
ਭਾਰਤ ਤੋਂ ਸਬਜ਼ੀਆਂ ਤੇ ਹੋਰ ਖਾਣ ਦੀਆਂ ਚੀਜ਼ਾਂ ਦੀ ਦਰਾਮਦ ਬਾਰੇ ਸੋਚਿਆ ਜਾ ਸਕਦਾ ਹੈ - ਮਿਫ਼ਤਾਹ ਇਸਮਾਈਲ
ਇਸਲਾਮਾਬਾਦ : ਪਾਕਿਸਤਾਨ ਵਿਚ ਆਏ ਹੜ੍ਹ ਕਾਰਨ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ। ਵੱਡੀ ਗਿਣਤੀ ਵਿਚ ਲੋਕਾਂ ਦੀਆਂ ਮੌਤਾਂ ਹੋਈਆਂ ਹਨ ਅਤੇ ਕਈ ਲੋਕ ਬੇਘਰ ਹੋ ਗਏ ਹਨ। ਇੰਨਾ ਹੀ ਨਹੀਂ ਸਗੋਂ ਫ਼ਸਲਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਇਸ ਦੇ ਚਲਦੇ ਹੁਣ ਪਾਕਿਸਤਾਨ ਦੇ ਖਜ਼ਾਨਾ ਮੰਤਰੀ ਦਾ ਇਕ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਭਾਰਤ ਨਾਲ ਵਪਾਰ ਦੀ ਗੱਲ ਆਖੀ ਹੈ। ਖਜ਼ਾਨਾ ਮੰਤਰੀ ਮਿਫ਼ਤਾਹ ਇਸਮਾਈਲ ਨੇ ਕਿਹਾ ਹੈ ਕਿ ਮੀਂਹ ਤੋਂ ਬਾਅਦ ਹੜ੍ਹਾਂ ਕਾਰਨ ਦੇਸ਼ ਵਿਚ ਖੜ੍ਹੀਆਂ ਫ਼ਸਲਾਂ ਨੁਕਸਾਨੀਆਂ ਗਈਆਂ ਹਨ ਜਿਸ ਨਾਲ ਖਾਣ ਪੀਣ ਦੀਆਂ ਵਸਤਾਂ ਦੀ ਕਿੱਲਤ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਬੇਤਹਾਸ਼ਾ ਕੀਮਤਾਂ ਕਾਰਨ ਭਾਰਤ ਨਾਲ ਵਪਾਰਕ ਰਸਤਾ ਖੋਲ੍ਹਣ 'ਤੇ ਵਿਚਾਰ ਕਰ ਸਕਦੇ ਹਾਂ। ਖਜ਼ਾਨਾ ਮੰਤਰੀ ਮਿਫ਼ਤਾਹ ਇਸਮਾਈਲ ਨੇ ਕਿਹਾ ਕਿ ਜਨਤਾ ਨੂੰ ਅਨਾਜ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਭਾਰਤ ਤੋਂ ਸਬਜ਼ੀਆਂ ਅਤੇ ਹੋਰ ਖਾਣ ਦੀਆਂ ਚੀਜ਼ਾਂ ਦੀ ਦਰਾਮਦ ਬਾਰੇ ਸੋਚਿਆ ਜਾ ਸਕਦਾ ਹੈ।