
ਮੁੱਖ ਮੰਤਰੀ ਚਿਹਰਾ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋ ਵਿਚੋਂ ਕੋਈ ਇਕ ਹੀ ਚੁਣਿਆ ਜਾਣਾ
ਰਾਹੁਲ ਗਾਂਧੀ ਪੰਜਾਬ ਵਿਚ ਆ ਕੇ ਕਾਂਗਰਸ ਵਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਵਾਲੇ ਹਨ। ਮੁੱਖ ਮੰਤਰੀ ਚਿਹਰਾ, ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋ ਵਿਚੋਂ ਕੋਈ ਇਕ ਹੀ ਚੁਣਿਆ ਜਾਣਾ ਹੈ। ਇਹ ਵੀ ਸਾਫ਼ ਹੈ ਕਿ ਇਸ ਸਮੇਂ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਪਸੰਦ ਬਣ ਜਾਣ ਦੇ ਨਾਲ-ਨਾਲ ਕਾਂਗਰਸੀ ‘ਵੱਡਿਆਂ’ ਦੀ ਵੀ ਪਸੰਦ ਬਣ ਗਏ ਹਨ। ਅੱਜ ਜੇ ਕਾਂਗਰਸ ਪਾਰਟੀ ਇਕ ਦਲਿਤ ਨੂੰ ਮੁੱਖ ਮੰਤਰੀ ਥਾਪ ਕੇ, ਤਿੰਨ ਮਹੀਨੇ ਬਾਅਦ ਹੀ ਉਸ ਦੀ ਥਾਂ ਇਕ ਜੱਟ ਨੂੰ ਚਿਹਰਾ ਬਣਾ ਦੇਵੇ ਤਾਂ ਪੰਜਾਬ ਦੇ ਦਲਿਤ ਤਾਂ ਇਸ ਨੂੰ ਅਪਣੇ ਨਾਲ ਧੋਖਾ ਹੀ ਮੰਨਣਗੇ।
Rahul Gandhi
ਇਹ ਅਸਲ ਵਿਚ ਇਕ ਇਤਿਹਾਸਕ ਫ਼ੈਸਲਾ ਹੈ ਜਿਥੇ ਬਾਬਾ ਨਾਨਕ ਦੀ ਜਾਤ-ਪਾਤ ਦੀ ਬਰਾਬਰੀ ਦੀ ਸੋਚ ਪਹਿਲੀ ਵਾਰ ਪੰਜਾਬ ਰਾਜਨੀਤੀ ਵਿਚ ਉਚੇਚੇ ਤੌਰ ਤੇ ਲਾਗੂ ਕੀਤੀ ਗਈ ਹੈ। ਕਾਂਗਰਸ ਨੇ ਇਕ ਵਾਰ ਬੀਬੀ ਰਾਜਿੰਦਰ ਕੌਰ ਭੱਠਲ ਦੇ ਰੂਪ ਵਿਚ ਇਕ ਮਹਿਲਾ ਮੁੱਖ ਮੰਤਰੀ ਵੀ ਦਿਤੀ ਸੀ ਪਰ ਫਿਰ ਅਪਣੇ ਰਵਾਇਤੀ ਢੰਗ ਤਰੀਕਿਆਂ ਉਤੇ ਹੀ ਚਲ ਪਈ। ਉਂਜ ਔਰਤਾਂ ਘੱਟ ਹੀ ਬਗ਼ਾਵਤ ਕਰਦੀਆਂ ਹਨ। ਸੋ ਉਦੋਂ ਤਾਂ ਇਹ ਮੁੱਦਾ ਨਾ ਬਣ ਸਕਿਆ ਪਰ ਚਰਨਜੀਤ ਸਿੰਘ ਚੰਨੀ ਨੂੰ ਉਤਾਰੇ ਜਾਣ ਨਾਲ ਇਹ ਮੁੱਦਾ ਬਣ ਸਕਦਾ ਹੈ। ਪਰ ਦੂਜੇ ਪਾਸੇ ਕਾਂਗਰਸ ਅੰਦਰ ਵੀ ਇਕ ਹੋਰ ਮੁੱਦਾ ਉਭਰ ਆਏਗਾ ਜਦ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਚਿਹਰਾ ਐਲਾਨੇ ਜਾਣਗੇ।
Sunil Jakhar
ਸੁਨੀਲ ਜਾਖੜ ਤੇ ਨਵਜੋਤ ਸਿੰਘ ਸਿੱਧੂ ਇਹ ਫ਼ੈਸਲਾ ਹੁੰਦਾ ਵੇਖ ਕੇ ਹੀ ਥੋੜ੍ਹਾ ਥੋੜ੍ਹਾ ਵਿਰੋਧ ਕਰ ਰਹੇ ਹਨ। ਜਾਖੜ ਨੂੰ ਨਰਾਜ਼ਗੀ ਹੈ ਕਿ ਉਨ੍ਹਾਂ ਦੇ ਹਿੰਦੂ ਹੋਣ ਕਾਰਨ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਭਾਵੇਂ ਕਿ ਉਨ੍ਹਾਂ ਕੋਲ ਐਮ.ਐਲ.ਏਜ਼ ਦਾ ਸਮਰਥਨ ਵੀ ਨਵਜੋਤ ਸਿੰਘ ਸਿੱਧੂ ਤੋਂ ਕਿਤੇ ਵੱਧ ਸੀ। ਨਵਜੋਤ ਸਿੰਘ ਸਿੱਧੂ ਵੀ ਬਿਨਾਂ ਆਖੇ ਇਹ ਆਖ ਜਾਂਦੇ ਹਨ ਕਿ ਉਹੀ ਪੰਜਾਬ ਦੇ ਅਸਲ ਵਾਰਸ ਹਨ ਤੇ ਉਨ੍ਹਾਂ ਤੋਂ ਜ਼ਿਆਦਾ ਵਧੀਆ ਮੁੱਖ ਮੰਤਰੀ ਉਮੀਦਵਾਰ ਹੋਰ ਕੋਈ ਨਹੀਂ ਹੋ ਸਕਦਾ।
ਇਕ ਸਮੇਂ ਸਾਰਾ ਪੰਜਾਬ ਸਿੱਧੂ ਦਾ ਦਾਅਵਾ ਮੰਨਦਾ ਵੀ ਸੀ ਪਰ ਅੱਜ ਕਹਾਣੀ ਕੁੱਝ ਹੋਰ ਹੈ। ਅੱਜ ਕਾਂਗਰਸ ਅਪਣਾ ਸਾਰਾ ਜ਼ੋਰ ਚਰਨਜੀਤ ਸਿੰਘ ਚੰਨੀ ਪਿਛੇ ਲਗਾਉਣਾ ਚਾਹੁੰਦੀ ਹੈ। ਇਸ ਦਾ ਸੱਭ ਤੋਂ ਵੱਡਾ ਸਬੂਤ ਭਾਜਪਾ ਵਾਲੇ ਪਾਸਿਉਂ ਮਿਲ ਰਿਹਾ ਹੈ ਕਿਉਂਕਿ ਜਦ ਵੀ ਪੰਜਾਬ ਵਿਚ ਰਾਹੁਲ ਆਉਣ ਲਗਦੇ ਹਨ ਤਾਂ ਲਗਦਾ ਹੈ ਕਿ ਚੰਨੀ ਦਾ ਨਾਮ ਐਲਾਨਣ ਦਾ ਸਮਾਂ ਆ ਗਿਆ ਹੈ।
Navjot singh sidhu
ਈ.ਡੀ. ਝੱਟ ਚੰਨੀ ਦੇ ਪ੍ਰਵਾਰ ਤੇ ਹਾਵੀ ਹੋ ਜਾਂਦੇ ਹਨ। ਇਹੀ ਤਰੀਕਾ ਬੰਗਾਲ ਵਿਚ ਵੇਖਿਆ ਸੀ ਜਿਥੇ ਮਮਤਾ ਬੈਨਰਜੀ ਦੇ ਭਣੇਵੇ ਨੂੰ ਈ.ਡੀ. ਨੇ ਨਿਸ਼ਾਨਾ ਬਣਾਇਆ ਸੀ। ਅੱਜ ਉਹ ਮਾਮਲਾ ਠੰਢੇ ਬਸਤੇ ਪਾ ਦਿਤਾ ਗਿਆ ਹੈ। ਸੋ ਜਾਪਦਾ ਤਾਂ ਇਹੀ ਹੈ ਕਿ ਰਾਹੁਲ ਗਾਂਧੀ ਚੰਨੀ ਦਾ ਨਾਮ ਐਲਾਨਣ ਆ ਰਹੇ ਹਨ ਪਰ ਕੀ ਉਹ ਕਾਂਗਰਸ ਦੇ ਅੰਦਰ ਦੀ ਸੰਭਾਵੀ ਬਗ਼ਾਵਤ ਵੀ ਰੋਕ ਸਕਣਗੇ? ਕੀ ਉਹ ਸਾਰੇ ਆਗੂਆਂ ਨੂੰ ਚਰਨਜੀਤ ਸਿੰਘ ਚੰਨੀ ਪਿਛੇ ਖੜਾ ਕਰ ਸਕਣਗੇ? ਸੱਚ ਇਹ ਹੈ ਕਿ ਅੱਜ ਤਕ ਕਿਸੇ ਨੇ ਚਰਨਜੀਤ ਸਿੰਘ ਚੰਨੀ ਨੂੰ ਸੰਜੀਦਗੀ ਨਾਲ ਲਿਆ ਹੀ ਨਹੀਂ। ਉਸ ਨੂੰ ਸਿਰਫ਼ ਇਕ ਦਲਿਤ ਨੂੰ ਕੁਰਸੀ ਤੇ ਉਸ ਦੀ ਕੈਬਨਿਟ ਵਿਚ ਰਸਮੀ ਵਿਖਾਵੇ ਵਜੋਂ ਰਖਿਆ ਗਿਆ ਸੀ। ਸੋ ਪੰਜਾਬ ਵਿਚ ਜਾ ਕੇ ਲੋਕਾਂ ਦਾ ਸਾਥ ਮੰਗਣ ਤੋਂ ਪਹਿਲਾਂ ਕਾਂਗਰਸ ਵਿਚ ਸੱਭ ਪ੍ਰਸਿੱਧ ਆਗੂਆਂ ਨੂੰ ਚੰਨੀ ਨਾਲ ਡਟਣ ਵਾਸਤੇ ਤਿਆਰ ਕਰਨਾ ਪਵੇਗਾ।
Mamata banerjee
ਹਰ ਆਦਮੀ ਬਲਾਤਕਾਰੀ ਨਹੀਂ ਹੁੰਦਾ। ਸਮਿਰਤੀ ਇਰਾਨੀ ਦੇ ਇਸ ਬਿਆਨ ਨਾਲ ਪੂਰੀ ਸਹਿਮਤੀ ਹੈ ਪਰ ਫਿਰ ਵੀ ਅਫ਼ਸੋਸ ਹੈ ਕਿ ਉਹ ਔਰਤਾਂ ਤੇ ਬੰਦਿਆਂ ਦੀ ਸੁਰੱਖਿਆ ਮੰਤਰੀ ਹੈ। ਜਦ ਮਰਦ ਇਹ ਆਖਦੇ ਹਨ ਤਾਂ ਅਫ਼ਸੋਸ ਤਾਂ ਹੁੰਦਾ ਹੈ ਪਰ ਗੱਲ ਸਮਝ ਵੀ ਆਉਂਦੀ ਹੈ ਕਿਉਂਕਿ ਬਲਾਤਕਾਰ ਤੇ ਹਿੰਸਾ ਦੀ ਤਾਕਤ ਸਿਰਫ਼ ਮਰਦਾਂ ਵਿਚ ਹੁੰਦੀ ਹੈ ਤੇ ਅਪਣੇ ਵਿਰੁਧ ਫ਼ਤਵਾ ਸੁਣਾਉਣ ਵਾਲੇ ਸਾਹਸੀ ਮਰਦ ਘੱਟ ਹੀ ਹੋਣਗੇ। ਬੜੀ ਔਖ ਨਾਲ ਔਰਤਾਂ ਅੱਗੇ ਆਉਂਦੀਆਂ ਹਨ ਪਰ ਜਦ ਔਰਤਾਂ ਹੀ ਆਖਣ ਕਿ ਵਿਆਹ ਦੀ ਪਵਿੱਤਰਤਾ ਬਣਾਉਣ ਵਾਸਤੇ ਔਰਤਾਂ ਦੇ ਵਿਆਹੁਤਾ ਜੀਵਨ ਵਿਚ ਬਲਾਤਕਾਰ ਤੇ ਘਰ ਵਿਚ ਮਾਰਕੁਟ ਹਾਵੀ ਨਹੀਂ ਹੋ ਸਕਦੀ ਤਾਂ ਬਹੁਤ ਅਫ਼ਸੋਸ ਹੁੰਦਾ ਹੈ। ਇਕ ਮਰਦ ਔਰਤ ਨਾਲ ਕੀਤੇ ਬਲਾਤਕਾਰ ਦਾ ਦਰਦ ਨਹੀਂ ਸਮਝ ਸਕਦਾ ਪਰ ਜਦ ਇਕ ਤਾਕਤਵਰ ਔਰਤ ਵੀ ਮਰਦਾਂ ਦੀ ਭਾਸ਼ਾ ਬੋਲਣ ਲੱਗ ਪਵੇ ਤਾਂ ਫਿਰ ਔਰਤਾਂ ਦੇ ਹੱਕਾਂ ਦੀ ਲੜਾਈ ਕਮਜ਼ੋਰ ਪੈਣ ਲਗਦੀ ਹੈ। ਸਮਿਰਤੀ ਇਰਾਨੀ ਇਕ ਹੋਰ ਮਹਿਲਾ ਆਗੂ ਸਾਬਤ ਹੋਈ ਹੈ ਜੋ ਮਰਦ ਪ੍ਰਧਾਨ ਸਿਆਸਤ ਵਿਚ ਥਾਂ ਬਣਾਉਣ ਲਈ ਨਿਜੀ ਸਵਾਰਥਾਂ ਕਰ ਕੇ ਔਰਤਾਂ ਨੂੰ ਕਮਜ਼ੋਰ ਕਰ ਗਈ ਹੈ।
- ਨਿਮਰਤ ਕੌਰ