Editorial: ਅੰਮ੍ਰਿਤਸਰ ਦੀ ਹਦੂਦ ਵਿਚ ਹੋਇਆ ਕਾਤਲਾਨਾ ਹਮਲਾ ਨਿਖੇਧੀਜਨਕ ਕਾਰਾ ਹੈ।
Editorial: ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਉੱਪਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਹਦੂਦ ਵਿਚ ਹੋਇਆ ਕਾਤਲਾਨਾ ਹਮਲਾ ਨਿਖੇਧੀਜਨਕ ਕਾਰਾ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸ੍ਰੀ ਅਕਾਲ ਤਖ਼ਤ ਵਲੋਂ ਲਾਈ ਤਨਖ਼ਾਹ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਗੁਰੂ ਰਾਮਦਾਸ ਦੁਆਰ ’ਤੇ ਸੇਵਾਦਾਰ ਵਾਲੀ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੇ ਦੁਆਲੇ ਸਾਦਾ ਕਪੜਿਆਂ ਵਿਚ ਤਾਇਨਾਤ ਇਕ ਪੁਲੀਸ ਕਰਮੀ ਨੇ ਹਮਲਾਵਰ ਵਲੋਂ ਗੋਲੀ ਚਲਾਏ ਜਾਣ ਤੋਂ ਫੌਰੀ ਪਹਿਲਾਂ ਚੌਕਸੀ ਤੇ ਦਲੇਰੀ ਦਿਖਾਉਂਦਿਆਂ ਉਸ ਦੀ ਬਾਂਹ ਨੂੰ ਹੱਥ ਪਾ ਲਿਆ ਜਿਸ ਕਾਰਨ ਗੋਲੀ ਇਸ ਪ੍ਰਵੇਸ਼-ਦੁਆਰ ਦੀ ਕੰਧ ’ਤੇ ਜਾ ਵੱਜੀ ਅਤੇ ਸੁਖਬੀਰ ਬਾਦਲ ਦਾ ਬਚਾਅ ਹੋ ਗਿਆ।
ਹਮਲਾਵਰ ਨਰੈਣ ਸਿੰਘ ਚੌਰਾ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਉਹ ਖ਼ਾਲਿਸਤਾਨੀ ਖਾੜਕੂ ਹੈ ਅਤੇ ਉਸ ਦੇ ਖ਼ਿਲਾਫ਼ 30 ਦੇ ਕਰੀਬ ਕੇਸ ਦੱਸੇ ਜਾਂਦੇ ਹਨ। ਪੁਲੀਸ ਰਿਕਾਰਡ ਮੁਤਾਬਿਕ ਉਹ 1984 ਤੋਂ 1995 ਤਕ ਪਾਕਿਸਤਾਨ ਵਿਚ ਰਿਹਾ। ਉਥੋਂ ਵਾਪਸੀ ਮਗਰੋਂ ਉਹ ਕਈ ਮਹੀਨੇ ਜੇਲ੍ਹ ਵਿਚ ਰਿਹਾ। ਉਸ ਨੂੰ 2004 ਦੇ ਬੁੜੈਲ ਜੇਲ੍ਹ-ਤੋੜ ਕਾਂਡ ਵਿਚ ਬੇਅੰਤ ਸਿੰਘ ਹੱਤਿਆ ਕੇਸ ਦੇ ਚਾਰ ਮੁਲਜ਼ਿਮਾਂ ਦੀ ਮਦਦ ਕਰਨ ਦੇ ਦੋਸ਼ਾਂ ਹੇਠ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਵੀ ਉਹ ਤਰਨ ਤਾਰਨ ਜ਼ਿਲ੍ਹੇ ਵਿਚ ਦਰਜ ਇਕ ਮੁਕੱਦਮੇ ਵਿਚ ਜ਼ਮਾਨਤ ’ਤੇ ਸੀ।
ਅਜਿਹੇ ਰਿਕਾਰਡ ਵਾਲਾ ਬੰਦਾ ਪਿਸਤੌਲ ਸਮੇਤ ਸੁਖਬੀਰ ਬਾਦਲ ਦੇ ਐਨ ਨੇੜੇ ਪਹੁੰਚ ਗਿਆ, ਸੁਰੱਖਿਆ ਪ੍ਰਬੰਧਾਂ ਦੀ ਦ੍ਰਿਸ਼ਟੀ ਪੱਖੋਂ ਇਹ ਸੱਚਮੁੱਚ ਹੀ ਵੱਡੀ ਕੋਤਾਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਭਾਵੇਂ ਇਸ ਨੂੰ ਕੋਤਾਹੀ ਦੀ ਥਾਂ ਪੁਲੀਸ ਪ੍ਰਬੰਧਾਂ ਦੀ ਕਾਮਯਾਬੀ ਦਸਿਆ ਹੈ, ਫਿਰ ਵੀ ਅਕਾਲੀ ਦਲ ਦੇ ਤਰਜਮਾਨ ਦਲਜੀਤ ਸਿੰਘ ਚੀਮਾ ਦੀ ਇਹ ਮੰਗ ਜਾਇਜ਼ ਹੈ ਕਿ ਪੂਰੇ ਮਾਮਲੇ ਦੀ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਹਮਲੇ ਦੇ ਅਸਲ ਸਾਜ਼ਿਸ਼ੀ ਕੌਣ ਸਨ? ਕਾਬੂ ਕਰ ਲਏ ਜਾਣ ਤੋਂ ਤੁਰੰਤ ਬਾਅਦ ਚੌਰਾ ਟੀ.ਵੀ. ਚੈਨਲਾਂ ਵਾਲਿਆਂ ਨੂੰ ਇਹ ਕਹਿੰਦਾ ਸੁਣਿਆ ਗਿਆ ਕਿ ਉਹ ਉਸ ਨੇ ਅਪਣੇ ਮਨ ਦੀ ਗੱਲ ਸੁਣੀ ਅਤੇ ‘ਪੰਥ ਦੇ ਭਲੇ’ ਲਈ ਸੁਖਬੀਰ ਦੀ ਜਾਨ ਲੈਣੀ ਚਾਹੀ।
ਸੁਖਬੀਰ ਦੇ ਕੱਟੜ ਵਿਰੋਧੀਆਂ ਦੇ ਮਨਾਂ ਵਿਚ ਅਜਿਹੇ ਜਜ਼ਬਾਤ ਹੋਣਾ ਅਸੁਭਾਵਿਕ ਗੱਲ ਨਹੀਂ। ਪਰ ਨਾਲ ਹੀ ਅਸਲੀਅਤ ਇਹ ਵੀ ਹੈ ਕਿ ਸਭਿਆ ਸਮਾਜ ਵਿਚ ਰਾਜਸੀ ਮੱਤਭੇਦਾਂ ਜਾਂ ਮਹਿਜ਼ ਸੋਚ ਦੇ ਆਧਾਰ ’ਤੇ ਕਿਸੇ ਦੀ ਜਾਨ ਲੈਣ ਵਰਗੀ ਕਾਰਵਾਈ ਦੀ ਕੋਈ ਥਾਂ ਨਹੀਂ। ਉਂਜ ਵੀ ਜਿਸ ਮੁਕੱਦਸ ਅਸਥਾਨ ’ਤੇ ਸੁਖਬੀਰ ਦੀ ਜਾਨ ਲੈਣ ਦੀ ਕੋਸ਼ਿਸ ਕੀਤੀ ਗਈ, ਉਹ ਤਾਂ ‘ਅਮਨ ਤੇ ਮਾਨਵਤਾ ਦੇ ਬਸੇਰੇ’ ਵਜੋਂ ਜਾਣਿਆ ਜਾਂਦਾ ਹੈ। ਇਹ ਸਹੀ ਹੈ ਕਿ ਹਰ ਧਾਰਮਿਕ ਭਾਈਚਾਰੇ ਵਿਚ ਅਜਿਹੇ ਸਿਰਫਿਰੇ ਹੁੰਦੇ ਹੀ ਹਨ ਜੋ ਬੋਲੀ ਦੀ ਥਾਂ ਗੋਲੀ ਵਿਚ ਯਕੀਨ ਰੱਖਦੇ ਹਨ। ਮਨੋਵਿਗਿਆਨੀ ਇਸ ਤਰਜ਼ ਦੀ ਕੱਟੜਪੰਥੀ ਨੂੰ ਮਨੋਰੋਗ ਮੰਨਦੇ ਹਨ।
ਅਜਿਹੇ ਮਨੋਰੋਗੀਆਂ ਨੂੰ ਹਿੰਸਾ ਦੀ ਥਾਂ ਦਲੀਲ ਦੇ ਦਾਇਰੇ ਵਿਚ ਲਿਆਉਣਾ ਆਸਾਨ ਨਹੀਂ ਹੁੰਦਾ। ਇਹ ਅਨਸਰ ਭਾਈਚਾਰੇ ਦਾ ਭਲਾ ਨਹੀਂ ਕਰਦੇ, ਨੁਕਸਾਨ ਹੀ ਪਹੁੰਚਾਉਂਦੇ ਹਨ। ਸਿੱਖ ਭਾਈਚਾਰੇ ਨੂੰ ਅਜਿਹੇ ਕੱਟੜਪੰਥੀਆਂ ਨੇ ਪਿਛਲੇ ਚਾਰ-ਪੰਜ ਦਹਾਕਿਆਂ ਦੌਰਾਨ ਕਿੰਨਾ ਨੁਕਸਾਨ ਪੁਚਾਇਆ ਹੈ, ਇਸ ਦਾ ਅੰਦਾਜ਼ਾ ਪੰਜਾਬ ਦੀ ਵਰਤਮਾਨ ਆਰਥਿਕ-ਸਮਾਜਿਕ ਦਸ਼ਾ ਤੋਂ ਲਾਇਆ ਜਾ ਸਕਦਾ ਹੈ। ਪੰਜਾਬ ਵੱਖ-ਵੱਖ ਵਿਕਾਸ ਮਾਪਦੰਡਾਂ ਦੇ ਆਧਾਰ ’ਤੇ ਦੇਸ਼ ਦਾ ਮੋਹਰੀ ਸੂਬਾ ਹੋਣ ਦੀ ਥਾਂ ਹੁਣ 11ਵੇਂ-12ਵੇਂ ਸਥਾਨ ’ਤੇ ਥਿੜਕ ਚੁੱਕਾ ਹੈ। ਇਹ ਨਿਘਾਰ ਅਜੇ ਵੀ ਨਹੀਂ ਰੁਕ ਰਿਹਾ।
ਹਮਲੇ ਤੋਂ ਬਾਅਦ ਵੀ ਸੁਖਬੀਰ ਸਿੰਘ ਬਾਦਲ ਨੇ ਸੇਵਾ ਕਰਨੀ ਜਾਰੀ ਰੱਖੀ, ਇਹ ਦਰੁਸਤ ਕਦਮ ਸੀ। ਇਸ ਨਾਲ ਅਫ਼ਵਾਹਾਂ ਦੇ ਦੌਰ-ਦੌਰੇ ਨੂੰ ਠੱਲ੍ਹ ਪਈ ਅਤੇ ਤਣਾਅ ਘਟਿਆ। ਸੋਸ਼ਲ ਤੇ ਵਿਜ਼ੂਅਲ ਮੀਡੀਆ ਦੀ ਬਹੁਲਤਾ ਦੇ ਮੌਜੂਦਾ ਦੌਰ ਦੌਰਾਨ ਰਾਜਸੀ ਧਿਰਾਂ ਵਿਚ ਇਹ ਕਮਜ਼ੋਰੀ ਲਗਾਤਾਰ ਵੱਧਦੀ ਜਾ ਰਹੀ ਹੈ ਕਿ ਉਹ ਹਰ ਛੋਟੀ-ਵੱਡੀ ਘਟਨਾ, ਖ਼ਾਸ ਕਰ ਕੇ ਹਮਲਿਆਂ ਨੂੰ ਰਾਜਸੀ ਤੌਰ ’ਤੇ ਭੁਨਾਉਣ ਦੇ ਰਾਹ ਤੁਰ ਪੈਂਦੀਆਂ ਹਨ। ਦਿੱਲੀ ਵਿਚ ਅਰਵਿੰਦ ਕੇਜਰੀਵਾਲ ’ਤੇ ਪਾਣੀ ਸੁੱਟੇ ਜਾਣ ਵਾਲੀ ਹਾਲੀਆ ਘਟਨਾ ਨੂੰ ‘ਤੇਜ਼ਾਬ ਹਮਲੇ’ ਵਿਚ ਬਦਲਣ ਵਾਲਾ ਕਥਾਕ੍ਰਮ ਇਸ ਦੀ ਤਾਜ਼ਾਤਰੀਨ ਮਿਸਾਲ ਹੈ।
ਕਈ ਅਕਾਲੀ ਆਗੂ ਸੁਖਬੀਰ ਦੇ ਮਾਮਲੇ ਵਿਚ ਇਸੇ ਰਾਹ ’ਤੇ ਤੁਰ ਪਏ ਹਨ। ਉਨ੍ਹਾਂ ਨੂੰ ਸੰਜਮ ਤੇ ਸੂਝ ਤੋਂ ਕੰਮ ਲੈਣ ਦਾ ਮਸ਼ਵਰਾ ਦਿੱਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਮੁੱਖ ਮੰਤਰੀ ਜਾਂ ਅੰਮ੍ਰਿਤਸਰ ਦਾ ਪੁਲੀਸ ਕਮਿਸ਼ਨਰ ਭਾਵੇਂ ਅਪਣੇ ਆਪ ਨੂੰ ਥਾਪੜੇ ਦੇ ਰਹੇ ਹਨ, ਪਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਚੌਰਾ ਦਾ ਦੋ ਦਿਨ ਸੁਖਬੀਰ ਦੇ ਆਸ-ਪਾਸ ਮੰਡਰਾਉਣਾ ਖ਼ੁਫ਼ੀਆ ਪ੍ਰਬੰਧਾਂ ਦੀ ਪੁਖ਼ਤਗੀ ਦੀ ਮਿਸਾਲ ਤਾਂ ਨਹੀਂ ਮੰਨਿਆ ਜਾ ਸਕਦਾ? ਇਹ ਪੁਖ਼ਤਗੀ ਕਿਉਂ ਗਾਇਬ ਰਹੀ, ਇਸ ਦਾ ਨਿਤਾਰਾ ਜ਼ਰੂਰ ਹੋਣਾ ਚਾਹੀਦਾ ਹੈ।