
1984 ਵਿਚ ਸਿੱਖਾਂ ਨਾਲ ਜੋ ਹੋਇਆ, ਉਸ ਦਾ ਦਰਦ ਘੱਟ ਨਹੀਂ ਆਂਕਿਆ ਜਾ ਸਕਦਾ ਪਰ ਜੋ 84 ਤੋਂ ਬਾਅਦ ਸਿੱਖਾਂ ਨਾਲ ਹੁੰਦਾ ਰਿਹਾ, ਉਸ ਨੇ ਸਿੱਖਾਂ ਦਾ ਵਿਸ਼ਵਾਸ ਹੀ ਤੋੜ ਦਿਤਾ ਹੈ
38 ਸਾਲ ਪਹਿਲਾਂ ਅੱਜ ਦੇ ਦਿਨ ਦਿੱਲੀ ਸੜ ਰਹੀ ਸੀ ਜਾਂ ਕਹਿ ਲਉ ਕਿ ਚੁਣ ਚੁਣ ਕੇ ਸਿੱਖ ਜ਼ਿੰਦਾ ਸਾੜੇ ਜਾ ਰਹੇ ਸਨ ਤੇ ਉਸ ਅੱਗ ਦੀ ਗਰਮੀ ਅੱਜ ਤਕ ਸਿੱਖਾਂ ਦੇ ਮਨਾਂ ਵਿਚ ਸੁਲਗ ਰਹੀ ਹੈ। ਹਰ ਸਿੱਖ ਮਾਂ ਦੇ ਦਿਲ ਵਿਚ ਅਜਿਹਾ ਡਰ ਵੱਸ ਗਿਆ ਹੈ ਜਿਸ ਕਾਰਨ ਉਹ ਹੁਣ ਅਪਣੇ ਬੱਚਿਆਂ ਅੱਗੇ ਸਿਰ ਦੇ ਕੇਸ ਰਖਣ ਦੀ ਜ਼ਿੱਦ ਕਦੇ ਨਹੀਂ ਕਰਦੀਆਂ। 1984 ਵਿਚ ਸਿੱਖਾਂ ਨਾਲ ਜੋ ਹੋਇਆ, ਉਸ ਦਾ ਦਰਦ ਘੱਟ ਨਹੀਂ ਆਂਕਿਆ ਜਾ ਸਕਦਾ ਪਰ ਜੋ ’84 ਤੋਂ ਬਾਅਦ ਸਿੱਖਾਂ ਨਾਲ ਹੁੰਦਾ ਰਿਹਾ, ਉਸ ਨੇ ਸਿੱਖਾਂ ਦਾ ਵਿਸ਼ਵਾਸ ਹੀ ਤੋੜ ਦਿਤਾ ਹੈ।
ਆਜ਼ਾਦੀ ਵਾਸਤੇ ਜਿਹੜੀ ਕੌਮ ਨੇ ਪੂਰੇ ਦੇਸ਼ ਵਿਚ ਸੱਭ ਤੋਂ ਵੱਧ ਕੁਰਬਾਨੀ ਦਿਤੀ ਤੇ ਅੰਗਰੇਜ਼ ਦੀ ਪਿਠ ਲੁਆਈ, ਅੱਜ ਮੁੜ ਤੋਂ ਉਸ ਕੌਮ ਦੇ ਕੁੱਝ ਨਿਰਾਸ਼ ਲੋਕਾਂ ਦੀ ਖ਼ਾਲਿਸਤਾਨ ਦੇ ਹੱਕ ਵਿਚ ਆਵਾਜ਼ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਉਨ੍ਹਾਂ ਨੂੰ ਅਪਣੇ ਜ਼ਖ਼ਮਾਂ ਵਾਸਤੇ ਮੱਲ੍ਹਮ ਲਗਾਉਣ ਵਾਲਾ ਕੋਈ ਟਿਕਾਣਾ ਹੀ ਨਜ਼ਰ ਨਹੀਂ ਆਉਂਦਾ।
ਅੱਜ ਸਿਰਫ਼ ਇਕ ਕਾਤਲ ਸੱਜਣ ਕੁਮਾਰ, ਸਿੱਖਾਂ ਦੀ ਨਸਲਕੁਸ਼ੀ ਵਾਸਤੇ ਜੇਲ ਵਿਚ ਹੈ ਪਰ ਤਕਰੀਬਨ 5-10 ਹਜ਼ਾਰ ਸਿੱਖ ਮਾਰਿਆ ਗਿਆ ਸੀ। ਉਨ੍ਹਾਂ ਨੂੰ ਇਨਸਾਫ਼ ਕੌਣ ਦੇਵੇਗਾ? ਕੀ ਦਿੱਲੀ ਪੁਲਿਸ ਜਿਸ ਨੂੰ ਸਿਆਸੀ ਹੁਕਮਾਂ ਅਧੀਨ, ਦਿੱਲੀ ਵਿਚ ਸਿੱਖਾਂ ਦੀ ਮਦਦ ਕਰਨ ਤੋਂ ਰੋਕਿਆ ਗਿਆ ਸੀ, ਦਾ ਇਕ ਵੀ ਮੁਲਾਜ਼ਮ ਦੋਸ਼ੀ ਕਰਾਰ ਦਿਤਾ ਗਿਆ ਹੈ? ਮਨਮੋਹਨ ਸਿੰਘ ਨੇ ਸਾਫ਼ ਆਖਿਆ ਸੀ ਕਿ ਨਰਸਿਮਹਾ ਰਾਉ ਜੋ ਕਿ ਗ੍ਰਹਿ ਮੰਤਰੀ ਸੀ, ਜੇ ਉਸ ਸਮੇਂ ਉਹ ਆਈ.ਕੇ. ਗੁਜਰਾਲ ਦੀ ਗੱਲ ਮੰਨ ਲੈਂਦੇ ਤਾਂ ਦਿੱਲੀ ਵਿਚ ਨਸਲਕੁਸ਼ੀ ਨਾ ਹੁੰਦੀ।
ਦਿੱਲੀ ਨਸਲਕੁਸ਼ੀ ਦੇ ਪਿਛੇ ਬਦਲੇ ਦਾ ਕਾਰਨ ਫ਼ੌਜ ਦਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸੀ ਜੋ ਹੋਇਆ ਤਾਂ ਇੰਦਰਾ ਗਾਂਧੀ ਦੇ ਹੱਥੋਂ ਪਰ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਸਵੈ-ਜੀਵਨੀ ਵਿਚ ਬੜੇ ਸਾਫ਼ ਸ਼ਬਦਾਂ ਵਿਚ ਲਿਖ ਦਿਤਾ ਕਿ ਜੇ ਭਾਜਪਾ ਦੇਸ਼ ਭਰ ਵਿਚ ਰੋਸ ਪ੍ਰਗਟਾਵੇ ਨਾ ਕਰਦੀ ਤੇ ਇੰਦਰਾ ਨੂੰ ਸੰਸਦ ਵਿਚ ਨਾ ਡੇਗਦੀ ਤਾਂ ਇੰਦਰਾ ਕਦੇ ਦਰਬਾਰ ਸਾਹਿਬ ਤੇ ਹਮਲੇ ਵਾਸਤੇ ਨਾ ਮੰਨਦੀ। ਕਿੰਨੀ ਵਾਰ ਇਹ ਗੱਲ ਅਖ਼ਬਾਰਾਂ ਵਿਚ ਆਈ ਹੈ ਕਿ ਜਿਹੜੀ ਖ਼ੂਨੀ ਭੀੜ ਦਿੱਲੀ ਦੇ ਸਿੱਖਾਂ ਉਤੇ ਛੱਡੀ ਗਈ ਸੀ, ਉਸ ਵਿਚ ਆਰ.ਐਸ.ਐਸ. ਦੇ ਕਾਰਜਕਰਤਾ ਵੀ ਸ਼ਾਮਲ ਸਨ। ਸਾਰੇ ਦੇਸ਼ ਵਿਚ ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ ਸੀ ਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਸਿਰਫ਼ ਇਕ ਸੱਜਣ ਕੁਮਾਰ?
ਸਿੱਖਾਂ ਤੇ ਬੜਾ ਅਹਿਸਾਨ ਜਤਾਇਆ ਜਾਂਦਾ ਹੈ ਕਿ ਦੇਖੋ ਤੁਹਾਡੇ ਅਪਰਾਧੀ ਨੂੰ ਇਸ ਸਰਕਾਰ ਨੇ ਸਜ਼ਾ ਕਰਵਾਉਣ ਵਿਚ ਤੇਜ਼ੀ ਵਿਖਾਈ। ਪਰ 35 ਸਾਲਾਂ ਬਾਅਦ ਜੇ ਅਦਾਲਤ 5000 ਮੌਤਾ ਵਿਚੋਂ ਦੋ ਮੌਤਾਂ ਦਾ ਇਨਸਾਫ਼ ਦਿਵਾ ਵੀ ਦੇਵੇ ਤਾਂ ਅਜੇ 49,998 ਤਾਂ ਨਿਰਾਸ਼ ਹੋਏ ਬੈਠੇ ਹਨ। ਹਾਂ, ਇਹ ਕਿਹਾ ਜਾ ਸਕਦਾ ਹੈ ਕਿ ਇਹ ਗੁਜਰਾਤ ਦੰਗਿਆਂ ਤੋਂ ਤਾਂ ਬਿਹਤਰ ਗੱਲ ਹੋਈ ਹੈ ਪਰ ਯਾਦ ਰਖਣ ਵਾਲੀ ਗੱਲ ਇਹ ਵੀ ਹੈ ਕਿ ਉਹ ਦੰਗੇ ਸਨ ਹਿੰਦੂ ਤੇ ਮੁਸਲਮਾਨ ਵਿਚਕਾਰ ਜਦਕਿ ਨਵੰਬਰ, 84 ਵਿਚ ਇਹ ਸਿੱਖਾਂ ਦੀ ਨਸਲਕੁਸ਼ੀ ਸੀ ਜਿਥੇ ਇਕ ਵੀ ਹਿੰਦੂ ਜਾਂ ਮੁਸਲਮਾਨ ਜਾਂ ਇਸਾਈ ਦੀ ਮੌਤ ਨਹੀਂ ਸੀ ਹੋਈ। ਅੱਜ ਕਾਂਗਰਸ ਆਖਦੀ ਹੈ ਕਿ ਅਸੀ ਅਪਣੀ ਗ਼ਲਤੀ ਦਾ ਪਸ਼ਚਾਤਾਪ ਕਰਨ ਵਾਸਤੇ ਇਕ ਸਿੱਖ ਨੂੰ ਪ੍ਰਧਾਨ ਮੰਤਰੀ ਬਣਾਇਆ।
ਭਾਜਪਾ ਕਹਿੰਦੀ ਹੈ ਕਿ ਸਿੱਖ ਸਾਡੇ ਸਮਾਜ ਦਾ ਅਟੁਟ ਹਿੱਸਾ ਹਨ। ਇੰਗਲੈਂਡ ਵਿਚ ਸਿੱਖਾਂ ਨੂੰ ਮਾਣ ਸਤਿਕਾਰ ਮਿਲਦਾ ਹੈ ਪਰ ਇੰਗਲੈਂਡ ਦੀ ਉਦੋਂ ਦੀ ਪ੍ਰਧਾਨ ਮੰਤਰੀ ਨੇ ਅਪਣੇ ਖ਼ਾਸ ਅਫ਼ਸਰ ਭਾਰਤੀ ਫ਼ੌਜ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾਬੰਦੀ ਵਿਚ ਸਹਾਇਤਾ ਦੇਣ ਲਈ ਭੇਜੇ ਸਨ। ਯਾਨੀ ਕਿ ਸਾਰੇ ਹੀ ਸਿੱਖਾਂ ਦੇ ਗੁਨਾਹਗਾਰ ਹਨ। ਪਰ ਪਛਤਾਵਾ ਕਿਸੇ ਧਿਰ ਨੇ ਨਹੀਂ ਕੀਤਾ ਜਿਸ ਤੋਂ ਲੱਗੇ ਕਿ ਹਾਂ ਇਹ ਸਾਰੇ ਸ਼ਰਮਿੰਦਾ ਹਨ ਕਿ ਉਨ੍ਹਾਂ ਨੇ ਸਿੱਖਾਂ ਨਾਲ ਕੀ ਕਰ ਦਿਤਾ। ਆਮ ਹਿੰਦੂ, ਮੁਸਲਮਾਨ ਨਾਲ ਸਿੱਖਾਂ ਦੀ ਕੋਈ ਨਰਾਜ਼ਗੀ ਨਹੀਂ ਕਿਉਂਕਿ ਆਮ ਲੋਕਾਂ ਨੇ ਜਿਥੇ ਵੀ ਮੁਮਕਿਨ ਹੋਇਆ, ਸਿੱਖਾਂ ਦੀ ਮਦਦ ਕੀਤੀ ਪਰ ਭਾਰਤ ਦੀ ਸਮੁੱਚੀ ਸਿਆਸੀ ਚੌਕੜੀ ਨੇ ਸਿੱਖਾਂ ਨਾਲ ਜਿਹੜਾ ਧੋਖਾ ਕੀਤਾ, ਉਹ ਇਕ ਅਜਿਹਾ ਜ਼ਖ਼ਮ ਹੈ ਜੋ ਭਰਦਾ ਹੀ ਨਹੀਂ। ਖ਼ਾਲਿਸਤਾਨ ਦੀ ਆਵਾਜ਼ ਉਸ ਜ਼ਖ਼ਮ ਦੀਆਂ ਚੀਸਾਂ ’ਚੋਂ ਨਿਕਲਦੀ ਹੈ ਤੇ ਉਸ ਦਾ ਫ਼ਾਇਦਾ ਸਾਡੇ ਅਪਣੇ ਆਗੂ ਲੈ ਲੈਂਦੇ ਹਨ।
ਚਲਦਾ