
ਅਮਰਪ੍ਰੀਤ ਦਸਦੇ ਹਨ ਕਿ ਜਦੋਂ ਇਕ ਵਾਰ ਅਸੀਂ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ ਤਾਂ ਦੂਜੀ ਵਾਰ ਉਸ ਤਕ ਪਹੁੰਚ ਨਹੀਂ ਹੁੰਦੀ।
Global Sikhs CEO Amarpreet Singh launches UAE chapter in Dubai: ਦੁਨੀਆ ਭਰ ਦੇ ਵਿਚ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ, ਉੱਥੇ ਹੀ ਹੁਣ ਇਕ ਨਵੀਂ ਸਮਾਜ ਸੇਵੀ ਸੰਸਥਾ 'ਗਲੋਬਲ ਸਿਖਸ' ਹੋਂਦ ਵਿਚ ਆਈ ਹੈ। ਇਸ ਸੰਸਥਾ ਦੀ ਅਗਵਾਈ ਅਮਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਅਮਰਪ੍ਰੀਤ ਸਿੰਘ ਨੇ ਹਾਲ ਹੀ ਵਿਚ ਦੁਬਈ ਵਿਖੇ ਆਪਣੀ ਸੰਸਥਾ ਦੇ UAE ਚੈਪਟਰ ਨੂੰ ਲਾਂਚ ਕੀਤਾ ਹੈ, ਜਿਸ ਦੀ ਅਗਵਾਈ ਪਲਾਨ ਬੀ ਗਰੁੱਪ ਦੇ ਮਾਲਕ ਹਰਮੀਕ ਸਿੰਘ ਵੱਲੋਂ ਕੀਤੀ ਜਾਵੇਗੀ।
ਇਸ ਦੌਰਾਨ ਅਮਰਪ੍ਰੀਤ ਸਿੰਘ ਵੱਲੋਂ ਸੰਬੋਧਨ ਕਰਦਿਆਂ ਦਸਿਆ ਗਿਆ ਕਿ ਬੇਸ਼ੱਕ ਦੁਨੀਆ ਦੇ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਦੀ ਵੱਖ-ਵੱਖ ਤਰ੍ਹਾਂ ਦੀ ਮਦਦ ਕਰ ਰਹੀਆਂ ਹਨ। ਅਸੀਂ ਵੀ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਾਂਗੇ, ਪਰ ਇਸ ਵਾਰ ਸਾਡਾ ਤਰੀਕਾ ਥੋੜ੍ਹਾ ਵੱਖਰਾ ਹੋਵੇਗਾ। ਅਮਰਪ੍ਰੀਤ ਦਸਦੇ ਹਨ ਕਿ ਜਦੋਂ ਇਕ ਵਾਰ ਅਸੀਂ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ ਤਾਂ ਦੂਜੀ ਵਾਰ ਉਸ ਤਕ ਪਹੁੰਚ ਨਹੀਂ ਹੁੰਦੀ।
ਸਾਡਾ ਹੁਣ ਕਰਤਵ ਇਹ ਰਹੇਗਾ ਕਿ ਜੇਕਰ ਕੋਈ ਵਿਅਕਤੀ ਜਿਸ ਨੂੰ ਮਾਲੀ ਤੌਰ 'ਤੇ ਕੋਈ ਮਦਦ ਚਾਹੀਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਪੈਸਿਆਂ ਦੀ ਇਕ ਵਾਰ ਦੀ ਮਦਦ ਦੇਣ ਦੀ ਬਜਾਏ ਆਤਮ-ਨਿਰਭਰ ਕੀਤਾ ਜਾਵੇ, ਉਸ ਨੂੰ ਕੋਈ ਕੰਮ ਖੋਲ੍ਹ ਕੇ ਦਿੱਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਲੋਕਾਂ ਦੇ ਕੋਲ ਹੁਨਰ ਹੈ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਲਈ ਅਸੀਂ ਮਦਦ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵਿਅਕਤੀ ਕਿਸੇ ਸਮਾਜ ਸੇਵੀ ਸੰਸਥਾ 'ਤੇ ਨਿਰਭਰ ਨਾ ਰਹਿ ਜਾਵੇ, ਸਗੋਂ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਉਹ ਆਤਮ-ਨਿਰਭਰ ਹੋ ਜਾਵੇ।
ਆਪਣੇ ਹੁਨਰ ਵਿਚ ਮੁਹਾਰਤ ਹਾਸਲ ਕਰ ਕੇ ਉਹ ਕੋਈ ਰੋਜ਼ਗਾਰ ਹਾਸਲ ਕਰ ਸਕੇ, ਕੋਈ ਨੌਕਰੀ ਕਰ ਸਕੇ, ਕੋਈ ਕਿੱਤਾ ਕਰ ਸਕੇ। ਜਿੱਥੇ ਅਸੀਂ ਬਿਮਾਰਾਂ ਦੀ ਮਦਦ ਕਰਾਂਗੇ, ਲੋੜਵੰਦਾਂ ਨੂੰ ਰਾਸ਼ਨ ਦੇਵਾਂਗੇ, ਪਰ ਉੱਥੇ ਹੀ ਸਾਡੀ ਪ੍ਰਮੁੱਖਤਾ ਇਹ ਰਹੇਗੀ ਕਿ ਅਸੀਂ ਕਿਸੇ ਨੂੰ ਆਪਣੇ 'ਤੇ ਨਿਰਭਰ ਨਹੀਂ ਬਣਾਉਣਾ ਸਗੋਂ ਉਸ ਵਿਅਕਤੀ ਦੀ ਉਸ ਪੱਧਰ ਤਕ ਮਦਦ ਕਰਾਂਗੇ ਕਿ ਉਹ ਆਤਮ-ਨਿਰਭਰ ਬਣ ਸਕੇ।