
ਜਿੱਤ ਤੋਂ ਬਾਅਦ ਹੰਕਾਰ ਵਿਚ ਆ ਕੇ ਵਿਰੋਧੀਆਂ ਪ੍ਰਤੀ ਤਾਨਾਸ਼ਾਹੀ ਰਵਈਆ ਧਾਰਨ ਕਰਨ ਵਾਲੇ, ਅਸਲ ਜੇਤੂ ਨਹੀਂ ਹੁੰਦੇ
ਬੰਗਾਲ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਤ੍ਰਿਣਮੂਲ ਕਾਂਗਰਸ (ਬੰਗਾਲ) ਦੇ ਵਰਕਰਾਂ ਵਲੋਂ ਅਪਣੇ ਵਿਰੋਧੀਆਂ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, ਉਹ ਸ਼ਰਮਨਾਕ ਹੈ, ਭਾਵੇਂ ਬੰਗਾਲ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਸੋਸ਼ਲ ਮੀਡੀਆ ਤੇ ਔਰਤਾਂ ਦੀ ਮਾਰਕੁੱਟ ਦੀਆਂ ਵੀਡੀਉ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। 12 ਲੋਕ ਚੋਣਾਂ ਤੋਂ ਬਾਅਦ ਮਾਰੇ ਜਾ ਚੁਕੇ ਹਨ ਜਿਨ੍ਹਾਂ ਵਿਚ ਜ਼ਿਆਦਾ ਭਾਜਪਾ ਦੇ ਵਰਕਰ ਹਨ ਭਾਵੇਂ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਇਨ੍ਹਾਂ ਝੜਪਾਂ ਵਿਚ ਟੀ.ਐਮ.ਸੀ. ਵਰਕਰਾਂ ਦਾ ਵੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਨਾਲ ਵੀ ਗੱਲ ਕੀਤੀ ਹੈ ਤੇ ਭਾਜਪਾ ਵਰਕਰਾਂ ਨਾਲ ਵੀ ਫ਼ੋਨ ਤੇ ਚਿੰਤਾ ਪ੍ਰਗਟਾਈ ਹੈ। ਅੱਜ ਇਕ ਅਜਿਹੇ ਆਗੂ ਦੀ ਕਮੀ ਮਹਿਸੂਸ ਹੋ ਰਹੀ ਹੈ, ਜੋ ਟੀ.ਐਮ.ਸੀ. ਤੇ ਭਾਜਪਾ ਦੀ ਗੱਲ ਨਾ ਕਰਦੇ ਹੋਏ, ਸਾਰੇ ਦੇਸ਼ ਵਾਸੀਆਂ ਦੀ ਚਿੰਤਾ ਕਰੇ।
Mamata Banerjee and PM Modi
ਜਿੱਤ ਤੋਂ ਬਾਅਦ ਹੰਕਾਰ ਵਿਚ ਆ ਕੇ ਵਿਰੋਧੀਆਂ ਪ੍ਰਤੀ ਤਾਨਾਸ਼ਾਹੀ ਰਵਈਆ ਧਾਰਨ ਕਰਨ ਵਾਲੇ, ਅਸਲ ਜੇਤੂ ਨਹੀਂ ਹੁੰਦੇ। ਇਸ ਨਫ਼ਰਤ ਦੇ ਤਾਂਡਵ ਵਿਚ ਕੰਗਨਾ ਰਣੌਤ ਭਾਰਤ ਨੂੰ ਨਵੀਆਂ ਨਿਵਾਣਾਂ ਵਲ ਲੈ ਗਈ ਜਦ ਉਸ ਨੇ ਟਵਿਟਰ ਤੇ ਜਾ ਕੇ ਭਾਰਤ ਵਿਚ ਇਸ ਹਿੰਸਾ ਨੂੰ ਧਰਮਾਂ ਦੀ ਲੜਾਈ ਬਣਾ ਦਿਤਾ। ਉਸ ਨੇ ਚੋਣਾਂ ਦੌਰਾਨ ਫੈਲਾਈ ਨਫ਼ਰਤ ਦੀ ਸਿਆਸਤ ਨੂੰ ਲੈ ਕੇ ਨਹੀਂ ਬਲਕਿ ਹਿੰਦੂਆਂ ਉਤੇ ਭਾਰਤ ਵਿਚ ਕੀਤੇ ਜਾ ਰਹੇ ਕਥਿਤ ‘ਹਮਲਿਆਂ’ ਉਤੇ ਦੁਖ ਪ੍ਰਗਟ ਕਰਦੇ ਹੋਏ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁੰਡਿਆਂ ਨਾਲ ਨਜਿੱਠਣ ਵਾਸਤੇ ਅਪਣੇ 2000 ਵਾਲੇ ਵਿਰਾਟ ਰੂਪ ਵਿਚ ਆ ਜਾਣ ਤੇ ਮਮਤਾ ਨੂੰ ਕਾਬੂ ਕਰਨ (ਕਿਉਂ ਮਮਤਾ ਹਿੰਦੂ ਨਹੀਂ, ਕੀ ਉਹ ਮੁਸਲਮਾਨ ਹੈ?)। 2000 ਦੇ ਰੂਪ ਦਾ ਕੀ ਮਤਲਬ ਸੀ, ਇਸ ਬਾਰੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਪਰ ਅਫ਼ਸੋਸ ਇਹ ਹੈ ਕਿ ਇਸ ਔਰਤ ਨੂੰ ਗੁੰਡਾਗਰਦੀ ਅਤੇ ਹਿੰਸਾ ਤੇ ਉਦੋਂ ਤਕ ਕੋਈ ਇਤਰਾਜ਼ ਨਹੀਂ ਜਦ ਤਕ ਉਸ ਦੀ ਮਾਰ ਕਿਸੇ ‘ਹਿੰਦੂਤਵਾ’ ਵਾਲੇ ਨੂੰ ਸਹਿਣੀ ਨਾ ਪੈ ਜਾਵੇ।
Mamata Banerjee, Narendra Modi
ਟਵਿਟਰ ਤੇ ਕੰਗਨਾ ਰਣੌਤ ਤੇ ਪਾਬੰਦੀ ਤਾਂ ਲਗਾ ਦਿਤੀ ਗਈ ਹੈ ਪਰ ਉਸ ਕੋਲ ਹੋਰ ਬੜੇ ਰਸਤੇ ਹਨ ਜਿਨ੍ਹਾਂ ਰਾਹੀਂ ਉਹ ਅਪਣੀ ਜ਼ਹਿਰੀਲੀ ਸੋਚ ਫੈਲਾਉਂਦੀ ਰਹੇਗੀ। ਸ਼ਾਇਦ ਉਸ ਤੇ ਪਾਬੰਦੀ ਲਗਾਉਣ ਪਿਛੇ ਕਾਰਨ ਉਸ ਦੀ ਨਫ਼ਰਤ ਨਹੀਂ ਬਲਕਿ ਉਸ ਵਲੋਂ 2000 ਦਾ ਵਿਰਾਟ ਰੂਪ ਵਿਖਾਉਣ ਦੀ ਮੰਗ ਸੀ ਜੋ ਨਰਿੰਦਰ ਮੋਦੀ ਦਾ ਨਾਂ ਮੁਸਲਮ-ਕਤਲੇਆਮ ਨਾਲ ਜੋੜ ਦੇਂਦੀ ਸੀ। ਇਹੀ ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਸਮੱਸਿਆ ਹੈ। ਸਿਆਸਤਦਾਨ ਅਪਣੀ ਜਿੱਤ ਵਾਸਤੇ ਅਜਿਹੀਆਂ ਚੰਗਿਆੜੀਆਂ ਨੂੰ ਹਵਾ ਦੇ ਰਹੇ ਹਨ ਜੋ ਇਕ ਦਿਨ ਅਪਣਾ ਹੀ ਘਰ ਸਾੜ ਦੇਣਗੀਆਂ। ਕਿਸੇ ਨੂੰ ਵੀ ਔਰਤਾਂ ਦੇ ਮਾਰਨ ਕੁੱਟਣ ਦਾ ਦਰਦ ਨਹੀਂ, ਮਰਦਾਂ ਦੀ ਹੈਵਾਨੀਅਤ ਦਾ ਕੋਈ ਦਰਦ ਨਹੀਂ, ਨਾ ਮਮਤਾ ਨੂੰ, ਨਾ ਮੋਦੀ ਨੂੰ, ਨਾ ਕੰਗਨਾ ਨੂੰ। ਦਰਦ ਹੈ ਹਿੰਦੂਤਵਾ ਦੀ ਕਿਸੇ ਹਮਾਇਤੀ ਔਰਤ ਨੂੰ ਪਈ ਮਾਰ ਤੇ।
Kangana Ranaut
ਜੇ ਇਹ ਮੁਸਲਮਾਨ ਔਰਤ ਹੁੰਦੀ ਤਾਂ ਕੰਗਨਾ ਨੂੰ ਦਰਦ ਨਾ ਹੁੰਦਾ। ਜ਼ਾਹਰ ਹੈ 1984 ਵਿਚ, ਅੱਜ 12 ਜਾਨਾਂ ਜਾਣ ਤੇ ਸ਼ੋਰ ਪਾਉਣ ਵਾਲਿਆਂ ਨੂੰ ਕੋਈ ਦਰਦ ਨਹੀਂ ਸੀ ਹੋਇਆ ਕਿਉਂਕਿ ਬਲਾਤਕਾਰ ਸਿੱਖ ਔਰਤਾਂ ਨਾਲ ਹੋਇਆ ਸੀ। ਸਿੱਖਾਂ ਦੇ ਜ਼ਿੰਦਾ ਸੜਨ ਦਾ ਦਰਦ ਨਹੀਂ ਸੀ ਹੋਇਆ ਕਿਉਂਕਿ ਉਹ ਸਿੱਖ ਸਨ। ਉਸ ਵਕਤ ਵੀ ਇਕ ਅਜਿਹੀ ਆਗੂ ਭਾਰਤ ਤੇ ਰਾਜ ਕਰ ਰਹੀ ਸੀ ਜੋ ਧਰਮਾਂ ਦੀ ਸਿਆਸਤ ਕਰ ਰਹੀ ਸੀ ਤੇ ਅੱਜ ਵੀ ਉਹੀ ਹਾਲ ਹੈ। ਫਿਰ ਕਸੂਰ ਕਿਸ ਦਾ ਬਣਿਆ? ਇਨ੍ਹਾਂ ਧਰਮ ਦਾ ਇਸਤੇਮਾਲ ਕਰਨ ਵਾਲੇ ਆਗੂਆਂ ਦਾ ਜਾਂ ਇਨ੍ਹਾਂ ਦੇ ਹੱਥਾਂ ਵਿਚ ਕਠਪੁਤਲੀ ਬਣਨ ਵਾਲੀ ਜਨਤਾ ਦਾ? ਆਗੂ ਬਦਲੇ ਗਏ, ਪਰ ਲੋਕ ਨਹੀਂ ਬਦਲੇ। ਜਦ ਮਨਮੋਹਨ ਸਿੰਘ ਵਰਗੇ ਆਗੂ ਦੇਸ਼ ਨੂੰ ਧਾਰਮਕ ਨਫ਼ਰਤ ਤੋਂ ਦੂਰ ਲਿਜਾਣ ਦੀ ਗੱਲ ਕਰਦੇ ਸੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਨਕਾਰਿਆ ਤੇ ਨਫ਼ਰਤ ਦੀ ਸਿਆਸਤ ਨੂੰ ਵੋਟ ਪਾਈ। ਭ੍ਰਿਸ਼ਟਾਚਾਰ ਦੀ ਗੱਲ ਨੂੰ ਪਹਾੜ ਜਿੰਨੀ ਵੱਡੀ ਬਣਾ ਕੇ ਪੇਸ਼ ਕੀਤਾ ਗਿਆ ਪਰ ਕੀ ਭ੍ਰਿਸ਼ਟਾਚਾਰ ਘਟਿਆ?
Kangana Ranaut
ਕੀ ਸਾਡੇ ਦੇਸ਼ ਦੇ ਰਾਜ-ਪ੍ਰਬੰਧ ਵਿਚ ਸੁਧਾਰ ਆਇਆ? ਬਦਲਾਅ ਦੀ ਸਦਾ ਹੀ ਲੋੜ ਰਹਿੰਦੀ ਹੈ ਪਰ ਸਾਡੀ ਚੋਣ ਵਿਵਸਥਾ ਵਿਚ ਸੱਭ ਤੋਂ ਪਹਿਲਾਂ ਉਸ ਦੀ ਲੋੜ ਹੈ। ਅਸੀ ਸ਼ਖ਼ਸੀ ਪੂਜਾ ਦੇ ਆਦੀ ਹਾਂ। ਇਕ ਤਾਕਤਵਰ ਆਗੂ ਮੰਗਦੇ ਹਾਂ ਪਰ ਉਸ ਤਾਕਤ ਦਾ ਕੀ ਫ਼ਾਇਦਾ ਜੋ ਨਿਹੱਥੇ ਦੀ ਰਖਿਆ ਨਾ ਕਰੇ? ਉਸ ਛਾਤੀ ਦਾ ਕੀ ਫ਼ਾਇਦਾ ਜਿਸ ਵਿਚ ਵੱਡਾ ਜਿਹਾ ਦਿਲ ਨਾ ਹੋਵੇ? ਕੀ ਉਹ ਆਗੂ ਭਾਰਤ ਨੂੰ ਚਲਾ ਸਕਦਾ ਹੈ ਜਿਸ ਵਿਚ ਹਮਦਰਦੀ, ਸ਼ਰਮ, ਪਿਆਰ, ਬਰਾਬਰੀ ਵਰਗੀਆਂ ਭਾਵਨਾਵਾਂ ਹੀ ਨਾ ਹੋਣ? ਅਸੀ ਸਿਆਸਤਦਾਨਾਂ ਨੂੰ ਬਦਲਣਾ ਚਾਹੁੰਦੇ ਹਾਂ ਪਰ ਅਪਣੀ ਸੋਚ ਨੂੰ ਕਦੋਂ ਬਦਲਾਂਗੇ? -ਨਿਮਰਤ ਕੌਰ