
ਸਜ਼ਾ ਸੁਣਾਉਣ ਲਈ 25 ਅਕਤੂਬਰ ਦੀ ਮਿਤੀ ਤੈਅ ਕੀਤੀ
ਲੰਡਨ: ਪੰਜਾਬੀ ਮੂਲ ਦੀ 33 ਸਾਲ ਦੀ ਔਰਤ ਨੇ ਸ਼ੁਕਰਵਾਰ ਨੂੰ ਅਪਣੀ 10 ਸਾਲ ਦੀ ਧੀ ਦੇ ਕਤਲ ਦੀ ਗੱਲ ਕਬੂਲ ਕਰ ਲਈ, ਜੋ ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਇਕ ਕਸਬੇ ਵਿਚ ਅਪਣੇ ਘਰ ਵਿਚ ਮ੍ਰਿਤਕ ਮਿਲੀ ਸੀ।
ਜਸਕੀਰਤ ਕੌਰ, ਜਿਸ ਨੂੰ ਜੈਸਮੀਨ ਕੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ’ਤੇ 4 ਮਾਰਚ ਨੂੰ ਸ਼ਾਇ ਕੰਗ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ, ਜਦੋਂ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਸੀ ਕਿ ਲੜਕੀ ਨੂੰ ਰੌਲੀ ਰੇਜੀਸ ਕਸਬੇ ਦੇ ਇਕ ਪਤੇ ’ਤੇ ਸੱਟਾਂ ਦੇ ਨਾਲ ਪਾਇਆ ਗਿਆ ਸੀ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ ਸੀ। ਜਸਕੀਰਤ ਕੌਰ ਨੇ ਹੁਣ ਵੋਲਵਰਹੈਂਪਟਨ ਕ੍ਰਾਊਨ ਕੋਰਟ ਨੂੰ ਅਪਣੀ ਜੇਲ੍ਹ ਤੋਂ ਵੀਡੀਉ ਲਿੰਕ ਰਾਹੀਂ ਇਕ ਛੋਟੀ ਜਿਹੀ ਸੁਣਵਾਈ ’ਚ ਕਿ ਉਹ ਅਪਣੀ ਧੀ ਦੇ ਕਤਲ ਦਾ ਦੋਸ਼ ਕਬੂਲਦੀ ਹੈ। ਜੱਜ ਮਾਈਕਲ ਚੈਂਬਰਜ਼ ਨੇ ਉਸ ਨੂੰ ਸਜ਼ਾ ਸੁਣਾਉਣ ਲਈ 25 ਅਕਤੂਬਰ ਦੀ ਮਿਤੀ ਤੈਅ ਕੀਤੀ ਹੈ, ਜਦੋਂ ਉਸ ਦੇ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਣ ਦੀ ਉਮੀਦ ਹੈ।
ਅਦਾਲਤ ਨੇ ਕਿਹਾ, ‘‘ਤੁਹਾਡਾ ਕੇਸ 25 ਅਕਤੂਬਰ ਨੂੰ ਸਜ਼ਾ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਹੋਰ ਰੀਪੋਰਟਾਂ ਦੀ ਜ਼ਰੂਰਤ ਹੋਵੇਗੀ, ਇਸ ਲਈ ਇਹ ਤੁਹਾਡੇ ਹਿੱਤ ’ਚ ਹੈ ਕਿ ਤੁਸੀਂ ਉਨ੍ਹਾਂ ਰੀਪੋਰਟਾਂ ਨੂੰ ਤਿਆਰ ਕਰਨ ’ਚ ਸਹਿਯੋਗ ਕਰੋ।’’
ਬਚਾਅ ਪੱਖ ਦੀ ਬੈਰਿਸਟਰ ਕੈਥਰੀਨ ਗੋਡਾਰਡ ਨੇ ਅਦਾਲਤ ਨੂੰ ਦਸਿਆ ਕਿ ਮਾਮਲੇ ਦੇ ਤੱਥਾਂ ’ਤੇ ਕੋਈ ਵਿਵਾਦ ਨਹੀਂ ਹੈ। ‘ਸ਼੍ਰੌਪਸ਼ਾਇਰ ਸਟਾਰ’ ਦੀ ਖਬਰ ਮੁਤਾਬਕ ਇਸ ਤੋਂ ਪਹਿਲਾਂ ਸ਼ਾਇ ਦੀ ਮੌਤ ਦੀ ਜਾਂਚ ’ਚ ਸੁਣਿਆ ਗਿਆ ਸੀ ਕਿ ਉਸ ਦੀ ਮੌਤ ਛਾਤੀ ’ਤੇ ਚਾਕੂ ਨਾਲ ਕੀਤੇ ਗਏ ਜ਼ਖ਼ਮਾਂ ਕਾਰਨ ਹੋਈ ਹੈ।
ਬ੍ਰਿਕਹਾਊਸ ਪ੍ਰਾਇਮਰੀ ਸਕੂਲ, ਜਿੱਥੇ ਸ਼ਾਇ ਵਿਦਿਆਰਥਣ ਸੀ, ਨੇ ਉਸ ਸਮੇਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਕੂਲ ਇਸ ਦੁਖਦਾਈ ਮੌਤ ਤੋਂ ਬਹੁਤ ਦੁਖੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਾਇ ਇਕ ਰੌਸ਼ਨ ਦਿਮਾਗ਼, ਖੁਸ਼ ਰਹਿਣ ਵਾਲੀ ਬੱਚੀ ਸੀ, ਜਿਸ ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ ਅਤੇ ਹਰ ਕੋਈ ਉਸ ਨੂੰ ਬਹੁਤ ਯਾਦ ਕਰੇਗਾ।
ਉਸ ਨੂੰ ਖਿਡੌਣਿਆਂ, ਕਾਰਡਾਂ ਅਤੇ ਗੁਬਾਰਿਆਂ ਸਮੇਤ ਸ਼ਰਧਾਂਜਲੀ ਦਿਤੀ ਗਈ ਅਤੇ ਉਸੇ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਦੇ ਕੁੱਝ ਮਾਪਿਆਂ ਨੇ ਸ਼ਾਇ ਦੇ ਅੰਤਿਮ ਸੰਸਕਾਰ ਲਈ ਪੈਸੇ ਇਕੱਠੇ ਕਰਨ ਲਈ ਇਕ ਆਨਲਾਈਨ ਗੋ ਫੰਡ ਮੀ ਫੰਡਰੇਜ਼ਰ ਸਥਾਪਤ ਕੀਤਾ ਸੀ।
ਫੰਡਰੇਜ਼ਰ ਨੇ ਲਿਖਿਆ, ‘‘ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਉਸ ਦੀ ਮਾਂ ਤੋਂ ਇਲਾਵਾ ਉਸ ਦਾ ਕੋਈ ਪਰਵਾਰ ਨਹੀਂ ਸੀ। ਇਸ ਦਾ ਮਕਸਦ ਉਸ ਦੇ ਅੰਤਿਮ ਸੰਸਕਾਰ ਲਈ ਫੰਡ ਇਕੱਠਾ ਕਰਨ ਅਤੇ ਫੁੱਲਾਂ, ਸਿਰ ਦੇ ਪੱਥਰ ਆਦਿ ਨਾਲ ਸਹਾਇਤਾ ਕਰਨ ਲਈ ਇਕ ਭਾਈਚਾਰੇ ਵਜੋਂ ਇਕੱਠੇ ਹੋਣਾ ਹੈ। ਜੋ ਕੁੱਝ ਹੋਇਆ ਉਹ ਇਸ ਦੇ ਬਿਲਕੁਲ ਵੀ ਹੱਕਦਾਰ ਨਹੀਂ ਸੀ ਅਤੇ ਅਸੀਂ ਸੱਭ ਤੋਂ ਵਧੀਆ ਇਹ ਯਕੀਨੀ ਬਣਾ ਸਕਦੇ ਹਾਂ ਕਿ ਉਹ ਸੱਭ ਤੋਂ ਸੁੰਦਰ ਤਰੀਕੇ ਨਾਲ ਉੱਚੀ ਉਡਾਣ ਭਰੇ।’’
ਵੈਸਟ ਮਿਡਲੈਂਡਜ਼ ਪੁਲਿਸ ਨੇ ਪੁਸ਼ਟੀ ਕੀਤੀ ਸੀ ਕਿ ਉਹ ਜਸਕੀਰਤ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਦੇ ਹਿੱਸੇ ਵਜੋਂ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੀ ਹੈ। ਵੈਸਟ ਮਿਡਲੈਂਡਜ਼ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਡੇਨ ਜੈਰਟ ਨੇ ਕਿਹਾ, ‘‘ਸਾਡੀ ਹਮਦਰਦੀ ਸ਼ਾਇ ਦੇ ਪਰਵਾਰ ਅਤੇ ਦੋਸਤਾਂ ਨਾਲ ਹਨ। ਉਸ ਦੀ ਦੁਖਦਾਈ ਮੌਤ ਦਾ ਉਨ੍ਹਾਂ ਲੋਕਾਂ ਦੇ ਨਾਲ-ਨਾਲ ਵਿਆਪਕ ਭਾਈਚਾਰੇ ’ਤੇ ਡੂੰਘਾ ਅਸਰ ਪਿਆ ਹੈ ਜੋ ਉਸ ਨੂੰ ਜਾਣਦੇ ਸਨ।’’