
Editorial: ਹੜ੍ਹਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਦੇ ਚੈਨਲ ਖੋਲ੍ਹਣ ਦੇ ਰਾਹ ਪਾ ਦਿਤਾ ਹੈ।
ਹੜ੍ਹਾਂ ਨੇ ਭਾਰਤ ਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਦੇ ਚੈਨਲ ਖੋਲ੍ਹਣ ਦੇ ਰਾਹ ਪਾ ਦਿਤਾ ਹੈ। ਭਾਰਤ ਵਲੋਂ ਅਪਣੇ ਪਾਸੇ, ਖ਼ਾਸ ਕਰ ਕੇ ਪੰਜਾਬ, ਹਿਮਾਚਲ ਤੇ ਜੰਮੂ ਵਿਚ ਬਰਸਾਤਾਂ ਤੇ ਦਰਿਆਈ ਪਾਣੀਆਂ ਦੀ ਸਥਿਤੀ ਬਾਰੇ ਪਾਕਿਸਤਾਨ ਨੂੰ ਸਮੇਂ ਸਮੇਂ ਸੂਚਿਤ ਕੀਤਾ ਜਾ ਰਿਹਾ ਹੈ। ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਇਨਸਾਨੀ ਤਕਾਜ਼ਿਆਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ ਤਾਂ ਜੋ ਪਾਕਿਸਤਾਨੀ ਅਧਿਕਾਰੀ ਨਵੇਂ ਖ਼ਤਰਿਆਂ ਨਾਲ ਸਿੱਝਣ ਲਈ ਢੁਕਵੀਆਂ ਪੇਸ਼ਬੰਦੀਆਂ ਕਰ ਸਕਣ। ਇਹ ਸਿਲਸਿਲਾ ਪਿਛਲੇ 10 ਦਿਨਾ ਤੋਂ ਜਾਰੀ ਹੈ।
ਦੋਵਾਂ ਦੇਸ਼ਾਂ ਦੀਆਂ ਸੁਰੱਖਿਆ ਸੈਨਾਵਾਂ ਨੇ ਵੀ ਸਰਹੱਦੀ ਇਲਾਕਿਆਂ ਵਿਚ ਰਾਹਤ ਕਾਰਜਾਂ, ਖ਼ਾਸ ਕਰ ਕੇ ਫ਼ੌਜੀ ਹੈਲੀਕਾਪਟਰਾਂ ਦੀਆਂ ਉਡਾਣਾਂ ਅਤੇ ਫ਼ੌਜੀ ਕਿਸ਼ਤੀਆਂ ਦੇ ਇਕ-ਦੂਜੇ ਦੀ ਸਰਹੱਦ ਵਿਚ ਅਣਕਿਆਸੇ ਦਾਖ਼ਲੇ ਸਬੰਧੀ ਆਪਸੀ ਰਾਬਤਾ ਲਗਾਤਾਰ ਬਰਕਰਾਰ ਰੱਖਿਆ ਹੋਇਆ ਹੈ ਤਾਂ ਜੋ ਗ਼ਲਤਫ਼ਹਿਮੀਆਂ ਦੀ ਗੁੰਜਾਇਸ਼ ਹੀ ਨਾ ਪੈਦਾ ਹੋਵੇ। ਪਾਕਿਸਤਾਨੀ ਸੋਸ਼ਲ ਮੀਡੀਆ ਵਿਚ ਪਾਕਿਸਤਾਨ ਅੰਦਰਲੇ ਹੜ੍ਹਾਂ ਲਈ ਭਾਰਤ ਨੂੰ ਦੋਸ਼ੀ ਦੱਸਣ ਵਾਲੀਆਂ ਪੋਸਟਾਂ ਦੀ ਭਰਮਾਰ ਹੋਣ ਦੇ ਬਾਵਜੂਦ ਪਾਕਿਸਤਾਨੀ ਅਧਿਕਾਰੀਆਂ ਨੇ ਭਾਰਤੀ ਇਤਲਾਹਾਂ ਤੇ ਚਿਤਾਵਨੀਆਂ ਦੀ ਪ੍ਰਸ਼ੰਸਾ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਰਾਹਤ ਤੇ ਬਚਾਅ ਕਾਰਜਾਂ ਵਿਚ ਰੁੱਝੇ ਫ਼ੌਜੀ ਦਸਤਿਆਂ ਦੇ ਕਮਾਂਡਰ, ਮੇਜਰ ਜਨਰਲ ਪੁਨੀਤ ਆਹੂਜਾ ਨੇ ਮੰਨਿਆ ਕਿ ਰਾਹਤ ਉਡਾਣਾਂ ਭਰਨ ਵਾਲੇ ਫ਼ੌਜੀ ਜਹਾਜ਼ ਜਾਂ ਹੈਲੀਕਾਪਟਰ ਕਈ ਵਾਰ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਵੀ ਪਹੁੰਚ ਜਾਂਦੇ ਹਨ।
ਅਜਿਹੇ ਮਾਮਲਿਆਂ ਵਿਚ ‘‘ਨਾ ਦੂਜੇ ਪਾਸਿਓਂ ਕੋਈ ਸ਼ਿਕਵਾ-ਸ਼ਿਕਾਇਤ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਵਾਲੀਆਂ ਗ਼ਲਤੀਆਂ ਦੀ ਸੂਰਤ ਵਿਚ ਕੋਈ ਸ਼ਿਕਾਇਤ ਸਾਡੇ ਵਲੋਂ ਕੀਤੀ ਜਾਂਦੀ ਹੈ। ਦੋਵੇਂ ਧਿਰਾਂ ਜਾਣਦੀਆਂ ਹਨ ਕਿ ਜੋ ਗ਼ਲਤੀ ਹੋਈ, ਉਹ ਇਰਾਦਤਨ ਨਹੀਂ ਸੀ। ਕੋਸ਼ਿਸ਼ ਤਾਂ ਇਹੋ ਰਹਿੰਦੀ ਹੈ ਕਿ ਉਡਾਣ ਆਰੰਭਣ ਤੋਂ ਪਹਿਲਾਂ ਹੀ ਦੂਜੀ ਧਿਰ ਨੂੰ ਸਰਹੱਦੀ ਪ੍ਰੋਟੋਕੋਲ ਮੁਤਾਬਿਕ ਸੂਚਿਤ ਕਰ ਦਿਤਾ ਜਾਵੇ। ਇਹ ਅਮਲ, ਕਾਰਗਰ ਸਾਬਤ ਹੁੰਦਾ ਆ ਰਿਹਾ ਹੈ।’’ ਅਜਿਹੇ ਕਥਨ ਸੁਖਾਵੇਂ ਜਾਪਣੇ ਸੁਭਾਵਿਕ ਹੀ ਹਨ।
ਕੁਦਰਤੀ ਆਫ਼ਤਾਂ ਵੇਲੇ ਫ਼ੌਰੀ ਰਾਹਤ ਸੰਭਵ ਬਣਾਉਣ ਦੀ ਜ਼ਿੰਮੇਵਾਰੀ ਅਕਸਰ ਸੁਰੱਖਿਆ ਸੈਨਾਵਾਂ ਨੂੰ ਨਿਭਾਉਣੀ ਪੈਂਦੀ ਹੈ। ਇਸ ਰੀਤੀ ਦੀਆਂ ਕੁੱਝ ਖ਼ਾਸ ਵਜੂਹਾਤ ਹਨ। ਇਕ ਤਾਂ ਬਾਜ਼ਬਤ ਰਹਿਣ ਦਾ ਸੈਨਿਕਾਂ ਨੂੰ ਪੂਰਾ ਅਭਿਆਸ ਹੁੰਦਾ ਹੈ। ਦੂਜਾ ਉਨ੍ਹਾਂ ਕੋਲ ਸਿਵਿਲ ਪ੍ਰਸ਼ਾਸਨ ਦੇ ਮੁਕਾਬਲੇ ਬਿਹਤਰ ਸਾਧਨ ਤੇ ਸਾਜ਼ੋ-ਸਾਮਾਨ ਵੀ ਹੁੰਦਾ ਹੈ। ਤੀਜਾ ਹਰ ਕਿਸਮ ਦੇ ਖ਼ਤਰਿਆਂ, ਖ਼ਾਸ ਕਰ ਕੇ ਅਣਕਿਆਸੀਆਂ ਮੁਸੀਬਤਾਂ ਦੇ ਟਾਕਰੇ ਲਈ ਲੋੜੀਂਦੀ ਜਾਂਬਾਜ਼ੀ ਵੀ ਉਨ੍ਹਾਂ ਦੇ ਅੰਦਰ ਹੁੰਦੀ ਹੈ। ਮੀਡੀਆ ਰਿਪੋਰਟਾਂ ਦਸਦੀਆਂ ਹਨ ਕਿ ਥਲ ਸੈਨਾ ਤੇ ਹਵਾਈ ਸੈਨਾ ਨੇ ਇਸ ਵੇਲੇ ਪੰਜਾਬ ਤੇ ਜੰਮੂ ਖੇਤਰਾਂ ਵਿਚ 20 ਹੈਲੀਕਾਪਟਰ ਤੇ ਟਰਾਂਸਪੋਰਟ ਜਹਾਜ਼ ਰਾਹਤ ਕਾਰਜਾਂ ਵਿਚ ਲਗਾਏ ਹੋਏ ਹਨ। ਇਨ੍ਹਾਂ ਤੋਂ ਇਲਾਵਾ ਡੂੰਘੇ ਪਾਣੀਆਂ ਵਿਚ ਚੱਲਣ ਵਾਲੀਆਂ ਵਿਸ਼ੇਸ਼ ਮੋਟਰ ਗੱਡੀਆਂ ਵੀ ਹੜ੍ਹਗ੍ਰਸਤ ਇਲਾਕਿਆਂ ਵਿਚ ਪੀੜਤਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਵਰਤੀਆਂ ਜਾ ਰਹੀਆਂ ਹਨ।
ਥਲ ਸੈਨਾ ਦੇ 57 ਕਾਲਮ 30 ਅਗੱਸਤ ਤਕ ਹੜ੍ਹਮਾਰੇ ਇਲਾਕਿਆਂ ਵਿਚ ਸਰਗਰਮ ਸਨ। ਹੁਣ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾ ਚੁੱਕੀ ਹੈ। ਦਰਅਸਲ, ਸੁਰੱਖਿਆ ਸੈਨਾਵਾਂ ਦੇ ਅਮਲੇ ਦੀ ਜ਼ਿੰਮੇਵਾਰੀ ਹੜ੍ਹਾਂ ਵਿਚ ਘਿਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਜਾਂ ਰਾਹਤ ਕੈਂਪਾਂ ਵਿਚ ਪਹੁੰਚਾਉਣ ਤਕ ਹੀ ਸੀਮਤ ਨਹੀਂ ਹੁੰਦੀ, ਉਨ੍ਹਾਂ ਨੇ ਸੰਚਾਰ ਤੇ ਸੜਕੀ ਆਵਾਜਾਈ ਵੀ ਬਹਾਲ ਕਰਨੀ ਹੁੰਦੀ ਹੈ ਅਤੇ ਨਾਲ ਹੀ ਪੀੜਤਾਂ ਲਈ ਡਾਕਟਰੀ ਸਹੂਲਤਾਂ ਵੀ ਯਕੀਨੀ ਬਣਾਉਣੀਆਂ ਹੁੰਦੀਆਂ ਹਨ। ਇਸੇ ਲਈ ਥਲ ਸੈਨਾ ਦੇ ਇੰਜਨੀਅਰਾਂ ਤੇ ਡਾਕਟਰੀ ਅਮਲੇ ਦੀ ਤਾਇਨਾਤੀ ਪੰਜ ਸਰਹੱਦੀ ਜ਼ਿਲ੍ਹਿਆਂ - ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ ਤੇ ਫ਼ਿਰੋਜ਼ਪੁਰ ਵਿਚ ਵਧਾ ਦਿਤੀ ਗਈ ਹੈ। ਇਹ ਸਵਾਗਤਯੋਗ ਕਦਮ ਹੈ ਕਿਉਂਕਿ ਜਿਸ ਕਿਸਮ ਦੀ ਫ਼ੁਰਤੀ, ਮੁਸਤੈਦੀ ਤੇ ਸਿਦਕਦਿਲੀ ਸੈਨਿਕ ਅਮਲੇ ਦੇ ਅੰਦਰ ਹੁੰਦੀ ਹੈ, ਉਹ ਸਿਵਲੀਅਨ ਪ੍ਰਸ਼ਾਸਨ ਦੇ ਵੱਸ ਦੀ ਖੇਡ ਨਹੀਂ। ਉਂਜ ਵੀ, ਭਾਰਤੀ ਸੈਨਾ ਤਾਂ ਅਪਣੀ ਜੁਗਾੜਬੰਦੀ ਸਦਕਾ ਅਸੰਭਵ ਨੂੰ ਸੰਭਵ ਬਣਾਉਣ ਦੇ ਕਾਬਲ ਵੀ ਸਾਬਤ ਹੁੰਦੀ ਆਈ ਹੈ। ਹੁਣ ਉਸ ਦੀ ਅਜਿਹੀ ਸਮਰਥਾ ਦੀ ਅਸਲ ਅਜ਼ਮਾਇਸ਼ ਪੰਜਾਬ ਵਿਚ ਹੜ੍ਹਾਂ ਦਾ ਪਾਣੀ ਕੁੱਝ ਘਟਣ ਮਗਰੋਂ ਸ਼ੁਰੂ ਹੋਵੇਗੀ।
ਕੁਦਰਤੀ ਆਫ਼ਤਾਂ, ਇਨਸਾਨੀਅਤ ਦਾ ਇਮਤਿਹਾਨ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੌਰਾਨ ਇਨਸਾਨਾਂ ਤੇ ਮੁਲਕਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸ਼ਰੀਕੇਬਾਜ਼ੀ ਤੇ ਵੈਰ-ਵਿਰੋਧ ਨੂੰ ਤਾਕ ’ਤੇ ਰੱਖ ਕੇ ਇਨਸਾਨੀਅਤ ਦੇ ਨਾਤੇ ਇਕ-ਦੂਜੇ ਦੇ ਕੰਮ ਆਉਣ। ਭਾਰਤ ਨੇ ਇਸ ਪੱਖੋਂ ਅਪਣਾ ਫ਼ਰਜ਼ ਚੰਗੇ ਢੰਗ ਨਾਲ ਨਿਭਾਇਆ। ਪਾਕਿਸਤਾਨ ਦਾ ਹੁੰਗਾਰਾ ਵੀ ਉਸਾਰੂ ਤੇ ਸਾਰਥਿਕ ਰਿਹਾ। ਅਜਿਹੇ ਘਟਨਾਕ੍ਰਮ ਫ਼ੌਰੀ ਤੌਰ ’ਤੇ ਸੁਖਾਵੇਂ ਨਤੀਜੇ ਭਾਵੇਂ ਸਾਹਮਣੇ ਨਾ ਲਿਆਉਣ, ਪਰ ਕੜਵਾਹਟ ਘਟਾਉਣ ਵਿਚ ਸਹਾਈ ਅਵੱਸ਼ ਹੁੰਦੇ ਹਨ। ਜੰਗਬਾਜ਼ਾਂ ਦੇ ਦਿਲਾਂ ਵਿਚ ਤਾਂ ਇਨਸਾਨਪ੍ਰਸਤੀ ਲਈ, ਅਮੂਮਨ, ਥਾਂ ਨਹੀਂ ਹੁੰਦੀ, ਪਰ ਆਮ ਲੋਕ ਇਨਸਾਨੀ ਚੰਗਿਆਈ ਨਾਲ ਜੁੜੇ ਨਿੱਕੇ-ਨਿੱਕੇ ਇਸ਼ਾਰਿਆਂ ਨੂੰ ਵੀ ਲੰਮੇ ਸਮੇਂ ਤਕ ਯਾਦ ਰੱਖਦੇ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਨਸਾਨਪ੍ਰਸਤੀ ਦੇ ਜਿਹੜੇ ਕਣ ਪਿਛਲੇ ਕੁੱਝ ਦਿਨਾਂ ਦੌਰਾਨ ਨਜ਼ਰ ਆਏ, ਉਨ੍ਹਾਂ ’ਚੋਂ ਸਰਹੱਦ ਦੇ ਦੋਵੇਂ ਪਾਸੇ ਅਮਨ-ਚੈਨ ਦੀਆਂ ਕਰੂੰਬਲਾਂ ਜ਼ਰੂਰ ਫੁੱਟਣਗੀਆਂ। ਆਫ਼ਤ-ਮਾਰੇ ਦੋਵਾਂ ਪੰਜਾਬਾਂ ਨੂੰ ਲੋੜ ਵੀ ਇਨ੍ਹਾਂ ਕਰੂੰਬਲਾਂ ਦੀ ਹੀ ਹੈ।