
ਮੁਹੰਮਦ ਸਾਹਿਬ ਵਿਰੁਧ ਊਲ ਜਲੂਲ ਬੋਲਣ ਕਰ ਕੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਵਿਦੇਸ਼ ਵਿਚ ਸ਼ਰਮਿੰਦਾ ਹੋਣਾ ਪਿਆ ਜੋ ਸਾਰੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ
ਅੱਜ ਸਾਡੀਆਂ ਨਫ਼ਰਤ ਭਰੀਆਂ ਟਿਪਣੀਆਂ ਨੇ ਜਿਹੜਾ ਸੇਕ ਲਗਾਇਆ, ਉਸ ਨੇ ਵਿਦੇਸ਼ੀ ਧਰਤੀ ਤੇ ਦੇਸ਼ ਦੇ ਮਿੱਤਰ ਬਣਾਉਣ ਗਏ ਸਾਡੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਪਮਾਨ ਕਰਵਾ ਦਿਤਾ | ਪਰ ਇਹ ਅਪਮਾਨ ਸਿਰਫ਼ ਉਨ੍ਹਾਂ ਦਾ ਨਹੀਂ ਬਲਕਿ ਸਾਰੇ ਦੇਸ਼ ਦਾ ਹੋਇਆ ਹੈ | ਅਸੀ ਇਸ ਨਫ਼ਰਤ ਦੇ ਫੈਲਾਅ ਵਿਚ ਵੀ ਯੋਗਦਾਨ ਕਦੇ ਇਸ ਵਿਚ ਸ਼ਾਮਲ ਹੋ ਕੇ ਤੇ ਕਦੇ ਚੁੱਪ ਰਹਿ ਕੇ ਪਾਇਆ ਅਤੇ ਇਹ ਵੇਖਣਾ ਬਹੁਤ ਜ਼ਰੂਰੀ ਹੈ ਕਿ ਅੱਗੋਂ ਇਸ ਤਰ੍ਹਾਂ ਦੀ ਸ਼ਰਮਿੰਦਗੀ ਵੇਖਣ ਵਾਲੇ ਹਾਲਾਤ ਕਦੇ ਨਾ ਬਣਨ ਦਿਤੇ ਜਾਣ | ਪਹਿਲਾਂ ਅਪਣੇ ਘਰ ਵਿਚ ਇਸ ਤਰ੍ਹਾਂ ਦੇ ਅਨਸਰਾਂ ਨੂੰ ਚੁੱਪ ਕਰਵਾਉਣਾ ਸਰਕਾਰ ਵਾਸਤੇ ਬਹੁਤ ਜ਼ਰੂਰੀ ਹੈ |
M. Venkaiah Naidu
ਉਪ ਰਾਸ਼ਟਰਪਤੀ ਦੇ ਵਿਦੇਸ਼ੀ ਦੌਰੇ ਦੌਰਾਨ ਇਕ ਭਾਰਤੀ ਟੀ.ਵੀ. ਚੈਨਲ ਦੇ ਵਿਚਾਰ ਵਟਾਂਦਰੇ ਵਿਚ ਪੇਸ਼ ਕੀਤੇ ਉਲ ਜਲੂਲ ਵਿਚਾਰਾਂ ਕਾਰਨ ਬੜੀ ਸ਼ਰਮਿੰਦਗੀ ਝਲਣੀ ਪਈ | ਕੁਵੈਤ, ਉਮਾਨ, ਕਤਰ ਵਿਚ ਗਏ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਇਕ ਸਮਾਗਮ ਵੀ ਰੱਦ ਕਰ ਦਿਤਾ ਗਿਆ ਕਿਉਂਕਿ ਭਾਜਪਾ ਦੇ ਦੋ ਬੁਲਾਰਿਆਂ ਨੇ ਇਕ ਚੈਨਲ ਤੇ ਪੈਗ਼ੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਵਿਰੁਧ ਭੱਦੀ ਸ਼ਬਦਾਵਤੀ ਵਰਤੀ ਸੀ | ਇਨ੍ਹਾਂ ਵਿਚ ਇਕ ਨੂਪੁਰ ਸ਼ਰਮਾ ਹੈ ਜੋ ਟੀ.ਵੀ. ਚੈਨਲਾਂ ਉਤੇ ਵਿਚਾਰ ਵਟਾਂਦਰਿਆਂ ਵਿਚ ਕਾਫ਼ੀ ਊਲ ਜਲੂਲ ਬੋਲਦੀ ਹੈ |
ਇਹੋ ਜਿਹੇ ਕਈ ਨਾਮ ਹਨ ਜੋ ਅਕਸਰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਤੇ ਤਿੱਖਾ ਅਤੇ ਕੌੜਾ ਬੋਲਦੇ ਹਨ ਤੇ ਇਨ੍ਹਾਂ ਨੂੰ ਸੁਣਦਿਆਂ ਕਈ ਵਾਰ ਦਿਮਾਗ਼ ਵੀ ਚਕਰਾ ਜਾਂਦਾ ਹੈ | ਬੁਲਾਰਿਆਂ ਤੋਂ ਜ਼ਿਆਦਾ ਤਾਂ ਟੀ.ਵੀ. ਚੈਨਲਾਂ ਤੇ ਬੈਠੇ ਕਈ ਐਂਕਰ ਨਫ਼ਰਤ ਭਰੀਆਂ ਟਿਪਣੀਆਂ ਕਰਦੇ ਹਨ ਤੇ ਇਸ ਨਫ਼ਰਤ ਦੀ ਪੱਤਰਕਾਰੀ ਨੇ ਦੁਨੀਆਂ ਭਰ ਵਿਚ ਭਾਰਤ ਵਾਸਤੇ ਬਦਨਾਮੀ ਹੀ ਖੱਟੀ ਹੈ | ਇਨ੍ਹਾਂ ਦੀ ਇਕਤਰਫ਼ਾ ਨਫ਼ਰਤ ਭਰੀ ਪੱਤਰਕਾਰੀ ਨੇ ਸਾਡੇ ਸਾਰੇ ਪੱਤਰਕਾਰਾਂ ਨੂੰ ਗੋਦੀ ਮੀਡੀਆ ਦਾ ਨਾਮ ਦਿਵਾ ਦਿਤਾ ਹੈ |
Social Media
ਕਈ ਵਾਰ ਇਸ ਤਰ੍ਹਾਂ ਦੇ ਬੁਲਾਰਿਆਂ ਤੇ ਪੱਤਰਕਾਰਾਂ ਨੇ ਮਿਲ ਕੇ ਅਜਿਹੇ ਏਜੰਡੇ ਮੁਤਾਬਕ ਕੰਮ ਕੀਤਾ ਹੈ ਕਿ ਸੱਚ ਦਬ ਕੇ ਰਹਿ ਜਾਂਦਾ ਹੋਇਆ ਵੀ ਵੇਖਿਆ ਹੈ | ਜੇ ਇਸ ਤਰ੍ਹਾਂ ਦੀ ਨਫ਼ਰਤੀ ਸਾਂਝ ਵਿਰੁਧ ਪੰਜਾਬ ਹਰਿਆਣਾ ਦੇ ਕਿਸਾਨ ਇਕੱਠੇ ਹੋ ਕੇ ਮੁਕਾਬਲਾ ਨਾ ਕਰਨ ਤਾਂ ਅੱਜ ਖੇਤੀ ਕਾਨੂੰਨ ਵੀ ਲਾਗੂ ਹੋ ਸਕਦੇ ਸਨ | ਅੱਜ ਭਾਜਪਾ ਨੇ ਗੁੱਸੇ ਵਿਚ ਆਈਆਂ ਇਸਲਾਮਿਕ ਤਾਕਤਾਂ ਨੂੰ ਸ਼ਾਂਤ ਕਰਨ ਲਈ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ ਨੂੰ ਭਾਜਪਾ ਵਿਚੋਂ ਇਹ ਕਹਿੰਦੇ ਹੋਏ ਮੁਅੱਤਲ ਕੀਤਾ ਕਿ ਇਹ ਲੋਕ ਭਾਜਪਾ ਦੀ ਸੋਚ ਦੀ ਤਰਜਮਾਨੀ ਨਹੀਂ ਕਰਦੇ ਤੇ ਇਨ੍ਹਾਂ ਦਾ ਵਜੂਦ ਪਾਰਟੀ ਵਾਸਤੇ ਕੋਈ ਅਰਥ ਨਹੀਂ ਰਖਦਾ, ਇਹ ਗੱਲ ਅਸਲ ਵਿਚ ਅੱਜ ਕਈ ਬੁਲਾਰਿਆਂ ਉਤੇ ਲਾਗੂ ਹੁੰਦੀ ਹੈ |
M. Venkaiah Naidu
ਭਾਜਪਾ ਵਲੋਂ ਧਾਰਮਕ ਨਫ਼ਰਤ ਵਿਰੁਧ ਬਿਆਨ ਤਾਂ ਦੇ ਦਿਤਾ ਗਿਆ ਹੈ ਪਰ ਇਸੇ ਤਰ੍ਹਾਂ ਦੀ ਅਮਰੀਕਾ ਦੀ, ਘੱਟ ਗਿਣਤੀਆਂ ਦੇ ਹੱਕਾਂ ਦੇ ਰਾਖੀ ਕਰਨ ਵਾਲੀ ਸੰਸਥਾ ਦੀ ਟਿਪਣੀ ਨੂੰ ਪ੍ਰਾਪੇਗੰਡਾ ਆਖ ਵਾਰ-ਵਾਰ ਨਕਾਰਿਆ ਗਿਆ ਹੈ | ਅੱਜ ਮੁਸਲਿਮ ਦੇਸ਼ਾਂ ਉਤੇ ਭਾਰਤ ਦੀ ਤੇਲ ਬਾਰੇ ਨਿਰਭਰਤਾ ਨੇ ਭਾਰਤ ਨੂੰ ਝੱਟ ਮਾਫ਼ੀ ਮੰਗਣ ਲਈ ਮਜਬੂਰ ਕਰ ਦਿਤਾ ਹੈ ਪਰ ਕੀ ਇਸ ਦਾ ਅਸਰ ਅੱਗੇ ਵੀ ਵਿਖਾਈ ਦੇਵੇਗਾ? ਭਾਰਤ ਵਿਚ ਹਾਲ ਵਿਚ ਹੀ ਤਾਜ ਮਹਿਲ ਤੋਂ ਲੈ ਕੇ ਮਸਜਿਦਾਂ ਤੇ ਇਸੇ ਤਰ੍ਹਾਂ ਦੇ ਲੋਕਾਂ ਦੀਆਂ ਨਾ-ਮਾਕੂਲ ਟਿਪਣੀਆਂ ਲਗਾਤਾਰ ਚਲ ਰਹੀਆਂ ਹਨ ਤੇ ਮੁਸਲਮਾਨਾਂ ਨੂੰ ਅੱਜ ਭਾਰਤ ਵਿਚ ਖ਼ਤਰਾ ਮਹਿਸੂਸ ਹੋ ਰਿਹਾ ਹੈ |
Nupur sharma
ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਵਿਚ ਹਿੰਦੂ ਪੰਡਤਾਂ ਨੂੰ ਖ਼ਤਰਾ ਹੈ ਜਦਕਿ ਇਸ ਤਰ੍ਹਾਂ ਦੇ ਹਮਲੇ ਲਗਾਤਾਰ ਸਾਰੇ ਕਸ਼ਮੀਰੀਆਂ ਤੇ ਹੁੰਦੇ ਹਨ ਤੇ 2018 ਜਾਂ 2019 ਵਿਚ ਜਿੰਨੇ ਹਿੰਦੂ ਪੰਡਤਾਂ ਤੇ ਹਮਲੇ ਹੋਏ ਸਨ, ਉਨੇ ਹੀ ਇਸ ਸਾਲ ਹੋਏ ਹਨ | ਪਰ ਇਸ ਤਰ੍ਹਾਂ ਦੀ ਸੋਚ ਫੈਲਾ ਕੇ ਮੁਸਲਮਾਨਾਂ ਤੇ ਹਿੰਦੂਆਂ ਵਿਚ ਦਰਾੜਾਂ ਪੈਦਾ ਕੀਤੀਆਂ ਜਾ ਰਹੀਆਂ ਹਨ |
M. Venkaiah Naidu
ਸਾਡਾ ਸੰਵਿਧਾਨ ਸਾਰੇ ਹਿੰਦੁਸਤਾਨੀਆਂ ਵਾਸਤੇ ਬਰਾਬਰ ਹੈ ਤੇ ਸਰਕਾਰ ਦਾ ਏਜੰਡਾ ਵੀ 'ਸੱਭ ਦਾ ਸਾਥ, ਸੱਭ ਦਾ ਵਿਕਾਸ' ਹੈ | ਅੱਜ ਦੀ ਸੱਭ ਤੋਂ ਵੱਡੀ ਲੋੜ ਸਾਡੇ ਮੀਡੀਆ ਤੇ ਵਰਤੀ ਜਾਂਦੀ ਸ਼ਬਦਾਵਲੀ ਉਤੇ ਲਗਾਮ ਦੇਣ ਦੀ ਹੈ | ਨਫ਼ਰਤ ਦੀ ਅੱਗ ਬੇਕਾਬੂ ਹੋ ਜਾਂਦੀ ਹੈ ਤੇ ਨਫ਼ਰਤ ਨੂੰ ਪਾਲਣ ਵਾਲਾ ਆਪ ਸੱਭ ਤੋਂ ਪਹਿਲਾਂ ਝੁਲਸਦਾ ਹੈ | ਅੱਜ ਸਾਡੀਆਂ ਨਫ਼ਰਤ ਭਰੀਆਂ ਟਿਪਣੀਆਂ ਨੇ ਜਿਹੜਾ ਸੇਕ ਲਗਾਇਆ, ਉਸ ਨੇ ਵਿਦੇਸ਼ੀ ਧਰਤੀ ਤੇ ਦੇਸ਼ ਦੇ ਮਿੱਤਰ ਬਣਾਉਣ ਗਏ ਸਾਡੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਪਮਾਨ ਕਰਵਾ ਦਿਤਾ |
India
ਪਰ ਇਹ ਅਪਮਾਨ ਸਿਰਫ਼ ਉਨ੍ਹਾਂ ਦਾ ਨਹੀਂ ਬਲਕਿ ਸਾਰੇ ਦੇਸ਼ ਦਾ ਹੋਇਆ ਹੈ | ਅਸੀ ਇਸ ਨਫ਼ਰਤ ਦੇ ਫੈਲਾਅ ਵਿਚ ਵੀ ਯੋਗਦਾਨ ਕਦੇ ਇਸ ਵਿਚ ਸ਼ਾਮਲ ਹੋ ਕੇ ਤੇ ਕਦੇ ਚੁੱਪ ਰਹਿ ਕੇ ਪਾਇਆ ਅਤੇ ਇਹ ਵੇਖਣਾ ਬਹੁਤ ਜ਼ਰੂਰੀ ਹੈ ਕਿ ਅੱਗੋਂ ਇਸ ਤਰ੍ਹਾਂ ਦੇ ਅਪਮਾਨ ਵੇਖਣ ਵਾਲੇ ਹਾਲਾਤ ਕਦੇ ਨਾ ਬਣਨ ਦਿਤੇ ਜਾਣ | ਪਹਿਲਾਂ ਅਪਣੇ ਘਰ ਵਿਚ ਇਸ ਤਰ੍ਹਾਂ ਦੇ ਅਨਸਰਾਂ ਨੂੰ ਚੁੱਪ ਕਰਵਾਉਣਾ ਸਰਕਾਰ ਵਾਸਤੇ ਬਹੁਤ ਜ਼ਰੂਰੀ ਹੈ |
-ਨਿਮਰਤ ਕੌਰ