
: ਉੱਤਰ ਕੋਰੀਆ ਦੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਕਿਮ ਜੋਂਗ ਉਨ ਦੇ ਨਜ਼ਦੀਕੀ ਕਿਮ ਯੋਂਗ-ਚੋਲ ਅਮਰੀਕਾ ਦੇ ਦੌਰੇ ਲਈ ਰਵਾਨਾ ਹੋ ਚੁਕੇ ਹਨ।...
ਪਿਉਂਗਯਾਂਗ: ਉੱਤਰ ਕੋਰੀਆ ਦੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਕਿਮ ਜੋਂਗ ਉਨ ਦੇ ਨਜ਼ਦੀਕੀ ਕਿਮ ਯੋਂਗ-ਚੋਲ ਅਮਰੀਕਾ ਦੇ ਦੌਰੇ ਲਈ ਰਵਾਨਾ ਹੋ ਚੁਕੇ ਹਨ।ਦੱਖਣ ਕੋਰੀਆਈ ਨਿਊਜ਼ ਏਜੰਸੀ ਯੋਨਹੈਪ ਮੁਤਾਬਕ ਉਹ ਅਮਰੀਕਾ ਜਾਣ ਲਈ ਚੀਨ ਦੇ ਬੀਜਿੰਗ ਤੋਂ ਉਡਾਨ ਭਰਨਗੇ। ਉਹ ਵਿਦੇਸ਼ ਮੰਤਰੀ ਮਾਈਕ ਪੋਮਪਿਉ ਨਾਲ 12 ਜੂਨ ਨੂੰ ਹੋਣ ਵਾਲੀ ਟਰੰਪ ਅਤੇ ਕਿਮ ਜੋਂਗ ਦੀ ਮੁਲਾਕਾਤ ਬਾਰੇ ਗੱਲਬਾਤ ਕਰਨਗੇ।
ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਦੀਆਂ ਤਿਆਰੀਆਂ ਪੂਰੀ ਹੋ ਚੁਕੀਆਂ ਹਨ। ਜ਼ਿਕਰਯੋਗ ਹੈ ਕਿ 18 ਸਾਲ ਪਹਿਲਾਂ ਸਾਲ 2000 'ਚ ਉੱਤਰ ਕੋਰੀਆ ਦੇ ਇਕ ਅਧਿਕਾਰੀ ਨੇ ਅਮਰੀਕਾ ਦਾ ਦੌਰਾ ਕੀਤਾ ਸੀ। ਹਾਲਾਂਕਿ ਉਦੋਂ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਦੀ ਕੋਸ਼ਿਸ਼ ਨਾਕਾਮ ਹੋ ਗਈ ਸੀ।72 ਸਾਲ ਦੇ ਕਿਮ ਯੋਂਗ-ਚੋਲ ਉਨ੍ਹਾਂ ਚੋਣਵੇਂ ਲੋਕਾਂ 'ਚ ਹਨ, ਜੋ ਉੱਤਰ ਕੋਰੀਆ ਦੀ ਵਿਦੇਸ਼ ਨੀਤੀ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਹਾਲ ਹੀ 'ਚ ਦੱਖਣ ਕੋਰੀਆਈ ਰਾਸ਼ਟਰਪਤੀ ਮੂਨ ਜੇ-ਇਨ ਨਾਲ ਕਿਮ ਜੋਂਗ ਦੀਆਂ ਦੋ ਮੁਲਾਕਾਤਾਂ 'ਚ ਉਹ ਵੀ ਸ਼ਾਮਲ ਸਨ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ 'ਚ ਵੀ ਉਹ ਕਿਮ ਜੋਂਗ ਨਾਲ ਹੀ ਸਨ। ਇਸੇ ਸਾਲ ਦੱਖਣ ਕੋਰੀਆ 'ਚ ਆਯੋਜਿਤ ਵਿੰਟਰ ਉਲੰਪਿਕ ਦੇ ਸਮਾਗਮ 'ਚ ਉਨ੍ਹਾਂ ਨੇ ਉੱਤਰ ਕੋਰੀਆ ਵਲੋਂ ਹਿੱਸਾ ਲਿਆ ਸੀ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸੇ ਮਹੀਨੇ ਦੀ ਸ਼ੁਰੂਆਤ 'ਚ ਕਿਮ ਜੋਂਗ ਨਾਲ ਸਿੰਗਾਪੁਰ 'ਚ 12 ਜੂਨ ਨੂੰ ਮੁਲਾਕਾਤ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਮਾਈਕ ਪੋਮਪਿਉ ਮੁਲਾਕਾਤ ਦੀਆਂ ਤਿਆਰੀਆਂ ਲਈ ਦੋ ਵਾਰ ਪਿਉਂਗਯਾਂਗ ਗਏ ਸਨ। ਹਾਲਾਂਕਿ ਬੀਤੇ ਹਫ਼ਤੇ ਟਰੰਪ ਨੇ ਇਕ ਚਿੱਠੀ ਜਾਰੀ ਕਰ ਕੇ ਗੱਲਬਾਤ ਨੂੰ ਰੱਦ ਕਰ ਦਿਤਾ ਸੀ।
ਉਨ੍ਹਾਂ ਨੇ ਇਸ ਦਾ ਕਾਰਨ ਉੱਤਰ ਕੋਰੀਆ ਦੇ ਭੜਕਾਊ ਬਿਆਨਾਂ ਨੂੰ ਦਸਿਆ ਸੀ। ਇਸ ਮਗਰੋਂ ਟਰੰਪ ਨੇ ਫਿਰ ਮੁਲਾਕਾਤ ਲਈ ਸਹਿਮਤੀ ਪ੍ਰਗਟਾਈ ਸੀ। ਮੰਨਿਆ ਜਾ ਰਿਹਾ ਹੈ ਕਿ ਉੱਤਰ ਕੋਰੀਆ ਹਰ ਹਾਲ 'ਚ 12 ਜੂਨ ਨੂੰ ਹੀ ਟਰੰਪ ਅਤੇ ਕਿਮ ਜੋਂਗ ਵਿਚਕਾਰ ਮੁਲਾਕਾਤ ਚਾਹੁੰਦਾ ਹੈ। (ਪੀਟੀਆਈ)