ਕੌਮਾਂਤਰੀ ਕ੍ਰਿਕਟ ਵਿਚ ਜਿੱਤੇ ਵਿਸ਼ਵ ਕੱਪ ਵਾਂਗ ਭਾਰਤੀ ਕੁੜੀਆਂ ਦੀ ਇਸ ਜਿੱਤ ਨੂੰ ਵੀ ਖੇਡਾਂ ਦੇ ਇਤਿਹਾਸ ਵਿਚ ਭਾਰਤ ਲਈ ਚਮਤਕਾਰੀ ਮੋੜ ਮੰਨਿਆ ਜਾਵੇਗਾ।
Editorial: ਖ਼ੁਭਾਰਤ ਸਤਵੇਂ ਅਸਮਾਨ ’ਤੇ ਹੈ। ਇਸ ਦੀ ਮਹਿਲਾ ਟੀਮ ਹੁਣ ਇਕ-ਰੋਜ਼ਾ ਕ੍ਰਿਕਟ ਦੀ ਵਿਸ਼ਵ ਚੈਂਪੀਅਨ ਹੈ। ਇਹ ਖ਼ਿਤਾਬ ਉਸ ਨੇ ਐਤ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਨਵੀਂ ਮੁੰਬਈ ਵਿਚ ਜਿੱਤਿਆ; ਫ਼ਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਕੇ। 1983 ਵਿਚ ਕਪਿਲ ਦੇਵ ਦੀ ਅਗਵਾਈ ਹੇਠ ਭਾਰਤ ਵਲੋਂ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ਵਿਚ ਜਿੱਤੇ ਵਿਸ਼ਵ ਕੱਪ ਵਾਂਗ ਭਾਰਤੀ ਕੁੜੀਆਂ ਦੀ ਇਸ ਜਿੱਤ ਨੂੰ ਵੀ ਖੇਡਾਂ ਦੇ ਇਤਿਹਾਸ ਵਿਚ ਭਾਰਤ ਲਈ ਚਮਤਕਾਰੀ ਮੋੜ ਮੰਨਿਆ ਜਾਵੇਗਾ। ਇਸ ਨਾਲ ਮਹਿਲਾ ਕ੍ਰਿਕਟ ਤੋਂ ਇਲਾਵਾ ਹੋਰਨਾਂ ਖੇਡ ਵੰਨਗੀਆਂ ਵਿਚ ਵੀ ਭਾਰਤੀ ਖਿਡਾਰਨਾਂ ਲਈ ਪੁਰਸ਼ ਖਿਡਾਰੀਆਂ ਵਰਗੇ ਸਾਧਨਾਂ-ਸਹੂਲਤਾਂ ਅਤੇ ਮਾਇਕ ਮਿਹਨਤਾਨੇ ਦੇ ਦੁਆਰ ਖੁਲ੍ਹਣੇ ਯਕੀਨੀ ਹਨ। ਮਹਿਲਾ ਸ਼ਕਤੀਕਰਨ ਨੂੰ ਇਸ ਤੋਂ ਵੱਡਾ ਹੁਲਾਰਾ ਹੋਰ ਕੀ ਹੋ ਸਕਦਾ ਹੈ?
ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ, ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਿਚ ਪੁੱਜਾ। ਇਹ ਪ੍ਰਾਪਤੀ 2005 ਵਿਚ ਵੀ ਸੰਭਵ ਹੋਈ ਸੀ ਅਤੇ 2017 ਵਿਚ ਵੀ। 2017 ਵਾਲੀ ਪ੍ਰਗਤੀ ਤੋਂ ਬਾਅਦ 2022 ਵਿਚ ਆਖ਼ਰੀ ਚਹੁੰਆਂ ਭਾਵ ਸੈਮੀ ਫਾਈਨਲ ਤਕ ਨਾ ਪੁੱਜਣ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਮਹਿਲਾ ਕ੍ਰਿਕਟ ਨੂੰ ਪਰੋਮੋਟ ਕਰਨ ਲਈ ਜੋ ਰਕਮਾਂ ਖ਼ਰਚ ਕੀਤੀਆਂ ਜਾ ਰਹੀਆਂ ਹਨ, ਕੀ ਉਹ ਜਾਇਜ਼ ਹਨ? ਬੋਰਡ ਨੇ ਅਜਿਹੇ ਨਾਂਹ-ਪੱਖੀ ਪ੍ਰਚਾਰ ਨੂੰ ਨਜ਼ਰਅੰਦਾਜ਼ ਕਰਨਾ ਨਾ ਸਿਰਫ਼ ਜਾਰੀ ਰੱਖਿਆ ਸਗੋਂ ਕਈ ਇਨਕਲਾਬੀ ਕਦਮ ਵੀ ਚੁੱਕੇ। ਇਨ੍ਹਾਂ ਵਿਚ ਟੀਮ ਨੂੰ ਵੱਧ ਤੋਂ ਵੱਧ ਵਿਦੇਸ਼ੀ ਦੌਰਿਆਂ ’ਤੇ ਭੇਜਣਾ, ਸੀਨੀਅਰ ਤੇ ਜੂਨੀਅਰ ਟੀਮਾਂ ਲਈ ਭਾਰਤੀ ਤੇ ਵਿਦੇਸ਼ੀ ਮਾਹਿਰਾਂ ਉੱਤੇ ਆਧਾਰਿਤ ਸੁਪੋਰਟ ਸਟਾਫ਼ ਨਿਯੁਕਤ ਕਰਨਾ ਅਤੇ ਆਈ.ਪੀ.ਐਲ. ਵਾਲੀਆਂ ਲੀਹਾਂ ਉੱਤੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐਲ.) ਸ਼ੁਰੂ ਕਰਨਾ ਵਰਗੀਆਂ ਪਹਿਲ-ਕਦਮੀਆਂ ਸ਼ਾਮਲ ਸਨ। ਸਭ ਤੋਂ ਵੱਡਾ ਇਨਕਲਾਬੀ ਕਦਮ ਸੀ : ਪੁਰਸ਼ ਤੇ ਮਹਿਲਾ ਖਿਡਾਰੀਆਂ ਲਈ ਮਿਹਨਤਾਨੇ ਦੀ ਬਰਾਬਰੀ। ਇਸ ਤੋਂ ਭਾਵ ਹੈ ਕਿ ਕਪਤਾਨ ਹਰਮਨਪ੍ਰੀਤ ਕੌਰ ਤੇ ਉਸ ਦੀਆਂ ਸਾਥੀ ਖਿਡਾਰਨਾਂ ਨੂੰ ਵੀ ਹਰ ਟੀ-20, ਹਰ ਇਕ-ਰੋਜ਼ਾ ਜਾਂ ਹਰ ਟੈਸਟ ਮੈਚ ਖੇਡਣ ਦਾ ਉਹੀ ਮਿਹਨਤਾਨਾ ਮਿਲੋਗਾ ਜੋ ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਜਾਂ ਸ਼ੁਭਮਨ ਗਿੱਲ ਨੂੰ ਮਿਲਦਾ ਹੈ। ਖਿਡਾਰਨਾਂ ਨੂੰ ਸਾਲਾਨਾ ਰਿਟੇਨਰਸ਼ਿਪ ਫ਼ੀਸ ਦੀ ਅਦਾਇਗੀ ਤੈਅ ਕਰਨ ਲਈ ਵੀ ਉਹੀ ਮਾਪਦੰਡ ਅਪਣਾਏ ਗਏ ਜੋ ਪੁਰਸ਼ ਖਿਡਾਰੀਆਂ ਵਾਸਤੇ ਅਪਣਾਏ ਜਾਂਦੇ ਹਨ। ਇਹ ਮਾਡਲ 2022 ਵਿਚ ਅਪਣਾਇਆ ਗਿਆ ਅਤੇ ਇਸ ਨੂੰ ਅਪਨਾਉਣ ਦਾ ਦਬਾਅ ਹੁਣ ਆਸਟਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦੇ ਕ੍ਰਿਕਟ ਬੋਰਡਾਂ ਨੂੰ ਵੀ ਝੱਲਣਾ ਪੈ ਰਿਹਾ ਹੈ। ਇਹ ਇਸੇ ਮਾਡਲ ਦਾ ਹੀ ਸਿੱਧਾ ਅਸਰ ਹੈ ਕਿ ਹਰਮਨਪ੍ਰੀਤ ਜਾਂ ਮੀਤ ਕਪਤਾਨ ਸਮ੍ਰਿਤੀ ਮੰਧਾਨਾ ਜਾਂ ਦੀਪਤੀ ਸ਼ਰਮਾ ਵਰਗੀਆਂ ਸੀਨੀਅਰ ਖਿਡਾਰਨਾਂ ਦੀ ਸਾਲਾਨਾ ਆਮਦਨ ਚਾਰ-ਪੰਜ ਕਰੋੜ ਰੁਪਏ ਤਕ ਜਾ ਪਹੁੰਚੀ ਹੈ। ਇਸੇ ਤਰ੍ਹਾਂ ਕ੍ਰਿਕਟ ਬੋਰਡ ਵਲੋਂ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਦਰਜਾਬੰਦੀ ਵਿਚ ਪਹਿਲੇ 40 ਸਥਾਨਾਂ ਉੱਤੇ ਆਉਣ ਵਾਲੀਆਂ ਖਿਡਾਰਨਾਂ ਨੂੰ ਘੱਟੋਘੱਟ 50-50 ਲੱਖ ਰੁਪਏ ਸਾਲਾਨਾ ਮਿਲਣੇ ਯਕੀਨੀ ਹੋ ਚੁੱਕੇ ਹਨ। ਨਿਮਨ ਮੱਧ ਵਰਗ ਜਾਂ ਸਾਧਾਰਣ ਪਰਿਵਾਰਾਂ ਨਾਲ ਸਬੰਧਿਤ ਲੜਕੀਆਂ ਲਈ ਇਸ ਤੋਂ ਵੱਡਾ ਪ੍ਰੇਰਕ ਹੋਰ ਕੀ ਹੋ ਸਕਦਾ ਹੈ? ਅਜਿਹੇ ਪ੍ਰੇਰਕ ਹੀ ਸਮਾਜ ਵਿਚ ਉਨ੍ਹਾਂ ਦਾ ਰੁਤਬਾ ਵਧਾ ਰਹੇ ਹਨ ਅਤੇ ਮਹਿਲਾ ਕ੍ਰਿਕਟ ਨੂੰ ਲੋਕਪ੍ਰਿਯ ਬਣਾ ਰਹੇ ਹਨ।
ਸਮ੍ਰਿਤੀ ਮੰਧਾਨਾ ਜਾਂ ਪ੍ਰਤੀਕਾ ਰਾਵਲ ਨੂੰ ਛੱਡ ਕੇ ਵਿਸ਼ਵ ਕੱਪ ਚੈਂਪੀਅਨ ਟੀਮ ਦੀ ਹੋਰ ਕਿਸੇ ਵੀ ਖਿਡਾਰਨ ਦਾ ਪਿਛੋਕੜ ਕ੍ਰਿਕਟ ਨਾਲ ਨਹੀਂ ਜੁੜਿਆ ਹੋਇਆ। ਮੋਗੇ ਦੀ ਹਰਮਨਪ੍ਰੀਤ ਭੁੱਲਰ ਜਾਂ ਮੁਹਾਲੀ ਦੀ ਅਮਨਜੋਤ ਜਾਂ ਚੰਡੀਗੜ੍ਹ ਦੀ ਹਰਲੀਨ ਦਿਓਲ ਜਾਂ ਰੋਹਤਕ ਦੀ ਸ਼ੈਫਾਲੀ ਵਰਮਾ ਜਾਂ ਮੱਧ ਪ੍ਰਦੇਸ਼ ਦੇ ਆਦਿਵਾਸੀ ਪਰਿਵਾਰ ਦੀ ਕ੍ਰਾਂਤੀ ਗੌੜ ਜਾਂ ਰੋਹੜੂ (ਹਿਮਾਚਲ) ਦੀ ਰੇਣੂਕਾ ਸਿੰਘ ਠਾਕੁਰ ਦੀਆਂ ਸੰਘਰਸ਼ ਗਾਥਾਵਾਂ ਭਾਰਤੀ ਮਹਿਲਾ ਕ੍ਰਿਕਟ ਨਾਲ ਜੁੜੀਆਂ ਦੰਦ-ਕਥਾਵਾਂ ਦਾ ਹਿੱਸਾ ਬਣ ਚੁੱਕੀਆਂ ਹਨ। ਇਨ੍ਹਾਂ ਦੰਦ-ਕਥਾਵਾਂ ਨੇ ਹੀ ਇਨ੍ਹਾਂ ਖਿਡਾਰਨਾਂ ਦੀ ਜੁਝਾਰੂ ਭਾਵਨਾ ਪ੍ਰਤੀ ਸਨੇਹ ਤੇ ਸਤਿਕਾਰ ਦੇ ਪਸਾਰੇ ਵਿਚ ਹਿੱਸਾ ਪਾਇਆ ਅਤੇ ਸਟੇਡੀਅਮਾਂ ਵਿਚ ਦਰਸ਼ਕਾਂ ਦੀਆਂ ਭੀੜਾਂ ਜੁਟਾਉਣੀਆਂ ਸ਼ੁਰੂ ਕੀਤੀਆਂ। ਵਿਸ਼ਵ ਕੱਪ ਦੌਰਾਨ ਭਾਰਤ ਵਿਚ ਖੇਡੇ ਗਏ ਹਰ ਮੈਚ ਵਿਚ ਦਰਸ਼ਕਾਂ ਦੀ ਵੱਡ-ਆਕਾਰੀ ਹਾਜ਼ਰੀ ਅਤੇ ਭਾਰਤ ਨਾਲ ਜੁੜੇ ਮੈਚਾਂ ਵਿਚ ਤਾਂ ਨੱਕੋ-ਨੱਕ ਮੌਜੂਦਗੀ ਦਰਸਾਉਂਦੀ ਹੈ ਕਿ ਮਹਿਲਾ ਕ੍ਰਿਕਟ ਵੀ ਹੁਣ ਖੇਡ ਪ੍ਰੇਮੀਆਂ ਦੀ ਸੋਚ-ਸੁਹਜ ਵਿਚ ਉੱਚ-ਮੁਕਾਮ ਹਾਸਿਲ ਕਰ ਚੁੱਕੀ ਹੈ।
ਭਾਰਤੀ ਟੀਮ ਦੀ ਕਾਰਗੁਜ਼ਾਰੀ ਨੁਕਸ-ਰਹਿਤ ਨਹੀਂ ਕਹੀ ਜਾ ਸਕਦੀ। ਲੀਗ ਪੱਧਰ ’ਤੇ ਇੰਗਲੈਂਡ, ਦੱਖਣੀ ਅਫ਼ਰੀਕਾ ਤੇ ਆਸਟਰੇਲੀਆ ਪਾਸੋਂ ਲਗਾਤਾਰ ਤਿੰਨ ਮੈਚ ਹਾਰਨੇ, ਅਤੇ ਖ਼ਾਸ ਤੌਰ ’ਤੇ ਜਿੱਤਦਿਆਂ-ਜਿੱਤਦਿਆਂ ਹਾਰਨੇ, ਇਸ ਦੇ ਪ੍ਰਸ਼ੰਸਕਾਂ ਲਈ ਮਾਯੂਸੀ ਦਾ ਬਾਇਜ਼ ਸਨ। ਪਰ ਰਾਖ਼ ਵਿਚੋਂ ਮੁੜ ਉਗਮਣ ਦੀ ਕਲਾ ਦਾ ਇਸ ਟੀਮ ਨੇ ਅਗਲੇ ਚਾਰ ਮੈਚਾਂ ਦੌਰਾਨ ਬਿਹਤਰੀਨ ਮੁਜ਼ਾਹਰਾ ਕੀਤਾ, ਖ਼ਾਸ ਤੌਰ ’ਤੇ ਸੈਮੀ ਫਾਈਨਲ ਵਿਚ ਆਸਟਰੇਲੀਆ ਅਤੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ ਫ਼ੈਸਲਾਕੁਨ ਢੰਗ ਨਾਲ ਹਰਾ ਕੇ। ਡਾਢਿਆਂ ਤੋਂ ਵੀ ਅਪਣਾ ਲੋਹਾ ਮੰਨਵਾਉਣ ਦੀ ਇਹ ਕਲਾ ਭਾਰਤੀ ਮਹਿਲਾ ਕ੍ਰਿਕਟ ਦੀ ਸਥਾਈ ਖ਼ੂਬੀ ਬਣਨੀ ਚਾਹੀਦੀ ਹੈ। ਜਿੱਤ ਦਾ ਸਰੂਰ ਅਪਣੀ ਥਾਂ ਸਹੀ ਹੈ। ਇਹ ਸਰੂਰ, ਜਿੱਤ ਨੂੰ ਜੀਵਨ-ਜਾਚ ਬਣਾਉਣ ਦਾ ਆਧਾਰ ਸਾਬਤ ਹੋਣਾ ਚਾਹੀਦਾ ਹੈ।
                    
                