
ਅੱਜ ਦੇ ਮਾਹੌਲ ਵਿਚ ਕਾਂਗਰਸ ਖੜੀ ਹੁੰਦੀ ਨਜ਼ਰ ਨਹੀਂ ਆ ਰਹੀ
ਕਾਂਗਰਸ ਪਾਰਟੀ ਦੀ ਸਫ਼ਲਤਾ ‘ਵੰਡੋ ਤੇ ਰਾਜ ਕਰੋ’ ਦੀ ਸੋਚ ’ਤੇ ਨਿਰਭਰ ਰਹੀ ਹੈ। ਇੰਦਰਾ ਗਾਂਧੀ ਨੇ ਪੰਜਾਬ ਨੂੰ ਵੰਡ ਕੇ ਹਰਿਆਣਾ-ਪੰਜਾਬ ਨੂੰ ਇਕ ਦੂਜੇ ਵਿਰੁਧ ਖੜਾ ਕਰ ਦਿਤਾ ਤਾਂ ਜੋ ਦੋ ਬਹਾਦਰ ਕੌਮਾਂ ਆਪਸ ਵਿਚ ਹੀ ਲੜਦੀਆਂ ਰਹਿਣ ਤੇ ਕੇਂਦਰ, ਚਲਾਕ ਬਾਂਦਰ ਵਾਂਗ ਦੋਹਾਂ ਦਾ ਵਿਚੋਲਾ ਬਣ ਕੇ, ਦੋਹਾਂ ਦੀ ਰੋਟੀ ਆਪ ਖਾ ਜਾਏ। ਇਹ ਨੀਤੀ ਅਗਲੇ ਕਾਂਗਰਸੀਆਂ ਨੇ ਵੀ ਅਪਨਾ ਲਈ ਹੋਈ ਹੈ। ਸੋਨੀਆ ਗਾਂਧੀ ਭਾਵੇਂ ਇਟਲੀ ਦੀ ਜੰਮ-ਪਲ ਹੈ ਪਰ ਉਹ ਇੰਦਰਾ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਅਪਣਾਉਂਦੀ ਆਈ ਹੈ।
Indra Gandhi
‘ਜੀ-23’ ਕਾਂਗਰਸ ਦਾ ਬਾਗ਼ੀ ਸੰਗਠਨ ਹੈ, ਜਿਸ ਵਿਚ ਮਨੀਸ਼ ਤਿਵਾੜੀ, ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ, ਅਨੰਦ ਸ਼ਰਮਾ, ਰਾਜ ਬੱਬਰ, ਭੁਪਿੰਦਰ ਸਿੰਘ ਹੁੱਡਾ ਵਰਗੇ ਨਾਮਣਾ ਪ੍ਰਾਪਤ ਆਗੂ ਸ਼ਾਮਲ ਹਨ ਅਤੇ ਉਨ੍ਹਾਂ ਦੀ ਮੰਗ ਅਹੁਦਿਆਂ ਦੀ ਨਹੀਂ ਬਲਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਹੈ। ਜੀ-23 ਆਗੂਆਂ ਵਲੋਂ ਜੰਮੂ ਵਿਚ ਇਕ ਮੰਚ ਤੇ ਇਕੱਠੇ ਹੋ ਕੇ ਰਾਜ ਸਭਾ ਵਿਚੋਂ ਰੀਟਾਇਰ ਹੋਣ ਤੇ, ਬੇਆਬਰੂੁ ਕਰ ਕੇ ਘਰ ਵਾਪਸ ਭੇਜੇ ਗਏ ਗ਼ੁਲਾਮ ਨਬੀ ਆਜ਼ਾਦ ਨਾਲ ਕੀਤੇ ਗਏ ਸਲੂਕ ਵਿਰੁਧ ਕਾਂਗਰਸ ਹਾਈ ਕਮਾਂਡ ਦੀ ਸੋਚ ’ਤੇ ਅਫ਼ਸੋਸ ਜਤਾਇਆ ਗਿਆ। ਕਾਂਗਰਸ ਹਾਈ ਕਮਾਂਡ ਅੱਜ-ਕੱਲ੍ਹ ਇਕ ਪਾਰਟੀ ਲਈ ਨਹੀਂ ਬਲਕਿ ਸਿਰਫ਼ ਗਾਂਧੀ ਪ੍ਰਵਾਰ ਲਈ ਹੀ ਕੰਮ ਕਰ ਰਹੀ ਹੈ। ਜੇ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣ ਕੇ ਅਪਣੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਨਹੀਂ ਤਾਂ ਫਿਰ ਕਾਂਗਰਸ ਦੀ ਵਾਗਡੋਰ ਤੇ ਰਣਨੀਤੀ ਉਸ ਬੰਦੇ ਦੇ ਹੱਥ ਵਿਚ ਹੋਣੀ ਚਾਹੀਦੀ ਹੈ ਜਿਸ ਨੇ ਕਾਂਗਰਸ ਨੂੰ ਮੁੜ ਪੈਰਾਂ ’ਤੇ ਖੜਾ ਕਰਨਾ ਹੈ।
congress
ਅੱਜ ਦੇ ਮਾਹੌਲ ਵਿਚ ਕਾਂਗਰਸ ਖੜੀ ਹੁੰਦੀ ਨਜ਼ਰ ਨਹੀਂ ਆ ਰਹੀ। ਰਾਹੁਲ ਗਾਂਧੀ ਭਾਵੇਂ ਕਿੰਨੇ ਵੀ ਨੇਕ ਦਿਲ ਇਨਸਾਨ ਹੋਣ, ਉਨ੍ਹਾਂ ਦੀ ਸਿਆਸੀ ਸੂਝ ਬੂਝ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਸਾਊਥ ਦੀਆਂ ਚੋਣਾਂ ਜ਼ਰੂਰੀ ਹਨ ਪਰ ਉਨ੍ਹਾਂ ਨੂੰ ਸਿਰਫ਼ ਸਮੁੰਦਰ ਵਿਚ ਡੁਬਕੀ ਲਗਾਉਣ ਨਾਲ ਜਾਂ ਕਸਰਤ ਦੇ ਕਰਤਬ ਵਿਖਾ ਕੇ ਨਹੀਂ ਜਿਤਿਆ ਜਾ ਸਕਦਾ। ਰਾਹੁਲ ਗਾਂਧੀ ਸਾਊਥ ਵਿਚ ਜਾ ਕੇ ਉਨ੍ਹਾਂ ਲੋਕਾਂ ਦੀ ਪ੍ਰਸ਼ੰਸ਼ਾ ਕਰਦੇ ਕਰਦੇ ਉੱਤਰ ਭਾਰਤੀਆਂ ਨੂੰ ਨੀਵਾਂ ਵਿਖਾ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਦੱਖਣ ਭਾਰਤੀ ਉੱਤਰ ਭਾਰਤੀਆਂ ਤੋਂ ਵੱਖ ਹਨ ਕਿਉਂਕਿ ਉਹ ਮੁੱਦਿਆਂ ਬਾਰੇ ਨਹੀਂ ਸੋਚਦੇ। ਇਹ ਕਹਿਣਾ ਠੀਕ ਤਾਂ ਸੀ ਪਰ ਕੀ ਰਾਹੁਲ ਗਾਂਧੀ ਸਿਰਫ਼ ਦੱਖਣ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ?
Rahul Gandhi
ਰਾਹੁਲ ਗਾਂਧੀ ਨੇ ਵਾਰ-ਵਾਰ ਸਾਬਤ ਕਰ ਦਿਤਾ ਹੈ ਕਿ ਉਨ੍ਹਾਂ ਨੂੰ ਸਿਆਸਤ ਵਿਚ ਉਹ ਰੁਚੀ ਜਾਂ ਲਗਨ ਨਹੀਂ ਜਿਸ ਦੇ ਹੁੰਦਿਆਂ, ਕੋਈ ਅਪਣਾ ਸਾਰਾ ਜੀਵਨ ਹੀ ਰਾਜਨੀਤੀ ਨੂੰ ਅਰਪਨ ਕਰ ਦੇਵੇ। ਉਹ ਕਾਂਗਰਸ ਦੇ ਉਪਰਲੇ ਢਾਂਚੇ ਅਤੇ ਪਾਰਟੀ ਦੇ ਨਾਂ ਉਤੇ ਕਬਜ਼ਾ ਜਮਾਈ ਰੱਖ ਕੇ ਹੀ ਖ਼ੁਸ਼ ਹਨ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਪੁੱਤਰ ਮੋਹ ਵਿਚ ਕਾਂਗਰਸ ਪਾਰਟੀ ਨਾਲ ਬੇਇਨਸਾਫ਼ੀ ਕਰ ਰਹੀ ਹੈ। ਅਕਾਲੀਆਂ ਦਾ ਵੀ ਹਾਲ ਇਹੀ ਹੈ। ਦੋਹਾਂ ਪਾਰਟੀਆਂ ਦੇ ‘ਮਾਲਕਾਂ’ ਦਾ ਇਕੋ ਨਾਹਰਾ ਹੈ ਕਿ ‘‘ਅਸੀ ਨਹੀਂ ਤਾਂ ਹੋਰ ਵੀ ਕੋਈ ਨਹੀਂ। ਪਾਰਟੀ ਡੁਬਦੀ ਹੈ ਤਾਂ ਪਈ ਡੁੱਬੇ ਪਰ ਪ੍ਰਧਾਨਗੀ ਘਰ ਵਿਚ ਹੀ ਰਹੇਗੀ ਤੇ ਇਹ ਕਿਸੇ ਹੋਰ ਨੂੰ ਨਹੀਂ ਦੇਵਾਂਗੇ।’’
ਪਾਰਟੀ ਨਾਲ ਅਤੇ ਉਨ੍ਹਾਂ ਲੀਡਰਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ ਜਿਨ੍ਹਾਂ ਨੇ ਅਪਣਾ ਸਾਰਾ ਜੀਵਨ ਇਸ ਪਾਰਟੀ ਦੇ ਲੇਖੇ ਲਾ ਦਿਤਾ ਹੈ। ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਾਲਚ ਵੱਸ ਐਸੇ ਫ਼ੈਸਲੇ ਲਏ ਜਾਂਦੇ ਹਨ ਜੋ ਪਾਰਟੀ ਵਿਚ ਦਰਾੜਾਂ ਪਾ ਦੇਂਦੇ ਹਨ।
Sonia Gandhi
ਜੀ-23 ਨੂੰ ਤੋੜਨ ਲਈ ਉਨ੍ਹਾਂ ਦੇ ਕੁੱਝ ਸਾਥੀਆਂ ਨੂੰ ਪਾਰਟੀ ਵਿਚ ਨੁਮਾਇੰਦਗੀ ਦੇ ਦਿਤੀ ਗਈ ਜਿਵੇਂ ਮੁਕੁਲ ਵਸਨੀਕ ਤੇ ਜੀਤਨ ਪ੍ਰਸਾਦ ਜੋ ਜੀ-23 ਤੋਂ ਟੁੱਟ ਗਏ ਹਨ। ਇਸ ਸਮੇਂ ਦੱਖਣ ਵਿਚ 5 ਸੂਬਿਆਂ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਪੂਰਾ ਜ਼ੋਰ ਲਾ ਰਹੇ ਹਨ। ਜੇ ਕਾਂਗਰਸ ਨੇ ਹਾਲ ਹੀ ਵਿਚ ਹੋਈਆਂ ਚੋਣਾਂ ਵਾਂਗ ਕਮਜ਼ੋਰ ਪ੍ਰਦਰਸ਼ਨ ਹੀ ਕੀਤਾ ਤਾਂ ਇਸ ‘ਖ਼ਾਨਦਾਨੀ ਹਾਈ ਕਮਾਂਡ’ ਨੂੰ ਪਾਰਟੀ ਵਿਚ ਆਜ਼ਾਦ ਚੋਣਾਂ ਕਰਵਾਉਣੀਆਂ ਪੈਣੀਆਂ ਹਨ ਜਿਨ੍ਹਾਂ ਵਿਚ ਰਾਹੁਲ ਗਾਂਧੀ ਸ਼ਾਇਦ ਖੜੇ ਹੀ ਨਾ ਹੋਣ।
Priyanka Gandhi
ਦੱਖਣ ਭਾਰਤ ਦੀਆਂ ਚੋਣਾਂ ਵਿਚ ਹਾਰ ਜਿੱਤ ਦੀ ਜ਼ਿੰਮੇਵਾਰੀ ਸਿਰਫ਼ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਮੋਢਿਆਂ ’ਤੇ ਪਵੇਗੀ ਅਤੇ ਇਸ ਵਿਚ ਜੀ-23 ਦੀ ਚੁੱਪੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਸੋਨੀਆ ਗਾਂਧੀ ਦੀ ਨੀਤੀ ਸੀ। ਦਿੱਲੀ ਦੀਆਂ ਐਮ.ਸੀ.ਡੀ. ਚੋਣਾਂ ਵਿਚ ਕਾਂਗਰਸ ਨੇ ਇਕ ਸੀਟ ਜਿੱਤੀ ਹੈ ਜਦਕਿ ‘ਆਪ’ ਚਾਰ ਜਿੱਤ ਕੇ ਕਾਂਗਰਸ ਅਤੇ ਭਾਜਪਾ ਦਾ ਸਫ਼ਾਇਆ ਕਰ ਚੁੱਕੀ ਹੈ। ਹੁਣ ਕਾਂਗਰਸ ਹਾਈ ਕਮਾਂਡ ਨੂੰ ਅਪਣੇ ਲਗਾਤਾਰ ਸਫ਼ਾਏ ’ਤੇ ਪਾਰਟੀ ਦੀ ਵਾਗਡੋਰ ਠੀਕ ਹੱਥਾਂ ਵਿਚ ਜਾਂ ਸਾਂਝੀ ਲੀਡਰਸ਼ਿਪ ਦੇ ਹਵਾਲੇ ਕਰਨ ਦੀ ਸੋਝੀ ਆਵੇਗੀ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੈ। ਪਰ ਕਾਂਗਰਸ ਹਾਈ ਕਮਾਂਡ ਦੀ ਸੋਚ ਸ਼ਾਇਦ ਇਕ ਫ਼ੈਡਰਲ ਗਠਜੋੜ ਨੂੰ ਜਨਮ ਲੈਣ ਵਿਚ ਮਦਦ ਕਰੇਗੀ। ਜੀ-23 ਦੇ ਆਗੂ ਅਸਲ ਸਿਆਸਤਦਾਨ ਹਨ ਜੋ ਅਪਣੇ ਆਪ ਨੂੰ ਤੇ ਅਪਣੀ ਸਿਆਸਤ ਨੂੰ ਬਚਾਉਣ ਲਈ ਆਸਾਨੀ ਨਾਲ ਹਾਰ ਮੰਨਣ ਵਾਲੇ ਲੋਕ ਨਹੀਂ ਲਗਦੇ। - ਨਿਮਰਤ ਕੌਰ