
ਸੰਯੁਕਤ ਰਾਸ਼ਟਰ ਤੇ ਸਾਰੇ ਦੇਸ਼ਾਂ ਦੀ ਪੁਤਿਨ ਸਾਹਮਣੇ ਹਾਰ ਹੀ ਨਹੀਂ ਹੋਈ ਸਗੋਂ ਪੁਤਿਨ ਸਾਹਮਣੇ ਪੂਰੇ ਰੂਸ ਦੀ ਹਾਰ ਹੋਈ ਹੈ।
ਇਕ ਨਕਸ਼ੇ ਵਰਗੀ ਅਜੀਬ ਕਾਢ ਸ਼ਾਇਦ ਇਨਸਾਨ ਨੇ ਹੋਰ ਕੋਈ ਨਹੀਂ ਕੱਢੀ ਹੋਵੇਗੀ। ਕਾਗ਼ਜ਼ ਦੀਆਂ ਲਕੀਰਾਂ ਨਾ ਸਿਰਫ਼ ਇਕ ਇਲਾਕੇ ਜਾਂ ਦੇਸ਼ ਦੀਆਂ ਹੱਦਾਂ ਤੈਅ ਕਰਦੀਆਂ ਹਨ ਸਗੋਂ ਉਹ ਸਾਡੀ ਇਨਸਾਨੀਅਤ ਦੀਆਂ ਹੱਦਾਂ ਵੀ ਬਣ ਜਾਂਦੀਆਂ ਹਨ। ਲਕੀਰ ਦੇ ਅੰਦਰ, ਦੇਸ਼ ਪ੍ਰੇਮ ਦੇ ਨਾਮ ਤੇ ਸਾਹਮਣੇ ਖੜੇ ਇਨਸਾਨ ਵਾਸਤੇ ਸ਼ੈਤਾਨ ਬਣ ਜਾਣ ਵਾਲੇ ਨੂੰ ਦੇਸ਼ ਦਾ ਹੀਰੋ ਮੰਨ ਲਿਆ ਜਾਂਦਾ ਹੈ। ਯੂਕਰੇਨ-ਰੂਸ ਦੀ ਜੰਗ ਨੇ ਸਾਫ਼ ਕਰ ਦਿਤਾ ਹੈ ਕਿ ਰੱਬ ਦਾ ਬਣਾਇਆ ਇਨਸਾਨ ਸ਼ਾਇਦ ਉਸ ਦੀ ਸੱਭ ਤੋਂ ਵੱਡੀ ਭੁੱਲ ਸੀ। ਅਪਣੇ ਆਪ ਨੂੰ ਇਕ ਗਲੋਬਲ ਪਿੰਡ ਆਖਣ ਵਾਲੀ ਇਸ ਦੁਨੀਆਂ ਨੇ ਇਸ ਜੰਗ ਵਿਚ ਵਿਖਾ ਦਿਤਾ ਕਿ ਅੱਜ ਵੀ ਇਨਸਾਨ ਇਕ ਖੇਤਰੀ ਜਾਨਵਰ ਹੀ ਹੈ। ਸਿਰਫ਼ ਨਕਸ਼ੇ ਦੀਆਂ ਲਕੀਰਾਂ ਤੇ ਕਬਜ਼ਾ ਕਰ ਕੇ ਪਿੱਛੇ ਦੇਸ਼ ਪ੍ਰੇਮ ਦੀ ਆੜ ਵਿਚ ਇਨਸਾਨੀਅਤ ਦਾ ਘਾਣ ਕਰਨਾ ਓਨਾ ਹੀ ਆਸਾਨ ਹੈ ਜਿੰਨਾ ਇਕ ਪੁਰਾਤਨ ਬਾਂਦਰ ਵਾਸਤੇ ਸੀ।
Russian President Vladimir Putin
ਸੰਯੁਕਤ ਰਾਸ਼ਟਰ ਤੇ ਸਾਰੇ ਦੇਸ਼ਾਂ ਦੀ ਪੁਤਿਨ ਸਾਹਮਣੇ ਹਾਰ ਹੀ ਨਹੀਂ ਹੋਈ ਸਗੋਂ ਪੁਤਿਨ ਸਾਹਮਣੇ ਪੂਰੇ ਰੂਸ ਦੀ ਹਾਰ ਹੋਈ ਹੈ। ਇਕ ਇਨਸਾਨ ਦੇ ਫ਼ੈਸਲੇ ਸਾਹਮਣੇ ਸਾਰੀ ਦੁਨੀਆਂ ਦੀ ਹਾਰ ਹੈ ਤੇ ਇਸ ਦਾ ਨੁਕਸਾਨ ਸਿਰਫ਼ ਯੂਕਰੇਨ ਹੀ ਨਹੀਂ, ਰੂਸ ਸਣੇ ਸਾਰੀ ਦੁਨੀਆਂ ਸਹਿ ਰਹੀ ਹੈ। ਅੱਜ ਤਕ ਯੂਕਰੇਨ ਵਿਚ 19 ਹਜ਼ਾਰ ਤੋਂ ਵੱਧ ਮੌਤਾਂ ਹੋ ਚੁਕੀਆਂ ਹਨ ਤੇ ਤਬਾਹੀ ਅਜਿਹੀ ਹੋਈ ਹੈ ਕਿ ਹੁਣ ਦਹਾਕੇ ਲੱਗਣਗੇ ਇਸ ਦੇਸ਼ ਨੂੰ ਮੁੜ ਤੋਂ ਸਿਰਜਣ ਤੇ। ਰੂਸ ਨੇ 2017 ਵਿਚ ਜੰਗ ਵਿਚ ਮਾਰੇ ਫ਼ੌਜੀਆਂ ਦੀ ਸੂਚੀ ਨੂੰ ਜਨਤਕ ਨਾ ਕਰਨ ਦਾ ਕਾਨੂੰਨ ਬਣਾ ਲਿਆ ਸੀ ਪਰ ਅੰਦਾਜ਼ਨ 15 ਹਜ਼ਾਰ ਤਕ ਰੂਸੀ ਫ਼ੌਜੀ ਮਾਰੇ ਜਾ ਚੁੱਕੇ ਹਨ ਤੇ ਦੋਹਾਂ ਪਾਸਿਆਂ ਦੇ ਫ਼ੌਜੀਆਂ ਦੀ ਮੌਤ ਤਸ਼ੱਦਦ ਨਾਲ ਹੋਈ ਹੈ ਤੇ ਯੂਕਰੇਨ ਦੇ ਆਮ ਨਾਗਰਿਕਾਂ ਨੂੰ ਵੀ ਤਸ਼ੱਦਦ ਸਹਿਣਾ ਪਿਆ, ਬਾਕੀ ਦੁਨੀਆਂ ਦੀ ਗੱਲ ਤਾਂ ਅਜੇ ਕੀ ਕਰਨੀ ਹੈ।
ਰੂਸ ਤੇ ਆਰਥਕ ਪਾਬੰਦੀਆਂ ਲਗਾਉਣ ਦਾ ਵਿਖਾਵਾ ਤਾਂ ਕੀਤਾ ਗਿਆ ਹੈ ਤੇ ਜ਼ਿਆਦਾਤਰ ਦੇਸ਼ਾਂ ਨੇ ਅਪਣੇ ਆਪ ਨੂੰ ਯੂਕਰੇਨ ਨਾਲ ਖੜਾ ਕਰ ਲਿਆ ਹੈ। ਭਾਰਤ ਨੇ ਦੋਹਾਂ ਧਿਰਾਂ ਨਾਲ ਖੜੇ ਹੋ ਕੇ ਕਿਸੇ ਨਾਲ ਵੀ ਨਾ ਖੜੇ ਹੋਣ ਦਾ ਫ਼ੈਸਲਾ ਲੈ ਕੇ, ਇਸ ਸਥਿਤੀ ਨੂੰ ਭਾਰਤ ਨੂੰ ਅੱਗੇ ਲਿਜਾਣ ਦੀ ਕੂਟਨੀਤੀ ਦਾ ਰਾਹ ਚੁਣਨ ਦਾ ਫ਼ੈਸਲਾ ਕੀਤਾ ਹੈ। ਭਾਰਤ ਨੇ ਰੂਸ ਤੋਂ ਤੇਲ ਲੈ ਕੇ ਸਾਰੀ ਦੁਨੀਆਂ ਦੀ ਨਿੰਦਾ ਵੀ ਸਹੀ ਪਰ ਜਦ ਸਰਵੇਖਣ ਰੀਪੋਰਟ ਨੇ ਅਸਲ ਤਸਵੀਰ ਪੇਸ਼ ਕੀਤੀ ਤਾਂ ਪਤਾ ਲੱਗਾ ਕਿ ਭਾਰਤ ਨੇ ਤਾਂ ਤੇਲ ਲਿਆ ਹੀ ਹੈ ਪਰ ਜਿਸ ਅਮਰੀਕਾ ਨੇ ਰੂਸ ਵਿਰੁਧ ਭਾਰਤ ਨੂੰ ਸਖ਼ਤ ਸਟੈਂਡ ਲੈਣ ਲਈ ਵਾਰ ਵਾਰ ਆਖਿਆ ਉੁਸ ਅਮਰੀਕਾ ਨੇ ਭਾਰਤ ਤੋਂ ਵੱਧ ਕੱਚਾ ਤੇਲ ਰੂਸ ਤੋਂ ਖ਼ਰੀਦਿਆ ਹੈ। ਜਿਹੜੇ ਫ਼ਰਾਂਸ ਤੇ ਜਰਮਨੀ ਵਰਗੇ ਦੇਸ਼ਾਂ ਨੂੰ ਮਿਲਣ ਪ੍ਰਧਾਨ ਮੰਤਰੀ ਮੋਦੀ ਅੱਜ ਵਿਦੇਸ਼ ਗਏ ਹਨ, ਉਨ੍ਹਾਂ ਨੇ ਵੀ ਵਾਧੂ ਤੇਲ ਰੂਸ ਤੋਂ ਖ਼ਰੀਦਿਆ।
Russian President Vladimir Putin
ਜਿਥੇ ਇਨਸਾਨ ਦੇ ਖ਼ੂਨ ਦੀ ਕੀਮਤ ਕੱਚੇ ਤੇਲ ਦੀ ਕੀਮਤ ਤੋਂ ਘੱਟ ਹੋਵੇ, ਉਥੇ ਇਨਸਾਨੀਅਤ ਵਰਗਾ ਅਹਿਸਾਸ ਸਿਰਫ਼ ਇਕ ਯੂਰਪੀਅਨ ਸੁਪਨਾ ਹੀ ਹੋ ਸਕਦਾ ਹੈ ਜਿਸ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ। ਚਾਰਲਜ਼ ਡਾਰਵਿਨ ਦਾ ਸਿਧਾਂਤ ‘ਤਾਕਤਵਰ ਹੀ ਜੇਤੂ ਹੁੰਦਾ ਹੈ’ ਅੱਜ ਵੀ ਸੱਚ ਹੈ। ਸਿਰਫ਼ ਹੁਣ ਉਹ ਸੋਹਣੇ ਸ਼ਬਦਾਂ ਨਾਲ ਅਪਣੀ ਹੈਵਾਨੀਅਤ ਨੂੰ ਢੱਕ ਲੈਂਦਾ ਹੈ। ਅੱਜ ਵੀ ਇਨਸਾਨ ਪੁਰਾਤਨ ਬਾਂਦਰ ਵਾਂਗ ਖ਼ੂੰਖ਼ਾਰ ਜਾਨਵਰ ਹੀ ਹੈ। -ਨਿਮਰਤ ਕੌਰ