
17 ਸਤੰਬਰ ਨੂੰ ਇਕ ਵਾਰ ਫਿਰ ਹੋਣਗੀਆਂ ਚੋਣਾਂ
ਯੇਰੂਸ਼ਲਮ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਚੋਣਾਂ ਤੋਂ ਬਾਅਦ ਗਠਜੋੜ ਸਰਕਾਰ ਬਣਾਉਣ 'ਚ ਸਫ਼ਲ ਨਹੀਂ ਹੋ ਸਕੇ। ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਬਹੁਮਤ ਨਾਲ ਸੰਸਦ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਹੁਣ 17 ਸਤੰਬਰ ਨੂੰ ਇਕ ਵਾਰ ਫਿਰ ਚੋਣਾਂ ਹੋਣਗੀਆਂ। ਪ੍ਰਧਾਨ ਮੰਤਰੀ ਨੇਤਨਯਾਹੂ ਪਿਛਲੇ ਮਹੀਨੇ ਹੋਈਆਂ ਚੋਣਾਂ ਤੋਂ ਬਾਅਦ ਦੱਖਣਪੰਥੀ ਗਠਜੋੜ ਬਣਾਉਣ 'ਚ ਨਾਕਾਮ ਰਹੇ। ਇਜ਼ਰਾਈਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੂੰ ਗਠਜੋੜ ਨਾ ਬਣਾ ਪਾਉਣ ਕਾਰਨ ਸੱਤਾ ਤੋਂ ਹੱਥ ਧੋਣਾ ਪਿਆ ਹੈ।
After Netanyahu Fails to Form Government, Israel to Hold New Election
ਇਜ਼ਰਾਈਲ ਦੇ ਸੰਸਦ ਮੈਂਬਰਾਂ ਨੇ 45 ਦੇ ਮੁਕਾਬਲੇ 74 ਵੋਟਾਂ ਦੇ ਅੰਤਰ ਨਾਲ ਸੰਸਦ ਭੰਗ ਕਰਨ ਦਾ ਫ਼ੈਸਲਾ ਕੀਤਾ। 9 ਅਪ੍ਰੈਲ ਨੂੰ ਹੋਈ ਆਮ ਚੋਣ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਸੀ। 120 ਮੈਂਬਰੀ ਸੰਸਦ ਵਿਚ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ ਸਭ ਤੋਂ ਵੱਧ 36 ਸੀਟਾਂ ਮਿਲੀਆਂ ਸਨ ਜਦਕਿ ਮੁੱਖ ਵਿਰੋਧੀ ਬਲੂ ਐਂਡ ਵਾਈਟ ਪਾਰਟੀ ਦੇ ਖਾਤੇ ਵਿਚ 35 ਸੀਟਾਂ ਆਈਆਂ ਸਨ। ਬਾਕੀ ਸੀਟਾਂ 'ਤੇ ਛੋਟੀਆਂ ਪਾਰਟੀਆਂ ਨੇ ਜਿੱਤ ਦਰਜ ਕੀਤੀ ਸੀ। ਬਹੁਮਤ ਨਾ ਮਿਲਣ ਦੇ ਬਾਵਜੂਦ ਨੇਤਨਯਾਹੂ 5ਵੀਂ ਵਾਰ ਦੇਸ਼ ਦੀ ਕਮਾਨ ਸੰਭਾਲਣ ਦੀ ਤਿਆਰੀ ਵਿਚ ਲੱਗ ਗਏ ਸਨ।
After Netanyahu Fails to Form Government, Israel to Hold New Election
ਉਨ੍ਹਾਂ ਨੇ ਪੂਰੇ ਯਕੀਨ ਨਾਲ ਕਿਹਾ ਸੀ ਕਿ ਉਹ ਹੋਰ ਰਾਸ਼ਟਰਵਾਦੀ ਅਤੇ ਧਾਰਮਿਕ ਪਾਰਟੀਆਂ ਦੇ ਸਹਿਯੋਗ ਨਾਲ ਗੱਠਜੋੜ ਸਰਕਾਰ ਬਣਾ ਲੈਣਗੇ। ਨੇਤਨਯਾਹੂ 2009 ਤੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਚਲੇ ਆ ਰਹੇ ਹਨ। ਨਵੀਂ ਸਰਕਾਰ ਦੇ ਗਠਨ ਲਈ ਤੈਅ ਸਮਾਂ-ਸੀਮਾ ਅੰਦਰ ਨੇਤਨਯਾਹੂ ਦੀ ਹੋਰ ਰਾਸ਼ਟਰਵਾਦੀ ਪਾਰਟੀਆਂ ਨਾਲ ਗੱਲਬਾਤ ਨਹੀਂ ਬਣ ਸਕੀ। ਨੇਤਨਯਾਹੂ ਨੇ ਸਰਕਾਰ ਨਾ ਬਣਾ ਸਕਣ ਲਈ ਸਾਬਕਾ ਰੱਖਿਆ ਮੰਤਰੀ ਅਤੇ ਰਾਸ਼ਟਰਵਾਦੀ ਇਜ਼ਰਾਈਲ ਬੇਈਤਿਨੂ ਪਾਰਟੀ ਦੇ ਆਗੂ ਏਵਿਗਡੋਰ ਲਿਬਰਮੈਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
After Netanyahu Fails to Form Government, Israel to Hold New Election
ਉਨ੍ਹਾਂ ਦੋਸ਼ ਲਗਾਇਆ ਕਿ ਲਿਬਰਮੈਨ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ। ਲਿਬਰਮੈਨ ਨੇ ਹਾਲਾਂਕਿ ਇਸ ਦਾ ਖੰਡਨ ਕੀਤਾ ਹੈ। ਨੇਤਨਯਾਹੂ ਅਤੇ ਹੋਰ ਰਾਸ਼ਟਰਵਾਦੀ ਪਾਰਟੀਆਂ ਵਿਚਕਾਰ ਲਾਜ਼ਮੀ ਫ਼ੌਜੀ ਸੇਵਾ ਨੂੰ ਲੈ ਕੇ ਗੱਲ ਨਹੀਂ ਬਣ ਸਕੀ। ਲਿਬਰਮੈਨ ਸਮੇਤ ਦੂਜੀਆਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ ਧਰਮ-ਕਰਮ ਦੀ ਪੜ੍ਹਾਈ ਕਰਨ ਵਾਲੇ ਨੌਜਵਾਨਾਂ ਨੂੰ ਵੀ ਰਾਸ਼ਟਰੀ ਸੇਵਾ 'ਚ ਸ਼ਾਮਲ ਕੀਤਾ ਜਾਏ ਜਦਕਿ ਕਈ ਪਾਰਟੀਆਂ ਉਨ੍ਹਾਂ ਨੂੰ ਛੋਟ ਦੇਣ ਦੀ ਮੰਗ ਕਰ ਰਹੀਆਂ ਸਨ।