
ਸਪੋਕਮਸੈਨ ਅਦਾਰਾ ਪੰਜਾਬ ਅਤੇ ਪੰਥ ਦੇ ਹਿਤ ਵਿਚ ਜਾਣ ਬੁਝ ਕੇ ਬੋਲਦਾ ਹੈ ਅਤੇ ਇਹ ਇਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ।
ਬਾਦਲ ਅਕਾਲੀ ਦਲ ਦੇ ਇਕ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਪੋਕਸਮੈਨ ਅਦਾਰੇ ਵਿਰੁਧ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਵਿਰਸਾ ਸਿੰਘ ਵਲਟੋਹਾ ਅਕਸਰ ਆਪ ਬੇਨਤੀਆਂ ਕਰ ਕੇ ਅਪਣੀਆਂ ਖ਼ਬਰਾਂ ਰੋਜ਼ਾਨਾ ਸਪੋਕਸਮੈਨ ਅਤੇ ਸਪੋਕਸਮੈਨ ਟੀ.ਵੀ. ਉਤੇ ਲਗਵਾਉਂਦੇ ਰਹੇ ਅਤੇ ਕਈ ਸਾਲਾਂ ਤੋਂ ਇਹ ਇਸ ਅਖ਼ਬਾਰ ਤੇ ਸਪੋਕਸਮੈਨ ਟੀ.ਵੀ. ਚੈਨਲ ਪ੍ਰਤੀ ਸ਼ਰਧਾ ਜਤਾਂਦੇ ਰਹੇ। ਹੁਣ ਅਪਣੇ ਸਿਆਸੀ ਮਾਲਕਾਂ ਵਲੋਂ ਉਨ੍ਹਾਂ ਨੂੰ ਸ਼ਾਇਦ ਕੋਈ ਹੁਕਮ ਹੋਇਆ ਹੈ ਤੇ ਉਨ੍ਹਾਂ ਨੂੰ 18 ਸਾਲ ਪੁਰਾਣਾ ਪੁਜਾਰੀ ਫ਼ਤਵਾ ਯਾਦ ਆ ਗਿਆ ਹੈ ਤੇ ਉਹ ਅਕਾਲ ਤਖ਼ਤ ’ਤੇ ਅਪਣੀ ਸਜ਼ਾ ਲਗਵਾਉਣ ਲਈ ਇਹ ਕਹਿ ਕੇ ਤੁਰ ਪਏ ਕਿ ਅਣਜਾਣੇ ਵਿਚ ‘ਰੋਜ਼ਾਨਾ ਸਪੋਕਸਮੈਨ’ ਤੇ ਸਪੋਕਸਮੈਨ ਚੈਨਲ ਨਾਲ ਸਹਿਯੋਗ ਕਰਦੇ ਰਹੇ ਹਨ ਤੇ ਇਸ ਤਰ੍ਹਾਂ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਹੁਕਮਾਂ ਦੀ ਉਲੰਘਣਾ ਕਰਦੇ ਰਹੇ।
ਕਮਾਲ ਹੈ, ਇਹ ਲੋਕ (ਬਾਦਲ ਅਕਾਲੀ) ਕਿਸ ਗਾਚਨੀ (ਮਿੱਟੀ ਦੇ ਨਹੀਂ) ਦੇ ਬਣੇ ਹੋਏ ਹਨ ਕਿ ਸੌਦਾ ਸਾਧ ਦੇ ਡੇਰੇ ਜਾ ਕੇ ਮੱਥੇ ਟੇਕਣ ਮਗਰੋਂ ਵੀ ਇਨ੍ਹਾਂ ਨੇ ਇਹੋ ਜਿਹਾ ਕੋਈ ਬਹਾਨਾ ਲਾ ਕੇ ਅਕਾਲ ਤਖ਼ਤ ਵਾਲਿਆਂ ਨੂੰ ਮਾਫ਼ ਕਰ ਦੇਣ ਲਈ ਕਿਹਾ ਸੀ। ਇਹੋ ਜਿਹੇ ਲੋਕ ਪੰਥ ਦੀ ਜਥੇਦਾਰੀ ਤੇ ਪ੍ਰਤੀਨਿਧਤਾ ਕਰ ਰਹੇ ਹਨ ਜਿਨ੍ਹਾਂ ਨੂੰ ਕਈ ਕਈ ਸਾਲ ਤਕ ਇਹ ਪਤਾ ਹੀ ਨਹੀਂ ਲਗਦਾ ਕਿ ਉਹ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਹੁਣ ਉਹ ਅਕਾਲ ਤਖ਼ਤ ਤੇ ਖਿਮਾ ਯਾਚਨਾ ਲੈ ਕੇ ਪਹੁੰਚੇ ਹਨ। ਇਸ ਖਿਮਾ ਯਾਚਨਾ ਵਿਚ ਕਿਹਾ ਗਿਆ ਹੈ ਕਿ ‘‘ਮੈਂ ਅਨਜਾਣੇ ਵਿਚ ਸਪੋਕਸਮੈਨ ਅਦਾਰੇ ਨਾਲ ਸਬੰਧ ਰੱਖੀ ਰਖਿਆ ਆਦਿ...।’’
ਇਹ ਕੇਹੀ ਤਰਾਸਦੀ ਹੈ ਕਿ ਸਾਡੇ ਆਗੂ ਅਨਜਾਣ ਰਹਿਣ ਦੇ ਆਦੀ ਹੋ ਗਏ ਹਨ। ਇਹ ਅਨਜਾਣੇ ਵਿਚ ਸੌਦਾ ਸਾਧ ਦੇ ਦਰਬਾਰ ਵਿਚ ਜਾ ਕੇ ਵੋਟਾਂ ਵਾਸਤੇ ਮੱਥਾ ਟੇਕ ਆਉਂਦੇ ਹਨ ਪਰ ਜਦ ਹਾਰ ਜਾਂਦੇ ਹਨ ਤਾਂ ਫਿਰ ਆਖਦੇ ਹਨ ਕਿ ਸਾਡੇ ਤੋਂ ਅਨਜਾਣੇ ਵਿਚ ਗ਼ਲਤੀ ਹੋ ਗਈ। ਇਨ੍ਹਾਂ ਦੇ ਰਾਜ ਵਿਚ ਅਨਜਾਣੇ ਵਿਚ ਪੰਜਾਬ ਪੁਲਿਸ ਕੋਲੋਂ ਨਿਹੱਥੇ ਸਿੱਖਾਂ ਤੇ ਗੋਲੀਆਂ ਚਲਾਉਣ ਦੀ ਗ਼ਲਤੀ ਹੋ ਜਾਂਦੀ ਹੈ। ਅਨਜਾਣੇ ਵਿਚ ਇਨ੍ਹਾਂ ਦੇ ਰਾਜ ਵਿਚ ਪੰਜਾਬ ਵਿਚ ਮੀਡੀਆ, ਸ਼ਰਾਬ, ਰੇਤੇ ਤੇ ਕਬਜ਼ਾ ਹੋ ਜਾਂਦਾ ਹੈ। ਅਨਜਾਣੇ ਵਿਚ ਇਨ੍ਹਾਂ ਤੋਂ ਸਿੱਖ ਫ਼ਲਸਫ਼ੇ ਵਿਰੁਧ ਫ਼ੈਸਲੇ ਹੋ ਜਾਂਦੇ ਹਨ। ਅਨਜਾਣੇ ਵਿਚ ਇਨ੍ਹਾਂ ਗੁਰਸਿੱਖਾਂ ਦੇ ਪ੍ਰਬੰਧ ਹੇਠ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਂਦੀ ਹੈ। ਅਨਜਾਣੇ ਵਿਚ ਅਕਾਲੀ ਪ੍ਰਤੀਨਿਧ ਕਿਸਾਨ ਮਾਰੂ ਕਾਨੂੰਨਾਂ ਤੇ ਅਪਣੇ ਹਸਤਾਖਰ ਕਰ ਦੇਂਦਾ ਹੈ। ਫਿਰ ਅਨਜਾਣ ਵਿਚ ਹੀ ਇਹ ਹਰ ਥਾਂ ਇਸ ਕਾਨੂੰਨ ਦੀਆਂ ਸਿਫ਼ਤਾਂ ਕਰਦੇ ਫਿਰਦੇ ਹਨ (ਵੱਡੇ ਬਾਦਲ ਸਮੇਤ)।
ਅਨਜਾਣੇ ਵਿਚ ਪੰਜਾਬ ਦੇ ਖ਼ਜ਼ਾਨੇ ਦੀ ਦੁਰਵਰਤੋਂ ਹੋ ਜਾਂਦੀ ਹੈ ਅਤੇ ਅਨਜਾਣੇ ਵਿਚ ਹੀ ਉਸ ਦਾ ਫ਼ਾਇਦਾ ਇਨ੍ਹਾਂ ਦੇ ਸਮਰਥਕਾਂ ਨੂੰ ਮਿਲ ਜਾਂਦਾ ਹੈ। ਇਨ੍ਹਾਂ ਅਨਜਾਣੇ ਸਿੱਖ ਆਗੂਆਂ ਨੂੰ ਹੁਣ ਛੁੱਟੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਲੋਂ ਅਨਜਾਣੇ ਵਿਚ ਕੀਤੀਆਂ ਗ਼ਲਤੀਆਂ ਨੇ ਪੰਜਾਬ ਨੂੰ ਮਾਫ਼ੀਆ ਤੇ ਗੈਂਗਸਟਰਾਂ ਦਾ ਘਰ ਬਣਾ ਦਿਤਾ ਹੈ। ਵਿਰਸਾ ਸਿੰਘ ਵਲਟੋਹਾ ਇਕ ਕ੍ਰਾਂਤੀਕਾਰੀ ਸਿੱਖ ਆਗੂ ਸਨ ਜੋ ਪਿਛਲੇ 25-30 ਸਾਲਾਂ ਤੋਂ ਪੰਜਾਬ ਦੀ ਅਕਾਲੀ ਸਿਆਸਤ ਦਾ ਹਿੱਸਾ ਹਨ ਤੇ ਉਹ 18 ਸਾਲ ਤੋਂ ਸਪੋਕਸਮੈਨ ਵੀ ਪੜ੍ਹਦੇ ਆ ਰਹੇ ਹਨ ਜਿਸ ਵਿਚ ਇਨ੍ਹਾਂ ਨੂੰ ਅੱਜ ਤਕ ਕੋਈ ਇਤਰਾਜ਼ ਵਾਲੀ ਗੱਲ ਨਹੀਂ ਸੀ ਮਿਲੀ ਸਗੋਂ ਇੰਨੀ ਚੰਗੀ ਲਗਦੀ ਸੀ ਕਿ ਇਹ ਆਪ ਬੇਨਤੀਆਂ ਕਰ ਕਰ ਕੇ ਅਪਣੀਆਂ ਖ਼ਬਰਾਂ ਪ੍ਰਕਾਸ਼ਤ ਕਰਵਾਉਂਦੇ ਰਹੇ ਸਨ।
ਇਨ੍ਹਾਂ ਦੇ ਸਰਗਰਮ ਸਿਆਸੀ ਕਾਰਜਕਾਲ ਦੌਰਾਨ ਹੀ ਸਪੋਕਸਮੈਨ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਨੂੰ ਇਕ ਪੰਥਕ ਲੇਖਕ ਨੂੰ ਗ਼ਲਤ ਤੌਰ ਤੇ ਛੇਕਣ ਵਿਰੁਧ 2003 ਵਿਚ ਵਰਲਡ ਸਿੱਖ ਕਨਵੈਨਸ਼ਨ ਸੱਦਣ ਤੇ ਮਤਾ ਰੱਦ ਕਰਵਾਉਣ ਸਦਕਾ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ ਅਜੀਬ ਹੈ ਕਿ ਜਦ ਤਕ ਉਪਰੋਂ ਹੁਕਮ ਨਾ ਆਇਆ (17 ਸਾਲ ਬਾਅਦ) ਤਦ ਤਕ ਇਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਉਹ 17 ਸਾਲ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ ਕਰਦੇ ਆ ਰਹੇ ਹਨ। ਇਹ ਅਨਜਾਣਪੁਣਾ ਨਹੀਂ ਬਲਕਿ ਇਨ੍ਹਾਂ ਦੀ ਕਮਜ਼ੋਰ ਬੁੱਧੀ ਬਾਰੇ ਪਤਾ ਦੇਂਦਾ ਹੈ। ਅਸਲ ਵਿਚ ਇਹ ਅਨਜਾਣ ਨਹੀਂ ਹਨ ਸਗੋਂ ਅੱਜ ਜਾਣ ਬੁਝ ਕੇ ਨਾਟਕ ਕਰ ਰਹੇ ਹਨ।
ਇਹ ਜਾਣ ਬੁਝ ਕੇ 81 ਸਾਲ ਦੇ ਮੇਰੇ ਪਿਤਾ ਸ. ਜੋਗਿੰਦਰ ਸਿੰਘ ਸਬੰਧੀ 18 ਸਾਲ ਪੁਰਾਣਾ ਫ਼ਤਵਾ ਦੋਹਰਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ ਜਿਸ ਨੂੰ ਜਾਰੀ ਕਰਨ ਵਾਲੇ ‘ਜਥੇਦਾਰ’ ਵੇਦਾਂਤੀ ਤੇ ਅਕਾਲ ਤਖ਼ਤ ਦੇ ਕਈ ਜਥੇਦਾਰ ਨਿਜੀ ਗੱਲਬਾਤ ਵਿਚ ‘ਗ਼ਲਤ ਹੁਕਮਨਮਾਮਾ’ ਕਹਿੰਦੇ ਰਹੇ ਹਨ ਅਤੇ ਪਿਛਲੇ ‘ਜਥੇਦਾਰ’ ਗੁਰਬਚਨ ਸਿੰਘ ਤਾਂ ਆਪ ਸ. ਜੋਗਿੰਦਰ ਸਿੰਘ ਨੂੰ ਫ਼ੋਨ ਕਰ ਕੇ ਕਹਿ ਚੁੱਕੇ ਹਨ ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਐਲਾਨ ਕਰਦਾ ਹਾਂ ਕਿ ਤੁਸੀ ਕੋਈ ਭੁਲ ਨਹੀਂ ਸੀ ਕੀਤੀ ਤੇ ਭੁੱਲ ਵੇਦਾਂਤੀ ਨੇ ਕੀਤੀ ਸੀ ਜਿਸ ਨੇ ਕਾਲਾ ਅਫ਼ਗਾਨਾ ਦੀ ਤੁਹਾਡੇ ਵਲੋਂ ਮਦਦ ਕਰਨ ਤੋਂ ਚਿੜ ਕੇ ਇਹ ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ ਸੀ।’’ ਇਨ੍ਹਾਂ ਨੇ ਇਕ ਨਿਜੀ ਮੰਚ ਤੇ ਜਾਣ ਬੁਝ ਕੇ ਸਪੋਕਸਮੈਨ ਟੀ.ਵੀ. ਵਿਚ ਕੰਮ ਕਰਦੇ ਸਿੱਖਾਂ ਨੂੰ ਕੰਮ ਕਰਨ ਤੋਂ ਟੋਕਿਆ ਅਤੇ ਰੋਕਿਆ ਤੇ ਇਹ ਜਾਣਦੇ ਹਨ ਕਿ ਚੈਨਲ ਮੈਂ ਅਪਣੇ ਗਹਿਣੇ ਵੇਚ ਕੇ ਬਣਾਇਆ ਸੀ ਤੇ ਇਹ ਮੇਰਾ ਹੀ ਹੈ। ਇਹ ਜਾਣ ਬੁਝ ਕੇ ਲੋਕਾਂ ਦੀ ਆਵਾਜ਼ ਚੁਕਣ ਵਾਲੇ ਚੈਨਲ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਸੱਚ ਇਸ ਚੈਨਲ ਤੇ ਸਾਫ਼ ਦਿਸਦਾ ਹੈ।
ਸਪੋਕਮਸੈਨ ਅਦਾਰਾ ਪੰਜਾਬ ਅਤੇ ਪੰਥ ਦੇ ਹਿਤ ਵਿਚ ਜਾਣ ਬੁਝ ਕੇ ਬੋਲਦਾ ਹੈ ਅਤੇ ਇਹ ਇਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਜਿਹੜਾ ‘ਲੀਡਰ’ 18 ਸਾਲ ਪੁਰਾਣੇ ਫ਼ਤਵੇ ਨੂੰ ਫਰੋਲ ਕੇ ਦੁਬਾਰਾ ਵਾਰ ਕਰ ਰਿਹਾ ਹੈ, ਉਹ ਸਿਆਣਾ ਬੰਦਾ ਇਹ ਜ਼ਰੂਰ ਸਮਝ ਲਵੇ ਕਿ 18 ਸਾਲ ਵਿਚ ਸਪੋਕਸਮੈਨ ਕਿਥੇ ਪਹੁੰਚ ਗਿਆ ਹੈ ਤੇ ਇਸੇ ਹੀ ਸਮੇਂ ਵਿਚ ਸਪੋਕਸਮੈਨ ਨੂੰ ਖ਼ਤਮ ਕਰਦੇ ਕਰਦੇ ਆਪ ਇਹ ਕਿਥੇ ਪਹੁੰਚ ਗਏ ਹਨ। ਇਹ ਤਾਂ ਪੱਕੇ ਗੁਰਸਿੱਖ ਹੋਣ ਦਾ ਨਿਤ ਦਾਅਵਾ ਕਰਦੇ ਹਨ ਤੇ ਸ਼ਾਇਦ ਉਸ ਗੁਰੂ ਦੀ ਇਕ ਗੱਲ ਜ਼ਰੂਰ ਸਮਝਦੇ ਹੋਣਗੇ ਕਿ ‘ਜਾਕੋ ਰਾਖੇ ਸਾਂਈਆਂ ਮਾਰ ਸਕੇ ਨਾ ਕੋਇ।’
-ਨਿਮਰਤ ਕੌਰ