ਕ੍ਰਿਕਟ ਬੋਰਡ ਦੇ ਫ਼ੈਸਲੇ ਭਾਰਤੀ ਸਿਆਸਤ ਤੋਂ ਵੱਧ ਪ੍ਰੇਰਿਤ ਹੁੰਦੇ ਹਨ, ਖੇਡ ਜਜ਼ਬੇ ਤੋਂ ਘੱਟ।
ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਦਾ ਇਹ ਕਥਨ ਪੂਰਾ ਦਰੁਸਤ ਹੈ ਕਿ ਬੰਗਲਾਦੇਸ਼ ਨਾਲ ਕ੍ਰਿਕਟ ਤੋਂ ਉਪਜਿਆ ਵਿਵਾਦ ਭਾਰਤ ਵਲੋਂ ‘ਆਪੇ ਸਹੇੜੀ ਮੁਸੀਬਤ’’ ਹੈ। ਉਨ੍ਹਾਂ ਦਾ ਤਰਕ ਹੈ ਕਿ ਇਸ ਵਿਵਾਦ ਕਾਰਨ ‘‘ਚਿੱਬ ਭਾਰਤ ਦੇ ਅਕਸ ਉੱਤੇ ਪਿਆ ਹੈ, ਬੰਗਲਾਦੇਸ਼ ਦੇ ਨਹੀਂ। ਬੜਾ ਗ਼ਲਤ ਸੁਨੇਹਾ ਕ੍ਰਿਕਟ ਜਗਤ ਨੂੰ ਗਿਆ ਹੈ ਕਿ ਭਾਰਤੀ ਸੋਚ ਵਿਸ਼ਾਲ ਨਹੀਂ, ਸੰਕੀਰਣ ਹੈ। ਥਰੂਰ ਨੇ ਅਜਿਹੀਆਂ ਟਿੱਪਣੀਆਂ ਰਾਹੀਂ ਉਨ੍ਹਾਂ ਭਾਰਤੀਆਂ ਦੇ ਜਜ਼ਬਾਤ ਦੀ ਤਰਜਮਾਨੀ ਕੀਤੀ ਹੈ ਜਿਹੜੇ ਮਹਿਸੂਸ ਕਰਦੇ ਹਨ ਕਿ ਭਾਰਤ ਨੂੰ ਅਪਣੇ ਕੌਮਾਂਤਰੀ ਤੇ ਦੱਖਣ ਏਸ਼ਿਆਈ ਰੁਤਬੇ ਮੁਤਾਬਿਕ ਸਫ਼ਾਰਤੀ ਸੂਝ ਦਿਖਾਉਣੀ ਚਾਹੀਦੀ ਸੀ ਅਤੇ, ਘੱਟੋਘੱਟ, ਖੇਡਾਂ ਦੇ ਖੇਤਰ ਵਿਚ ਤਾਂ ਬੰਗਲਾਦੇਸ਼ ਨਾਲ ਸਬੰਧ ਵਿਗਾੜਨ ਤੋਂ ਬਚਣਾ ਚਾਹੀਦਾ ਸੀ।
ਇਹ ਅਫ਼ਸੋਸ ਦੀ ਗੱਲ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸੋਸ਼ਲ ਮੀਡੀਆ ’ਤੇ ਸਰਗਰਮ ਕੁੱਝ ਤੱਤੇ ਅਨਸਰਾਂ ਅਤੇ ਚੰਦ ਮੁਜ਼ਾਹਰਾਕਾਰੀਆਂ ਦੀ ਮੰਗ ਅੱਗੇ ਝੁਕਦਿਆਂ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਰਗੀ ਟੀਮ ਨੂੰ ਬੰਗਲਾਦੇਸ਼ੀ ਹਰਫ਼ਨਮੌਲਾ ਮੁਸਤਫ਼ਿਜ਼ੁਰ ਰਹਿਮਾਨ ਨਾਲੋਂ ਨਾਤਾ ਤੋੜਨ ਲਈ ਮਜਬੂਰ ਕੀਤਾ। ਮੁਸਤਫ਼ਿਜ਼ੁਰ ਨੂੰ ਕੇ.ਕੇ.ਆਰ. ਨੇ ਦਸੰਬਰ 2025 ਵਿਚ ਅਬੂ ਧਾਬੀ ਵਿਚ ਹੋਈ ਨਿਲਾਮੀ ਦੌਰਾਨ 9.20 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਉਹ ਇਕੋਇਕ ਬੰਗਲਾਦੇਸ਼ੀ ਖਿਡਾਰੀ ਸੀ ਜਿਸ ਨੂੰ ਉਕਤ ਨਿਲਾਮੀ ਵਿਚ ਕਿਸੇ ਆਈ.ਪੀ.ਐਲ. ਟੀਮ ਨੇ ਖ਼ਰੀਦਿਆ। ਇਸ ਨਿਲਾਮੀ ਤੋਂ 15 ਦਿਨ ਬਾਅਦ ਸੋਸ਼ਲ ਮੀਡੀਆ ਉੱਤੇ ਕੇ.ਕੇ.ਆਰ. ਟੀਮ ਦੇ ਮਾਲਕ (ਫ਼ਿਲਮ ਅਭਿਨੇਤਾ) ਸ਼ਾਹਰੁਖ਼ ਖ਼ਾਨ ਖ਼ਿਲਾਫ਼ ਇਹ ਮੁਹਿੰਮ ਸ਼ੁਰੂ ਹੋ ਗਈ ਕਿ ਬੰਗਲਾਦੇਸ਼ ਵਿਚ ਹਿੰਦੂਆਂ ਦੇ ਕਤਲ ਹੋ ਰਹੇ ਹਨ, ਪਰ ਸ਼ਾਹਰੁਖ਼ ਖ਼ਾਨ ਉਨ੍ਹਾਂ ਨੂੰ ਨਿੰਦਣ ਦੀ ਥਾਂ ਬੰਗਲਾਦੇਸ਼ੀ ਖਿਡਾਰੀ ਨੂੰ ਕਰੋੜਾਂ ਰੁਪਏ ਨਾਲ ਨਵਾਜ਼ ਰਿਹਾ ਹੈ।
ਅਜਿਹੀਆਂ ਪੋਸਟਾਂ ਤੇ ਚੰਦ ਮੁਜ਼ਾਹਰਿਆਂ ਨੂੰ ਮਾਰਚ ਮਹੀਨੇ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਲਈ ‘ਖ਼ਤਰਾ’ ਮੰਨਦਿਆਂ ਬੀ.ਸੀ.ਸੀ.ਆਈ. ਨੇ ਕੇ.ਕੇ.ਆਰ. ਨੂੰ ਹੁਕਮ ਦਾਗ਼ ਦਿਤਾ ਕਿ ਮੁਸਤਫ਼ਿਜ਼ੁਰ ਨੂੰ ਟੀਮ ਵਿਚੋਂ ਖਾਰਿਜ ਕਰ ਦਿਤਾ ਜਾਵੇ। ਅਜਿਹਾ ਹੁਕਮ ਜਾਰੀ ਕਰਨ ਤੋਂ ਪਹਿਲਾਂ ਆਈ.ਪੀ.ਐਲ. ਦੀ ਪ੍ਰਬੰਧਕੀ ਕਮੇਟੀ ਜਾਂ ਬੀ.ਸੀ.ਸੀ.ਆਈ. ਦੀ ਪੂਰੀ ਕਾਰਜਕਾਰਨੀ ਨੂੰ ਭਰੋਸੇ ਵਿਚ ਲੈਣਾ ਵੀ ਵਾਜਬ ਨਹੀਂ ਸਮਝਿਆ ਗਿਆ। ਕੇ.ਕੇ.ਆਰ. ਵਲੋਂ ਇਸ ਹੁਕਮ ਦੀ ਪਾਲਣਾ ਨੂੰ ਬੰਗਲਾਦੇਸ਼ ਸਰਕਾਰ ਨੇ ਅਪਣੀ, ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਤੇ ਮੁਸਤਫ਼ਿਜ਼ੁਰ ਦੀ ਬੇਇੱਜ਼ਤੀ ਕਰਾਰ ਦਿਤਾ। ਬੀ.ਸੀ.ਬੀ. ਨੇ ਕੌਮਾਂਤਰੀ ਕ੍ਰਿਕਟ ਕਾਨਫ਼ਰੰਸ (ਆਈ.ਸੀ.ਸੀ.) ਤੋਂ ਮੰਗ ਕੀਤੀ ਕਿ 7 ਫ਼ਰਵਰੀ ਤੋਂ ਭਾਰਤ ਤੇ ਸ੍ਰੀਲੰਕਾ ਦੀ ਸਹਿ-ਮੇਜ਼ਬਾਨੀ ਵਾਲੇ ਟੀ-20 ਵਿਸ਼ਵ ਕੱਪ ਦੇ ਬੰਗਲਾਦੇਸ਼ ਨਾਲ ਸਬੰਧਤ ਸਾਰੇ ਮੈਚ ਸੁਰੱਖਿਆ ਕਾਰਨਾਂ ਕਰ ਕੇ ਭਾਰਤ ਦੀ ਬਜਾਇ ਸ੍ਰੀਲੰਕਾ ਵਿਚ ਇੰਤਜ਼ਾਮੇ ਜਾਣ। ਨਾਲ ਹੀ ਬੰਗਲਾਦੇਸ਼ ਸਰਕਾਰ ਨੇ ਆਈ.ਪੀ.ਐਲ. ਦੇ ਸਾਰੇ ਮੈਚਾਂ ਦੇ ਬੰਗਲਾਦੇਸ਼ ਵਿਚ ਪ੍ਰਸਾਰਨ ਉਪਰ ਵੀ ਰੋਕ ਲਾ ਦਿਤੀ।
ਇਹ ਸਾਰਾ ਘਟਨਾਕ੍ਰਮ ਜਿਸ ਤਰ੍ਹਾਂ ਵਾਪਰਿਆ, ਉਸ ਤੋਂ ਭਾਰਤੀ ਬੋਰਡ ਨਾਲ ਕਿਸੇ ਵੀ ਆਈ.ਸੀ.ਸੀ. ਮੈਂਬਰ ਦੇਸ਼ ਦੀ ਹਮਦਰਦੀ ਨਾ ਹੋਣਾ ਸੁਭਾਵਿਕ ਹੀ ਹੈ। ਇਹ ਸਹੀ ਹੈ ਕਿ ਕੌਮਾਂਤਰੀ ਕ੍ਰਿਕਟ ਵਿਚ ਭਾਰਤ, ਖੇਡ ਪੱਖੋਂ ਵੀ ਮਹਾਂਸ਼ਕਤੀ ਹੈ ਤੇ ਆਰਥਿਕ ਵਸੀਲਿਆਂ ਪੱਖੋਂ ਵੀ। ਆਈ.ਸੀ.ਸੀ. ਦੀ ਅੱਧੀ ਤੋਂ ਵੱਧ ਆਮਦਨ ਭਾਰਤੀ ਸਰਗਰਮੀਆਂ ਤੇ ਪ੍ਰਸਾਰਨ ਹੱਕਾਂ ਦੇ ਜ਼ਰੀਏ ਹੁੰਦੀ ਹੈ। ਇਸੇ ਲਈ ਇੰਗਲੈਂਡ, ਆਸਟਰੇਲੀਆ ਜਾਂ ਦੱਖਣੀ ਅਫ਼ਰੀਕਾ ਵਰਗੀਆਂ ਕ੍ਰਿਕਟ ਸ਼ਕਤੀਆਂ ਵੀ ਭਾਰਤੀ ਬੋਰਡ ਦੇ ਪੈਂਤੜਿਆਂ ਦਾ ਖੁਲ੍ਹ ਕੇ ਵਿਰੋਧ ਨਹੀਂ ਕਰਦੀਆਂ। ਪਰ ਜਿਸ ਢੰਗ ਨਾਲ ਦੱਖਣੀ ਏਸ਼ੀਆ ਦੀ ਸਿਆਸਤ ਨੂੰ ਕ੍ਰਿਕਟ ਦੇ ਪਿੜ ਵਿਚ ਵੀ ਸਿਆਸੀ ਅਖਾੜਾ ਬਣਾਇਆ ਜਾ ਰਿਹਾ ਹੈ, ਉਹ ਅਫ਼ਸੋਸਨਾਕ ਵੀ ਹੈ ਅਤੇ ਸ਼ਰਮਨਾਕ ਵੀ। ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਕ੍ਰਿਕਟ ਸਬੰਧ 2012-13 ਤੋਂ ਠੱਪ ਹਨ। ਪਿਛਲੇ ਸਾਲ ਤੋਂ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਨੇ ਵੀ ਪਾਕਿਸਤਾਨ ਨਾਲ ਦੁਵੱਲੇ ਸਬੰਧ ਤੋੜਨ ਦਾ ਐਲਾਨ ਕੀਤਾ ਹੋਇਆ ਹੈ। ਹੁਣ ਬੰਗਲਾਦੇਸ਼ ਤੇ ਭਾਰਤ ਦਰਮਿਆਨ ਰਿਸ਼ਤਾਕੁਸ਼ੀ, ਅੰਧਰਾਸ਼ਟਰੀ ਅਨਸਰਾਂ ਦੇ ਹਿਰਦੇ ਤਾਂ ਠਾਰ ਸਕਦੀ ਹੈ, ਕ੍ਰਿਕਟ ਦੀ ਰੂਹ ਨੂੰ ਹਰ ਪੱਖੋਂ ਠੇਸ ਪਹੁੰਚਾ ਰਹੀ ਹੈ।
ਇਹ ਵੀ ਇਕ ਵਿਡੰਬਨਾ ਹੈ ਕਿ ਜਿਸ ਮੁਸਤਫ਼ਿਜ਼ੁਰ ਨੂੰ ਸਾਡੇ ਸੋਸ਼ਲ ਮੀਡੀਆ ਜੰਗਜੂਆਂ ਨੇ ਅਪਣੀ ਨਫ਼ਰਤ ਦਾ ਨਿਸ਼ਾਨਾ ਬਣਾਇਆ, ਉਹ ਬੰਗਲਾਦੇਸ਼ ਦੇ ਅੰਧਰਾਸ਼ਟਰਵਾਦੀਆਂ ਦੀ ਨਫ਼ਰਤ ਇਸ ਕਾਰਨ ਝੱਲਦਾ ਆ ਰਿਹਾ ਸੀ ਕਿ ਉਸ ਦੇਸ਼ ਦੀ ਗੱਦੀਉਂ-ਲਾਹੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਉਹ ਪ੍ਰਸ਼ੰਸਕ ਸੀ ਅਤੇ ਉਨ੍ਹਾਂ ਦੀ ਪਾਰਟੀ ‘ਅਵਾਮੀ ਲੀਗ’ ਦੀਆਂ ਖੇਡ ਸਰਗਰਮੀਆਂ ਨਾਲ ਜੁੜਿਆ ਰਿਹਾ ਸੀ। 30 ਵਰਿ੍ਹਆਂ ਦੇ ਇਸ ਖੱਬੂ ਤੇਜ਼ ਗੇਂਦਬਾਜ਼ (ਤੇ ਨਾਲ ਹੀ ਖੱਬੂ ਬੱਲੇਬਾਜ਼) ਨੂੰ ਕੌਮੀ ਟੀਮ ਵਿਚੋਂ ਖਾਰਿਜ ਕੀਤੇ ਜਾਣ ਦੀ ਮੰਗ ਸਾਲ ਭਰ ਤੋਂ ਭਾਰਤ-ਵਿਰੋਧੀ ਕੱਟੜਵਾਦੀ ਪਾਰਟੀ ‘ਜਮਾਤ-ਇ-ਇਸਲਾਮੀ’ ਵਲੋਂ ਕੀਤੀ ਜਾ ਰਹੀ ਸੀ। ਇਹ ਸਹੀ ਹੈ ਕਿ ਬੰਗਲਾਦੇਸ਼ ਵਿਚ ਹਿੰਦੂ-ਵਿਰੋਧੀ ਅਨਸਰ ਇਸ ਵੇਲੇ ਬਹੁਤ ਸਰਗਰਮ ਹਨ, ਪਰ ਸਮਾਜਿਕ ਪੱਖੋਂ ਇਹ ਨਿਘਾਰ ਏਨਾ ਸ਼ਦੀਦ ਨਹੀਂ ਕਿ ਇਸ ਨੂੰ ਹਿੰਦੂਆਂ ਦਾ ਕਤਲੇਆਮ ਮੰਨਿਆ ਜਾਵੇ।
ਇਸੇ ਸਥਿਤੀ ਕਰ ਕੇ ਹੀ ਬੰਗਲਾਦੇਸ਼ ਦੀ ਟੀ-20 ਕ੍ਰਿਕਟ ਟੀਮ ਦਾ ਕਪਤਾਨ ਲਿਟਨ ਦਾਸ ਹਿੰਦੂ ਹੈ। ਅਜਿਹੇ ਤੱਥ ਦਰਸਾਉਂਦੇ ਹਨ ਕਿ ਸਾਡੇ ਅੰਧਰਾਸ਼ਟਰੀ ਯੋਧੇ ਕਿੰਨੇ ਕੁ ‘ਗਿਆਨਵਾਨ’ ਹਨ। ਆਈ.ਸੀ.ਸੀ. ਦੇ ਮੁਖੀ ਜੈ ਸ਼ਾਹ ਹਨ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਹਨ। ਜੈ ਅਪਣੇ ਮੌਜੂਦਾ ਰੁਤਬੇ ਉੱਤੇ ਭਾਰਤੀ ਬੋਰਡ ਦੇ ਦਬਦਬੇ ਸਦਕਾ ਪਹੁੰਚੇ। ਭਾਰਤੀ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਭਾਵੇਂ ਮਿਥੁਨ ਮਨਹਾਸ ਹਨ, ਪਰ ਇਸ ਹਕੀਕਤ ਤੋਂ ਅਸੀ ਵਾਕਿਫ਼ ਹੀ ਹਾਂ ਕਿ ਅਸਲ ਤਾਕਤ ਜੈ ਸ਼ਾਹ ਦੇ ਹੱਥਾਂ ਵਿਚ ਕੇਂਦ੍ਰਿਤ ਹੈ। ਇਸੇ ਲਈ ਕ੍ਰਿਕਟ ਬੋਰਡ ਦੇ ਫ਼ੈਸਲੇ ਭਾਰਤੀ ਸਿਆਸਤ ਤੋਂ ਵੱਧ ਪ੍ਰੇਰਿਤ ਹੁੰਦੇ ਹਨ, ਖੇਡ ਜਜ਼ਬੇ ਤੋਂ ਘੱਟ। ਇਹ ਪਹੁੰਚ ਨਾ ਤਾਂ ਸਫ਼ਾਰਤੀ ਸਦਾਕਤ ਦਾ ਸਬੂਤ ਹੈ ਅਤੇ ਨਾ ਹੀ ਦੂਰਦਰਸ਼ੀ ਸੋਚ ਦਾ।
