
Editorial : ਜਲੰਧਰ ਜ਼ਿਮਨੀ ਚੋਣ ਵਿਚ ਜਿਸ ਤਰ੍ਹਾਂ ਉਮੀਦਵਾਰ ਇਕ ਦੂਜੇ ’ਤੇ ਵਾਰ ਕਰ ਰਹੇ ਹਨ, ਉਹ ਕਿਸੇ ਸਿਵਲ ਵਾਰ ਜਾਂ ਘਰੇਲੂ ਯੁੱਧ ਦੇ ਦ੍ਰਿਸ਼ ਤੋਂ ਘੱਟ ਨਹੀਂ।
None of the Badals and rebels regret what they have done Editorial : ਜਲੰਧਰ ਜ਼ਿਮਨੀ ਚੋਣ ਵਿਚ ਜਿਸ ਤਰ੍ਹਾਂ ਉਮੀਦਵਾਰ ਇਕ ਦੂਜੇ ’ਤੇ ਵਾਰ ਕਰ ਰਹੇ ਹਨ, ਉਹ ਕਿਸੇ ਸਿਵਲ ਵਾਰ ਜਾਂ ਘਰੇਲੂ ਯੁੱਧ ਦੇ ਦ੍ਰਿਸ਼ ਤੋਂ ਘੱਟ ਨਹੀਂ। ਪ੍ਰੰਤੂ ਇਸ ਯੁੱਧ ਵਿਚ ਸੱਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਕਾਲੀ ਦਲ ਦਾ ਕੋਈ ਸਿਪਾਹੀ ਵੀ ਨਹੀਂ ਲੜ ਰਿਹਾ। ਅਕਾਲੀ ਦਲ ਬਾਦਲ ਨੇ ਅਪਣੇ ਉਮੀਦਵਾਰ ਨੂੰ ਬਾਗ਼ੀ ਐਲਾਨਦੇ ਹੋਏ, ਉਸ ਤੋਂ ਅਪਣਾ ਸਮਰਥਨ ਵਾਪਸ ਲੈ ਲਿਆ ਸੀ। ਪਰ ਉਹ ਬਾਗ਼ੀਆਂ ਦੇ ਧੜੇ ਦੀ ਉਮੀਦਵਾਰ ਵੀ ਜਾ ਕੇ ‘ਆਪ’ ਦੇ ਖ਼ੇਮੇ ਵਿਚ ਬੈਠ ਗਈ। ਇਸ ਤੋਂ ਇਹੀ ਸਮਝ ਆਉਂਦਾ ਹੈ ਕਿ ਅਕਾਲੀ ਦਲ ਬਾਦਲ ਤਾਂ ਵੈਂਟੀਲੇਟਰ ਦੇ ਸਹਾਰੇ ਹੀ ਸਾਹ ਲੈ ਰਿਹਾ ਹੈ ਪਰ ਜਿਹੜੇ ਉਸ ਨੂੰ ਮੁੜ ਤੋਂ ਮਜ਼ਬੂਤ ਕਰਨ ਦੇ ਦਾਅਵੇ ਕਰ ਕੇ ਮੈਦਾਨ ਵਿਚ ਨਿਤਰੇ ਨੇ ਉਹ ਵੀ ਇਕੱਠੇ ਨਹੀਂ ਹਨ।
ਕਾਰਨ ਬੜਾ ਸਾਫ਼ ਹੈ ਕਿ ਇਹ ਲੋਕ ਉਹੀਉ ਨੇ ਜਿਨ੍ਹਾਂ ਨੇ ਬਾਦਲ ਪ੍ਰਵਾਰ ਦੇ ਚੰਗੇ ਸਮੇਂ ਵਿਚ ਹਰ ਠੀਕ ਗ਼ਲਤ ਕੰਮ ਵਿਚ ਸਾਥ ਦਿਤਾ ਅਤੇ ਅੱਜ ਜਦ ਮਾੜਾ ਸਮਾਂ ਆਇਆ ਹੈ ਤਾਂ ‘ਬਾਗ਼ੀ’ ਬਣ ਬੈਠੇ ਨੇ। ਬਾਗ਼ੀ ਵੀ ਇਸ ਲਈ ਨਹੀਂ ਬਣੇ ਕਿ ਉਨ੍ਹਾਂ ਨੂੰ ਪਛਤਾਵਾ ਹੈ ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਨਿਜੀ ਸੁੱਖ ਆਰਾਮ ਤੇ ਸ਼ਾਹੀ ਠਾਠ ਮਾਣਨ ਖ਼ਾਤਰ ਅਸੀ ਪੰਥ ਨਾਲ ਬੇਇਨਸਾਫ਼ੀ ਕੀਤੀ ਬਲਕਿ ਉਨ੍ਹਾਂ ਦੀ ਨਾਰਾਜ਼ਗੀ ਇਹ ਹੈ ਕਿ ਸਾਡੇ ਨੂੰਹਾਂ-ਪੁੱਤਰਾਂ ਨੂੰ ਟਿਕਟਾਂ ਨਹੀਂ ਮਿਲੀਆਂ। ਜੇ ਅੱਜ ਅਕਾਲੀ ਦਲ ਦੀ ਭਾਈਵਾਲੀ ਕੇਂਦਰ ਨਾਲ ਹੁੰਦੀ ਅਤੇ ਜੇ ਇਨ੍ਹਾਂ ’ਚੋਂ ਕਿਸੇ ਨੂੰ ਇਕ-ਅੱਧੀ ਸੀਟ ਮਿਲ ਗਈ ਹੁੰਦੀ ਤੇ ਉਹ ਮੰਤਰੀ ਬਣੇ ਹੁੰਦੇ ਤਾਂ ਕੀ ਇਨ੍ਹਾਂ ’ਚੋਂ ਕਿਸੇ ਨੇ ਵੀ ਬਗ਼ਾਵਤ ਕਰਨੀ ਸੀ? ਬਾਗ਼ੀਆਂ ਨੇ ਜਿਹੜੀਆਂ ਚਾਰ ਗੱਲਾਂ ਦੀ ਮਾਫ਼ੀ ਮੰਗੀ ਹੈ, ਉਹ ਇਨ੍ਹਾਂ ਦਾ ਰੋਣਾ ਹੈ, ਰੋਣਾ ਅਪਣੀ ਗਵਾਚੀ ਹੋਈ ਤਾਕਤ ਦਾ।
ਜੇ ਅਸਲ ਪਛਤਾਵਾ ਹੁੰਦਾ ਤਾਂ ਕੁੱਝ ਮੁੱਦੇ ਸੀ ਜਿਹੜੇ ਇਨ੍ਹਾਂ ਦੇ ਮਾਫ਼ੀਨਾਮੇ ਵਿਚ ਸੱਭ ਤੋਂ ਉਪਰ ਹੁੰਦੇ। ਪਹਿਲਾ ਜ਼ਰੂਰੀ ਮੁੱਦਾ ਇਹ ਹੁੰਦਾ ਕਿ ਪਿਛਲੇ ਦੋ ਦਹਾਕਿਆਂ ਤੋਂ ਜਿਸ ਤਰ੍ਹਾਂ ਅਕਾਲ ਤਖ਼ਤ ਤੇ ਬੈਠੇ ਗ੍ਰੰਥੀਆਂ ਨੂੰ ਲਿਫ਼ਾਫ਼ੇ ਵਾਲੇ ਜਥੇਦਾਰਾਂ ਦਾ ਨਾਮ ਦੇ ਕੇ ਮਾਰ ਦਿਤਾ ਗਿਆ ਹੈ ਅਤੇ ਉਨ੍ਹਾਂ ਨੂੰ ਸੱਭ ਦੇ ਸਾਹਮਣੇ ਜ਼ਲੀਲ ਕੀਤਾ ਗਿਆ ਪਰ ਕਿਸੇ ਨੇ ਉਫ਼ ਤਕ ਨਾ ਕੀਤੀ। ਪਹਿਲੀ ਮਾਫ਼ੀ ਉਸ ਲਈ ਮੰਗਣੀ ਚਾਹੀਦੀ ਸੀ ਕਿਉਂਕਿ ਅਕਾਲ ਤਖ਼ਤ ਦੀ ਬਣੀ ਹੋਈ ਵੱਡੀ ਤਾਕਤ ਨੂੰ ਸਿਆਸਤਦਾਨਾਂ ਨੇ ਖ਼ਤਮ ਕਰ ਦਿਤਾ ਹੈ।
ਹੁਣ ਇਨ੍ਹਾਂ ਸਾਰਿਆਂ ਨੂੰ ਜੋ ਅਪਣੇ ਆਪ ਨੂੰ ਅੱਜ ਪੰਥਕ ਕਹਾਉਣ ਦੀ ਦੌੜ ਵਿਚ ਲੱਗੇ ਹੋਏ ਹਨ, ਇਨ੍ਹਾਂ ਸੱਭ ਨੇ ਲੋਕਾਂ ਨਾਲ ਬਾਅਦ ਵਿਚ ਤੇ ਪਹਿਲਾਂ ਗੁਰੂ ਦੇ ਸ਼ਬਦ ਨਾਲ ਦਗ਼ਾ ਕੀਤਾ। ਜਿਥੇ ਗੁਰੂ ਨਾਨਕ ਨੇ ਸੂਰਜ ਦੀ ਚਾਲ ਨੂੰ ਮੰਨਿਆ ਸੀ, ਉਥੇ ਧਰਮ ਨੂੰ ਵਪਾਰ ਬਣਾਉਣ ਵਾਲੀ ਸ਼ੇ੍ਰਣੀ ਦੀਆਂ ਵੋਟਾਂ ਲੈਣ ਲਈ ਤੇ ਡੇਰਾਵਾਦ ਨੂੰ ਅੱਗੇ ਵਧਾਉਣ ਵਾਸਤੇ, ਨਾਨਕਸ਼ਾਹੀ ਕੈਲੰਡਰ ਨੂੰ ਹਟਾ ਕੇ, ਉਹ ਕੈਲੰਡਰ ਲਗਾਇਆ ਗਿਆ ਜਿਸ ਵਿਚ ਦਿਨ ਤਿਉਹਾਰ ਇੰਜ ਵਿਖਾਏ ਗਏ ਹਨ ਜਿਹੜੇ ਸਿੱਖ ਰਵਾਇਤਾਂ ਨਾਲ ਮੇਲ ਹੀ ਨਹੀਂ ਖਾਂਦੇ ਭਾਵੇਂ ਇੰਜ ਕੀਤਿਆਂ ਬਾਬਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ। ਦਰਬਾਰ ਸਾਹਿਬ ਦੀ ਨੱਕਾਸ਼ੀ ਸੱਭ ਦੇ ਸਾਹਮਣੇ ਹੋਈ। ਉਸ ਵਿਚ ਇਹੋ ਜਹੀਆਂ ਚੀਜ਼ਾਂ ਪਾਈਆਂ ਗਈਆਂ ਜਿਹੜੀਆਂ ਸਿੱਖ ਸੋਚ ਨਾਲ ਮੇਲ ਨਹੀਂ ਖਾਂਦੀਆਂ। ਪਰ ਇਨ੍ਹਾਂ ’ਚੋਂ ਕਿਸੇ ਨੇ ਕਦੇ ਉਫ਼ ਤਕ ਨਹੀਂ ਕੀਤੀ ਤੇ ਗ਼ਲਤ ਚਿਤਰਕਾਰੀ ਨੂੰ ਹਟਾ ਦੇਣ ਦੀ ਗੱਲ ਨਹੀਂ ਕੀਤੀ ਪਰ ਠੀਕ ਬਣ ਚੁਕੇ ਨਾਨਕਸ਼ਾਹੀ ਕੈਲੰਡਰ ਨੂੰ ਬਦਲ ਕੇ ਗ਼ਲਤ ਨੱਕਾਸ਼ੀ ਵਾਲੀ ਰੀਤ ਨੂੰ ਹੀ ਅੱਗੇ ਤੋਰਿਆ।
1984 ਵਿਚ ਫ਼ੌਜ ’ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਸਾਡੇ ਹੱਥ ਲਿਖਤ ਗ੍ਰੰਥ ਲੈ ਗਈ ਪਰ ਅੰਤ ਵਿਚ ਪਤਾ ਚਲਿਆ ਕਿ ਫ਼ੌਜ ਨੇ ਸੱਭ ਕੁੱਝ ਛੇ ਮਹੀਨਿਆਂ ਵਿਚ ਵਾਪਸ ਕਰ ਦਿਤਾ ਸੀ ਪਰ ਇਥੇ ਬੈਠੇ ਇਨ੍ਹਾਂ ਪੰਥਕ ਆਗੂਆਂ ’ਚੋਂ ਕਿਸੇ ਨੇ ਉਨ੍ਹਾਂ ਹੱਥ ਲਿਖਤ ਗ੍ਰੰਥਾਂ ਨੂੰ ਚੁੱਕ ਕੇ ਗ਼ਾਇਬ ਕਰ ਦਿਤਾ ਜਾਂ ਉਸ ਦਾ ਵਪਾਰ ਕਰ ਦਿਤਾ। ਉਸ ਤੇ ਐਸਆਈਟੀ ਬਣਾਈ ਗਈ ਤੇ ਇਨ੍ਹਾਂ ਪੰਥਕ ਆਗੂਆਂ ਵਿਚੋਂ ਹੀ ਐਸਆਈਟੀ ਮੈਂਬਰ ਨੇ ਨਾ ਜਾਂਚ ਕੀਤੀ ਤੇ ਨਾ ਉਨ੍ਹਾਂ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਹੱਥ ਲਿਖਤ ਗ੍ਰੰਥ ਕਿਥੇ ਹਨ?
ਇਥੇ ਹੀ ਬੈਠ ਕੇ ਇਨ੍ਹਾਂ ਹੀ ਸਾਰੇ ਪੰਥਕ ਆਗੂਆਂ ਦੇ ਸਾਹਮਣੇ ਪੰਥਕ ਅਖ਼ਬਾਰ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਨੂੰ, ਅਪਣਾ ਧੂਤੂ ਬਣਾਉਣ ਦੇ ਆਹਰ ਵਿਚ ਸ. ਜੋਗਿੰਦਰ ਸਿੰਘ ਅਤੇ ਉਨ੍ਹਾਂ ਨਾਲ ਪੰਥਕ ਅਖ਼ਬਾਰ ਨੂੰ ਬੰਦ ਕਰਨ, ਸਾਰੇ ਪੰਜਾਬ ਵਿਚ ਦਫ਼ਤਰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਨ੍ਹਾਂ ਉਫ਼ ਨਾ ਕੀਤੀ। ਪੰਥ ਦੇ ਬੜੇ ਹੀ ਸਤਿਕਾਰਯੋਗ ਰਾਗੀ ਪ੍ਰੋ. ਦਰਸ਼ਨ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ, ਪੰਥ ਦੇ ਵੱਡੇ ਵਿਦਵਾਨ ਕਾਲਾ ਅਫ਼ਗ਼ਾਨਾ ਨੂੰ ਤਨਖ਼ਾਹੀਆ ਕਰਾਰ ਦਿਤਾ ਪਰ ਇਨ੍ਹਾਂ ਨੇ ਉਫ਼ ਨਾ ਕੀਤੀ। ਜਿਸ ਅਫ਼ਸਰ ਨੇ ਸਿੱਖ ਨੌਜੁਆਨਾਂ ਨੂੰ ਕੁਚਲਿਆ, ਉਸ ਨੂੰ ਪੰਜਾਬ ਦਾ ਡੀਜੀਪੀ ਬਣਾ ਕੇ ਸਨਮਾਨਿਆ ਗਿਆ, ਉਸ ਦੀਆਂ ਸਲਾਮੀਆਂ ਹੋਈਆਂ ਪਰ ਕਿਸੇ ਨੇ ਉਫ਼ ਨਾ ਕੀਤੀ।
ਮਾਫ਼ੀਨਾਮਾ ਲੈ ਕੇ ਜੇ ਇਨ੍ਹਾਂ ਦੇ ਪਾਪਾਂ ਦੀ ਗਿਣਤੀ ਕਰੀਏ ਤਾਂ ਅਸੀ ਇਨ੍ਹਾਂ ਦੇ ਪਾਪ ਗਿਣਦੇ ਰਹਿ ਜਾਵਾਂਗੇ ਪਰ ਉਹ ਪੂਰੇ ਨਹੀਂ ਹੋਣਗੇ। ਪ੍ਰੰਤੂ ਇਹ ਜੋ ਇਸ ਵਕਤ ਹੋ ਰਿਹਾ ਹੈ, ਇਹ ਸਿਰਫ਼ ਬਾਦਲ ਪ੍ਰਵਾਰ ਤੇ ਜੋ ਵੱਡੇ ਇਲਜ਼ਾਮ ਲਗਦੇ ਨੇ, ਉਨ੍ਹਾਂ ਦੀ ਹੀ ਮਾਫ਼ੀ ਮੰਗੀ ਗਈ ਹੈ। ਇਨ੍ਹਾਂ ’ਚ ਸਾਰੇ ਦੇ ਸਾਰੇ ਅਕਾਲੀ ਆਗੂ ਬਰਾਬਰ ਦੇ ਦੋਸ਼ੀ ਹਨ ਪਰ ਉਸ ਬਾਰੇ ਤਾਂ ਗੱਲ ਹੀ ਨਹੀਂ ਕੀਤੀ ਜਾ ਰਹੀ। ਜਦੋਂ ਤਕ ਇਨ੍ਹਾਂ ਦੇ ਮੂੰਹ ਚੋਂ ਸੱਚਾ ਪਛਤਾਵਾ ਨਹੀਂ ਨਿਕਲੇਗਾ, ਸੱਚੇ ਟੀਚੇ ਨਹੀਂ ਰੱਖੇ ਜਾਣਗੇ, ਵਾਪਸ ਪੰਥ ਦੇ ਸੱਚੇ ਸਿਪਾਹੀ ਬਣਨ ਦੇ ਯਤਨ ਨਹੀਂ ਕੀਤੇ ਜਾਣਗੇ, ਸਿਰਫ਼ ਵਿਖਾਵੇ ਦਾ ਪਛਤਾਵਾ ਹੀ ਵੇਖਣ ਨੂੰ ਮਿਲੇਗਾ। ਜਿਵੇਂ ਜਲੰਧਰ ਵਿਚ ਹੋ ਰਿਹਾ ਹੈ, ਹਰ ਥਾਂ ਹੋਵੇਗਾ ਤੇ ਅਕਾਲੀ ਦਲ ਦਾ ਖ਼ਾਤਮਾ ਇਨ੍ਹਾਂ ਦੇ ਹੱਥੋਂ ਹੀ ਹੋਵੇਗਾ।
- ਨਿਮਰਤ ਕੌਰ