
ਰੋਜ਼ਾਨਾ ਸਪੋਕਸਮੈਨ ਦੀ 17 ਜੁਲਾਈ ਦੀ ਸੰਪਾਦਕੀ 'ਸੋਸ਼ਲ ਮੀਡੀਆ ਉਤੇ ਨਿਗਰਾਨੀ ਰੱਖ ਕੇ ਨਾਗਰਿਕਾਂ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼' ਕਾਬਲ-ਏ-ਗ਼ੌਰ ਵੀ ਹੈ..............
ਰੋਜ਼ਾਨਾ ਸਪੋਕਸਮੈਨ ਦੀ 17 ਜੁਲਾਈ ਦੀ ਸੰਪਾਦਕੀ 'ਸੋਸ਼ਲ ਮੀਡੀਆ ਉਤੇ ਨਿਗਰਾਨੀ ਰੱਖ ਕੇ ਨਾਗਰਿਕਾਂ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼' ਕਾਬਲ-ਏ-ਗ਼ੌਰ ਵੀ ਹੈ ਅਤੇ ਕਾਬਲੇ ਤਾਰੀਫ਼ ਵੀ ਹੈ। ਜਦੋਂ ਦੀ ਕੇਂਦਰ ਵਿਚ ਭਾਜਪਾ (ਮੋਦੀ) ਸਰਕਾਰੀ ਆਈ ਹੈ, ਉਦੋਂ ਤੋਂ ਹੀ ਭਾਰਤੀ ਨਾਗਰਿਕਾਂ ਨੂੰ ਗ਼ੁਲਾਮੀ ਦੀ ਦਲਦਲ ਵਿਚ ਧਸਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਭਾਰਤੀ ਲੋਕਤੰਤਰ ਨੂੰ ਉਦੋਂ ਹੀ ਡਿਕਟੇਟਰਸ਼ਿਪ ਵਿਚ ਬਦਲ ਦਿਤਾ ਗਿਆ ਸੀ ਜਦੋਂ 8 ਨਵੰਬਰ ਅੱਧੀ ਰਾਤ ਨੂੰ ਨੋਟਬੰਦੀ ਕਰ ਕੇ ਭਾਰਤੀ ਲੋਕਾਂ ਨੂੰ ਬੈਂਕਾ ਅੱਗੇ ਕਤਾਰਾਂ ਵਿਚ ਖੜਾ ਕਰ ਦਿਤਾ ਸੀ।
ਅਪਣੀ ਮਿਹਨਤ ਨਾਲ ਕਮਾ ਕੇ ਜਮ੍ਹਾਂ ਕੀਤੇ ਪੈਸਿਆਂ ਨੂੰ ਅਪਣੀਆਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਬੈਂਕਾਂ ਵਿਚੋਂ ਨਹੀਂ ਕਢਵਾਇਆ ਜਾ ਸਕਦਾ ਸੀ। ਗ਼ੁਲਾਮ ਯੁੱਗ ਦੀਆਂ ਕਹਾਣੀਆਂ ਵਿਚ ਦਸਿਆ ਜਾਂਦਾ ਹੈ ਕਿ ਰਾਜਿਆਂ ਮਹਾਂਰਾਜਿਆਂ ਵਲੋਂ ਗ਼ੁਲਾਮਾਂ ਨੂੰ ਸਿਰਫ਼ ਉਨਾ ਹੀ ਖਾਣਾ ਦਿਤਾ ਜਾਂਦਾ ਸੀ ਜਿੰਨੇ ਨਾਲ ਉਹ ਜ਼ਿੰਦਾ ਰਹਿ ਸਕਣ ਤੇ ਉਨ੍ਹਾਂ ਦੇ ਕੰਮ ਕਰ ਸਕਣ। ਵੱਧ ਖਾਣਾ ਇਸ ਲਈ ਨਹੀਂ ਦਿਤਾ ਜਾਂਦਾ ਸੀ ਤਾਕਿ ਵੱਧ ਖਾਣਾ ਖਾ ਕੇ ਗ਼ੁਲਾਮ ਤਕੜੇ ਨਾ ਹੋ ਜਾਣ ਤੇ ਫਿਰ ਰਾਜੇ ਮਹਾਂਰਾਜਿਆਂ ਵਿਰੁਧ ਬਗਾਵਤ ਨਾ ਕਰ ਦੇਣ। ਜੇਕਰ ਕੋਈ ਗ਼ੁਲਾਮ ਬਗਾਵਤ ਕਰਦਾ ਸੀ ਤਾਂ ਉਸ ਨੂੰ ਭੁੱਖੇ ਸ਼ੇਰਾਂ ਅੱਗੇ ਸੁੱਟ ਦਿਤਾ ਜਾਂਦਾ ਸੀ।
Adityanath Yogi
ਪਰ ਹੈਰਾਨੀ ਤਾਂ ਉਦੋਂ ਹੋਈ ਜਦੋਂ ਭਾਰਤੀ ਲੋਕਾਂ ਨੇ ਤਾਂ ਮੋਦੀ ਨੂੰ ਰਾਜਗੱਦੀ ਉਤੇ ਬਿਠਾਇਆ ਸੀ ਤੇ ਕੋਈ ਬਗਾਵਤ ਵੀ ਨਹੀਂ ਕੀਤੀ ਸੀ ਪਰ ਫਿਰ ਵੀ ਮੋਦੀ ਨੇ ਪੂਰੇ ਦੇਸ਼ ਦੇ ਲੋਕਾਂ ਨੂੰ 'ਨੋਟਬੰਦੀ ਦੇ ਦੈਂਤ' ਦੇ ਹਵਾਲੇ ਕਰ ਦਿਤਾ ਸੀ। ਸੈਂਕੜੇ ਲੋਕਾਂ ਨੂੰ ਬਿਨਾਂ ਕਿਸੇ ਕਸੂਰ ਦੇ ਬੈਂਕਾਂ ਅੱਗੇ ਕਤਾਰਾਂ ਵਿਚ ਖੜੋਤਿਆਂ ਨੂੰ ਅਪਣੀ ਜਾਨ ਤੋਂ ਹੱਥ ਧੋਣੇ ਪਏ। ਹੁਣ ਮੋਦੀ ਸਰਕਾਰ ਭਲਾਈ ਯੋਜਨਾਵਾਂ ਦੀ ਆੜ ਹੇਠ ਆਧਾਰ ਨੂੰ ਜ਼ਰੂਰੀ ਕਰ ਕੇ ਗ਼ੁਲਾਮ ਯੁੱਗ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ ਤੇ ਇਤਿਹਾਸ ਨੂੰ ਪੁੱਠਾ ਗੇੜ ਦੇਣਾ ਚਾਹੁੰਦੀ ਹੈ। ਪਰ ਸ਼ਾਇਦ ਇਹ ਸਰਕਾਰ ਭੁੱਲ ਗਈ ਹੈ ਕਿ ਇਸ ਦੇਸ਼ ਦੇ ਲੋਕ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ।
ਮੋਦੀ ਅਤੇ ਯੋਗੀ ਅਪਣੇ ਵਿਰੁਧ ਸੱਚ ਲਿਖਣ ਤੇ ਭਾਵਂੇ ਜੇਲਾਂ ਵਿਚ ਡੱਕ ਕੇ ਲੋਕਾਂ ਵਿਚ ਦਹਿਸ਼ਤ ਫ਼ੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸ਼ਾਇਦ ਇਹ ਨਹੀਂ ਜਾਣਦੇ ਕਿ ਇਸ ਧਰਤੀ ਤੇ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਹੈ ਕਿ 'ਐਂਵੇ ਭਰਮ ਹੈ ਸਾਡਿਆਂ ਕਾਤਲਾਂ ਨੂੰ, ਅਸੀ ਹੋਵਾਂਗੇ ਦੋ ਜਾਂ ਚਾਰ ਲੋਕੋ, ਬਦਲਾ ਲਏ ਤੋਂ ਵੀ ਜਿਹੜੀ ਮੁੱਕਣੀ ਨਾ, ਏਨੀ ਲੰਮੀ ਹੈ ਸਾਡੀ ਕਤਾਰ ਲੋਕੋ।'
ਸੱਚ ਬੋਲਣ ਵਾਲਿਆਂ ਨੂੰ ਭਾਵੇਂ ਇਹ ਜੇਲਾਂ ਵਿਚ ਡਕ ਲੈਣ ਪਰ ਸੱਚ ਦਾ ਸੂਰਜ ਤਾਂ ਇਕ ਦਿਨ ਚੜ੍ਹ ਕੇ ਹੀ ਰਹੇਗਾ। ਭਾਵੇਂ ਮੋਦੀ ਨੇ ਪਹਿਲੀਆਂ ਚੋਣਾਂ ਵਿਚ ਰਾਜਗੱਦੀ ਉਤੇ ਕਾਬਜ਼ ਹੋਣ ਲਈ ਝੂਠੇ ਜੁਮਲਿਆਂ ਦਾ ਸਹਾਰਾ ਲੈ ਲਿਆ ਸੀ ਪਰ ਹੁਣ ਸੱਚ ਦਾ ਸੂਰਜ ਚੜ੍ਹ ਚੁਕਿਆ ਹੈ ਅਤੇ 2019 ਵਿਚ ਲੋਕ ਝੂਠੇ ਜੁਮਲਿਆਂ ਦੀ ਫੂਕ ਜ਼ਰੂਰ ਕੱਢਣਗੇ ਕਿਉਂਕਿ ਸੱਚ ਤਾਂ ਇਹ ਹੈ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ। ਮੋਦੀ ਅਤੇ ਯੋਗੀ ਦੀਆਂ ਲੋਕਾਂ ਨੂੰ ਗ਼ੁਲਾਮ ਯੁੱਗ ਵਲ ਧੱਕਣ ਦੀਆਂ ਕੋਸ਼ਿਸ਼ਾਂ ਕਦੇ ਸਫ਼ਲ ਨਹੀਂ ਹੋਣਗੀਆਂ। -ਸੁਖਮਿੰਦਰ ਬਾਗੀ ਸਮਰਾਲਾ, ਸੰਪਰਕ : 94173-94805