ਆਸਾਨੀ ਨਾਲ ਮਿਲਦੀਆਂ ਬੰਦੂਕਾਂ, ਛੋਟੇ ਵਿਦਿਆਰਥੀਆਂ ਨੂੰ ਵੀ ਸਕੂਲਾਂ ’ਚ ਬੰਦੇ ਭੁੰਨਣ ਦਾ ਮੌਕਾ ਦੇ ਰਹੀਆਂ ਹਨ
Published : Jun 2, 2022, 7:17 am IST
Updated : Jun 2, 2022, 7:18 am IST
SHARE ARTICLE
  Photo
Photo

27 ਸਕੂਲਾਂ ਵਿਚ 2022 ਵਿਚ ਵਿਦਿਆਰਥੀਆਂ ਨੇ ਹੀ ਬੰਦੂਕਾਂ ਨਾਲ ਨਿਹੱਥੇ ਬੰਦੇ ਮਾਰ ਮੁਕਾਏ ਹਨ।

 

ਅਮਰੀਕਾ ਵਿਚ 2022 ਦੇ ਹੁਣ ਤਕ ਦੇ 5 ਮਹੀਨਿਆਂ ਵਿਚ ਬੰਦੂਕਾਂ ਨਾਲ ਹੋਈਆਂ ਵੱਖ ਵੱਖ ਹਿੰਸਕ ਘਟਨਾਵਾਂ ਵਿਚ 20 ਅਫ਼ਸਰ ਮਾਰੇ ਜਾ ਚੁੱਕੇ ਹਨ ਅਤੇ ਇਸ ਸਮੇਂ 34 ਵਿਦਿਆਰਥੀ ਵੱਖ ਵੱਖ ਹਿੰਸਕ ਕਾਰਵਾਈਆਂ ਵਿਚ ਮਾਰੇ ਜਾ ਚੁੱਕੇ ਹਨ। ਹਿੰਸਕ ਘਟਨਾਵਾਂ ਉਹ ਵਾਲੀਆਂ ਨਹੀਂ ਕਿ ਦੋ ਚੀਜ਼ਾਂ ਟਕਰਾਈਆਂ ਤੇ ਹਾਦਸਾ ਹੋ ਗਿਆ ਬਲਕਿ ਉਹ ਜਿਨ੍ਹਾਂ ਵਿਚ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਨਿਹੱਥੇ ਬੇਦੋਸ਼ੇ ਬੰਦੇ ਮਾਰ ਮੁਕਾਏ। 27 ਸਕੂਲਾਂ ਵਿਚ 2022 ਵਿਚ ਵਿਦਿਆਰਥੀਆਂ ਨੇ ਹੀ ਬੰਦੂਕਾਂ ਨਾਲ ਨਿਹੱਥੇ ਬੰਦੇ ਮਾਰ ਮੁਕਾਏ ਹਨ। ਕਦੇ ਬੱਚੇ ਅਧਿਆਪਕ ਨਾਲ ਨਰਾਜ਼ ਹੁੰਦੇ ਹਨ, ਕਦੇ ਮਾਨਸਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ ਜਿਸ ਕਾਰਨ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਂਦੇ ਹਨ। ਹੁਣੇ ਹੁਣੇ ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ਵਿਚ ਵੀ ਇਕ ਵਿਦਿਅਕ ਸੰਸਥਾ ਦੇ ਬਾਹਰ ਗੋਲੀਆਂ ਚਲੀਆਂ ਹਨ।

Donald trumpDonald trump

ਅਮਰੀਕੀ ਸਮਾਜ ਵਿਚ ਤੇ ਅੱਜ ਦੇ ਪੰਜਾਬ ਵਿਚ ਵੀ ਬੰਦੂਕਾਂ ਬਾਰੇ ਚਰਚਾ ਚਲ ਰਹੀ ਹੈ। ਜਿਥੇ ਅਮਰੀਕਾ ਦੇ ਰਾਸ਼ਟਰਪਤੀ ਇਸ ਬਾਰੇ ਕੁੱਝ ਕਰਨਾ ਚਾਹੰਦੇ ਹਨ, ਡੋਨਾਲਡ ਟਰੰਪ ਤੇ ਬਾਕੀ ਰੀਪਬਲੀਕਨ ਇਸ ਵਿਸ਼ੇ ਤੇ ਮਾਨਸਕ ਦ੍ਰਿੜ੍ਹਤਾ ਦਾ ਮਾਹੌਲ ਸਿਰਜਣ ਦੀ ਗੱਲ ਕਰਦੇ ਹਨ। ਇਸ ਪਿੱਛੇ ਅਮਰੀਕਾ ਦੀਆਂ ਬੰਦੂਕਾਂ ਦੀ ਲਾਬੀ (ਵਪਾਰੀਆਂ ਦੀ) ਹੈ ਜੋ ਅਮਰੀਕਾ ਵਿਚ ਬੰਦੂਕਾਂ ਦੀ ਵਿਕਰੀ ਨੂੰ ਆਮ ਸਬਜ਼ੀ ਦੀ ਖ਼ਰੀਦ ਵਾਂਗ ਆਸਾਨ ਬਣਾਉਣਾ ਚਾਹੁੰਦੀ ਹੈ। ਉਹ ਅਪਣੀ ਸਵੈ ਸੁਰੱਖਿਆ ਨੂੰ ਬਹਾਨੇ ਵਜੋਂ ਪੇਸ਼ ਕਰ ਕੇ ਬੰਦੂਕਾਂ ਦੀ ਵਿਕਰੀ ਵਿਚੋਂ ਅਰਬਾਂ ਰੁਪਏ ਕਮਾਉਣਾ ਚਾਹੁੰਦੀ ਹੈ।

Donald trumpDonald trump

ਸੋ ਅਸਲੀਅਤ ਇਹ ਹੈ ਕਿ ਬੰਦੂਕ ਦੀ ਗੱਲ ਸੁਰੱਖਿਆ ਦੀ ਲੋੜ ਨਾਲ ਨਹੀਂ ਬਲਕਿ ਪੈਸੇ ਨਾਲ ਜੁੜੀ ਹੋਈ ਹੈ। ਪਰ ਪੰਜਾਬ ਵਿਚ ਇਹ ਵਿਵਾਦ ਸਿੱਧੂ ਦੀ ਮੌਤ ਨਾਲ ਛਿੜਿਆ ਹੈ ਜਿਥੇ ਕਈ ਕੁੱਝ ਬੋਲਿਆ ਜਾ ਰਿਹੈ ਤੇ ਗੀਤਕਾਰਾਂ ਦੀ ‘ਗ਼ਲਤੀ’ ਵੀ ਉਛਾਲੀ ਜਾ ਰਹੀ ਹੈ। ਪਰ ਇਸ ਵਿਚ ਗ਼ਲਤੀ ਗੀਤਕਾਰਾਂ ਦੀ ਨਹੀਂ ਕਿਉਂਕਿ ਇਥੇ ਇਤਿਹਾਸ ਦਾ ਹਵਾਲਾ ਦੇ ਕੇ ਬੰਦੂਕਾਂ ਨੂੰ ਵਡਿਆਇਆ ਜਾਂਦਾ ਹੈ। ਪੰਜਾਬ ਵਿਚ ਹਰ ਗੀਤਕਾਰ ਬੰਦੂਕਾਂ ਨਾਲ ਅਪਣੀ ਜਾਤ ਗੋਤ ਨੂੰ ਜ਼ਰੂਰ ਅਪਣੇ ਗੀਤਾਂ ਵਿਚ ਥਾਂ ਦੇਂਦਾ ਹੈ। ਇਹ ਕੋਈ ਗੀਤਕਾਰ ਦਾ ਏਜੰਡਾ ਤਾਂ ਨਹੀਂ ਹੁੰਦਾ ਪਰ ਇਹ ਉਸ ਦੀਆਂ ਲੋਰੀਆਂ ਵਾਲਾ ਕੰਮ ਕਰਦਾ ਹੈ ਜੋ ਉਸ ਦੇ ਗੀਤਾਂ ਵਿਚ ਸੰਗੀਤ ਬਣ, ਸੁਣਨ ਵਾਲੇ ਅੰਦਰ, ਬੰਦੂਕ ਲਈ ਪ੍ਰੇਮ ਪੈਦਾ ਕਰਦਾ ਹੈ।

Joe Biden
Joe Biden

ਪੰਜਾਬ ਵਿਚ ਸਿੱਖਾਂ ਨੂੰ ਰਾਖੀ ਕਰਨ ਵਾਲੇ ਮੰਨਿਆ ਜਾਂਦਾ ਹੈ ਪਰ ਅੱਜ ਦੀ ਆਧੁਨਿਕ ਦੁਨੀਆਂ ਵਿਚ ਕੀ ਹਥਿਆਰ ਸਾਡੀ ਰਾਖੀ ਕਰ ਸਕਣਗੇ? ਜੇ ਠੀਕ ਹੈ ਤਾਂ ਫਿਰ ਤੁਸੀਂ ਵੀ ਅਮਰੀਕਾ ਵਾਂਗ ਪੰਜਾਬ ਵਿਚ ਦੁਕਾਨਾਂ ਖੋਲ੍ਹ ਦੇਵੋ ਬੰਦੂਕਾਂ ਦੀਆਂ। ਹਥਿਆਰਾਂ ਦੇ ਮਾਮਲੇ ਵਿਚ ਭਾਰਤ ਵੈਸੇ ਹੀ ਦੁਨੀਆਂ ਵਿਚ ਦੂਜੇ ਨੰਬਰ ਉਤੇ ਆਉਂਦਾ ਹੈ। ਪੰਜਾਬ ਵਿਚ ਸੱਭ ਤੋਂ ਵੱਧ ਲੋਕਾਂ ਕੋਲ ਬੰਦੂਕਾਂ ਹਨ। ਪਰ ਇਨ੍ਹਾਂ ਵਿਚੋਂ ਅੱਧੀਆਂ ਗ਼ੈਰ ਕਾਨੂੰਨੀ ਹਨ। ਨਾ ਸਾਡੀਆਂ ਸਰਕਾਰਾਂ ਕਿਸੇ ਗੰਦੇ ਉਦਯੋਗ ਨੂੰ ਰੋਕਣਗੀਆਂ, ਨਾ ਉਹ ਗ਼ੈਰ ਲਾਇਸੈਂਸੀ ਹਥਿਆਰਾਂ ਨੂੰ ਕਾਬੂ ਕਰ ਸਕੀਆਂ ਹਨ। ਅੱਜ ਜੇਲਾਂ ਵਿਚ ਬੈਠ ਕੇ ਗੈਂਗਸਟਰ ਅਪਣਾ ਦਬਦਬਾ ਬਣਾਈ ਬੈਠੇ ਹਨ ਤੇ ਇਨ੍ਹਾਂ ਦੇ ਵਿਦੇਸ਼ਾਂ ਵਿਚ ਵੀ ਨੈੱਟਵਰਕ ਆਸਾਨੀ ਨਾਲ ਚਲ ਰਹੇ ਹਨ। 

ਸੋ ਇਨ੍ਹਾਂ ਹਾਲਾਤ ਵਿਚ ਅਸੀ ਕੀ ਕਰ ਸਕਦੇ ਹਾਂ? ਇਸ ਵਾਰ ਨਵੇਂ ਬਣੇ ਆਈ.ਏ.ਐਸ. ਅਫ਼ਸਰਾਂ ਵਿਚ ਤੀਜੇ ਨੰਬਰ ਤੇ ਪੰਜਾਬ ਦੀ ਕੁੜੀ ਆਈ ਹੈ ਤੇ 33ਵੇਂ ਨੰਬਰ ਤੇ ਵੀ ਪੰਜਾਬ ਦੇ ਇਕ ਕਿਸਾਨ ਦਾ ਬੇਟਾ ਹੈ। ਇਨ੍ਹਾਂ ਨੂੰ ਸ਼ਾਇਦ ਲੋਰੀਆਂ ਵਿਚ ਬੰਦੂਕਾਂ ਤੇ ਜਾਤਾਂ ਦੀਆਂ ਲੋਰੀਆਂ ਨਹੀਂ ਸੁਣਾਈਆਂ ਗਈਆਂ ਹੋਣਗੀਆਂ। ਬਲਕਿ ਇਨ੍ਹਾਂ ਨੂੰ ਕਿਤਾਬਾਂ ਨਾਲ ਪਿਆਰ ਤੇ ਮਿਹਨਤ ਕਰਨੀ ਸਿਖਾਈ ਗਈ ਹੋਵੇਗੀ। ਅੱਜ ਦਾ ਦੌਰ ਕਿਸੇ ਹਮਲਾਵਰ ਦਾ ਮੁਕਾਬਲਾ ਨਹੀਂ ਮੰਗਦਾ। ਨਾ ਸਾਡੀ ਜ਼ਮੀਨ ਨੂੰ, ਨਾ ਸਾਡੇ ਦੇਸ਼ ਨੂੰ ਹੀ ਖ਼ਤਰਾ ਹੈ। ਫ਼ੌਜੀ ਸਾਰੇ ਦੇਸ਼ ਦਾ ਸਾਂਝਾ ਹੈ ਤੇ ਹਰ ਸੂਬੇ ਵਿਚ ਬਰਾਬਰ ਦੀ ਰਾਖੀ ਕਰੇਗਾ। ਇਹ ਉਸ ਦਾ ਪੇਸ਼ਾ ਹੈ ਪਰ ਇਸ ਵਿਚ ਬੰਦੂਕ ਚਲਾਉਣ ਤੋਂ ਜ਼ਿਆਦਾ ਸੂਝ ਅਤੇ ਦੂਰ-ਦ੍ਰਿਸ਼ਟੀ ਚਾਹੀਦੀ ਹੈ।

ਅੱਜ ਦਾ ਜ਼ਮਾਨਾ ਗਿਆਨ ਅਤੇ ਵਿਉਂਤਬੰਦੀ ਨਾਲ ਲੜਾਈ ਜਿਤਵਾ ਸਕਦਾ ਹੈ। ਅੰਗਰੇਜ਼, ਸਿੱਖਾਂ ਨਾਲ ਜੰਗ ਵਿਚ ਹਾਰ ਕੇ ਵੀ ਜਿੱਤ ਗਏ ਕਿਉਂਕਿ ਉਹ ਸਿੱਖਾਂ ਦੇ ਮੁਕਾਬਲੇ ਲੜਨ ਵਿਚ ਤਾਂ ਕਮਜ਼ੋਰ ਸਾਬਤ ਹੋਏ ਪਰ ਵਿਉਂਤਬੰਦੀ ਅਤੇ ਚਤੁਰਾਈ ਸਦਕਾ ਅੰਤ ਜਿੱਤ ਗਏ। ਹੁਣ ਹਾਲਤ ਹੋਰ ਵੀ ਜ਼ਿਆਦਾ ਚਤੁਰਾਈ, ਵਿਉਂਤਬੰਦੀ ਤੇ ਦੂਰ ਦ੍ਰਿਸ਼ਟੀ ਦੀ ਮੰਗ ਕਰਦੀ ਹੈ--ਨਿਰੀਆਂ ਬੰਦੂਕਾਂ ਜਿੱਤ ਨਹੀਂ ਲੈ ਕੇ ਦੇ ਸਕਦੀਆਂ। ਜਦ ਅਮਰੀਕਾ ਵਰਗਾ ਦੇਸ਼ ਬੰਦੂਕਾਂ ਸਾਹਮਣੇ ਹਾਰ ਰਿਹਾ ਹੈ ਤਾਂ ਸਾਨੂੰ ਵੀ ਅਪਣੇ ਬੰਦੂਕਾਂ ਪ੍ਰਤੀ ਨਵੇਂ ਉਪਜੇ ਪਿਆਰ ਬਾਰੇ ਨਵੇਂ ਸਿਰਿਉਂ ਸੋਚਣਾ ਚਾਹੀਦਾ ਹੈ।                                                                          -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement