
ਪਾਕਿਸਤਾਨ ਨੇ ਮੋਦੀ ਨੂੰ ਵਿਖਾਇਆ ਅੰਗੂਠਾ
ਇਸਲਾਮਾਬਾਦ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਦਰਬਾਰ ਸਾਹਿਬ (ਕਰਤਾਰਪੁਰ ਸਾਹਿਬ) ਅਤੇ ਡੇਰਾ ਬਾਬਾ ਨਾਨਕ ਨੂੰ ਜੋੜਨ ਲਈ ਉਸਾਰੇ ਜਾ ਰਹੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 9 ਨਵੰਬਰ ਨੂੰ ਕਰਨਗੇ। ਆਮ ਲੋਕਾਂ ਲਈ ਲਾਂਘਾ 11 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Shah Mehmood Qureshi
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਕਿਹਾ ਹੈ ਕਿ ਉਹ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ 'ਚ ਸ਼ਾਮਲ ਹੋਣ ਲਈ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੱਦਾ ਭੇਜਣਗੇ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਿੱਖ ਕੌਮ ਦੀ ਅਗਵਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਸੱਦਾ ਭੇਜਿਆ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰੀ ਮੁਹੰਮਦ ਕੁਰੈਸ਼ੀ ਨੇ ਇਕ ਟਵੀਟ ਰਾਹੀਂ ਦਿੱਤੀ। ਉਧਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਸੱਦੇ ਨੂੰ ਸਵੀਕਾਰ ਨਹੀਂ ਕਰਣਗੇ। ਕਾਂਗਰਸ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
Kartarpur Corridor
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35ਏ ਖ਼ਤਮ ਕੀਤੇ ਜਾਣ ਕਾਰਨ ਪਾਕਿਸਤਾਨ ਕਾਫ਼ੀ ਨਾਰਾਜ਼ ਹੈ। ਉਹ ਦੁਨੀਆ ਭਰ 'ਚ ਕਸ਼ਮੀਰ ਦੇ ਹਾਲਾਤਾਂ ਬਾਰੇ ਚਿੰਤਾ ਪ੍ਰਗਟਾ ਰਹੇ ਹਨ। ਇਸੇ ਕਾਰਨ ਪਾਕਿ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਪੱਤਰ ਨਹੀਂ ਭੇਜਿਆ।