
ਜੋਹਾਨਸਬਰਗ, ਦਖਣੀ ਅਫ਼ਰੀਕਾ 'ਚ ਕਾਰ ਲੁੱਟਣ ਦੀ ਘਟਨਾ ਦੌਰਾਨ ਭਾਰਤੀ ਮੂਲ ਦੀ 9 ਸਾਲਾ ਬੱਚੀ ਦੀ ਮੰਗਲਵਾਰ ਨੂੰ ਹਤਿਆ ਕਰ ਦਿਤੀ ਗਈ। ਇਸ ਹਤਿਆ ਦੇ ਵਿਰੋਧ ...
ਜੋਹਾਨਸਬਰਗ, ਦਖਣੀ ਅਫ਼ਰੀਕਾ 'ਚ ਕਾਰ ਲੁੱਟਣ ਦੀ ਘਟਨਾ ਦੌਰਾਨ ਭਾਰਤੀ ਮੂਲ ਦੀ 9 ਸਾਲਾ ਬੱਚੀ ਦੀ ਮੰਗਲਵਾਰ ਨੂੰ ਹਤਿਆ ਕਰ ਦਿਤੀ ਗਈ। ਇਸ ਹਤਿਆ ਦੇ ਵਿਰੋਧ ਵਿਚ ਡਰਬਨ 'ਚ ਲੋਕਾਂ ਨੇ ਪ੍ਰਦਰਸ਼ਨ ਕੀਤਾ। ਚੈਟਸਵਰਥ ਦੀ ਚੌਥੀ ਕਲਾਸ ਦੀ ਵਿਦਿਆਰਥਣ ਬੱਚੀ ਸਾਦੀਆ ਸੁਖਰਾਜ ਅਪਣੇ ਪਿਤਾ ਨਾਲ ਕਾਰ ਤੋਂ ਸਕੂਲ ਜਾ ਰਹੀ ਸੀ। ਉਸੇ ਦੌਰਾਨ ਤਿੰਨ ਹਥਿਆਰਬੰਦ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਬੱਚੀ ਸਮੇਤ ਕਾਰ ਲੈ ਕੇ ਫ਼ਰਾਰ ਹੋ ਗਏ।
ਅਗ਼ਵਾਕਾਰਾਂ ਨੇ ਬੱਚੀ ਦੇ ਪਿਤਾ ਨੂੰ ਕਾਰ ਤੋਂ ਬਾਹਰ ਸੁੱਟ ਦਿਤਾ। ਪਿੱਛਾ ਕੀਤੇ ਜਾਣ 'ਤੇ ਅਗ਼ਵਾਕਾਰਾਂ ਅਤੇ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਅਗ਼ਵਾ ਕਰਤਾਵਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਗੋਲੀ ਲੱਗਣ ਕਾਰਨ ਲੜਕੀ ਗੰਭੀਰ ਰੂਪ ਵਿਚ ਜ਼ਖ਼ਮੀ ਹਾਲਤ ਵਿਚ ਮਿਲੀ ਅਤੇ ਇਕ ਅਗ਼ਵਾ ਕਰਤਾ ਵੀ ਮ੍ਰਿਤਕ ਮਿਲਿਆ।
ਬੱਚੀ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਦੂਜੇ ਅਗ਼ਵਾਕਾਰ ਨੂੰ ਫੜ ਲਿਆ ਗਿਆ, ਜਦਕਿ ਤੀਜਾ ਅਗ਼ਵਾ ਕਰਤਾ ਬਚ ਕੇ ਨਿਕਲਣ 'ਚ ਸਫ਼ਲ ਰਿਹਾ। ਇਸ ਘਟਨਾ ਦੇ ਬਾਅਦ ਭਾਈਚਾਰੇ ਦੇ 3000 ਤੋਂ ਜ਼ਿਆਦਾ ਮੈਂਬਰ ਚੈਟਸਵਰਥ ਥਾਣੇ ਦੇ ਬਾਹਰ ਇਕੱਠੇ ਹੋਏ ਅਤੇ ਤੁਰਤ ਪੁਲਿਸ ਕਾਰਵਾਈ ਦੀ ਮੰਗ ਕੀਤੀ।
ਇਸ ਵਿਚਕਾਰ ਪੀੜਤ ਬੱਚੀ ਦੇ ਪਰਵਾਰ ਵਲੋਂ ਕੱਲ ਕੀਤੇ ਗਏ ਅੰਤਮ ਸਸਕਾਰ ਦੀ ਤਿਆਰੀ ਨੂੰ ਲੈ ਕੇ ਹੋਣ ਵਾਲੇ ਪ੍ਰਦਰਸ਼ਨ ਦੀ ਸੰਭਾਵਨਾ ਨੂੰ ਵੇਖਦੇ ਹੋਏ ਪੁਲਿਸ ਅਤੇ ਭਾਈਚਾਰੇ ਦੇ ਨੇਤਾਵਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। (ਪੀਟੀਆਈ)