
ਐੱਚ-1ਬੀ ਵੀਜ਼ਾ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਵਿਚ ਬਹੁਤ ਲੋਕਪ੍ਰਿਅ ਹੈ ਜਿਸ ਵਿਚ ਆਈ ਟੀ ਵਰਗੇ ਪੇਸ਼ੇ ਸ਼ਾਮਲ ਹਨ
ਵਾਸ਼ਿੰਗਟਨ— ਅਮਰੀਕਾ ਦੀ ਇਕ ਏਜੰਸੀ ਨੂੰ ਐੱਚ-1ਬੀ ਵੀਜ਼ਾ ਵਿਚ ਧੋਖਾਧੜੀ ਨਾਲ ਸਬੰਧਤ 5,000 ਤੋਂ ਵਧ ਸ਼ਿਕਾਇਤਾਂ ਮਿਲੀਆਂ ਹਨ। ਇਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿਤੀ। ਜ਼ਿਕਰਯੋਗ ਹੈ ਕਿ ਜਦੋਂ ਤੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਓਦੋਂ ਤੋਂ ਹੀ ਪ੍ਰਵਾਸੀਆਂ ਨਾਲ ਸਬੰਧਤ ਅਮਰੀਕਾ ਵਿਚ ਕਾਨੂੰਨ ਸਖ਼ਤ ਹੋਏ ਹਨ ਅਤੇ ਇਸੇ ਦੇ ਚਲਦਿਆਂ ਟਰੰਪ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੀ ਧੋਖਾਧੜੀ ਦੀ ਸ਼ਿਕਾਇਤ ਕਰਨ ਲਈ ਪਿਛਲੇ ਸਾਲ ਇਕ ਵਿਸ਼ੇਸ਼ ਈ-ਮੇਲ ਸੇਵਾ ਸ਼ੁਰੂ ਕੀਤੀ ਸੀ। ਇਸ 'ਤੇ ਐੱਚ-1ਬੀ 'ਚ ਧੋਖਾਧੜੀ ਅਤੇ ਦੁਰਵਰਤੋਂ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ. ਐੱਸ. ਸੀ. ਆਈ. ਐੱਸ.) ਦੇ ਬੁਲਾਰੇ ਫਿਲਿਪ ਸਮਿੱਥ ਨੇ ਕਿਹਾ, ''21 ਮਈ 2018 ਤੱਕ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਨੂੰ ਐੱਚ-1ਬੀ ਈ-ਮੇਲ ਪਤੇ 'ਤੇ 5,000 ਤੋਂ ਵਧ ਸੂਚਨਾਵਾਂ ਮਿਲੀਆਂ। ਇਥੇ ਦੱਸਣਯੋਗ ਹੈ ਕਿ ਐੱਚ-1ਬੀ ਵੀਜ਼ਾ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਵਿਚ ਬਹੁਤ ਲੋਕਪ੍ਰਿਅ ਹੈ ਜਿਸ ਵਿਚ ਆਈ ਟੀ ਵਰਗੇ ਪੇਸ਼ੇ ਸ਼ਾਮਲ ਹਨ। ਇਹ ਆਮ ਤੌਰ 'ਤੇ 3 ਸਾਲ ਲਈ ਦਿਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਦਾ 3 ਸਾਲ ਲਈ ਰੀਨਿਊ ਕੀਤਾ ਜਾਂਦਾ ਹੈ।