
ਬਾਦਲ ਅਕਾਲੀ ਦਲ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਮਿਲਣ ਵਾਲੀ ਮਾਫ਼ੀ ਨੂੰ ਰੁਕਵਾਉਣ ਵਾਲਾ ਸਪੋਕਸਮੈਨ ਹੀ ਹੈ,
ਜਦੋਂ ਜਦੋਂ ਅਕਾਲੀ ਦਲ ਨੂੰ ਕਿਸੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਅਪਣੀ ਹਾਰ ਲਈ ਰੋਜ਼ਾਨਾ ਸਪੋਕਸਮੈਨ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਲਗਦਾ ਹੈ। ਤੇ ਹਰ ਹਾਰ ਤੋਂ ਬਾਅਦ ਕਿਸੇ ਦੀ ਡਿਊਟੀ ਲਗਾ ਦਿਤੀ ਜਾਂਦੀ ਹੈ ਕਿ ਉਹ ਸਪੋਕਸਮੈਨ ਗਰੁੱਪ ਦੇ ਬਾਨੀ ਅਤੇ ਸਰਪ੍ਰਸਤ ਸ. ਜੋਗਿੰਦਰ ਸਿੰਘ ਵਿਰੁਧ ਦੂਸ਼ਣਬਾਜ਼ੀ ਸ਼ੁਰੂ ਕਰ ਦੇਵੇ। ਉਨ੍ਹਾਂ ਦਾ ਗੁੱਸਾ ਜਾਇਜ਼ ਵੀ ਹੈ ਕਿਉਂਕਿ ਸ. ਜੋਗਿੰਦਰ ਸਿੰਘ ਨੇ ਇਨ੍ਹਾਂ ਵਲੋਂ ਹਰ ਧਮਕੀ, ਹਰ ਵਾਰ, ਹਰ ਆਰਥਕ ਜੰਗ, ਹਰ ਲਾਲਚ ਦੇ ਬਾਵਜੂਦ ਬਾਬੇ ਨਾਨਕ ਦੇ ਫ਼ਲਸਫ਼ੇ ਪ੍ਰਤੀ ਅਪਣੀ ਪ੍ਰਤੀਬੱਧਤਾ ਵਿਚ ਕਮਜ਼ੋਰੀ ਨਹੀਂ ਆਉਣ ਦਿਤੀ।
ਇਨ੍ਹਾਂ ਨੇ ਜੋਗਿੰਦਰ ਸਿੰਘ ਨੂੰ ਤਨਖ਼ਾਹੀਆ ਵੀ ਕਰਾਰ ਦਿਤਾ ਪਰ ਨਾ ਉਹ ਰੁਕੇ ਤੇ ਨਾ ਉਨ੍ਹਾਂ ਵਲੋਂ ਚਲਾਈ ‘ਰੋਜ਼ਾਨਾ ਸਪੋਕਸਮੈਨ’ ਦੀ ਲਹਿਰ ਰੁਕੀ। ਹਾਂ, ਸੱਚ ਸਾਹਮਣੇ ਆਉਣ ਨਾਲ ਅਕਾਲੀ ਦਲ ਦਾ ਸੱਚ ਵੀ ਸੱਭ ਦੇ ਸਾਹਮਣੇ ਆ ਗਿਆ ਤੇ ਉਹ ਸਰਕਾਰ ਤੋਂ ਵੀ ਗਏ ਤੇ ਆਉਣ ਵਾਲੇ ਸਮੇਂ ਵਿਚ ਹੋਰ ਕਈ ਕੁੱਝ ਗਵਾਉਣ ਦੇ ਕੰਢੇ ਆ ਖੜੇ ਹੋਏ ਹਨ। ਅੱਜਕਲ ਉਨ੍ਹਾਂ ਵਲੋਂ ਸ. ਜੋਗਿੰਦਰ ਸਿੰਘ ਅਤੇ ਉਨ੍ਹਾਂ ਦੇ ਪ੍ਰਵਾਰ ’ਤੇ ਹਮਲਾ ਇਸ ਇਰਾਦੇ ਨਾਲ ਕਰਵਾਇਆ ਜਾ ਰਿਹਾ ਹੈ ਤਾਕਿ ਸਪੋਕਸਮੈਨ ਗੁਰਬਾਣੀ ਪ੍ਰਸਾਰਣ ਨੂੰ ਆਜ਼ਾਦ ਕਰਨ ਦੀ ਗੱਲ ਕਰਨੀ ਬੰਦ ਕਰ ਦੇਵੇ।
ਜਿਹੜੇ ਸੱਜਣ ਅਪਣੀ ਖ਼ਬਰ ਲਗਵਾਉਣ ਵਾਸਤੇ ਕਦੇ ਸਾਡੇ ਤਰਲੇ ਕਰਦੇ ਸਨ, ਅੱਜ ਪ੍ਰਚਾਰ ਕਰਦੇ ਹਨ ਕਿ ਉਹ ਇਸ ਅਦਾਰੇ ਨੂੰ ਨਾ ਵੇਖਣ ਤੇ ਨਾ ਪ੍ਰਵਾਰ ਨਾਲ ਰੋਟੀ ਬੇਟੀ ਦੀ ਸਾਂਝ ਹੀ ਰੱਖਣ। ਵਲਟੋਹਾ ਜੀ, ਅੱਜ ਸਪੋਕਸਮੈਨ ਜਾਂ ਮੈਂ ਜਾਂ ਸਾਡੀ ਪੱਤਰਕਾਰੀ ਜੋ ਵੀ ਹੈ, ਉਹ ਸਿਰਫ਼ ਤੇ ਸਿਰਫ਼ ਸ. ਜੋਗਿੰਦਰ ਸਿੰਘ ਤੇ ਜਗਜੀਤ ਕੌਰ ਦੀ ਪੰਜਾਬੀ ਮਾਂ ਬੋਲੀ ਦਾ ਮੂੰਹ ਮੱਥਾ ਸਵਾਰਨ ਲਈ ਅਪਣੀਆਂ ਜਵਾਨੀਆਂ ਲੇਖੇ ਲਾ ਦੇਣ ਦਾ ਨਤੀਜਾ ਹੀ ਹੈ ਤੇ ਸਾਨੂੰ ਵੀ ਉਨ੍ਹਾਂ ਨੇ ਅਸੂਲ ਦਾ ਰਾਹ ਕਦੇ ਨਾ ਛੱਡਣ ਦੀ ਹੀ ਗੁੜ੍ਹਤੀ ਦਿਤੀ ਹੈ। ਉਹ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਨਾਨਕ ਦੇ ਇਕ ਇਕ ਸ਼ਬਦ ਦੇ ਆਸ਼ਕ ਹਨ ਤੇ ਅਸੀ ਸਾਰੇ ਉਸੇ ਪਿਆਰ ਨਾਲ ਜੁੜੇ ਹੋਏ ਹਾਂ।
ਤੁਹਾਡੇ ਵਰਗੇ ‘ਧਰਮੀਆਂ’ ਦੀ ਬਜਾਏ ਸਾਡੇ ਵਾਸਤੇ ਇਕ ਤਨਖ਼ਾਹੀਏ ਸ. ਜੋਗਿੰਦਰ ਸਿੰਘ ਨਾਲ ਜੁੜਨਾ ਵੱਡਾ ‘ਕਾਰੇ ਸਵਾਬ’ (ਪੁੰਨ ਦਾ ਕੰਮ) ਹੈ ਤੇ ਸਾਨੂੰ ਯਕੀਨ ਹੈ ਕਿ ਅਕਾਲ ਪੁਰਖ ਦੀ ਹਾਜ਼ਰੀ ਵਿਚ ਪੇਸ਼ ਹੋਵਾਂਗੇ ਤਾਂ ਸਾਡੇ ਨਾਲ ਹਰ ਇਨਸਾਫ਼ ਹੋਵੇਗਾ। ਵਲਟੋਹਾ ਸਾਹਿਬ, ਹਿੰਮਤ ਹੈ ਤਾਂ ਸਾਨੂੰ ਵੀ ਤਨਖ਼ਾਹੀਆ ਕਰਾਰ ਦੇਵੋ। ਕਹਿਣ ਦੀ ਲੋੜ ਨਹੀਂ, ਤੁਸੀ ਵੇਖ ਹੀ ਚੁੱਕੇ ਹੋ ਕਿ ਸਾਡੇ ਪਾਠਕ ਤੇ ਦਰਸ਼ਕ ਵੀ ਸਾਡਾ ਪੂਰਾ ਸਾਥ ਨਿਭਾਈ ਆ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜਦ ਪੰਜਾਬ ਜਾਂ ਸਿੱਖੀ ਦੀ ਗੱਲ ਆਉਂਦੀ ਹੈ ਤਾਂ ਸਪੋਕਸਮੈਨ ਤੋਂ ਬਿਨਾਂ ਹੋਰ ਕਿਸੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ।
ਬਾਦਲ ਅਕਾਲੀ ਦਲ ਦੇ ਇਸ਼ਾਰੇ ’ਤੇ ਸੌਦਾ ਸਾਧ ਨੂੰ ਮਿਲਣ ਵਾਲੀ ਮਾਫ਼ੀ ਨੂੰ ਰੁਕਵਾਉਣ ਵਾਲਾ ਸਪੋਕਸਮੈਨ ਹੀ ਹੈ, ਉਸ ਬਲਾਤਕਾਰੀ ਢੋਂਗੀ ਵਿਰੁਧ ਆਵਾਜ਼ ਚੁੱਕਣ ਵਾਲਾ ਸਪੋਕਸਮੈਨ, ਐਸਜੀਪੀਸੀ ਵਿਚ ਲਿਾਫ਼ਾਫ਼ੇ ’ਚੋਂ ਜਥੇਦਾਰ ਕੱਢਣ ਦੀ ਪ੍ਰਥਾ, ਅਕਾਲੀ ਲੀਡਰਾਂ ਵਲੋਂ ਪੰਜਾਬ ਦੀ ਲੁੱਟ, ਬਰਗਾੜੀ ਮੋਰਚੇ ਨੂੰ ਆਵਾਜ਼ ਦੇਣ ਵਾਲਾ, ਕਿਸਾਨਾਂ ਨਾਲ ਦਿੱਲੀ ਦੇ ਬਾਰਡਰ ’ਤੇ ਡਟਣ ਵਾਲਾ, ਪੰਜਾਬ ਦੇ ਪਾਣੀ, ਰਾਜਧਾਨੀ ਤੇ ਭਾਸ਼ਾ ਵਾਸਤੇ ਸਮੇਂ ਸਮੇਂ ’ਤੇ ਆਵਾਜ਼ ਚੁੱਕਣ ਵਾਲਾ, ਜ਼ੀਰਾ ਫ਼ੈਕਟਰੀ ਨੂੰ ਬੰਦ ਕਰਵਾਉਣ ਵਾਲਾ, ਪਿੰਡ ਪਿੰਡ ਜਾ ਕੇ ਨਸ਼ੇ ਦੇ ਕਾਰੋਬਾਰ ’ਤੇ ਰੋਸ਼ਨੀ ਪਾਉਣ ਵਾਲਾ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਹੀ ਹੈ। ਕਈ ਵਾਰ ਸਮੇਂ ਦੀ ਨਜ਼ਾਕਤ ਕਾਰਨ ਸਿਆਸੀ ਆਗੂਆਂ ਦੇ ਫ਼ੁਰਮਾਨ ਮੰਨਣੇ ਪੈਂਦੇ ਹਨ ਪਰ ਕਦੇ ਵੀ ਆਮ ਲੋਕਾਂ ਦੀ ਆਵਾਜ਼ ਨੂੰ ਚੁੱਕਣ ਦੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇ।
ਪੀਟੀਸੀ ਦੇ ਐਮਡੀ ਰਵਿੰਦਰ ਨਾਰਾਇਣ ਨੇ ਇਕ ਇੰਟਰਵਿਊ ਵਿਚ ਇਸੇ ਹਫ਼ਤੇ ਆਖਿਆ ਹੈ ਕਿ ਸੁਖਬੀਰ ਬਾਦਲ ਦਾ ਪੀਟੀਸੀ ਵਿਚ ਕੋਈ ਹਿੱਸਾ ਨਹੀਂ ਤੇ ਸ਼ਾਇਦ ਉਨ੍ਹਾਂ ਇਹ ਅਦਾਰਾ ਸੁਖਬੀਰ ਬਾਦਲ ਕੋਲੋਂ ਖੋਹ ਲਿਆ ਹੈ। ਪਰ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦੇ ਹੱਥੋਂ ਜਾਂਦੇ ਏਕਾਧਿਕਾਰ ਨੂੰ ਰੋਕਣ ਲਈ ਸਪੋਕਸਮੈਨ ਦੇ ਬਾਨੀ ਵਲੋਂ ਸਥਾਪਤ ‘ਉੱਚਾ ਦਰ ਬਾਬੇ ਨਾਨਕ ਦਾ’ ਉਤੇ ਠੱਗੀ ਦੇ ਇਲਜ਼ਾਮ ਅਪਣੇ ਚੈਨਲ ਤੇ ਟੈਲੀਕਾਸਟ ਕਰ ਕੇ ਸਾਨੂੰ ਡਰਾਉਣ ਦਾ ਯਤਨ ਕਿਉਂ ਕਰ ਰਹੇ ਹਨ? ਉਨ੍ਹਾਂ ਨੂੰ ਪਤਾ ਨਹੀਂ ਕਿ ਡਰਦੇ ਉਹ ਹਨ ਜਿਨ੍ਹਾਂ ਨੇ ਕੋਈ ਗ਼ਲਤੀ ਕੀਤੀ ਹੋਵੇ।
‘ਉੱਚਾ ਦਰ’ ਇਕ ਪਬਲਿਕ ਟਰੱਸਟ ਹੈ ਜਿਸ ਵਿਚ ਸਾਡੇ ਪ੍ਰਵਾਰ ਦਾ ਕੋਈ ਵੀ ਜੀਅ ਇਸ ਦਾ ਮੈਂਬਰ ਤਕ ਵੀ ਨਹੀਂ ਹੈ। ਸਾਡਾ ਰੁਪਏ ਪੈਸੇ ਦੇ ਕੁਲ ਦੇ ਖਰਚੇ ਵਿਚ ਵਿਚ ਤੇ ਹੋਰ ਕਈ ਰੂਪਾਂ ’ਚ ਇਸ ਦੀ ਕਾਇਮੀ ਵਿਚ ਯੋਗਦਾਨ ਜ਼ਰੂਰ ਹੈ ਪਰ ਉਹ ਬਾਬੇ ਨਾਨਕ ਪ੍ਰਤੀ ਸਾਡੀ ਸ਼ਰਧਾ ਕਾਰਨ ਹੈ, ਕੋਈ ਆਰਥਕ ਜਾਂ ਵਪਾਰਕ ਸਾਂਝ ਨਹੀਂ ਹੈ। ਉਹ ਸਾਡੇ ਕਹਿਣ ਤੇ, ਅਖ਼ਬਾਰ ਦੀ ਮਦਦ ਨਾਲ, ਪਾਠਕਾਂ ਨੇ ਪੈਸਾ ਪਾ ਕੇ ਉਸਾਰਿਆ ਏ, ਇਸ ਲਈ ਉਸ ਦੀ ਕਾਮਯਾਬੀ ਵਿਚ ਦਿਲੋਂ ਮਨੋਂ ਦਿਲਚਸਪੀ ਰਖਦੇਹਾਂ ਪਰ ਇਸ ਤੋਂ ਵੱਧ ਸਾਡਾ ਕੋਈ ਰਿਸ਼ਤਾ ਨਹੀਂ। ਅਸੀ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗੁਰੂ ਦੀ ਬਾਣੀ ਨਾਲ ਜੁੜਨ ਨਾਲ ਸਾਡੇ ਅਪਣੇ ਜੀਵਨ ਵਿਚ ਰੂਹਾਨੀਅਤ, ਦਿਮਾਗ਼ੀ ਤਾਜ਼ਗੀ ਤੇ ਅਮੀਰੀ ਆਈ ਹੈ, ਉਹ ਹੋਰ ਲੋਕਾਂ ਵਿਚ ਵੀ ਆਵੇ। ਅੱਜ ਜੋ ਸਾਡੇ ਗੁਰੂ ਘਰਾਂ ਵਿਚ ਹੋ ਰਿਹਾ ਹੈ, ਉਸ ਨਾਲ ਸਾਡੇ ਅਤੇ ਗੁਰੂ ਦੇ ਦਿਤੇ ਗਿਆਨ ਵਿਚ ਫ਼ਾਸਲਾ ਵੱਧ ਰਿਹਾ ਹੈ। ‘ਉੱਚਾ ਦਰ’ ਵਿਚ ਤੁਸੀ ਅਪਣੇ ਪਹਿਲੇ ਗੁਰੂ ਦੀ ਬੁਨਿਆਦੀ ਬਾਣੀ ਬਾਰੇ ਫ਼ਿਲਮਾਂ ਰਾਹੀਂ ਜੁੜੋਗੇ ਤਾਂ ਇਸ ਨਾਲ ਅਨੇਕਾਂ ਪ੍ਰਕਾਰ ਨਾਲ ਤੁਸੀ ਅਪਣੇੇ ਪਹਿਲੇ ਗੁਰੂ ਨੂੰ ਸਮਝੋਗੇ।
ਪਰ ਸਵਾਲ ਇਹ ਹੈ ਕਿ ਪੀਟੀਸੀ ਕਿਉਂ ਚਾਹੁੰਦਾ ਹੈ ਕਿ ਪੰਜਾਬ ਤੇ ਦੁਨੀਆਂ ਦੇ ਲੋਕ ਬਾਬਾ ਨਾਨਕ ਨਾਲ ਨਾ ਜੁੜਨ? ਰਬਿੰਦਰ ਨਾਰਾਇਣ ਸਿੱਖ ਨਹੀਂ ਹਨ ਪਰ ਗੁਰਬਾਣੀ ਪ੍ਰਸਾਰਣ ’ਤੇ ਕਬਜ਼ਾ ਕਰ ਕੇ ਪੈਸਾ ਤਾਂ ਕਮਾ ਹੀ ਰਹੇ ਹਨ। (ਵਿਦੇਸ਼ਾਂ ਵਿਚ ਪ੍ਰਤੀ ਮਹੀਨਾ ਇਕ ਖ਼ਾਸ ਫ਼ੀਸ ਦੇਣੀ ਪੈਂਦੀ ਹੈ ਤੇ ਅੱਜ ਤੋਂ ਮਹੀਨਾ ਪਹਿਲਾਂ ਅਪਣੇ ਮੋਬਾਈਲ ਤੇ ਗੁਰਬਾਣੀ ਸੁਣਨ ਵਾਸਤੇ ਦੇਣੇ ਪੈਂਦੇ ਸਨ) ਅਤੇ ਸਿੱਖ ਸ਼ੰਕਾ ਕਰ ਰਹੇ ਹਨ ਕਿ ਉਹ ਕੋਈ ਹੋਰ ਵੱਡੀ ਸਾਜ਼ਿਸ਼ ਤਾਂ ਨਹੀਂ ਰਚ ਰਹੇ? ਇਕ ਗ਼ੈਰ-ਸਿੱਖ ਨੂੰ ਸਿੱਖ ਧਰਮ ਦੀ ਐਨੀ ਵੱਡੀ ਦੌਲਤ ਦਾ ਹੱਕ ਕਿਉਂ ਦਿਤਾ ਗਿਆ ਹੈ? ਕਦੇ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਨੂੰ ਮਨਸਾ ਦੇਵੀ ਟਰੱਸਟ ਦੇ ਸੰਚਾਲਨ ਦਾ ਏਕਾਧਿਕਾਰ ਦਿਤਾ ਜਾਵੇ? ਨਾਰਾਇਣ ਜੀ, ਤੁਹਾਡੀ ਬੌਖਲਾਹਟ ਤੋਂ ਇਕ ਸਵਾਲ ਉਠਦਾ ਹੈ ਕਿ ਤੁਸੀ ਐਨਾ ਕਿਉਂ ਘਬਰਾ ਰਹੇ ਹੋ? ਤੁਸੀ ਹੋਰ ਕੀ ਕੀ ਕੀਤਾ ਹੈ ਜਿਸ ਨੂੰ ਛੁਪਾਉਣ ਲਈ ਤੁਸੀ ਰੋਜ਼ਾਨਾ ਸਪੋਕਸਮੈਨ ਦੀ ਆਵਾਜ਼ ਬੰਦ ਕਰਨਾ ਚਾਹ ਰਹੇ ਹੋ? ਅਸੀ ਮਦਦ ਕਰਨ ਲਈ ਤਿਆਰ ਹਾਂ ਪਰ ਤਾਂ ਜੇ ਭਲੇ ਲੋਕਾਂ ਵਾਂਗ ਗੱਲ ਕਰੋ, ਲਠਮਾਰਾਂ ਵਾਂਗ ਹੀਂ।
- ਨਿਮਰਤ ਕੌਰ