
ਹਰਿਆਣਾ ਤੇ ਹਿਮਾਚਲ, ਪੰਜਾਬ ਦੀ ਧਰਤੀ ਵਿਚੋਂ ਨਿਕਲੇ ਰਾਜ ਹਨ ਜਿਨ੍ਹਾਂ ਨੇ ਅਪਣੀ ਮਰਜ਼ੀ ਨਾਲ ਅਪਣੀ ਮਾਂ ਧਰਤੀ ਤੋਂ ਵੱਖ ਹੋਣ ਬਾਰੇ ਫ਼ੈਸਲਾ ਕੀਤਾ ਸੀ।
ਜਦੋਂ ਤੋਂ ਹਿਮਾਚਲ ਪ੍ਰਦੇਸ਼ ਵਿਚ ਨਵੀਂ ਸਰਕਾਰ ਆਈ ਹੈ, ਹਿਮਾਚਲ ਵਲੋਂ ਅਪਣੀ ਆਮਦਨ ਵਧਾਉਣ ਲਈ ਨਵੇਂ ਨਵੇਂ ਤਰੀਕੇ ਲੱਭੇ ਜਾ ਰਹੇ ਹਨ। ਉਥੋਂ ਦੇ ਮੁੱਖ ਮੰਤਰੀ ਅਸਲ ਵਿਚ ਆਮ ਨਾਗਰਿਕ ਤੋਂ ਉਠ ਕੇ ਅੱਜ ਹਿਮਾਚਲ ਸੂਬੇ ਨੂੰ ਅਗਵਾਈ ਦੇਣ ਵਾਲੇ ਅਹੁਦੇ ’ਤੇ ਬੈਠੇ ਹਨ। ਉਹ ਰਾਹੁਲ ਗਾਂਧੀ ਦੀ ਸੋਚ ਦੀ ਉਦਾਹਰਣ ਹਨ। ਜਿਵੇਂ ਉਹ ਪੰਜਾਬ ਵਿਚ ਵੀ ਰਵਾਇਤਾਂ ਨੂੰ ਛੱਡ ਕੇ ਇਕ ਆਮ ਦਲਿਤ ਪ੍ਰਵਾਰ ਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਉਸੇ ਤਰ੍ਹਾਂ ਰਾਹੁਲ ਗਾਂਧੀ ਨੇ ਅਪਣੀ ਤਾਕਤ ਵਰਤ ਕੇ ਹਿਮਾਚਲ ਪ੍ਰਦੇਸ਼ ਦੇ ਰਵਾਇਤੀ ਆਗੂਆਂ ਤੇ ਸਿਆਸੀ ਮਹਾਰਾਜਿਆਂ ਦੇ ਰਾਜ ਨੂੰ ਖ਼ਤਮ ਕੀਤਾ।
ਮੁੱਖ ਮੰਤਰੀ ਸੁਖਵਿੰਦਰ ਸੁੱਖੂ ਇਕ ਈਮਾਨਦਾਰ ਆਗੂ ਹਨ ਤੇ ਸੂਬੇ ਦੀ ਮਾੜੀ ਹਾਲਤ ਨੂੰ ਅਪਣੇ ਘਰ ਦੇ ਵਿਗੜੇ ਬਜਟ ਵਾਂਗ ਹੀ ਵੇਖ ਰਹੇ ਹਨ। ਹਿਮਾਚਲ ਪ੍ਰਦੇਸ਼ ਦਾ ਪ੍ਰਚਾਰ ਉਤੇ ਪੂਰੇ ਸਾਲ ਦਾ ਖ਼ਰਚਾ ਕੇਵਲ 23 ਕਰੋੜ ਹੈ ਤੇ ਇਹ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਸੁੱਖੂ ਕਿਸ ਤਰ੍ਹਾਂ ਦੇ ਇਨਸਾਨ ਹਨ।
ਉਹ ਅਪਣੇ ਸੂਬੇ ਨਾਲ ਪਿਆਰ ਕਰਦੇ ਹਨ ਤੇ ਉਸ ਵਾਸਤੇ ਚਿੰਤਿਤ ਵੀ ਹਨ। ਪਰ ਉਨ੍ਹਾਂ ਨੂੰ ਇਹ ਵੀ ਸਮਝਣਾ ਪਵੇਗਾ ਕਿ ਉਹ ਇਕ ਦੇਸ਼ ਦੇ ਨਾਗਰਿਕ ਹਨ ਜਿਸ ਵਿਚ ਅਪਣੇ ਸੂਬੇ ਦੇ ਅਧਿਕਾਰਾਂ ਦੀ ਰਖਿਆ ਕਰਨ ਦੇ ਹੱਕ ਦੇ ਨਾਲ ਨਾਲ ਉਨ੍ਹਾਂ ਦੀਆਂ ਕੁੱਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਹਿਮਾਚਲ ਪ੍ਰਦੇਸ਼ ਅੱਜ ਆਰਥਕ ਦੁਬਿਧਾ ਵਿਚ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਪਣੇ ਆਪ ਨੂੰ ਬਚਾਉਣ ਵਾਸਤੇ ਅਪਣੇ ਗੁਆਂਢੀ ਸੂਬੇ ਦੇ ਅਧਿਕਾਰਾਂ ’ਤੇ ਡਾਕਾ ਮਾਰਨ ਬਾਰੇ ਸੋਚਣ ਲੱਗ ਜਾਵੇ।
ਪਹਿਲਾਂ ਉਨ੍ਹਾਂ ਨੇ ਭਾਖੜਾ ਦੇ ਪਾਣੀ ’ਤੇ ਸੈੱਸ ਲਗਾਉਣ ਦੀ ਗੱਲ ਸ਼ੁਰੂ ਕੀਤੀ। ਉਹ ਅਜੇ ਵੀ ਇਕ ਨਵਾਂ ਲਿੰਕ ਬਣਾ ਕੇ ਸਤਲੁਜ ਦਾ ਪਾਣੀ ਪੰਜਾਬ ਆਉਣ ਤੋਂ ਪਹਿਲਾਂ ਹੀ ਹਰਿਆਣੇ ਨੂੰ ਦੇਣ ਬਾਰੇ ਸੋਚ ਰਹੇ ਹਨ। ਤੇ ਹੁਣ ਉਨ੍ਹਾਂ ਨੇ ਪੰਜਾਬ ਦੀ ਧਰਤੀ ’ਤੇ ਬਣੀ ਰਾਜਧਾਨੀ ਉਤੇ ਅਪਣਾ 7.19% ਹੱਕ ਮੰਗ ਲਿਆ ਹੈ।
ਹਰਿਆਣਾ ਤੇ ਹਿਮਾਚਲ, ਪੰਜਾਬ ਦੀ ਧਰਤੀ ਵਿਚੋਂ ਨਿਕਲੇ ਰਾਜ ਹਨ ਜਿਨ੍ਹਾਂ ਨੇ ਅਪਣੀ ਮਰਜ਼ੀ ਨਾਲ ਅਪਣੀ ਮਾਂ ਧਰਤੀ ਤੋਂ ਵੱਖ ਹੋਣ ਬਾਰੇ ਫ਼ੈਸਲਾ ਕੀਤਾ ਸੀ। ਪੰਜਾਬ ਅਪਣੇ ਟੁਕੜੇ ਨਹੀਂ ਕਰਨਾ ਚਾਹੁੰਦਾ ਸੀ ਪਰ ਇਨ੍ਹਾਂ ਰਾਜਾਂ ਨੇ ਆਪ ਫ਼ੈਸਲਾ ਕੀਤਾ ਸੀ ਕਿ ਉਹ ਪੰਜਾਬ ਤੋਂ ਵੱਖ ਹੋਣਾ ਚਾਹੁੰਦੇ ਨੇ। ਜੋ ਸਾਂਝੇ ਪੰਜਾਬ ਦੀ ਤਾਕਤ ਸੀ, ਉਹ ਟੁਕੜਿਆਂ ਕੋਲ ਨਹੀਂ ਹੋ ਸਕਦੀ ਤੇ ਸਮਾਂ ਇਹ ਸਿੱਧ ਵੀ ਕਰ ਰਿਹਾ ਹੈ। ਅੱਜ ਹਿਮਾਚਲ ਪ੍ਰਦੇਸ਼ ਦੀ ਆਰਥਕ ਸਥਿਤੀ ਤਬਾਹੀ ਦੇ ਕੰਢੇ ਖੜੇ ਹੋਣ ਵਾਲੀ ਹੈ ਜਿਥੇ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਕੋਲ ਤਨਖ਼ਾਹਾਂ ਵਾਸਤੇ ਵੀ ਪੈਸੇ ਨਹੀਂ ਹੋਣਗੇ। ਪਰ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਹੁਣ ਅਪਣੀ ਮਾਂ ਧਰਤੀ, ਗੁਆਂਢੀ ਸੂਬੇ ਪੰਜਾਬ ਦੇ ਸਾਰੇ ਹੱਕਾਂ ’ਤੇ ਹਰਿਆਣੇ ਨਾਲ ਮਿਲ ਕੇ ਡਾਕਾ ਮਾਰਨ ਬਾਰੇ ਸੋਚਣਾ ਸ਼ੁਰੂ ਕਰ ਦੇਣ?
ਹਿਮਾਚਲ ਦਾ ਮੁੱਖ ਮੰਤਰੀ ਬੜਾ ਚੰਗਾ ਇਨਸਾਨ ਹੈ ਪਰ ਸਾਡੀਆਂ ਨਜ਼ਰਾਂ ਵਿਚ ਉਹ ਇਕ ਕਪੂਤ ਵਾਲਾ ਰਵਈਆ ਧਾਰਨ ਕਰਦਾ ਲਗਦਾ ਹੈ ਜਦ ਉਹ ਪੰਜਾਬ ਨੂੰ ਲੁੱਟਣ ਬਾਰੇ ਸੋਚਦਾ ਰਹਿੰਦਾ ਹੈ। ਉਹ ਸੋਚਦਾ ਹੈ ਕਿ ਪੰਜਾਬ ਵਲ ਨੂੰ ਵਹਿੰਦਾ ਸਤਲੁਜ ਦਾ ਪਾਣੀ ਵੇਚ ਕੇ ਹਰਿਆਣੇ ਤੋਂ ਵੀ ਪੈਸੇ ਲੈ ਲਵਾਂ ਤੇ ਰਾਜਧਾਨੀ ਤੋਂ ਵੀ ਪੈਸੇ ਕਮਾ ਲਵਾਂ। ਫਿਰ ਤਾਂ ਪੰਜਾਬ ਵੀ ਅਪਣੀ ਧਰਤੀ ’ਚੋਂ ਨਿਕਲੇ ਹੋਏ ਸੂਬਿਆਂ ਤੋਂ ਪੈਸੇ ਮੰਗਣ ਬਾਰੇ ਸੋਚ ਸਕਦਾ ਹੈ। ਆਖ਼ਰਕਾਰ ਸ਼ਿਮਲਾ ਪੂਰਬੀ ਪੰਜਾਬ ਦੀ ਹੀ ਰਾਜਧਾਨੀ ਸੀ।ਇਥੇ ਰਾਹੁਲ ਗਾਂਧੀ ਨੂੰ ਅਪਣੇ ਚੁਣੇ ਹੋਏ ਆਗੂਆਂ ਨੂੰ ਸਹੀ ਆਗੂ ਬਣਨ ਦੀ ਸਿਖਲਾਈ ਦੇਣ ਦੀ ਲੋੜ ਹੈ। ਸੱਚਾ ਹੋਣਾ ਇਕ ਆਗੂ ਬਣਨ ਵਾਸਤੇ ਕਾਫ਼ੀ ਨਹੀਂ, ਦੂਰ-ਅੰਦੇਸ਼ ਤੇ ਨਿਆਂ-ਪ੍ਰਸਤ ਤੇ ਜ਼ਿੰਮੇਵਾਰ ਹੋਣਾ ਵੀ ਜ਼ਰੂਰੀ ਹੈ। ਇਹ ਪੰਜਾਬ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੀ ਬਜਾਏ ਅਪਣੀ ਕਮਾਈ ਵਧਾਉਣ ਬਾਰੇ ਸ. ਮਨਮੋਹਨ ਸਿੰਘ ਤੋਂ ਸਬਕ ਸਿੱਖਣ ਤਾਂ ਕਾਂਗਰਸ ਫ਼ਾਇਦੇ ਵਿਚ ਰਹੇਗੀ।
- ਨਿਮਰਤ ਕੌਰ