
ਮਹੀਨੇ ਬੀਤ ਗਏ ਹਨ ਪਰ ਮਨੀਪੁਰ ਵਿਚ ਤਣਾਅ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ
Editorial: ਸਾਨੂੰ ਬਚਪਨ ਤੋਂ ਇਹ ਪਾਠ ਸਿਖਾਇਆ ਜਾਂਦਾ ਰਿਹਾ ਹੈ ਕਿ ਭਾਰਤ ਵੱਖ-ਵੱਖ ਜਾਤਾਂ, ਵੱਖ-ਵੱਖ ਸੋਚਾਂ, ਵੱਖ ਵੱਖ ਧਰਮਾਂ ਦਾ ਸੁਮੇਲ ਹੈ ਤੇ ਇਕ ਸਾਂਝਾ ਗੁਲਦਸਤਾ ਹੈ। ਜੇ ਇਸ ਗੁਲਦਸਤੇ ਨੂੰ ਬੰਨ੍ਹ ਕੇ ਰਖਣਾ ਹੈ, ਬਰਕਰਾਰ ਰਖਣਾ ਹੈ ਤਾਂ ਇਸ ਗੁਲਦਸਤੇ ਦੇ ਹਰ ਫੁੱਲ ਨੂੰ ਅਪਣੀ ਅਹਿਮਤੀਅਤ ਸਮਝਣੀ ਪਵੇਗੀ। ਉਸ ਵਿਚ ਕੋਈ ਗੇਂਦਾ ਵੀ ਹੋਵੇਗਾ, ਉਸ ’ਚ ਕੋਈ ਲਾਲ ਗੁਲਾਬ ਵੀ ਹੋਵੇਗਾ ਜਾਂ ਸਫ਼ੈਦ ਹੋਵੇਗਾ ਤੇ ਕੁੱਝ ਹਰੇ ਪੱਤੇ ਵੀ ਹੋਣਗੇ
ਪਰ ਜੇ ਗੁਲਦਸਤਾ ਬਰਕਰਾਰ ਰਖਣਾ ਹੈ ਤਾਂ ਹਰ ਇਕ ਨੂੰ ਅਪਣਾ ਕਿਰਦਾਰ ਨਿਭਾ ਕੇ ਖ਼ੁਸ਼ਬੂ ਦੇਣੀ ਪਵੇਗੀ। ਹਰੇ ਪੱਤੇ ਨੂੰ ਅਪਣਾ ਕੰਮ ਕਰਨਾ ਪਵੇਗਾ, ਗੁਲਾਬ ਨੂੰ ਅਪਣੀ ਖ਼ੁਸ਼ਬੂ ਦੇਣੀ ਪਵੇਗੀ। ਕਿਸੇ ਨੂੰ ਅਪਣੇ ਰੰਗਾਂ ਨਾਲ ਇਸ ਨੂੰ ਬਰਕਰਾਰ ਰਖਣਾ ਪਵੇਗਾ। ਪਰ ਜੇ ਅਸੀ ਹਰ ਛੋਟੀ ਖ਼ਰੋਚ ’ਤੇ, ਅੱਗ ਵਰਸਾਉਂਦੇ ਹੈਵਾਨ ਬਣ ਜਾਈਏ ਤਾਂ ਇਹ ਦੇਸ਼ ਅੰਦਰੋਂ ਹੀ ਕਮਜ਼ੋਰ ਹੋ ਜਾਵੇਗਾ।
ਮਹੀਨੇ ਬੀਤ ਗਏ ਹਨ ਪਰ ਮਨੀਪੁਰ ਵਿਚ ਤਣਾਅ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ। ਕੁੱਕੀ ਤੇ ਮੈਤੇਈ ਕਬੀਲਿਆਂ ਵਿਚ ਜਿਸ ਤਰ੍ਹਾਂ ਦਾ ਆਪਸੀ ਵੈਰ ਪੈ ਚੁੱਕਾ ਹੈ, ਉਸ ਨੂੰ ਰੋਕਣਾ ਜਾਂ ਸੰਭਾਲਣਾ ਔਖਾ ਹੋੋਈ ਜਾ ਰਿਹਾ ਹੈ। ਅੱਜ ਸਥਿਤੀ ਇਹ ਹੋ ਗਈ ਹੈ ਕਿ ਹਜ਼ਾਰਾਂ ਲੋਕ ਅਪਣੇ ਘਰ ਬਾਰ ਛੱਡ ਕੇ ਆਸਾਮ ਵਿਚ ਸ਼ਰਨਾਰਥੀਆਂ ਵਾਂਗ ਅਪਣਾ ਜੀਵਨ ਬਸਰ ਕਰ ਰਹੇ ਹਨ।
ਕਾਰਨ ਕੀ ਹੈ? ਕੂੱਕੀ ਤੇ ਮੈਤੇਈ ਕਬੀਲਿਆਂ ਵਿਚ ਸਰਕਾਰਾਂ ਨੇ ਦਰਾੜ ਪੈਦਾ ਕੀਤੀ ਜਾਂ ਫਿਰ ਉਨ੍ਹਾਂ ਦੇ ਮਨਾਂ ਵਿਚ ਹੀ ਅੰਤਰ ਹੈ? ਇਹ ਚੀਜ਼ ਸਮਝਣੀ ਪਵੇਗੀ ਕਿਉਂਕਿ ਜਿਸ ਸੋਚ ਨਾਲ ਭਾਰਤ ਇਕ ਦੇਸ਼ ਬਣਿਆ ਸੀ, ਇਹ ਜੋ ਆਪਸੀ ਦੁਸ਼ਮਣੀਆਂ ਹਨ, ਉਹ ਉਸ ਸੋੋਚ ਦੇ ਬਿਲਕੁਲ ਉਲਟ ਹਨ ਤੇ ਇਹ ਨਹੀਂ ਕਿ ਇਹ ਸੋਚ ਸਿਰਫ਼ ਮਨੀਪੁਰ ਵਿਚ ਆ ਰਹੀ ਹੈ। ਜੂਨ ਦੇ ਪਹਿਲੇ ਹਫ਼ਤੇ ਇਕ ਧਾਰਮਕ ਅਸਥਾਨ ਦੇ ਬਾਹਰ ਛੱਤੀਸਗੜ੍ਹ ਵਿਚ ਇਕ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਸੀ।
ਉਸ ਦੌਰਾਨ, ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਤੇ ਉਨ੍ਹਾਂ ’ਤੇ ਪਰਚਾ ਵੀ ਦਰਜ ਹੋਇਆ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਪਰ ਫਿਰ ਵੀ ਲੋਕਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਗਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਉਹ ਵਿਅਰਥ ਹੀ ਗਈਆਂ ਤੇ ਉਥੋਂ ਦੇ ਲੋਕ ਏਨੇ ਗੁੱਸੇ ਵਿਚ ਆਏ ਕਿ ਉਨ੍ਹਾਂ ਨੇ ਇਕ ਪੁਲਿਸ ਥਾਣੇ ਨੂੰ ਘੇਰ ਕੇ ਉਸ ਦੀ ਭੰਨ ਤੋੜ ਕੀਤੀ ਤੇ ਫਿਰ ਉਸ ਨੂੰ ਅੱਗ ਲਗਾ ਦਿਤੀ। ਉਸ ਵਿਚ 40 ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਅੱਜ ਅਸੀ ਭਾਰਤ ਵਿਚ ਇਹ ਗੱਲ ਸ਼ਰੇਆਮ ਵੇਖ ਰਹੇ ਹਾਂ ਕਿ ਦੋ ਵੱਖ-ਵੱਖ ਵਿਚਾਰਧਾਰਾਵਾਂ ਨੂੰ ਮੰਨਣ ਵਾਲੇ ਲੋਕਾਂ ਵਿਚਕਾਰ ਲੜਾਈ ਛੇੜਨੀ ਕਿੰਨੀ ਸੌਖੀ ਹੈ। ਕਿੰਨੀ ਜਲਦੀ ਅਸੀ ਅਪਣੇ ਛੋਟੇ ਜਹੇ ਨਿਰਾਦਰ ਨੂੰ ਅਪਮਾਨ ਕਹਿ ਕੇ ਉੁਬਲਣ ਲੱਗ ਪੈਂਦੇ ਹਾਂ।
ਵੱਡੇ-ਵੱਡੇ ਧਰਮਾਂ ਦੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਜਨਮ ਦਿਤਾ ਤੇ ਜਿਨ੍ਹਾਂ ਦੀ ਸੋਚ ਵਿਚ ਪਿਆਰ, ਸਹਿਣਸ਼ੀਲਤਾ ਤੇ ਬਰਾਬਰੀ ਵਰਗੀ ਤਾਕਤ ਹੈ, ਉਨ੍ਹਾਂ ਦੇ ਜਿਹੜੇ ਸ਼ਰਧਾਲੂ ਹਨ, ਉਹ ਏਨੇ ਕਮਜ਼ੋਰ ਹਨ ਕਿ ਉਹ ਕਿਸੇ ਦੀ ਛੋਟੀ ਜਹੀ ਗ਼ਲਤੀ ਨੂੰ ਵੀ ਇਕ ਬਹੁਤ ਵੱਡਾ ਮਾਮਲਾ ਬਣਾ ਦਿੰਦੇ ਹਨ।
ਕਿਸੇ ਧਾਰਮਕ ਅਸਥਾਨ ਦੇ ਬਾਹਰ ਜਾ ਕੇ ਕੋਈ ਅਪਣੀ ਸਮਝ ਮੁਤਾਬਕ ਕੰਮ ਕਰਨਾ ਚਾਹੇ ਤਾਂ ਇਹ ਉਸ ਇਨਸਾਨ ਦੀ ਬੇਵਕੂਫ਼ੀ ਹੀ ਹੋਵੇਗੀ ਕਿਉਂਕਿ ਵਖਰੀ ਤਰ੍ਹਾਂ ਦੇ ਧਰਮ-ਕਰਮ ਰੋਜ਼ ਕਰਨ ਵਾਲਾ, ਕਿਸੇ ਦੂਜੇ ਦੀ ਹਰ ਵਖਰੀ ਧਾਰਮਕ ਰਸਮ ਨੂੰ ਵੀ ਰੱਬ ਦੀ ਬੇਇਜ਼ਤੀ ਮੰਨ ਲੈਂਦਾ ਹੈ। ਕਿਸੇ ਇਕ ਇਨਸਾਨ ਦੀ ਛੋਟੀ ਜਹੀ ਗ਼ਲਤੀ ਨੂੰ ਪੂਰਾ ਵਰਗ ਅਪਣੀ ਪੂਰੀ ਕੌਮ ’ਤੇ ਵਾਰ ਮੰਨ ਲੈਂਦਾ ਹੈ। ਸੋ ਇਥੇ ਉਹ ਇਕ ਛੋਟੀ ਜਹੀ ਗ਼ਲਤੀ ਕਰਨ ਵਾਲਾ, ਇਕ ਛੋਟੀ ਸੋਚ ਵਾਲਾ ਇਨਸਾਨ ਗ਼ਲਤ ਹੈ ਜਾਂ ਉਹ ਲੋਕ ਗ਼ਲਤ ਹਨ ਜੋ ਇਕ ਵੱਡੀ ਤਾਕਤ ਦੇ ਨੁਮਾਇੰਦੇ ਹਨ ਤੇ ਅਪਣੇ ਵਡੱਪਣ ਦੇ ਵਹਿਮ ਵਿਚ ਏਨੀ ਜਲਦੀ ਸੱਟ ਮਹਿਸੂਸ ਕਰਨ ਲਗਦੇ ਹਨ। ਪਰ ਕਮਜ਼ੋਰੀ ਕਿਥੇ ਹੈ?
ਸਾਨੂੰ ਬਚਪਨ ਤੋਂ ਇਹ ਪਾਠ ਸਿਖਾਇਆ ਜਾਂਦਾ ਰਿਹਾ ਹੈ ਕਿ ਭਾਰਤ ਵੱਖ-ਵੱਖ ਜਾਤਾਂ, ਵੱਖ-ਵੱਖ ਸੋਚਾਂ, ਵੱਖ ਵੱਖ ਧਰਮਾਂ ਦਾ ਸੁਮੇਲ ਹੈ ਤੇ ਇਕ ਸਾਂਝਾ ਗੁਲਦਸਤਾ ਹੈ। ਜੇ ਇਸ ਗੁਲਦਸਤੇ ਨੂੰ ਬੰਨ੍ਹ ਕੇ ਰਖਣਾ ਹੈ, ਬਰਕਰਾਰ ਰਖਣਾ ਹੈ ਤਾਂ ਇਸ ਗੁਲਦਸਤੇ ਦੇ ਹਰ ਫੁੱਲ ਨੂੰ ਅਪਣੀ ਅਹਿਮਤੀਅਤ ਸਮਝਣੀ ਪਵੇਗੀ। ਉਸ ਵਿਚ ਕੋਈ ਗੇਂਦਾ ਵੀ ਹੋਵੇਗਾ, ਉਸ ’ਚ ਕੋਈ ਲਾਲ ਗੁਲਾਬ ਵੀ ਹੋਵੇਗਾ ਜਾਂ ਸਫ਼ੈਦ ਹੋਵੇਗਾ ਤੇ ਕੁੱਝ ਹਰੇ ਪੱਤੇ ਵੀ ਹੋਣਗੇ
ਪਰ ਜੇ ਗੁਲਦਸਤਾ ਬਰਕਰਾਰ ਰਖਣਾ ਹੈ ਤਾਂ ਹਰ ਇਕ ਨੂੰ ਅਪਣਾ ਕਿਰਦਾਰ ਨਿਭਾ ਕੇ ਖ਼ੁਸ਼ਬੂ ਦੇਣੀ ਪਵੇਗੀ। ਹਰੇ ਪੱਤੇ ਨੂੰ ਅਪਣਾ ਕੰਮ ਕਰਨਾ ਪਵੇਗਾ, ਗੁਲਾਬ ਨੂੰ ਅਪਣੀ ਖ਼ੁਸ਼ਬੂ ਦੇਣੀ ਪਵੇਗੀ। ਕਿਸੇ ਨੂੰ ਅਪਣੇ ਰੰਗਾਂ ਨਾਲ ਇਸ ਨੂੰ ਬਰਕਰਾਰ ਰਖਣਾ ਪਵੇਗਾ। ਪਰ ਜੇ ਅਸੀ ਹਰ ਛੋਟੀ ਖ਼ਰੋਚ ’ਤੇ, ਅੱਗ ਵਰਸਾਉਂਦੇ ਹੈਵਾਨ ਬਣ ਜਾਈਏ ਤਾਂ ਇਹ ਦੇਸ਼ ਅੰਦਰੋਂ ਹੀ ਕਮਜ਼ੋਰ ਹੋ ਜਾਵੇਗਾ।
- ਨਿਮਰਤ ਕੌਰ