
ਕਿਹਾ, ਹਵਾਵਾਂ ਨਹੀਂ ਜਾਣਦੀਆਂ ਕਿ ਇਸ ਵਿਚਾਲੇ ਕੋਈ ਸਿਆਸੀ ਸਰਹੱਦ ਹੈ
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਾਂਝੇ ਦੁਸ਼ਮਣ ‘ਸਮੋਗ’ (ਧੂੰਏਂ ਭਰੀ ਧੁੰਦ) ਵਿਰੁਧ ਭਾਰਤ ਦੇ ਪੰਜਾਬ ਸੂਬੇ ਨਾਲ ਮਿਲ ਕੇ ਯਤਨ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਿਆਸੀ ਨਹੀਂ ਬਲਕਿ ਮਨੁੱਖਤਾਵਾਦੀ ਮੁੱਦਾ ਹੈ। ਸੂਬਾਈ ਸਰਕਾਰ ਨੇ ਵਧਦੀ ਧੂੰਏਂ ਭਰੀ ਧੁੰਦ ਦੇ ਅਸਰ ਨੂੰ ਘੱਟ ਕਰਨ ਲਈ ਪਹਿਲੀ ਵਾਰ ਲਾਹੌਰ ਦੇ ਵੱਖ-ਵੱਖ ਹਿੱਸਿਆਂ ’ਚ ‘ਗ੍ਰੀਨ ਲਾਕਡਾਊਨ’ ਵੀ ਲਾਗੂ ਕੀਤਾ ਹੈ।
ਇੱਥੇ ਦੀਵਾਲੀ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੈਂ ਪਹਿਲਾਂ ਹੀ ਸਮੋਗ ਦੇ ਮੁੱਦੇ ’ਤੇ ਭਾਰਤ ਨਾਲ ਕੂਟਨੀਤੀ ਕਰਨ ’ਤੇ ਜ਼ੋਰ ਦੇ ਚੁੱਕੀ ਹਾਂ। ਮੈਂ ਭਾਰਤੀ ਪੰਜਾਬ ਦੇ ਮੁੱਖ ਮੰਤਰੀ (ਭਗਵੰਤ ਮਾਨ) ਨੂੰ ਚਿੱਠੀ ਲਿਖਣ ਬਾਰੇ ਸੋਚ ਰਹੀ ਹਾਂ ਤਾਂ ਜੋ ਉਨ੍ਹਾਂ ਨੂੰ ਦਸਿਆ ਜਾ ਸਕੇ ਕਿ ਇਹ ਸਿਰਫ ਸਿਆਸੀ ਮੁੱਦਾ ਨਹੀਂ ਹੈ, ਬਲਕਿ ਮਨੁੱਖਤਾਵਾਦੀ ਮੁੱਦਾ ਹੈ।’’
ਲਾਹੌਰ ’ਚ ਹਵਾ ਦੀ ਗੁਣਵੱਤਾ ’ਚ ਅਸਧਾਰਨ ਗਿਰਾਵਟ ਤੋਂ ਬਾਅਦ ਉਨ੍ਹਾਂ ਦੀ ਸੂਬਾਈ ਸਰਕਾਰ ਵਲੋਂ ਸਮੋਗ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ, ‘‘ਜਦੋਂ ਤਕ ਦੋਵੇਂ ਪੰਜਾਬ ਇਕੱਠੇ ਨਹੀਂ ਹੁੰਦੇ, ਉਦੋਂ ਤਕ ਅਸੀਂ ਸਮੋਗ ਦੇ ਮੁੱਦੇ ਨਾਲ ਨਜਿੱਠ ਨਹੀਂ ਸਕਾਂਗੇ।’’
ਉਨ੍ਹਾਂ ਨੇ ਭਾਰਤ ਨਾਲ ਜਲਵਾਯੂ ਕੂਟਨੀਤੀ ਦੀ ਅਪਣੀ ਅਪੀਲ ਨੂੰ ਦੁਹਰਾਉਂਦਿਆਂ ਕਿਹਾ, ‘‘ਸਰਹੱਦ ਦੇ ਦੋਵੇਂ ਪਾਸਿਆਂ ਦੇ ਲੋਕਾਂ ਨੂੰ ਇਸ ਪਹਿਲ ਕਦਮੀ ਦਾ ਲਾਭ ਮਿਲੇਗਾ। ਜਿਵੇਂ ਕਿ ਅਸੀਂ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੇ ਹਾਂ, ਭਾਰਤ ਵਲੋਂ ਵੀ ਅਜਿਹਾ ਹੀ ਜਵਾਬ ਮਿਲਣਾ ਚਾਹੀਦਾ ਹੈ। ਹਵਾਵਾਂ ਨਹੀਂ ਜਾਣਦੀਆਂ ਕਿ ਇਸ ਵਿਚਾਲੇ ਕੋਈ ਸਿਆਸੀ ਸਰਹੱਦ ਹੈ।’’
ਪਿਛਲੇ ਹਫਤੇ ਉਨ੍ਹਾਂ ਦੀ ਸਰਕਾਰ ਨੇ ਕਿਹਾ ਸੀ ਕਿ ਲਾਹੌਰ ’ਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 394 ਦੇ ਖਤਰਨਾਕ ਪੱਧਰ ਦਾ ਸਾਹਮਣਾ ਕਰਨ ਤੋਂ ਬਾਅਦ ਉਸ ਨੇ ਧੂੰਏਂ ਭਰੀ ਧੁੰਦ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਨਕਲੀ ਬਾਰਸ਼ ਦੀ ਯੋਜਨਾ ਬਣਾਈ ਹੈ। ਹਾਲਾਂਕਿ, ਕਿਸੇ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਆਈ.ਕਿਊ.ਏ.ਆਰ. ਮੁਤਾਬਕ ਦਿੱਲੀ ਬੁਧਵਾਰ ਨੂੰ ਲਾਹੌਰ ਤੋਂ ਸਿਰਫ 6 ਅੰਕ ਪਿੱਛੇ ਰਹਿ ਕੇ ਚੋਟੀ ’ਤੇ ਹੈ। ਖਤਰਨਾਕ ਧੂੰਏਂ ਭਰੀ ਧੁੰਦ ਨੇ ਸ਼ਹਿਰ ਦੇ ਵਸਨੀਕਾਂ ’ਚ ਵਿਆਪਕ ਸਿਹਤ ਸਮੱਸਿਆਵਾਂ ਪੈਦਾ ਕਰ ਦਿਤੀ ਆਂ ਹਨ, ਜਿਸ ’ਚ ਖੰਘ, ਸਾਹ ਲੈਣ ’ਚ ਮੁਸ਼ਕਲਾਂ, ਅੱਖਾਂ ’ਚ ਜਲਣ ਅਤੇ ਚਮੜੀ ਦੀ ਲਾਗ ਸ਼ਾਮਲ ਹੈ।
ਧੂੰਏਂ ਅਤੇ ਧੁੰਦ ਦੇ ਸੁਮੇਲ ਸਮੋਗ ਇਕ ਵਿਸ਼ੇਸ਼ ਵਰਤਾਰਾ ਹੈ ਜੋ ਉਦੋਂ ਵਾਪਰਦਾ ਹੈ ਜਦੋਂ ਕੁੱਝ ਪ੍ਰਦੂਸ਼ਣ ਫੈਲਾਉਣ ਵਾਲੇ ਮਾਈਕ੍ਰੋਪਾਰਟੀਕਲ ਠੰਢੀ, ਨਮੀ ਵਾਲੀ ਹਵਾ ਨਾਲ ਮਿਲ ਜਾਂਦੇ ਹਨ ਅਤੇ ਜ਼ਮੀਨ ਦੇ ਨੇੜੇ ਲਟਕ ਜਾਂਦੇ ਹਨ, ਜਿਸ ਨਾਲ ਦ੍ਰਿਸ਼ਟੀ ਘੱਟ ਜਾਂਦੀ ਹੈ ਅਤੇ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ.
ਉਨ੍ਹਾਂ ਦੀ ਸਰਕਾਰ ਦੇ ਸਮੋਗ ਦੀ ਚੇਤਾਵਨੀ ਜਾਰੀ ਕੀਤੀ ਹੈ ਕਿ ਪ੍ਰਦੂਸ਼ਿਤ ਹਵਾ ਭਾਰਤ ਦੇ ਅੰਮ੍ਰਿਤਸਰ, ਨਵੀਂ ਦਿੱਲੀ ਅਤੇ ਚੰਡੀਗੜ੍ਹ ਤੋਂ ਆਉਣ ਵਾਲੀ ਹੈ। ਮੌਸਮ ਵਿਗਿਆਨ ਉੱਤਰੀ ਪਾਕਿਸਤਾਨ ’ਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਨਿਰਧਾਰਤ ਕਰਨ ’ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਜਿਵੇਂ ਕਿ ਇਹ ਉੱਤਰ-ਪਛਮੀ ਭਾਰਤ ਦੇ ਗੁਆਂਢੀ ਖੇਤਰ ’ਚ ਇਕ ਪ੍ਰਮੁੱਖ ਕਾਰਕ ਹੈ।
ਬਰਸਾਤ ਦੇ ਮੌਸਮ ’ਚ ਫਸਲਾਂ ਦੀ ਕਟਾਈ ਤੋਂ ਬਾਅਦ, ਦੋਹਾਂ ਪਾਸਿਆਂ ਦੇ ਕਿਸਾਨ ਪਰਾਲੀ ਸਾੜਦੇ ਹਨ ਜੋ ਉਦਯੋਗਿਕ ਨਿਕਾਸ ਅਤੇ ਆਵਾਜਾਈ ਕਾਰਨ ਪ੍ਰਦੂਸ਼ਣ ਦੇ ਮੌਜੂਦਾ ਕਾਰਨਾਂ ਨੂੰ ਵਧਾਉਂਦੇ ਹਨ। ਇਸ ਦੌਰਾਨ ਪੰਜਾਬ ਦੇ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਸ਼ਹਿਰ ਦੇ ਹਵਾ ਪ੍ਰਦੂਸ਼ਣ ਦੇ ਹੌਟਸਪੌਟ ਵਜੋਂ ਪਛਾਣੇ ਗਏ 11 ਖੇਤਰਾਂ ’ਚ ਲਗਾਏ ਗਏ ‘ਗ੍ਰੀਨ ਲੌਕਡਾਊਨ’ ਦਾ ਉਦੇਸ਼ ਸਮੋਗ ਦੇ ਮੁੱਦੇ ਨੂੰ ਹੱਲ ਕਰਨਾ ਹੈ।
‘ਗ੍ਰੀਨ ਲਾਕਡਾਊਨ’ ਤਹਿਤ ਇਕ ਕਿਲੋਮੀਟਰ ਦੇ ਦਾਇਰੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸਾਰੀਆਂ ਉਸਾਰੀ ਗਤੀਵਿਧੀਆਂ ’ਤੇ ਸਖਤੀ ਨਾਲ ਪਾਬੰਦੀ ਹੋਵੇਗੀ ਅਤੇ ਵਪਾਰਕ ਜਨਰੇਟਰਾਂ ਦੀ ਵਰਤੋਂ ’ਤੇ ਪਾਬੰਦੀ ਹੋਵੇਗੀ। ਪਾਬੰਦੀ ’ਚ ਚਿੰਗਚੀ ਰਿਕਸ਼ਾ (ਜੋ ਗੰਦੇ ਬਾਲਣ ’ਤੇ ਚੱਲਦੇ ਹਨ) ਨੂੰ ਇਨ੍ਹਾਂ ਜ਼ੋਨਾਂ ’ਚ ਰੋਕਣਾ ਵੀ ਸ਼ਾਮਲ ਹੈ; ਰਾਤ 8 ਵਜੇ ਤੋਂ ਬਾਅਦ ਖੁੱਲ੍ਹੀਆਂ ਬਾਰਬੇਕਿਊ ਗਤੀਵਿਧੀਆਂ ’ਤੇ ਪਾਬੰਦੀ; ਭਾਰੀ ਆਵਾਜਾਈ ਗੱਡੀਆਂ ’ਤੇ ਪਾਬੰਦੀ, ਅਤੇ 50 ਫ਼ੀ ਸਦੀ ਦਫਤਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਹੈ।
ਮੰਤਰੀ ਨੇ ਕਾਰਬਨ ਨਿਕਾਸ ਨੂੰ ਰੋਕਣ ਅਤੇ ਆਕਸੀਜਨ ਦੇ ਪੱਧਰ ਨੂੰ ਵਧਾਉਣ ਲਈ ‘ਰੁੱਖਾਂ ਦੀ ਕੰਧ’ ਬਾਰੇ ਵੀ ਗੱਲ ਕੀਤੀ। ਲਾਹੌਰ ਪਿਛਲੇ ਇਕ ਹਫਤੇ ਤੋਂ ਦੁਨੀਆਂ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਇਕ ਰਿਹਾ ਹੈ।