਖ਼ਮੀ ਹੋਏ ਸਨ।
ਜਿਸ ਦਿਨ ਹਾਦਸਾ ਹੋਇਆ, ਅਨੁਰਾਗ ਚੰਦਰਾ ਨੇ ਸ਼ਰਾਬ ਪੀਤੀ ਹੋਈ ਸੀ। ਉਸ ਨੇ ਕਿਹਾ ਕਿ ਉਹ ਮਜ਼ਾਕ ਤੋਂ 'ਬਹੁਤ ਪਰੇਸ਼ਾਨ' ਸੀ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਉਸ ਨੇ ਸ਼ਰਾਰਤੀ ਲੜਕਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਕੇ ਸੜਕ ਤੋਂ ਹੇਠਾਂ ਸੁੱਟ ਦਿੱਤਾ।
ਭਾਰਤੀ ਮੂਲ ਦੇ ਦੋਸ਼ੀ ਨੇ ਖੁਦ ਅਦਾਲਤ ਵਿੱਚ ਮੰਨਿਆ ਕਿ ਉਸ ਨੇ ਘਟਨਾ ਵਾਲੇ ਦਿਨ ਬਾਰਾਂ ਬੀਅਰ ਦੀਆਂ ਬੋਤਲਾਂ ਪੀਤੀਆਂ ਸਨ। ਟੱਕਰ ਤੋਂ ਪਹਿਲਾਂ ਮੈਂ 99 mph (159 kph) ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਹਾਲਾਂਕਿ ਮੇਰਾ ਮਕਸਦ ਉਨ੍ਹਾਂ ਨੂੰ ਮਾਰਨਾ ਨਹੀਂ ਸਗੋਂ ਉਨ੍ਹਾਂ ਨੂੰ ਸਬਕ ਸਿਖਾਉਣਾ ਸੀ। ਦੋਸ਼ੀ ਵਿਅਕਤੀ ਨੇ ਇਹ ਵੀ ਮੰਨਿਆ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਸੀ। ਦਰਵਾਜ਼ੇ ਦੀ ਘੰਟੀ ਵਜਾਉਣ ਵਾਲਿਆਂ ਲਈ ਮੇਰਾ ਦਿਲ ਗੁੱਸੇ ਨਾਲ ਭਰਿਆ ਹੋਇਆ ਸੀ। ਇਸ ਕਾਰਨ ਉਸ ਨੇ ਲੜਕਿਆਂ ਦਾ ਪਿੱਛਾ ਕੀਤਾ ਪਰ ਕਾਰ ਦੀ ਬ੍ਰੇਕ ਸਮੇਂ ਸਿਰ ਨਾ ਲਗਾਈ ਜਾ ਸਕੀ ਅਤੇ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਪੁਲਿਸ ਨੇ 48 ਘੰਟਿਆਂ 'ਚ ਸੁਲਝਾਇਆ ਕਤਲ ਦਾ ਮਾਮਲਾ, ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਰਿਵਰਸਾਈਡ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਈਕ ਹੇਸਟ੍ਰੀਨ ਨੇ ਕਿਹਾ ਕਿ ਇਨ੍ਹਾਂ ਲੜਕਿਆਂ ਦਾ ਕਤਲ ਸਾਡੇ ਭਾਈਚਾਰੇ ਲਈ ਇੱਕ ਭਿਆਨਕ ਅਤੇ ਸੰਵੇਦਨਹੀਣ ਦੁਖਾਂਤ ਹੈ। ਇਸ ਤਰ੍ਹਾਂ ਦੇ ਪਾਗਲਪਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਯੋਜਨਾਬੱਧ ਕਤਲ ਹੈ। ਦੱਸ ਦੇਈਏ ਕਿ ਇਹ ਘਟਨਾ 19 ਜਨਵਰੀ 2020 ਦੀ ਹੈ।
ਅਨੁਰਾਗ ਚੰਦਰਾ ਦੀ ਟੱਕਰ ਤੋਂ ਬਾਅਦ ਵੀ ਬਚ ਨਿਕਲੇ ਸਰਜੀਓ ਕੈਂਪਸਨੋ ਨੇ ਸਥਾਨਕ ਮੀਡੀਆ ਨਾਲ ਗਲਬਾਤ ਦੌਰਾਨ ਦੱਸਿਆ ਕਿ ਅਸੀਂ ਮਜ਼ਾਕ ਵਿੱਚ ਦਰਵਾਜ਼ੇ ਦੀ ਘੰਟੀ ਵਜਾਈ ਸੀ। ਸਾਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਮਜ਼ਾਕ ਸਾਡੇ ਲਈ ਘਾਤਕ ਸਾਬਤ ਹੋਵੇਗਾ। ਕਾਰ ਦੀ ਟੱਕਰ ਇੰਨੀ ਤੇਜ਼ ਸੀ ਕਿ ਸਾਨੂੰ ਕੁਝ ਵੀ ਯਾਦ ਨਹੀਂ ਰਿਹਾ।