
ਪਰ ਕਿਹੜਾ ਧਰਮ ਪ੍ਰਚਾਰ ?
ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਧਰਮ ਪ੍ਰਚਾਰ ਕਹਿੰਦੇ ਕਿਸ ਨੂੰ ਹਨ? ਸੁਖਬੀਰ ਸਿੰਘ ਬਾਦਲ ਨੇ ਕੁੱਝ ਸਾਲ ਪਹਿਲਾਂ ਦਿੱਲੀ ਵਿਚ ‘ਧਰਮ ਪ੍ਰਚਾਰ’ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਪੰਜਾਬ ਵਿਚ ਧਰਮ ਪ੍ਰਚਾਰ ਸ਼ਾਇਦ ਲੋੜ ਤੋਂ ਜ਼ਿਆਦਾ ਹੋ ਗਿਆ ਸੀ! ਚਲੋ ਫਿਰ ਵੀ ਸੋਚਿਆ, ਕਾਰਪੋਰੇਟ ਸਿੱਖ ਰਾਜਨੀਤੀ ਦੇ ਬਾਨੀ ਸ਼ਾਇਦ ਕੋਈ ਨਵੀਂ ਟੈਕਨਾਲੋਜੀ ਲਿਆ ਕੇ ਦਿੱਲੀ ਵਿਚ ਧਰਮ ਪ੍ਰਚਾਰ ਕਰ ਵਿਖਾਣ। ਚਲੋ ਇਹ ਵੀ ਵੇਖ ਲੈਂਦੇ ਹਾਂ। ਸ. ਪਰਮਜੀਤ ਸਿੰਘ ਸਰਨਾ ਨੇ ਐਲਾਨ ਕਰ ਦਿਤਾ ਕਿ ਦਿੱਲੀ ਵਿਚ ਇਨ੍ਹਾਂ ਦਾ ਕੋਈ ਤੀਰ ਨਹੀਂ ਚਲ ਸਕਣਾ ਕਿਉਂਕਿ ਉਥੋਂ ਦੇ ਸਿੱਖ ਬਹੁਤ ਪੜ੍ਹੇ ਲਿਖੇ ਹਨ ਤੇ ਉਹ ਪੰਜਾਬ ਵਾਲਿਆਂ ਨਾਲੋਂ ਪਹਿਲਾਂ ਹੀ ਧਰਮ ਵਿਚ ਜ਼ਿਆਦਾ ਪੱਕੇ ਹਨ! ਉਨ੍ਹਾਂ ਨੇ ਹੋਰ ਕਿਹਾ ਕਿ ਇਹ ‘ਬਾਦਲਕੇ’ ਸਿਰਫ਼ ਦਿੱਲੀ ਗੁਰਦਵਾਰਾ ਕਮੇਟੀ ਉਤੇ ਕਾਬਜ਼ ਹੋਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਇਹ ਖ਼ਾਬ ਤਿੰਨ ਕਾਲ ਕਦੇ ਪੂਰਾ ਨਹੀਂ ਹੋਵੇਗਾ।
Sukhbir Badal
ਸੁਖਬੀਰ ਸਿੰਘ ਬਾਦਲ ਨੇ ਅਪਣਾ ‘ਧਰਮ ਪ੍ਰਚਾਰ’ ਦਿੱਲੀ ਵਿਚ ਸ਼ੁਰੂ ਕਰ ਦਿਤਾ। ਕਿਵੇਂ ਕੀਤਾ? ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਸੂਹੀਏ ਜਰਨੈਲ, ਸਿੱਖ ਆਬਾਦੀ ਵਾਲੇ ਇਲਾਕਿਆਂ ਵਿਚ ਉਤਾਰ ਦਿਤੇ ਤੇ ਉਨ੍ਹਾਂ ਦੀ ਡਿਊਟੀ ਲਗਾਈ ਕਿ ਦਿੱਲੀ ਵਿਚ ਰਹਿੰਦੇ ਸਾਰੇ ਸਿੱਖਾਂ ਦੇ ਪੰਜਾਬ ਵਿਚ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ ਤੇ ਵਪਾਰਕ ਯਰਾਨਿਆਂ ਦੇ ਵੇਰਵੇ ਉਨ੍ਹਾਂ ਤੋਂ ਇਕੱਤਰ ਕਰਨ ਤੇ ਫਿਰ ਦਿੱਲੀ ਦੇ ਸਿੱਖ ਵੋਟਰਾਂ ਦੇ ਪੰਜਾਬ ਰਹਿੰਦੇ ਜੋਟੀਦਾਰਾਂ ਬਾਰੇ ਪਤਾ ਕਰਨ ਕਿ ਉਹ ਦਿੱਲੀ ਦੇ ਇਨ੍ਹਾਂ ਵੋਟਰਾਂ ਨੂੰ ਕਿੰਨਾ ਤੇ ਕਿਵੇਂ ਬਾਦਲਕਿਆਂ ਦੇ ਹੱਕ ਵਿਚ ਤਿਆਰ ਕਰ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਦੂਤਾਂ ਨੇ ਏਨਾ ਵਧੀਆ ‘ਧਰਮ ਪ੍ਰਚਾਰ’ ਕੀਤਾ ਕਿ ਦਿੱਲੀ ਦੇ 70-80 ਫ਼ੀ ਸਦੀ ਸਿੱਖ ਵੋਟਰਾਂ ਬਾਰੇ ਪਤਾ ਲਾ ਲਿਆ ਕਿ ਪੰਜਾਬ ਵਿਚ ਰਹਿੰਦੇ ਉਨ੍ਹਾਂ ਦੇ ਕਿਹੜੇ ਕਿਹੜੇ ‘ਲਿੰਕ’ ਉਨ੍ਹਾਂ ਨੂੰ ਬਾਦਲਾਂ ਦੇ ਹੱਕ ਵਿਚ ਵੋਟ ਪਵਾ ਕੇ ‘ਧਰਮ ਪ੍ਰਚਾਰ’ ਮੁਹਿੰਮ ਨੂੰ ਸਫ਼ਲ ਕਰ ਸਕਦੇ ਹਨ। ਬੜੀ ਦੇਰ ਤੋਂ ਕਾਬਜ਼ ਚਲੇ ਆ ਰਹੇ ਸਰਨਾ ਭਰਾਵਾਂ ਨੂੰ ਸੁਝ ਵੀ ਨਹੀਂ ਸੀ ਸਕਦਾ ਕਿ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਦਾ ‘ਧਰਮ ਪ੍ਰਚਾਰ’ ਦਿੱਲੀ ਵਿਚ ਵੀ ਕਰ ਕੇ, ਉਨ੍ਹਾਂ ਨੂੰ ਚਾਰੋਂ ਸ਼ਾਨੇ ਚਿਤ ਕਰ ਦੇਣਗੇ।
Sukhbir Badal
ਹੁਣ ਦਿੱਲੀ ਕਮੇਟੀ ਦੇ ਮੌਜੂਦਾ ‘ਸਰਦਾਰਾਂ’ ਨੇ ਉਸੇ ਪ੍ਰਕਾਰ ਦਾ ‘ਧਰਮ ਪ੍ਰਚਾਰ’ ਪੰਜਾਬ ਵਿਚ ਕਰਨ ਲਈ ਅੰਮ੍ਰਿਤਸਰ ਵਿਚ ਦਫ਼ਤਰ ਖੋਲ੍ਹ ਦਿਤੇ ਹਨ। ਬੀਜੇਪੀ ਸਰਕਾਰ ਦਾ ਥਾਪੜਾ ਉਨ੍ਹਾਂ ਨੂੰ ਪ੍ਰਾਪਤ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਦਿੱਲੀ ਕਮੇਟੀ ਦੇ ‘ਧਰਮ ਪ੍ਰਚਾਰਕ’ ਸਾਰੇ ਪੰਜਾਬ ’ਚੋਂ ਏਨੇ ਸਿੱਖ ਵੋਟਰ ਜ਼ਰੂਰ ਲੱਭ ਲੈਣਗੇ ਜਿਹੜੇ ਦਿੱਲੀ ਦੇ ਅਪਣੇ ‘ਲਿੰਕਾਂ’ ਅਥਵਾ ਦੋਸਤਾਂ, ਮਿਤਰਾਂ, ਰਿਸ਼ਤੇਦਾਰਾਂ ਦੇ ਅਸਰ ਹੇਠ, ਪੰਜਾਬ ਵਿਚ ਵੋਟਾਂ ਉਨ੍ਹਾਂ ਨੂੰ ਪਾ ਦੇਣਗੇ ਜਿਨ੍ਹਾਂ ਨੂੰ ਪਾ ਦੇਣ ਲਈ ਬੀਜੇਪੀ ਇਸ਼ਾਰਾ ਕਰੇਗੀ। ਭੁਲੇਖਾ ਨਾ ਰਹੇ, ਗੱਲ 2024 ਦੀਆਂ ਚੋਣਾਂ ਦੀ ਨਹੀਂ, ਛੇਤੀ ਹੀ ਹੋਣ ਵਾਲੀਆਂ ਗੁਰਦਵਾਰਾ ਚੋਣਾਂ ਦੀ ਹੈ। ਜਿਹੜਾ ਫ਼ਾਰਮੂਲਾ ਸੁਖਬੀਰ ਬਾਦਲ ਨੇ ਦਿੱਲੀ ਵਿਚ ਵਰਤਿਆ ਸੀ, ਉਹੀ ਹੁਣ ਪੰਜਾਬ ਵਿਚ, ਦਿੱਲੀ ਵਾਲੇ ਵਰਤਣ ਜਾ ਰਹੇ ਹਨ।
Harjinder Dhami
ਇਸੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੰਮ੍ਰਿਤਸਰ ਵਿਚ ਦਿੱਲੀ ਵਾਲਿਆਂ ਦੇ ‘ਧਰਮ ਪ੍ਰਚਾਰ’ ਦੀ ਵਿਰੋਧਤਾ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਦਿੱਲੀ ਵਿਚ ਸੁਖਬੀਰ ਬਾਦਲ ਦੀ ਕਮਾਨ ਹੇਠ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਹੜਾ ‘ਧਰਮ ਪ੍ਰਚਾਰ’ ਕੀਤਾ ਸੀ ਤੇ ਕਿਵੇਂ ਸਰਨਿਆਂ ਨੂੰ ਦਿਨੇ ਤਾਰੇ ਵਿਖਾ ਦਿਤੇ ਸਨ। ਉਂਜ ਧਰਮ ਪ੍ਰਚਾਰ, ਕੋਈ ਇਲਾਕੇ ਨਾਲ ਨਹੀਂ ਜੁੜਿਆ ਹੁੰਦਾ ਕਿ ਫ਼ਲਾਣਾ ‘ਦਾਦਾ’, ਫ਼ਲਾਣੇ ‘ਦਾਦੇ’ ਦੇ ਇਲਾਕੇ ਵਿਚ ਪੈਰ ਨਹੀਂ ਰੱਖ ਸਕਦਾ। ਇਹ ਤਾਂ ਭੁੱਲੇ ਭਟਕੇ ਲੋਕਾਂ ਨੂੰ ਧਰਮ ਦੇ ਲੜ ਲਾਉਣ ਦਾ ਯਤਨ ਹੁੰਦਾ ਹੈ ਤੇ ਕੋਈ ਵੀ, ਕਿਤੇ ਵੀ ਕਰ ਸਕਦਾ ਹੈ।
Harjinder Dhami
ਪਰ ਜਦ ਨਿਸ਼ਾਨਾ ਇਹ ਹੋਵੇ ਕਿ ‘ਧਰਮ ਪ੍ਰਚਾਰ’ ਦੇ ਬਹਾਨੇ, ਵਿਰੋਧੀ ਦੀਆਂ ਵੋਟਾਂ ਕਿਵੇਂ ਤੋੜਨੀਆਂ ਹਨ ਤੇ ਉਸ ਨੂੰ ਗੱਦੀਉਂ ਹੇਠਾਂ ਕਿਵੇਂ ਲਾਹੁਣਾ ਹੈ ਤਾਂ ‘ਧਰਮ ਪ੍ਰਚਾਰ’ ਦਾ ਤਾਂ ਬਹਾਨਾ ਹੀ ਬਣਾਇਆ ਜਾਂਦਾ ਹੈ। ਪਿਛਲੀ ਅੱਧੀ ਸਦੀ ਵਿਚ ਇਹ ਵੋਟਾਂ ਵਾਲਾ ਤੇ ਬਹਾਨਿਆਂ ਵਾਲਾ ਧਰਮ ਪ੍ਰਚਾਰ ਹੀ ਹੁੰਦਾ ਆਇਆ ਹੈ, ਅਸਲ ਧਰਮ ਪ੍ਰਚਾਰ ਕਿਵੇਂ ਕਰੀਦਾ ਹੈ ਇਹ ਤਾਂ ਹੁਣ ਧਰਮ ਪ੍ਰਚਾਰਕਾਂ ਨੂੰ ਵੀ ਭੁੱਲ ਚੁੱਕਾ ਹੋਵੇਗਾ। ਧਰਮ ਉਤੇ ਸਿਆਸਤਦਾਨਾਂ ਦਾ ਕੁੰਡਾ ਕਾਇਮ ਰਿਹਾ ਤੇ ਵੋਟਾਂ ਰਾਹੀਂ ਗੁਰਦਵਾਰਿਆਂ ਦੇ ਪ੍ਰਬੰਧਕ ਚੁਣੇ ਜਾਂਦੇ ਰਹੇ ਤਾਂ ਧਰਮ ਵੀ ਅਜਾਇਬਘਰਾਂ ਜਾਂ ਲਾਇਬਰੇਰੀਆਂ ਵਿਚ ਹੀ ਵੇਖਿਆ ਪੜਿ੍ਹਆ ਜਾਣ ਵਾਲਾ ਵਿਸ਼ਾ ਬਣ ਕੇ ਰਹਿ ਜਾਏਗਾ। ਸੰਭਲ ਜਾਉ, ਧਰਮ ਦੇ ਅਸਲ ਪ੍ਰਚਾਰਕੋ!