ਪ੍ਰਧਾਨ ਮੰਤਰੀ ਮੋਦੀ ਦਾ 'ਇੰਟਰਵਿਊ' ਆ ਗਿਆ ਪਰ ਪੱਤਰਕਾਰ ਸੰਮੇਲਨ ਕਿਉਂ ਨਹੀਂ?
Published : Jan 3, 2019, 10:08 am IST
Updated : Jan 3, 2019, 10:08 am IST
SHARE ARTICLE
Prime Minister Narendra Modi during the Interview
Prime Minister Narendra Modi during the Interview

ਕੀ ਅੱਜ ਉਹ ਪੰਜਾਬ ਨੂੰ ਕੁੱਝ ਦੇਣਗੇ ਵੀ ਜਾਂ...?

ਪੰਜਾਬ ਦੇ ਆਗੂ ਬੜੀਆਂ ਉਮੀਦਾਂ ਲਾ ਕੇ ਪੰਜਾਬ ਦੇ ਸਰਹੱਦੀ ਇਲਾਕੇ ਵਾਸਤੇ ਖ਼ਾਸ ਉਦਯੋਗਿਕ ਸਹਾਇਤਾ ਮੰਗ ਰਹੇ ਹਨ। ਕੀ ਭਾਜਪਾ ਦੀ ਪੰਜਾਬ ਨੂੰ ਦੂਜਿਆਂ ਖ਼ਾਤਰ ਕੁਰਬਾਨ ਕਰਨ ਦੀ ਸੋਚ ਅੱਜ ਬਦਲ ਸਕਦੀ ਹੈ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 95 ਮਿੰਟਾਂ ਦੀ ਇਕ ਪੱਤਰਕਾਰ ਨਾਲ ਮੁਲਾਕਾਤ ਨੂੰ ਬੜੀ ਬਰੀਕੀ ਨਾਲ ਨਚੋੜਿਆ ਜਾ ਰਿਹਾ ਹੈ। ਇਸ ਖ਼ਾਸ ਮੁਲਾਕਾਤ ਬਾਰੇ ਉਤਸ਼ਾਹ ਇਸ ਕਰ ਕੇ ਬਣਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਭਾਸ਼ਣ ਦੇ ਸਕਦੇ ਹਨ ਪਰ ਸਵਾਲ-ਜਵਾਬ ਤੋਂ ਦੂਰ ਭਜਦੇ ਹਨ। ਸੋ ਇਸ ਏ.ਐਨ.ਆਈ. ਦੀ ਪੱਤਰਕਾਰ ਨਾਲ ਗੱਲਬਾਤ ਕਰਨਾ ਉਨ੍ਹਾਂ ਵਾਸਤੇ ਇਕ ਨਵੀਂ ਗੱਲ ਸੀ। ਇਹ ਉਹ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਅਪਣੇ ਕਾਰਜਕਾਲ ਵਿਚ ਕਦੇ ਵੀ ਪ੍ਰੈੱਸ ਕਾਨਫ਼ਰੰਸ ਨਹੀਂ ਕੀਤੀ ਤੇ ਅਪਣੀਆਂ ਤਕਰੀਰਾਂ ਹੀ ਸੁਣਾਈਆਂ ਹਨ।

ਅੱਜ ਜਿਹੜੇ ਪੱਤਰਕਾਰ ਨਾਲ ਗੱਲਬਾਤ ਕੀਤੀ ਗਈ, ਉਸ ਬਾਰੇ ਸਵਾਲ ਨਾ ਚੁਕਦੇ ਹੋਏ, ਉਸ ਦੀ ਮਜਬੂਰੀ ਨੂੰ ਸਮਝਣ ਦੀ ਜ਼ਰੂਰਤ ਹੈ। ਭਾਵੇਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਸਵਾਲ ਪੁੱਛੇ ਪਰ ਉਹ ਪ੍ਰਧਾਨ ਮੰਤਰੀ ਨਾਲ ਨੋਕ-ਝੋਕ ਨਹੀਂ ਕਰ ਸਕਦੀ ਸੀ। ਜਿਸ ਪੱਤਰਕਾਰ ਨੇ ਪ੍ਰਧਾਨ ਮੰਤਰੀ ਨਾਲ ਖੁਲ੍ਹ ਕੇ ਸਵਾਲ-ਜਵਾਬ ਕੀਤੇ ਸਨ, ਉਸ ਦੀ ਗੱਲਬਾਤ ਤਾਂ 9 ਮਿੰਟ ਵੀ ਨਹੀਂ ਸੀ ਚੱਲੀ। ਕਰਨ ਥਾਪਰ ਨੇ ਅਪਣੇ ਬੇਬਾਕ ਤਰੀਕੇ ਨਾਲ ਨਰਿੰਦਰ ਮੋਦੀ ਨਾਲ ਗੁਜਰਾਤ ਦੰਗਿਆਂ ਬਾਰੇ ਇੰਟਰਵਿਊ ਕੀਤੀ ਸੀ।

ਉਨ੍ਹਾਂ ਨੇ ਉਦੋਂ ਦੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਨੂੰ ਔਖੇ ਸਵਾਲ ਕੀਤੇ ਅਤੇ ਉਨ੍ਹਾਂ ਨੂੰ ਟੋਕਿਆ ਅਤੇ ਗੁਜਰਾਤ ਦੰਗਿਆਂ ਵਾਸਤੇ ਮਾਫ਼ੀ ਮੰਗਵਾਉਣ ਦੀ ਕੋਸ਼ਿਸ਼ ਕੀਤੀ। ਨਰਿੰਦਰ ਮੋਦੀ ਨੇ ਪਹਿਲਾਂ ਪਾਣੀ ਮੰਗਿਆ ਅਤੇ ਫਿਰ ਅਪਣਾ ਮਾਈਕ ਲਾਹ ਕੇ ਇਹ ਕਹਿੰਦੇ ਹੋਏ ਚਲੇ ਗਏ ਕਿ 'ਹਮਾਰੀ ਦੋਸਤੀ ਕਾਇਮ ਰਹੇ।' ਦੋਸਤੀ ਕਾਇਮ ਰਹੀ ਜਾਂ ਨਾ ਪਰ ਉਸ ਦਿਨ ਤੋਂ ਬਾਅਦ ਨਰਿੰਦਰ ਮੋਦੀ ਨੇ ਕਦੇ ਇੰਟਰਵਿਊ ਨਹੀਂ ਦਿਤੀ ਜੋ ਕਿ ਪਹਿਲਾਂ ਤੋਂ ਹੀ ਲਿਖੀ ਹੋਈ ਤੇ ਪ੍ਰਵਾਨ ਕੀਤੀ ਹੋਈ ਨਾ ਹੋਵੇ। ਅਮਰੀਕਾ ਵਿਚ ਸਵਾਲ-ਜਵਾਬ ਦਾ ਸਿਲਸਿਲਾ ਕੀਤਾ ਤਾਂ ਉਹ ਵੀ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਹੁੰਦਾ ਸੀ।

ਕਲ ਦੀ ਗੱਲਬਾਤ ਨੂੰ ਇਕ 'ਇੰਟਰਵਿਊ' ਦੱਸਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਸਾਰੇ ਦੇ ਸਾਰੇ ਮੁੱਦਿਆਂ ਉਤੇ ਸਵਾਲ ਜ਼ਰੂਰ ਕੀਤੇ ਗਏ ਪਰ ਨਰਿੰਦਰ ਮੋਦੀ ਨੇ ਅਪਣਾ ਪੱਖ ਬਗ਼ੈਰ ਕਿਸੇ ਕਿੰਤੂ ਪ੍ਰੰਤੂ ਤੋਂ ਰਖਿਆ। ਅਸਲ ਵਿਚ ਗ਼ਲਤੀ ਨਰਿੰਦਰ ਮੋਦੀ ਦੀ ਨਹੀਂ। ਉਹ ਇਕ ਵਖਰੇ ਹੀ ਮਾਹੌਲ ਵਿਚ ਪੈਦਾ ਹੋ ਕੇ ਵੱਡੇ ਹੋਏ ਹਨ। ਉਨ੍ਹਾਂ ਦੇ ਮਨ ਵਿਚ ਜੋ ਵਿਚਾਰ ਹਨ, ਉਹ ਉਨ੍ਹਾਂ ਦੀ ਨਜ਼ਰ ਵਿਚ, ਬਿਲਕੁਲ ਅਟਲ ਹਨ, ਜਿਨ੍ਹਾਂ ਬਾਰੇ ਕਿੰਤੂ ਪ੍ਰੰਤੂ ਸੁਣਨਾ ਵੀ ਪਾਪ ਹੈ, ਕਰਨਾ ਤਾਂ ਹੈ ਹੀ। ਉਨ੍ਹਾਂ ਵਾਸਤੇ ਇਕ ਲੋਕਤੰਤਰੀ ਸਮਾਜ ਵਿਚ ਸਾਰਿਆਂ ਨੂੰ ਨਾਲ ਰੱਖ ਕੇ ਚਲਣਾ ਬੜਾ ਮੁਸ਼ਕਲ ਕੰਮ ਹੈ। 

Ram TempleRam Temple

ਉਨ੍ਹਾਂ ਅਪਣੀ ਇਕਪਾਸੜ ਇੰਟਰਵਿਊ ਵਿਚ ਅਪਣੀ '56' ਇੰਚ ਦੀ ਛਾਤੀ ਵਿਚ ਧੜਕਦੇ ਦਿਲ ਦਾ ਵਿਖਾਵਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਇਕ ਨਿਰੰਕੁਸ਼ ਸਿਆਸਤਦਾਨ ਵਾਸਤੇ ਅਸਲ ਹਮਦਰਦੀ ਦਾ ਪ੍ਰਦਰਸ਼ਨ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਸੋ ਉਨ੍ਹਾਂ ਨੇ ਲੋਕਾਂ ਦਾ ਹਮਦਰਦ ਵਿਖਾਈ ਦੇਣ ਦੀ ਕੋਸ਼ਿਸ਼ ਨੂੰ ਵੀ ਸਿਆਸੀ ਰੰਗਤ ਚਾੜ੍ਹ ਦਿਤੀ। ਫ਼ੌਜ ਵਲੋਂ ਸਰਜੀਕਲ ਸਟਰਾਈਕ ਦਾ ਅਪਣਾ ਭਾਵੁਕ ਵੇਰਵਾ ਦੇ ਕੇ ਪ੍ਰਧਾਨ ਮੰਤਰੀ ਨੇ ਫ਼ੌਜ ਦੀ ਸਾਰੀ ਕੀਤੀ ਨੂੰ ਅਪਣੀ ਬੀਤੀ ਦੱਸ ਕੇ ਹੀ ਸਾਹ ਲਿਆ।

ਨਾ ਇਹ ਪਹਿਲੀ ਸਰਜੀਕਲ ਸਟਰਾਈਕ ਸੀ ਅਤੇ ਨਾ ਆਖ਼ਰੀ, ਅਤੇ ਜੋ ਪ੍ਰਧਾਨ ਮੰਤਰੀ ਦੀ ਹਾਲਤ ਸੀ, ਉਹ ਸਾਰੇ ਪ੍ਰਧਾਨ ਮੰਤਰੀਆਂ ਦੀ ਹੁੰਦੀ ਹੋਵੇਗੀ ਪਰ ਅੱਜ ਤਕ ਸ਼ਾਇਦ ਹੀ ਕਿਸੇ ਨੇ ਫ਼ੌਜ ਦੀ ਕਾਬਲੀਅਤ ਨੂੰ ਅਪਣੀ ਸਿਆਣਪ ਜਾਂ ਬਹਾਦਰੀ ਵਜੋਂ ਪੇਸ਼ ਕਰਨ ਦਾ ਕਸ਼ਟ ਕੀਤਾ ਹੋਵੇ। ਪ੍ਰਧਾਨ ਮੰਤਰੀ ਨੇ ਰਾਮ ਮੰਦਰ ਬਾਰੇ ਵੀ ਇਸ ਇੰਟਰਵਿਊ ਵਿਚ ਅਪਣਾ ਪੱਖ ਸਪੱਸ਼ਟ ਕਰ ਦਿਤਾ। ਜੇ ਸੁਪਰੀਮ ਕੋਰਟ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਨਹੀਂ ਦੇਵੇਗੀ ਤਾਂ ਉਹ ਆਰਡੀਨੈਂਸ ਦਾ ਰਾਹ ਚੁਣ ਕੇ ਅਪਣੀ ਸੋਚ ਲਾਗੂ ਕਰਨਗੇ।

ਨੋਟਬੰਦੀ ਅਤੇ ਜੀ.ਐਸ.ਟੀ. ਦੀਆਂ ਗ਼ਲਤੀਆਂ ਕਬੂਲਣ ਨੂੰ ਉਹ ਤਿਆਰ ਨਹੀਂ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਉਨ੍ਹਾਂ ਵਲੋਂ ਚੁਕਿਆ ਕੋਈ ਕਦਮ, ਗ਼ਲਤ ਹੋ ਹੀ ਨਹੀਂ ਸਕਦਾ। ਉਹ ਇਕ ਵੱਡੀ ਤਸਵੀਰ ਵੇਖਣ ਵਾਲੇ ਇਨਸਾਨ ਹਨ, ਤੇ ਛੋਟੀਆਂ ਛੋਟੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਨੂੰ ਕੁੱਝ ਸੌ ਲੋਕਾਂ ਦੀ ਮੌਤ ਦਾ ਕੋਈ ਫ਼ਿਕਰ ਨਹੀਂ। ਉਨ੍ਹਾਂ ਨੂੰ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਫ਼ਿਕਰ ਨਹੀਂ। ਜੇ ਇਹ ਗੱਲ ਕਿਸੇ ਅੰਬਾਨੀ ਜਾਂ ਅਡਾਨੀ ਨਾਲ ਹੋਈ ਹੁੰਦੀ ਤਾਂ ਸ਼ਾਇਦ ਉਹ ਅਪਣੇ ਕਥਨ ਵਿਚਲੀ ਕਮਜ਼ੋਰੀ ਨੂੰ ਸਮਝ ਸਕਦੇ। 

ਕਾਂਗਰਸ ਬਾਰੇ ਉਨ੍ਹਾਂ ਦੀ ਟਿਪਣੀ ਉਨ੍ਹਾਂ ਦਾ ਸਿਆਸੀ ਪ੍ਰਤੀਕਰਮ ਹੈ ਪਰ ਉਹ ਇਕ ਗੱਲ ਬਾਰੇ ਬਿਲਕੁਲ ਸਹੀ ਹਨ। ਕਾਂਗਰਸ ਪ੍ਰਵਾਰਵਾਦ ਵਿਚ ਬੁਰੀ ਤਰ੍ਹਾਂ ਜਕੜੀ ਹੋਈ ਹੈ ਅਤੇ ਗਾਂਧੀ ਪ੍ਰਵਾਰ ਉਤੇ ਪੂਰੀ ਤਰ੍ਹਾਂ ਨਿਰਭਰ ਕਰਦੀ ਹੈ। 2019 ਦੀ ਲੜਾਈ ਸ਼ੁਰੂ ਹੋ ਗਈ ਹੈ ਅਤੇ ਹੁਣ ਇਸੇ ਸੁਰ ਵਿਚ ਪ੍ਰਧਾਨ ਮੰਤਰੀ, ਮੰਚਾਂ ਤੋਂ ਅਪਣੇ ਭਾਸ਼ਣ ਦੇਣਗੇ। ਅੱਜ ਪੰਜਾਬ ਵਿਚ ਆ ਕੇ ਵੀ ਉਹ ਸ਼ਾਇਦ ਇਹੀ ਗੱਲਾਂ ਕਰਨਗੇ। ਪੰਜਾਬ ਦੇ ਆਗੂ ਬੜੀਆਂ ਉਮੀਦਾਂ ਲਾ ਕੇ ਪੰਜਾਬ ਦੇ ਸਰਹੱਦੀ ਇਲਾਕੇ ਵਾਸਤੇ ਖ਼ਾਸ ਉਦਯੋਗਿਕ ਸਹਾਇਤਾ ਮੰਗ ਰਹੇ ਹਨ। ਕੀ ਭਾਜਪਾ ਦੀ ਪੰਜਾਬ ਨੂੰ ਦੂਜਿਆਂ ਖ਼ਾਤਰ ਕੁਰਬਾਨ ਕਰਨ ਦੀ ਸੋਚ ਅੱਜ ਬਦਲ ਸਕਦੀ ਹੈ? -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement