
ਰੋਜ਼ਾਨਾ ਸਪੋਕਸਮੈਨ ਜਿਸ ਦਿਨ ਮੈਗਜ਼ੀਨ ਤੋਂ ਅਖ਼ਬਾਰ ਬਣਿਆ, ਪਹਿਲੇ ਦਿਨ ਹੀ ਬਿਨਾਂ ਕਿਸੇ ਪ੍ਰਚਾਰ, ਵਿਕਰੀ ਇਕ ਲੱਖ ਤਕ ਹੋ ਗਈ ਸੀ।
ਅੱਜ ਪੰਜਾਬ ਵਿਚ ਅਕਾਲੀ ਦਲ ਤੇ ਕੁੱਝ ਸਿਆਣੇ ਸਜਣਾਂ ਵਲੋਂ ਲੋਕਤੰਤਰ ਦੇ ‘ਚੌਥੇ ਥੰਮ੍ਹ’ ਬਾਰੇ ਚਿੰਤਾ ਦੀਆਂ ਆਵਾਜ਼ਾਂ ਨਿਕਲਦੀਆਂ ਸੁਣ ਕੇ ਬੜੀ ਹੈਰਾਨੀ ਹੋ ਰਹੀ ਹੈ। ਮੀਡੀਆ ਦੀ ਆਜ਼ਾਦੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਪਰ ਜਿਨ੍ਹਾਂ ਮੂੰਹਾਂ ’ਚੋਂ ਆਵਾਜ਼ ਨਿਕਲ ਰਹੀ ਹੈ, ਉਨ੍ਹਾਂ ਵਲ ਨਜ਼ਰ ਮਾਰ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਪੰਜਾਬ ਵਿਚ ਜਿਹੜੇ ਭਾਈ ਅੱਜ ਅਕਾਲੀ ਦਲ ਵਲੋਂ ਬੋਲ ਰਹੇ ਹਨ, ਉਨ੍ਹਾਂ ਆਪ ਮੀਡੀਆ ਦੀ ਆਜ਼ਾਦੀ ਨੂੰ ਅਪਣੇ ਪੈਰਾਂ ਹੇਠ ਰੋਲਣ ਲਗਿਆਂ ਜ਼ਰਾ ਵੀ ਤਰਸ ਨਹੀਂ ਸੀ ਵਿਖਾਇਆ। ਅੱਜ ਉਨ੍ਹਾਂ ਸਜਣਾਂ ਦੀ ਆਵਾਜ਼ ਸੁਣ ਕੇ ਵੀ ਹੈਰਾਨੀ ਹੋ ਰਹੀ ਹੈ ਕਿਉਂਕਿ ਜਦ ਅਕਾਲੀ ਸਰਕਾਰ ‘ਰੋਜ਼ਾਨਾ ਸਪੋਕਸਮੈਨ’ ਦੇ ਇਸ਼ਤਿਹਾਰ 10 ਸਾਲ ਵਾਸਤੇ ਰੋਕ ਕੇ ਬੈਠੀ ਰਹੀ ਸੀ, ਇਨ੍ਹਾਂ ’ਚੋਂ ਕੋਈ ਨਹੀਂ ਸੀ ਬੋਲਿਆ। ਅੱਜ ਮੀਡੀਆ ਵਾਸਤੇ ਨਹੀਂ ਬਲਕਿ ਅਪਣੀ ਪਾਰਟੀ ਦੇ ਬੁਲਾਰੇ ਦੇ ਹੱਕ ਵਿਚ ਬੋਲ ਕੇ ਸਿਆਸਤ ਹੀ ਕਰ ਰਹੇ ਲਗਦੇ ਹਨ।
ਰੋਜ਼ਾਨਾ ਸਪੋਕਸਮੈਨ ਜਿਸ ਦਿਨ ਮੈਗਜ਼ੀਨ ਤੋਂ ਅਖ਼ਬਾਰ ਬਣਿਆ, ਪਹਿਲੇ ਦਿਨ ਹੀ ਬਿਨਾਂ ਕਿਸੇ ਪ੍ਰਚਾਰ, ਵਿਕਰੀ ਇਕ ਲੱਖ ਤਕ ਹੋ ਗਈ ਸੀ। ਪਹਿਲੇ ਦਿਨ ਦੀ ਕਾਪੀ ਲਗਾਤਾਰ ਤਿੰਨ ਦਿਨਾਂ ਵਾਸਤੇ ਰੋਜ਼ ਇਕ ਲੱਖ ਛਪੀ ਤੇ ਵਿਕੀ ਸੀ। ਉਸ ਵਕਤ ਤਕ ਇਕ ਹੋਰ ਅਖ਼ਬਾਰ ਦੀ ਚੜ੍ਹਤ ਸੀ ਜਿਸ ਦੇ ਸੰਪਾਦਕ ਬਾਦਲ ਸਾਹਿਬ ਦੇ ਕਰੀਬੀ ਸਨ। ਉਨ੍ਹਾਂ ਨੂੰ ਕੋਈ ਵੀ ਮੁਕਾਬਲਾ ਦੇਣ ਵਾਲੀ ਚੰਗੀ ਅਖ਼ਬਾਰ ਨਿਕਲਣ ’ਤੇ ਘਬਰਾਹਟ ਸ਼ੁਰੂ ਹੋ ਜਾਂਦੀ ਸੀ ਤੇ ਉਹ ਉਸ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦੇਂਦੇ ਸਨ। ਸਿਆਣੇ ਲੋਕ ਹਰ ਚੁਨੌਤੀ ਦਾ ਮੁਕਾਬਲਾ ਕਰਦੇ ਹਨ ਤੇ ਕਮਜ਼ੋਰ ਲੋਕ ਪਿਠ ਵਿਚ ਛੁਰਾ ਮਾਰਨ ਦੀ ਸੋਚਣ ਲਗਦੇ ਹਨ। ਇਸ ਸੰਪਾਦਕ ਨੇ ਬਾਦਲ ਸਾਹਿਬ ਨੂੰ ਕਹਿ ਕੇ ਤੇ ਵੇਦਾਂਤੀ ਨੂੰ ਵਰਤ ਕੇ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਵਾਉਣ ਦਾ ਯਤਨ ਕੀਤਾ। ਫਿਰ 295-ਏ. ਦਾ ਪਰਚਾ ਕਰਵਾ ਕੇ ਐਡੀਟਰ ਸ. ਜੋਗਿੰਦਰ ਸਿੰਘ ਪਿੱਛੇ ਪੰਜਾਬ ਪੁਲਿਸ ਨੂੰ ਪਾ ਦਿਤਾ।
ਸ. ਜੋਗਿੰਦਰ ਸਿੰਘ ਦਿਲ ਦੇ ਮਰੀਜ਼ ਸਨ ਤੇ ਬਾਈਪਾਸ ਸਰਜਰੀ ਕਰਵਾ ਚੁੱਕੇ ਸਨ। ਇਥੇ ਹੀ ਬੱਸ ਨਹੀਂ, ਉਨ੍ਹਾਂ ਇਕੋ ਹੀ ਦਿਨ ਰੋਜ਼ਾਨਾ ਸਪੋਕਸਮੈਨ ਦੇ 11 ਦਫ਼ਤਰਾਂ ’ਤੇ ਅਪਣੇ ਗੁੰਡਾ ਬ੍ਰਿਗੇਡ ਤੋਂ ਹਮਲਾ ਕਰਵਾਇਆ ਤੇ ਦਫ਼ਤਰ ਤੋੜ ਭੰਨ ਦਿਤੇ। ਸਪੋਕਸਮੈਨ ਦੇ ਦਫ਼ਤਰ ਵਿਚ 4 ਜ਼ਿਲ੍ਹਿਆਂ ਦੀ ਪੁਲਿਸ ਭੇਜੀ ਗਈ ਤੇ ਉਨ੍ਹਾਂ ’ਚੋਂ ਇਕ ਡੀ.ਐਸ.ਪੀ. ਨੇ ਬੀਬੀ ਜਗਜੀਤ ਕੌਰ ਦੇ ਹੱਥ ਫੜ ਕੇ ਅਪਣੀ ਹੱਦ ਪਾਰ ਕਰਨ ਦਾ ਯਤਨ ਕੀਤਾ। ਲੜਾਈ ਚਲਦੀ ਰਹੀ ਤੇ ਅੱਜ ਰੋਜ਼ਾਨਾ ਸਪੋਕਸਮੈਨ ਭਾਵੇਂ ਇਕ ਅਮੀਰ ਅਦਾਰਾ ਨਹੀਂ ਪਰ ਕਾਇਮ ਦਾਇਮ ਜ਼ਰੂਰ ਹੈ ਤੇ ਚੜ੍ਹਦੀਆਂ ਕਲਾਂ ਵਿਚ ਹੈ। ਰਾਮ ਰਹੀਮ ਦਾ ਮੁੱਦਾ ਹੋਵੇ, ਪੰਜਾਬ ਵਿਚ ਬੇਅਦਬੀਆਂ ਦਾ ਮੁੱਦਾ ਹੋਵੇ, ਕਿਸਾਨਾਂ ਦੇ ਹੱਕ ਵਿਚ ਡਟਣ ਦੀ ਗੱਲ ਹੋਵੇ, ਸਿੱਖ ਪੰਥ ਦੇ ਹਰ ਮਸਲੇ ਤੇ ਬੜੇ ਨਿਰਪੱਖ ਤਰੀਕੇ ਨਾਲ ਸੱਚ ਪੇਸ਼ ਕਰਨ ਵਿਚ ਅੱਜ ਵੀ ਜੁਟਿਆ ਹੋਇਆ ਹੈ।
ਜਿਹੜੇ ਅੱਜ ਚੌਥੇ ਥੰਮ੍ਹ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਉਹ ਆਪ ਸ. ਜੋਗਿੰਦਰ ਸਿੰਘ ਦੇ ਸਾਹਮਣੇ ਬੈਠ ਕੇ ਬੋਲ ਕੇ ਗਏ ਸਨ ਕਿ ‘‘ਅਸੀ ਅਪਣੀ ਪੂਰੀ ਤਾਕਤ ਲਗਾ ਦਿਤੀ ਸਪੋਕਸਮੈਨ ਨੂੰ ਖ਼ਤਮ ਕਰਨ ਲਈ ਪਰ ਅਸੀ ਹਾਰ ਗਏ। ਹੁਣ ਤੁਹਾਡੇ ਕੋਲ ਸਮਝੌਤੇ ਦੀ ਪੇਸ਼ਕਸ਼ ਲੈ ਕੇ ਆਏ ਹਾਂ, ਪ੍ਰਵਾਨ ਕਰ ਲਉ’’। ਪਰ ਸ. ਜੋਗਿੰਦਰ ਸਿੰਘ ਨੇ ਉਸ ਵਕਤ ਵੀ ਮੀਡੀਆ ਦੀ ਆਜ਼ਾਦੀ ਨੂੰ ਅੱਗੇ ਰੱਖ ਕੇ ਕੋਈ ਸਮਝੌਤਾ ਕਰਨ ਤੋਂ ਨਾਂਹ ਕਰ ਦਿਤੀ। ਮੀਡੀਆ ਦੀ ਆਜ਼ਾਦੀ ਉਸ ਵਕਤ ਵੀ ਜ਼ਰੂਰੀ ਸੀ ਤੇ ਅੱਜ ਵੀ ਜ਼ਰੂਰੀ ਹੈ, ਭਾਵੇਂ ਉਦੋਂ ਜਿਨ੍ਹਾਂ ਨੇ ਮੀਡੀਆ ਦੀ ਆਜ਼ਾਦੀ ਨੂੰ ਕੁਚਲਿਆ ਤੇ ਪੈਰਾਂ ਹੇਠ ਲਤਾੜਿਆ ਜਾਂ ਲਤੜਵਾਇਆ, ਉਨ੍ਹਾਂ ਨੂੰ ਅਪਣੇ ਕੀਤੇ ਦੀ ਸਜ਼ਾ ਹੀ ਮਿਲ ਰਹੀ ਹੈ ਅੱਜ। ਉਨ੍ਹਾਂ ਨਾਲ ਸਾਨੂੰ ਹਮਦਰਦੀ ਹੈ। ਮੀਡੀਆ ਦੀ ਆਜ਼ਾਦੀ ਕਿਸੇ ਵੀ ਇਕ ਸਿਆਸੀ ਪਾਰਟੀ ਦਾ ਭੋਂਪੂ ਵਜਾਉਣ ਦਾ ਨਾਂ ਨਹੀਂ ਹੁੰਦਾ। ਪਰ ਦੂਜਾ ਪਹਿਲੂ ਇਹ ਵੀ ਹੈ ਕਿ ਮੀਡੀਆ ਅਪਣੀ ਤਾਕਤ ਦੀ ਦੁਰਵਰਤੋਂ ਵੀ ਨਾ ਕਰੇ ਕਿਉਂਕਿ ਤਾਕਤ ਨਾਲ ਜ਼ਿੰਮੇਵਾਰੀ ਆਉਣੀ ਵੀ ਜ਼ਰੂਰੀ ਹੈ। ਅੱਜ ਦਾ ਵੱਡਾ ਮੀਡੀਆ ਇਕ ਬਲਾਕ ਮੈਂਬਰ ਬਣ ਗਿਆ ਹੈ ਤੇ ਆਖਦਾ ਹੈ ਕਿ ਮੈਨੂੰ ਇਸ਼ਤਿਹਾਰ ਦਿਉ ਨਹੀਂ ਤਾਂ ਮੈਂ ਸਰਕਾਰ ਵਿਰੁਧ ਖ਼ਬਰਾਂ ਲਗਾਵਾਂਗਾ। ਅੱਜ ਪੰਜਾਬ ਵਿਚ ਨਵੀਂ ਸਰਕਾਰ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ, ਦਿਲ ਤੇ ਹੱਥ ਰੱਖ ਕੇ ਦੱਸੋ ਉਹ ਕਿਸ ਦੇ ਰਾਜ ਵਿਚ ਉਗਮੀਆਂ ਸਨ? ਕੀ ਗੁੰਡੇ ਪਿਛਲੇ ਅੱਠ ਮਹੀਨਿਆਂ ਵਿਚ ਜੰਮੇ ਸਨ? ਕੀ ਨਸ਼ੇ ਅੱਜ ਆਏ ਹਨ?
ਕੀ ਪੰਜਾਬ ਦਾ ਕਰਜ਼ਾ ਪਿਛਲੇ ਅੱਠ ਮਹੀਨਿਆਂ ਵਿਚ ਚੜਿ੍ਹਆ ਹੈ? ਤੇ ਜਦ ਮੀਡੀਆ ਦਾ ਇਕ ਭਾਗ ਇਕ ਖ਼ਾਸ ਏਜੰਡੇ ਨੂੰ ਮਿੱਥ ਕੇ ਸਰਕਾਰ ਦੀ ਨਿੰਦਾ ਕਰਨ ਦੀ ਖੇਡ ਖੇਡਦਾ ਹੈ ਤਾਂ ਫਿਰ ਗ਼ਲਤੀ ਕਿਸ ਦੀ ਮੰਨਾਂਗੇ? ਫਿਰ ਸਰਕਾਰ ਨੂੰ ਵੀ ਨਾਰਾਜ਼ ਹੋਣ ਦਾ ਤਾਂ ਹੱਕ ਹੈ ਪਰ ਉਸ ਤਰ੍ਹਾਂ ਦੀ ਨਾਰਾਜ਼ਗੀ ਕਰਨ ਦਾ ਨਹੀਂ ਜਿਸ ਤਰ੍ਹਾਂ ਦੀ ਬਾਦਲ ਸਰਕਾਰ ਨੇ ‘ਸਪੋਕਸਮੈਨ’ ਨਾਲ ਕੀਤੀ ਸੀ ਅਥਵਾ ਸੰਪਾਦਕ ਉਤੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਪੁਲਿਸ ਕੇਸ ਪਾ ਦਿਤੇ ਤੇ 10 ਸਾਲ ਤਕ ਅਖ਼ਬਾਰ ਨੂੰ ਇਸ਼ਤਿਹਾਰ ਦੇਣ ਉਤੇ ਪਾਬੰਦੀ ਲਗਾਈ ਰੱਖੀ। ਥੋੜ੍ਹੇ ਦਿਨਾਂ ਦੀ ਇਸ਼ਤਿਹਾਰ ਦੇਣ ਦੀ ਪਾਬੰਦੀ ਵਿਰੁਧ ਏਨਾ ਵਾਵੇਲਾ ਕਰਨ ਦੀ ਵੀ ਲੋੜ ਨਹੀਂ ਕਿਉਂਕਿ ਇਹ ਇਸ ਦੇਸ਼ ਵਿਚ ਆਮ ਜਹੀ ਗੱਲ ਹੈ। ‘ਸਪੋਕਸਮੈਨ’ ਨੂੰ ਕਈ ਵਾਰ ਇਸ਼ਤਿਹਾਰ ਕੁੱਝ ਸਮੇਂ ਲਈ ਰੋਕ ਕੇ ਚੂੰਢੀ ਮਾਰੀ ਗਈ ਪਰ ਅਸੀਂ ਕਦੇ ਜ਼ਿਕਰ ਵੀ ਨਹੀਂ ਕੀਤਾ। ਟ੍ਰਿਬਿਊਨ ਤੇ ਹੋਰ ਅਖ਼ਬਾਰਾਂ ਨਾਲ ਵੀ ਇਸ ਤਰ੍ਹਾਂ ਕਈ ਵਾਰ ਹੋਇਆ ਹੈ ਤੇ ਕਿਸੇ ਨੇ ਉਸ ਦਾ ਜ਼ਿਕਰ ਵੀ ਕਦੇ ਨਹੀਂ ਕੀਤਾ। ਹੁਣ ਵੀ ਬਾਦਲਕਿਆਂ ਦੇ ਚਹੇਤੇ ਅਖ਼ਬਾਰ ਦੇ ਵਾਵੇਲੇ ਵਿਚ ਕੋਈ ਦਮ ਨਹੀਂ। 5 6 ਮਹੀਨੇ ਬੀਤ ਗਏ ਹੁੰਦੇ, ਫਿਰ ਗੱਲ ਵਖਰੀ ਹੋਣੀ ਸੀ। -ਨਿਮਰਤ ਕੌਰ