
ਨਿਰਮਲਾ ਸੀਤਾਰਮਣ ਹੁਣ ਵਿੱਤ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਿਰਫ਼ ਇਕ ਮਹਿਲਾ ਵਿੱਤ ਮੰਤਰੀ, ਇੰਦਰਾ ਗਾਂਧੀ ਹੀ ਰਹੀ ਹੈ ਜਦੋਂ ਉਹ ਖ਼ੁਦ ਪ੍ਰਧਾਨ ਮੰਤਰੀ ਵੀ...
ਨਿਰਮਲਾ ਸੀਤਾਰਮਣ ਹੁਣ ਵਿੱਤ ਮੰਤਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਿਰਫ਼ ਇਕ ਮਹਿਲਾ ਵਿੱਤ ਮੰਤਰੀ, ਇੰਦਰਾ ਗਾਂਧੀ ਹੀ ਰਹੀ ਹੈ ਜਦੋਂ ਉਹ ਖ਼ੁਦ ਪ੍ਰਧਾਨ ਮੰਤਰੀ ਵੀ ਸਨ। ਰਾਜੀਵ ਗਾਂਧੀ ਅਤੇ ਜਵਾਹਰ ਲਾਲ ਲਹਿਰੂ ਨੇ ਵੀ ਇਹ ਮੰਤਰਾਲਾ ਅਪਣੇ ਕੋਲ ਰਖਿਆ ਸੀ ਪਰ ਇਹ ਪਹਿਲੀ ਵਾਰੀ ਹੋਵੇਗਾ ਕਿ ਇਕ ਮਹਿਲਾ ਵਿੱਤ ਮੰਤਰੀ ਬਣਾਈ ਗਈ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਔਰਤਾਂ ਪ੍ਰਤੀ ਸਤਿਕਾਰ ਹੈ ਜਾਂ ਨਿਰਮਲਾ ਸੀਤਾਰਮਣ ਇਸ ਮੰਤਰਾਲੇ ਨੂੰ ਸੰਭਾਲਣ ਦੀ ਖ਼ਾਸ ਯੋਗਤਾ ਰਖਦੀ ਹੈ, ਇਹ ਤਾਂ ਸਮਾਂ ਹੀ ਤੈਅ ਕਰੇਗਾ।
Arun Jaitley
ਪਿਛਲੇ ਪੰਜ ਸਾਲਾਂ 'ਚ ਵਿੱਤ ਮੰਤਰਾਲਾ ਅਰੁਣ ਜੇਤਲੀ ਅਤੇ ਪੀਯੂਸ਼ ਗੋਇਲ ਵਿਚਕਾਰ ਵੰਡਿਆ ਰਿਹਾ ਹੈ। ਇਹ ਦੋਵੇਂ ਵਧੀਆ ਵਿੱਤ ਮੰਤਰੀ ਸਾਬਤ ਨਹੀਂ ਹੋਏ। ਚੋਣਾਂ ਦਾ ਨਤੀਜਾ ਆ ਗਿਆ ਹੈ। ਸੋ ਸਰਕਾਰੀ ਵਿਭਾਗਾਂ ਨੇ ਸਾਰੀਆਂ ਰੀਪੋਰਟਾਂ ਜਨਤਕ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਪਹਿਲੀ ਰੀਪੋਰਟ ਭਾਰਤ 'ਚ ਹੱਦ ਤੋਂ ਵਧੀ ਬੇਰੁਜ਼ਗਾਰੀ ਬਾਰੇ ਹੈ ਜੋ ਉਹੀ ਹਾਲਤ ਬਿਆਨ ਕਰਦੀ ਹੈ ਜੋ ਇਕ ਨੀਤੀ ਆਯੋਗ ਦੇ ਅਫ਼ਸਰ ਨੇ ਚੋਣਾਂ ਤੋਂ ਪਹਿਲਾਂ ਦਸ ਦਿਤੀ ਸੀ ਕਿ ਬੇਰੁਜ਼ਗਾਰੀ 45 ਸਾਲਾਂ ਦੀ ਸੱਭ ਤੋਂ ਉਪਰਲੀ ਹੱਦ ਤਕ ਪਹੁੰਚੀ ਹੋਈ ਹੈ।
Piyush Goyal
ਸ਼ਹਿਰੀ ਔਰਤਾਂ ਵਿਚ ਬੇਰੁਜ਼ਗਾਰੀ ਦੀ ਦਰ ਸੱਭ ਤੋਂ ਜ਼ਿਆਦਾ ਹੈ। ਇਸ ਪਿੱਛੇ ਵਧਦੀ ਸਿਖਿਆ ਦਾ ਮਿਆਰ ਅਤੇ ਨੌਜੁਆਨਾਂ ਦੀਆਂ ਵਧਦੀਆਂ ਉਮੀਦਾਂ ਨੂੰ ਕਾਰਨ ਦਸਿਆ ਜਾ ਰਿਹਾ ਹੈ। ਯਾਨੀ ਕਿ ਅੱਜ ਦੇ ਨੌਜੁਆਨ ਕੋਈ ਛੋਟੀ-ਮੋਟੀ ਨੌਕਰੀ ਕਰਨ ਨਾਲੋਂ ਬੇਰੁਜ਼ਗਾਰ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ। ਇਹ ਤਸਵੀਰ ਪੰਜਾਬ ਵਿਚ ਆਮ ਨਜ਼ਰ ਆਉਂਦੀ ਹੈ ਜਿਥੇ ਨੌਜੁਆਨ ਜ਼ਮੀਨ ਵੇਚਦੇ ਹਨ, ਵਿਦੇਸ਼ ਵਿਚ ਜਾਣ ਲਗਿਆਂ ਜਾਨ ਖ਼ਤਰੇ ਵਿਚ ਪਾ ਦਿੰਦੇ ਹਨ ਪਰ ਛੋਟੀ ਮੋਟੀ ਨੌਕਰੀ ਕਰ ਕੇ ਅਪਣੀ ਸ਼ਾਨ ਨਹੀਂ ਖ਼ਰਾਬ ਕਰਦੇ। ਇਸ ਨੌਜੁਆਨ ਸੋਚ ਪਿੱਛੇ ਭਾਰਤ ਦਾ ਪ੍ਰਵਾਰਕ ਢਾਂਚਾ ਹੈ ਜੋ ਕਿ ਨੌਜੁਆਨਾਂ ਨੂੰ ਸਮਰਥਨ ਦਿੰਦਾ ਹੈ ਪਰ ਘਰੋਂ ਬਾਹਰ ਨਹੀਂ ਕਢਦਾ। ਪਰ ਕਦੋਂ ਤਕ ਪ੍ਰਵਾਰ ਬੇਰੁਜ਼ਗਾਰਾਂ ਦਾ ਭਾਰ ਚੁੱਕਣਗੇ? ਇਥੋਂ ਪਤਾ ਲੱਗੇਗਾ ਕਿ ਤੂਫ਼ਾਨ ਕਿੰਨੀ ਕੁ ਦੂਰ ਹੈ?
Indian Economy
ਦੂਜੀ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਭਾਰਤ ਦੀ ਜੀ.ਡੀ.ਪੀ. 5.8% ਤੇ ਆ ਡਿੱਗੀ ਹੈ ਅਤੇ ਹੁਣ ਭਾਰਤ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧਦੀ ਆਰਥਿਕਤਾ ਦਾ ਖ਼ਿਤਾਬ ਗੁਆ ਚੁੱਕਾ ਹੈ। ਇਸ ਪਿੱਛੇ ਖੇਤੀ ਅਤੇ ਉਦਯੋਗ ਖੇਤਰਾਂ ਦੀਆਂ ਕਮਜ਼ੋਰੀਆਂ ਸੱਭ ਤੋਂ ਵੱਡਾ ਕਾਰਨ ਹਨ। ਇਹੀ ਨਹੀਂ ਮਹਿੰਗਾਈ -0.42% ਤੋਂ ਵੱਧ ਕੇ 7.37% ਤੇ ਪਹੁੰਚ ਗਈ ਹੈ। ਭਾਰਤ ਵਿਚ ਮੀਂਹ ਦੀ ਕਮੀ ਮਹਿੰਗਾਈ ਉਤੇ ਹੋਰ ਬੁਰਾ ਅਸਰ ਪਾ ਸਕਦੀ ਹੈ। ਅਮਰੀਕਾ ਨਾਲ ਰਿਸ਼ਤੇ ਚੰਗੇ ਹੋਣ ਦੇ ਬਾਵਜੂਦ ਤੇ ਦੋਹਾਂ ਆਗੂਆਂ ਦੀ ਆਪਸ 'ਚ ਦੋਸਤੀ ਹੋਣ ਦੇ ਬਾਵਜੂਦ, ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤ ਦੇ ਉਦਯੋਗਾਂ ਉਤੇ ਵੱਡੀ ਸੱਟ ਮਾਰੀ ਹੈ।
Nirmala Sitharaman
ਸੋ ਅੱਜ ਸੀਤਾਰਮਨ ਨੂੰ ਜਿਹੜਾ ਮੰਤਰਾਲਾ ਮਿਲਿਆ ਹੈ, ਉਹ ਅਰੁਣ ਜੇਤਲੀ ਦੇ ਸਮੇਂ ਵਰਗਾ ਨਹੀਂ, ਜਿਸ ਦੀ ਬੁਨਿਆਦ ਪੀ. ਚਿਦੰਬਰਮ, ਡਾ. ਮਨਮੋਹਨ ਸਿਘ, ਪ੍ਰਣਬ ਮੁਖਰਜੀ, ਯਸ਼ਵੰਤ ਸਿਨਹਾ ਅਤੇ ਜਸਵੰਤ ਸਿੰਘ ਵਰਗਿਆਂ ਨੇ ਰੱਖੀ ਸੀ। ਅਰੁਣ ਜੇਤਲੀ ਦੀ ਬਿਮਾਰੀ ਨੇ ਉਨ੍ਹਾਂ ਨੂੰ ਪਿਛਲੇ ਸਾਲ ਗ਼ੈਰਹਾਜ਼ਰ ਹੀ ਰਖਿਆ ਅਤੇ ਭਾਰਤ ਦੀ ਕਮਜ਼ੋਰ ਹਾਲਤ ਦਾ ਆਪ ਹੀ ਜ਼ਿੰਮੇਵਾਰ ਬਣ ਗਿਆ। ਕਮਜ਼ੋਰੀ ਦੂਰ ਕਰਨ ਦੇ ਨਾਲ ਨਾਲ ਭਾਰਤ ਨੂੰ ਦੁਨੀਆਂ ਦੇ ਮਾਹਰਾਂ ਦਾ ਭਰੋਸਾ ਜਿੱਤਣ ਦੀ ਵੀ ਲੋੜ ਹੈ ਕਿਉਂਕਿ ਅੱਜ ਦੇ ਦਿਨ ਭਾਰਤ ਦੇ ਕਿਸੇ ਅੰਕੜੇ ਉਤੇ ਕੋਈ ਕੌਮਾਂਤਰੀ ਮਾਹਰ ਅੱਖਾਂ ਮੀਚ ਕੇ ਯਕੀਨ ਕਰਨ ਨੂੰ ਤਿਆਰ ਨਹੀਂ ਮਿਲਦਾ। ਅੰਕੜੇ ਬਦਲੇ ਗਏ, ਰੋਕੇ ਗਏ, ਦਲ ਬਦਲੇ ਗਏ ਅਤੇ ਇਸ ਸਾਰੀ ਅਦਲਾ ਬਦਲੀ ਵਿਚ ਭਾਰਤ ਦਾ ਅਕਸ ਵੀ ਕਮਜ਼ੋਰ ਹੋ ਗਿਆ ਹੈ।
India
ਭਾਰਤ ਦਾ ਸੱਭ ਤੋਂ ਵੱਡਾ ਸਰੋਤ, ਭਾਰਤ ਦੀ ਜਨਤਾ ਹੈ ਅਤੇ ਐਨ.ਡੀ.ਏ.-1 ਵਿਚ ਜਨਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਵਾਲੇ ਸਿਖਿਆ ਅਤੇ ਸਿਹਤ ਦੇ ਖੇਤਰਾਂ ਉਤੇ ਖ਼ਰਚਾ ਘਟਾਇਆ ਗਿਆ ਸੀ। ਨਿਰਮਲਾ ਸੀਤਾਰਮਨ ਨੇ ਇਸ ਮੰਤਰਾਲੇ ਦੀ ਵਾਗਡੋਰ ਹੱਥ ਵਿਚ ਲੈ ਕੇ ਇਕ ਨਵਾਂ ਦੌਰ ਤਾਂ ਸ਼ੁਰੂ ਕਰ ਲਿਆ ਹੈ ਪਰ ਹੁਣ ਉਨ੍ਹਾਂ ਦੀਆਂ ਚੁਨੌਤੀਆਂ ਇਸ ਗੱਲ ਦੀ ਮੰਗ ਕਰਦੀਆਂ ਹਨ ਕਿ ਉਹ ਇਸ ਮੰਤਰਾਲੇ ਦੇ ਸੰਕਟ ਨਾਲ ਕਰੜੇ ਹੱਥੀਂ ਤੇ ਮਾਹਰਾਂ ਨਾਲ ਚੰਗੀ ਸੋਚ-ਵਿਚਾਰ ਕਰਨ ਮਗਰੋਂ ਜੂਝਣ।
Demonitization
ਐਨ.ਡੀ.ਏ.-1 ਦੀ ਤਾਕਤ ਸਿਆਸਤ ਸੀ ਅਤੇ ਭਾਵੇਂ ਨੋਟਬੰਦੀ ਹੋਵੇ, ਭਾਵੇਂ ਜੀ.ਐਸ.ਟੀ. ਹੋਵੇ, ਭਾਵੇਂ ਬਜਟ ਹੋਵੇ, ਹਰ ਫ਼ੈਸਲਾ ਸਿਆਸਤ ਨੂੰ ਸਾਹਮਣੇ ਰੱਖ ਕੇ ਕੀਤਾ ਜਾਂਦਾ ਸੀ ਅਤੇ ਇਹੀ ਇਸ ਮੰਤਰਾਲੇ ਦੀ ਕਮਜ਼ੋਰੀ ਦਾ ਕਾਰਨ ਸਾਬਤ ਹੋਇਆ। ਅੱਜ ਐਨ.ਡੀ.ਏ.-2 ਦੇ ਸੰਕਟਾਂ ਦਾ ਕਾਰਨ ਐਨ.ਡੀ.ਏ.-1 ਹੈ। ਅਤੇ ਹੁਣ ਇਕ ਤਾਕਤਵਰ ਵਿੱਤ ਮੰਤਰੀ ਹੀ ਸਥਿਤੀ ਨੂੰ ਸੰਭਾਲ ਸਕਦਾ ਹੈ ਜੋ ਲੋੜ ਪੈਣ ਤੇ, ਪ੍ਰਧਾਨ ਮੰਤਰੀ ਨੂੰ ਵੀ ਨਾਂਹ ਕਰਨ ਦੀ ਤਾਕਤ ਰੱਖੇ ਅਤੇ ਵਿੱਤ ਮੰਤਰਾਲੇ ਨੂੰ ਸਿਆਸਤ ਦਾ ਮੋਹਤਾਜ ਨਾ ਕਰੇ।
Nirmala Sitharaman
ਕੀ ਸੀਤਾਰਮਣ ਇਸ ਤਾਕਤਵਰ ਚੁਨੌਤੀ ਨੂੰ ਸਵੀਕਾਰ ਕਰ ਸਕਣਗੇ? ਜੇ ਉਹ ਜਿੱਤ ਵਿਖਾਉਣਗੇ ਤਾਂ ਹੀ ਆਖਿਆ ਜਾ ਸਕੇਗਾ ਕਿ ਉਨ੍ਹਾਂ ਕੋਈ ਬਾਜ਼ੀ ਮਾਰੀ, ਪਰ ਜੇ ਉਹ ਇਕ 'ਜੀ ਹਾਂ' ਮੰਤਰੀ ਹੀ ਬਣੇ ਤਾਂ ਉਹ ਅਪਣਾ ਅਕਸ ਹੀ ਨਹੀਂ ਬਲਕਿ ਔਰਤਾਂ ਦੇ ਅਕਸ ਨੂੰ ਵੀ ਕਮਜ਼ੋਰ ਕਰ ਜਾਣਗੇ। - ਨਿਮਰਤ ਕੌਰ