Editorial: ਘੱਲੂਘਾਰਾ ਦਿਵਸ ਅਮਨ-ਚੈਨ ਨਾਲ ਜੁੜੇ ਅਹਿਮ ਸਬਕ...
Published : Jun 7, 2025, 6:41 am IST
Updated : Jun 7, 2025, 7:33 am IST
SHARE ARTICLE
Ghallughara Day, Important lessons related to peace and tranquility
Ghallughara Day, Important lessons related to peace and tranquility

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇਸ ਅਹਿਮ ਪਰ ਸ਼ੋਕਮਈ ਅਵਸਰ ਮੌਕੇ ਸਿੱਖ ਭਾਈਚਾਰੇ ਲਈ ਪੈਗ਼ਾਮ ਜਾਰੀ ਨਾ ਕਰ ਸਕਣਾ ਛੋਟੀ-ਮੋਟੀ ਘਟਨਾ ਨਹੀਂ।

ਘੱਲੂਘਾਰਾ ਦਿਵਸ ਸਮਾਗਮ ਦੌਰਾਨ ਅਮਨ-ਅਮਾਨ ਰਿਹਾ, ਇਹ ਤਸੱਲੀ ਵਾਲੀ ਗੱਲ ਹੈ। ਪਰ ਨਾਲ ਹੀ ਇਸ ਉਪਰਾਲੇ ਦਾ ਅਫ਼ਸੋਸਨਾਕ ਪੱਖ ਇਹ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਦੀ ਫ਼ਸੀਲ ਤੋਂ ਕੌਮ ਦੇ ਨਾਂਅ ਸੰਦੇਸ਼ ਦੇਣ ਦੀ ਰਵਾਇਤ ਨਹੀਂ ਨਿਭਾ ਸਕੇ। ਉਨ੍ਹਾਂ ਨੇ  ਤਖ਼ਤ ’ਤੇ ਹੋਏ ਸਮਾਗਮ ਦੀ ਸਮਾਪਤੀ ਮੌਕੇ ਅਰਦਾਸ ਕਰਨ ਦੀ ਰਸਮ ਨਿਭਾਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸੇ ਅਰਦਾਸ ਵਿਚ ਪੰਥ ਨੂੰ ਖ਼ੇਰੂੰ-ਖ਼ੇਰੂੰ ਕਰਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਦੁਆ ਕੀਤੀ ਅਤੇ ਦੇਸ਼-ਵਿਦੇਸ਼ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਖ਼ਿਲਾਫ਼ ਆਵਾਜ਼ ਉਠਾਉਂਦਿਆਂ ਸਮੁੱਚੀ ਕੌਮ ਨੂੰ ਅਪਣੇ ਵਡੇਰੇ ਹਿਤਾਂ ਦੀ ਖ਼ਾਤਿਰ ਇਕਮੁੱਠ ਹੋਣ ਦਾ ਸੱਦਾ ਵੀ ਦਿਤਾ।

ਉਨ੍ਹਾਂ ਨੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਅਕੀਦਤ ਭੇਟ ਕੀਤੀ, ਪਰ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਦੀ ਰਸਮ, ਇਸ ਸਮਾਗਮ ਦੌਰਾਨ ਸੁੱਖ-ਸ਼ਾਂਤੀ ਬਣਾਈ ਰੱਖਣ ਦੇ ਉਦੇਸ਼ ਖ਼ਾਤਿਰ ਆਪ ਅਦਾ ਨਹੀਂ ਕੀਤੀ। ਇਹ ਕਾਰਜ ਨਿਭਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ’ਤੇ ਛੱਡ ਦਿਤੀ। ਕਾਰਜਕਾਰੀ ਜਥੇਦਾਰ ਨੇ ਅਪਣੇ ਚੈਂਬਰ ਵਿਚੋਂ ਇਕ ਅਪੀਲ ਅਵੱਸ਼ ਜਾਰੀ ਕੀਤੀ। ਇਹ ਅਪੀਲ 40 ਸਾਲਾਂ ਤੋਂ ਚਲੀ ਆ ਰਹੀ ਪਰੰਪਰਾ ਨਾ ਨਿਭਾ ਸਕਣ ਬਾਰੇ ਸਪੱਸ਼ਟੀਕਰਨ ਹੀ ਸੀ। ਭਾਵੇਂ ਸਮਾਗਮ ਵਿਚ ਖ਼ੁਦ ਨੂੰ ਸਿੱਖੀ ਦੀਆਂ ਅਲੰਬਰਦਾਰ ਦੱਸਣ ਵਾਲੀਆਂ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਤੇ ਇਸ ਉਪਰ ਕਾਬਜ਼ ਧੜੇ ਦੀਆਂ ਸਖ਼ਤ ਮੁਖ਼ਾਲਿਫ਼ ਜਥੇਬੰਦੀਆਂ ਦੇ ਆਗੂਆਂ ਨੇ ਵੀ ਆਪੋ-ਅਪਣੇ ਹਮਾਇਤੀਆਂ ਸਮੇਤ ਹਾਜ਼ਰੀ ਭਰੀ, ਫਿਰ ਵੀ ਤੱਤੇ ਅਨਸਰਾਂ ਦੇ ਕਾਬੂ ਵਿਚ ਰਹਿਣ ਵਾਲੇ ਵਰਤਾਰੇ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਆਈਆਂ ਸੰਗਤਾਂ ਲਈ ਕੋਈ ਔਕੜ ਪੈਦਾ ਨਹੀਂ ਕੀਤੀ। ਇਹ ਵੀ ਇਸ ਸਮਾਗਮ ਦਾ ਇਕ ਸੁਖਾਵਾਂ ਪਹਿਲੂ ਸੀ।

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇਸ ਅਹਿਮ ਪਰ ਸ਼ੋਕਮਈ ਅਵਸਰ ਮੌਕੇ ਸਿੱਖ ਭਾਈਚਾਰੇ ਲਈ ਪੈਗ਼ਾਮ ਜਾਰੀ ਨਾ ਕਰ ਸਕਣਾ ਛੋਟੀ-ਮੋਟੀ ਘਟਨਾ ਨਹੀਂ। ਇਸ ਪ੍ਰਸਥਿਤੀ ਲਈ ਜਿੱਥੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ, ਉੱਥੇ ਉਸ ਦੀਆਂ ਵਿਰੋਧੀ ਜਥੇਬੰਦੀਆਂ ਦੇ ਆਗੂ ਵੀ ਬਰਾਬਰ ਦੇ ਕਸੂਰਵਾਰ ਹਨ। ਦਰਅਸਲ, ‘ਮਨ ਨੀਵਾਂ ਮਤ ਉੱਚੀ’ ਦਾ ਸਿਧਾਂਤ ਭਾਵੇਂ ਸਾਡੀਆਂ ਅਰਦਾਸਾਂ-ਜੋਦੜੀਆਂ ਦਾ ਅੰਗ ਜ਼ਰੂਰ ਹੈ, ਫਿਰ ਵੀ ਇਸ ਅਵਸਥਾ ਤਕ ਪੁੱਜਣ ਦੇ ਯਤਨ ਨਾਂ-ਮਾਤਰ ਹੀ ਰਹੇ ਹਨ। ਹੈਂਕੜ, ਹਉਮੈ, ਸੁਆਰਥ ਅਤੇ ਗੁਰ-ਮਰਿਆਦਾ ਦੀ ਅਣਦੇਖੀ ਵਰਗੀਆਂ ਅਲਾਮਤਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਸੁਭਾਅ ਤੇ ਸੋਚ ਉੱਤੇ ਇਸ ਹੱਦ ਤਕ ਹਾਵੀ ਹੋ ਚੁੱਕੀਆਂ ਹਨ ਕਿ ਪੰਥ ਉੱਤੇ ਭੀੜ ਪੈਣ ਵੇਲੇ ਜਾਂ ਸਿਰ ਜੋੜ ਕੇ ਪੰਥਕ ਹਿਤਾਂ ਉੱਤੇ ਸੁਹਿਰਦ ਵਿਚਾਰ-ਚਰਚਾ ਦੀ ਲੋੜ ਸਮੇਂ ਵੀ ਇਹ ਅਪਣੀ ‘ਹਓਂ’ ਤੋਂ ਉੱਚਾ ਉੱਠਣ ਲਈ ਤਿਆਰ ਨਹੀਂ ਹੁੰਦੇ। ਸਿੱਖ ਮਿਸਲਾਂ ਦੀ ਚੜ੍ਹਤ ਦੇ ਸਮਿਆਂ ਦੌਰਾਨ ਮਿਸਲਦਾਰ ਇਕ-ਦੂਜੇ ਦੇ ਜਾਨੀ ਦੁਸ਼ਮਣਾਂ ਵਾਂਗ ਪੇਸ਼ ਆਉਂਦੇ ਸਨ, ਪਰ ਪੰਥਕ ਸੰਕਟਾਂ ਜਾਂ ਸਰਬੱਤ ਖ਼ਾਲਸਾ ਸਮਾਗਮਾਂ ਦੌਰਾਨ ਉਹ ਨਿਰਸੁਆਰਥੀ ਢੰਗ ਨਾਲ ਇਕਜੁੱਟ ਹੋ ਜਾਇਆ ਕਰਦੇ ਸਨ।

ਹੁਣ ‘ਮੱਤ ਨੀਵੀਂ, ਮਨ ਉੱਚਾ’ ਵਾਲਾ ਅਮਲ ਹਰ ਆਗੂ ਤੇ ਹਰ ਜਥੇਬੰਦੀ ਦਾ ਅਕੀਦਾ ਬਣ ਗਿਆ ਹੈ। ਅਜਿਹੀ ਸਥਿਤੀ ਵਿਚ ਸੁੱਖ-ਸ਼ਾਂਤੀ ਬਣੀ ਰਹਿਣਾ ਵੀ ਅਪਣੇ ਆਪ ਵਿਚ ਇਕ ਪ੍ਰਾਪਤੀ ਜਾਪਦਾ ਹੈ। ਭਗਵੰਤ ਮਾਨ ਸਰਕਾਰ ਲਈ ਸੰਤੁਸ਼ਟੀ ਵਾਲੀ ਗੱਲ ਹੈ ਕਿ ਉਸ ਨੇ ਅੰਮ੍ਰਿਤਸਰ ਦਾ ਅਮਨ-ਚੈਨ ਭੰਗ ਨਹੀਂ ਹੋਣ ਦਿਤਾ। ਦੂਜੇ ਪਾਸੇ ‘ਦਲ ਖ਼ਾਲਸਾ’ ਵਰਗੀ ਜਥੇਬੰਦੀ ਦੇ ਪੈਰੋਕਾਰਾਂ ਦੀ ਗਿਣਤੀ ਭਾਵੇਂ ਸੀਮਤ ਜਹੀ ਹੈ, ਫਿਰ ਵੀ ਇਸ ਦੇ ‘ਬੰਦ’ ਦੇ ਸੱਦੇ ’ਤੇ ਅੰਮ੍ਰਿਤਸਰ ਸ਼ਹਿਰ, ਖ਼ਾਸ ਕਰ ਕੇ ਫ਼ਸੀਲ ਵਾਲੇ ਹਿੱਸੇ ਵਿਚ ਹੱਟੀਆਂ ਤੇ ਬਾਜ਼ਾਰ ਬੰਦ ਰਹਿਣਾ ਵੀ ਅਮਨ-ਚੈਨ ਦੀ ਬਰਕਰਾਰੀ ਵਿਚ ਸਹਾਈ ਸਾਬਤ ਹੋਇਆ।

‘ਬੰਦ’ ਲਾਗੂ ਕਰਵਾਉਣ ਲਈ ਜਥੇਬੰਦੀਆਂ ਦੇ ਕਾਰਕੁਨ, ਅਮੂਮਨ, ਹਿੰਸਾ  ’ਤੇ ਉਤਰ ਆਉਂਦੇ ਹਨ, ਪਰ ਅੰਮ੍ਰਿਤਸਰ-ਵਾਸੀਆਂ ਨੇ ਅਮਨ-ਚੈਨ ਦੀ ਖ਼ਾਤਿਰ ਸਮਝੌਤੇ ਕਰਨੇ ਸਿਖ ਲਏ ਹਨ। ਦਲ ਖ਼ਾਲਸਾ ਦੇ ਆਗੂਆਂ ਦੀ ਵੀ ਖ਼ਾਸੀਅਤ ਹੈ ਕਿ ਉਹ ਹਲੀਮੀ ਵਾਲੀ ਭਾਸ਼ਾ ਵਰਤਦੇ ਹਨ, ਡਰਾਵੇ ਵਾਲੀ ਨਹੀਂ। ਹਲੀਮੀ ਨੂੰ ਹੁੰਗਾਰਾ ਹਾਂ-ਪੱਖੀ ਰਹਿੰਦਾ ਹੈ; ਨਾਂਹ-ਮੁਖੀ ਨਹੀਂ। ਇਹੋ ਸਬਕ ਜੇਕਰ ਬਾਕੀ ਪੰਥਕ ਜਥੇਬੰਦੀਆਂ ਦੇ ਮੋਹਤਬਰ ਵੀ ਸਿੱਖ ਲੈਣ ਤਾਂ ਪੰਥਕ ਏਕੇ ਦੀ ਅਣਹੋਂਦ ਨਾਲ ਜੁੜਿਆ ਅੱਧਾ ਸੰਕਟ ਤਾਂ ਖ਼ੁਦ-ਬਖ਼ੁਦ ਹੱਲ ਹੋ ਜਾਵੇਗਾ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement