
ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਕਾਊਂਟੀ ’ਚ ਪੁਲਿਸ ਨੂੰ 18 ਦਸੰਬਰ ਨੂੰ ਮਿਲੀ ਸੀ ਔਰਤ ਦੀ ਲਾਸ਼
ਓਟਾਵਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਪੰਜਾਬੀ ਮੂਲ ਦੀ ਇਕ ਔਰਤ ਨੂੰ ਅਪਣੀ ਰਿਸ਼ਤੇਦਾਰ ਦੀ ਮੌਤ ਦੇ ਮਾਮਲੇ ’ਚ ਕਤਲ ਦਾ ਮੁਲਜ਼ਮ ਬਣਾਇਆ ਗਿਆ ਹੈ। ਇਕ ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ।
ਵੈਨਕੂਵਰ ਦੀ ਰੀਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਕਾਊਂਟੀ ’ਚ ਪੁਲਿਸ ਨੂੰ 18 ਦਸੰਬਰ ਨੂੰ ਇਕ ਔਰਤ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਗ੍ਰਿਫਤਾਰ ਕੀਤਾ ਗਿਆ। ਡੈਲਟਾ ਪੁਲਿਸ ਵਿਭਾਗ ਨੇ ਪਿਛਲੇ ਹਫਤੇ ਇਕ ਰੀਪੋਰਟ ’ਚ ਕਿਹਾ ਸੀ ਕਿ ਪ੍ਰੀਤੀ ਟੀਨਾ ਕੌਰ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਅਧਿਕਾਰੀਆਂ ਨੇ ਸ਼ੁਰੂ ’ਚ ਮੌਤ ਦੇ ਹਾਲਾਤ ਨੂੰ ‘ਸ਼ੱਕੀ’ ਦਸਿਆ ਪਰ ਬਾਅਦ ’ਚ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਔਰਤ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਸਿਰਫ ਇਹ ਕਿਹਾ ਕਿ ਮ੍ਰਿਤਕ ਔਰਤ ਮੁਲਜ਼ਮ ਦੀ ਪਰਿਵਾਰਕ ਰਿਸ਼ਤੇਦਾਰ ਸੀ। ਉਨ੍ਹਾਂ ਇਹ ਵੀ ਕਿਹਾ ਕਿ ਚੱਲ ਰਹੀ ਜਾਂਚ ਅਤੇ ਕਾਨੂੰਨੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਦੋਸ਼ੀ ਜਾਂ ਮ੍ਰਿਤਕ ਬਾਰੇ ਕੋਈ ਜਾਣਕਾਰੀ ਨਹੀਂ ਦੇਣਗੇ।