ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਚਿਤਾਵਨੀ ਦਿਤੀ ਹੈ ਕਿ ਕੋਵਿਡ-19 ਮਹਾਂਮਾਰੀ ਤਬਾਹੀ ਦਾ ਕਾਰਨ ਬਣ ਸਕਦੀ
ਸੰਯੁਕਤ ਰਾਸ਼ਟਰ, 29 ਮਈ : ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਚਿਤਾਵਨੀ ਦਿਤੀ ਹੈ ਕਿ ਕੋਵਿਡ-19 ਮਹਾਂਮਾਰੀ ਤਬਾਹੀ ਦਾ ਕਾਰਨ ਬਣ ਸਕਦੀ ਹੈ ਅਤੇ ਇਸ ਨਾਲ ਗੰਭੀਰ ਭੁੱਖ ਅਤੇ ਅਕਾਲ ਦੀ ਸ਼ੁਰੂਆਤ ਹੋ ਸਕਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਹਾਮੰਦੀ ਦਾ ਜੇਕਰ ਸਾਰੇ ਰਾਸ਼ਟਰਾਂ ਨੇ ਮਿਲ-ਜੁਲ ਕੇ ਜਵਾਬ ਨਹੀਂ ਦਿੱਤਾ ਤਾਂ ਗਲੋਬਲ ਉਤਪਾਦਨ ਵਿਚ 8500 ਅਰਬ ਡਾਲਰ ਦੀ ਕਮੀ ਹੋਵੇਗੀ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੇ ਵੀਰਵਾਰ ਨੂੰ ਵਿਕਾਸ ਲਈ ਵਿੱਤ ਪੋਸ਼ਣ 'ਤੇ ਉੱਚ-ਪੱਧਰੀ ਪ੍ਰੋਗਰਾਮ ਵਿਚ ਕਿਹਾ, 'ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਮਹਾਂਮਾਰੀ ਨੇ ਸਾਡੀ ਕਮਜ਼ੋਰੀ ਨੂੰ ਸਾਹਮਣੇ ਲਿਆ ਦਿਤਾ ਹੈ। ਹਾਲ ਦੇ ਦਹਾਕਿਆਂ ਦੀ ਸਾਰੀ ਤਕਨੀਕੀ ਅਤੇ ਵਿਗਿਆਨਕ ਪ੍ਰਗਤੀ ਦੇ ਬਾਵਜੂਦ ਅਸੀਂ ਇਕ ਸੂਖਮ ਵਾਇਰਸ ਕਾਰਨ ਇਕ ਮਨੁੱਖੀ ਸੰਕਟ ਵਿਚ ਹਾਂ।' ਉਨ੍ਹਾਂ ਏਕਤਾ ਨਾਲ ਇਸ ਸੰਕਟ ਦਾ ਜਵਾਬ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿਤਾ।
ਗੁਤਾਰੇਸ ਨੇ ਕਿਹਾ, ''ਜੇਕਰ ਅਸੀਂ ਕਾਰਵਾਈ ਨਹੀਂ ਕਰਾਂਗੇ ਤਾਂ ਕੋਵਿਡ-19 ਮਹਾਂਮਾਰੀ ਦੁਨੀਆਂ ਭਰ ਵਿਚ ਤਬਾਹੀ ਅਤੇ ਦੁੱਖ ਦਾ ਕਾਰਨ ਬਣੇਗੀ। ਭਿਆਨਕ ਭੁੱਖ ਅਤੇ ਅਕਾਲ ਦੀ ਹਾਲਤ ਹੋਵੇਗੀ। 6 ਕਰੋੜ ਤੋਂ ਜ਼ਿਆਦਾ ਲੋਕ ਬਹੁਤ ਜ਼ਿਆਦਾ ਗਰੀਬੀ ਵਿਚ ਚਲੇ ਜਾਣਗੇ। ਕਰੀਬ ਅੱਧਾ ਗਲੋਬਲ ਕਾਰਜਬਲ ਯਾਨੀ 1.6 ਅਰਬ ਲੋਕ ਬਿਨਾਂ ਪੇਸ਼ੇ ਦੇ ਹੋਣਗੇ। ਉਨ੍ਹਾਂ ਕਿਹਾ ਕਿ ਮਹਾਂਮਾਰੀ ਕਾਰਨ ਗਲੋਬਲ ਉਤਪਾਦਨ ਵਿਚ 8500 ਅਰਬ ਅਮਰੀਕੀ ਡਾਲਰ ਤਕ ਦੀ ਕਮੀ ਹੋ ਸਕਦੀ ਹੈ, ਜੋ 1930 ਦੀ ਮਹਾਮੰਦੀ ਦੇ ਬਾਅਦ ਸਭ ਤੋਂ ਤੇਜ਼ ਕਮੀ ਹੋਵੇਗੀ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਦੁਨੀਆ ਭਰ ਵਿਚ 58 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਅਤੇ ਹੁਣ ਤੱਕ 3.6 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। (ਪੀਟੀਆਈ)
ਦੁਨੀਆਂ ਕਈ ਵੱਡੀਆਂ ਕਮਜ਼ੋਰੀਆਂ ਨਾਲ ਹੈ ਪੀੜਤ
ਬਾਅਦ ਵਿਚ ਜਮੈਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇਕ ਵੀਡੀਉ ਕਾਨਫਰੰਸਿੰਗ ਜ਼ਰੀਏ ਪ੍ਰੈੱਸ ਕਾਨਫਰੰਸ ਵਿਚ ਗੁਤਾਰੇਸ ਨੇ ਕਿਹਾ ਕਿ ਦੁਨੀਆਂ ਕਈ ਵੱਡੀਆਂ ਕਮਜ਼ੋਰੀਆਂ ਨਾਲ ਪੀੜਤ ਹੈ: ਕਮਜ਼ੋਰ ਸਿਹਤ ਪ੍ਰਣਾਲੀ, ਜਲਵਾਯੂ ਤਬਦੀਲੀ, ਅਸਮਾਨਤਾ ਦਾ ਚਰਮ ਪੱਧਰ। ਉਨ੍ਹਾਂ ਕਿਹਾ, 'ਅਸੀਂ ਇਨ੍ਹਾਂ ਕਮਜ਼ੋਰੀਆਂ ਦੇ ਸੰਕੇਤ ਹੋਰ ਜਗ੍ਹਾਵਾਂ 'ਤੇ ਵੀ ਦੇਖਦੇ ਹਾਂ, ਜਿਵੇਂ ਪ੍ਰਮਾਣੂ ਪ੍ਰਸਾਰ ਦੇ ਵੱਧਦੇ ਜੋਖਮ ਤੋਂ ਲੈ ਕੇ ਸਾਈਬਰ ਸਪੇਸ ਦੀ ਅਰਾਜਕਤਾ ਤੱਕ। ਇਨ੍ਹਾਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨਾ ਮੂਰਖਤਾਪੂਰਣ ਘਮੰਡ ਹੈ। ਸਾਡੀ ਹੋਂਦ ਦੇ ਖਤਰੀਆਂ ਨਾਲ ਨਜਿੱਠਣ ਲਈ ਨਿਮਰਤਾ, ਏਕਤਾ ਅਤੇ ਇਕਮੁੱਠਤਾ ਦੀ ਜ਼ਰੂਰਤ ਹੈ।