
ਭਾਜਪਾ ਵਿਚ ਬੜੇ ਪੁਰਾਣੇ ਵਫ਼ਾਦਾਰਾਂ ਨੂੰ ਛੱਡ ਕੇ ਭਾਜਪਾ ਨੇ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਭਾਜਪਾ ਦੀ ਅਗਵਾਈ ਸੌਂਪ ਦਿਤੀ ਹੈ।
ਪੰਜਾਬ ਭਾਜਪਾ ਦੀ ਅਗਵਾਈ ਸੁਨੀਲ ਜਾਖੜ ਨੂੰ ਸੌਂਪ ਦਿਤੀ ਗਈ ਹੈ ਜੋ ਕਿ ਪੰਜਾਬ ਦੇ ਉਹ ਪੁੱਤਰ ਹਨ ਜੋ ਪੰਜਾਬ ਨਾਲ ਰੂਹ ਤੋਂ ਪਿਆਰ ਕਰਦੇ ਹਨ ਪਰ ਫਿਰ ਵੀ ਮਾਂ ਧਰਤੀ ਤੇ ਉਨ੍ਹਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ ਨਿਰਾਸ਼ ਹੋ ਕੇ ਕਾਂਗਰਸ ਛੱਡ ਦਿਤੀ ਸੀ। ਪਰ ਹੁਣ ਸਵਾਲ ਇਹ ਹੈ ਕਿ ਕੀ ਉਹ ਪੰਜਾਬ ਭਾਜਪਾ ਦੇ ਟਕਸਾਲੀ ਮੈਂਬਰਾਂ ’ਚੋਂ ਕਈਆਂ ਦੀ ਨਾਰਾਜ਼ਗੀ ਦਾ ਸ਼ਿਕਾਰ ਬਣ ਕੇ ਹੋਰ ਨਿਰਾਸ਼ ਹੋ ਜਾਣਗੇ ਜਾਂ ਪੰਜਾਬ ਨਾਲ ਅਪਣੇ ਦਿਲੀ ਰਿਸ਼ਤੇ ਸਦਕਾ ਭਾਜਪਾ ਲਈ ਇਥੇ ਵੱਡੀ ਥਾਂ ਬਣਾ ਸਕਣਗੇ? ਭਾਜਪਾ ਵਿਚ ਬੜੇ ਪੁਰਾਣੇ ਵਫ਼ਾਦਾਰਾਂ ਨੂੰ ਛੱਡ ਕੇ ਭਾਜਪਾ ਨੇ ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਪੰਜਾਬ ਭਾਜਪਾ ਦੀ ਅਗਵਾਈ ਸੌਂਪ ਦਿਤੀ ਹੈ।
ਅੱਗੇ ਦੀ ਗੱਲ ਵਿਚਾਰਨ ਤੋਂ ਪਹਿਲਾਂ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਜਿਹੜੇ ਇਸ ਕੁਰਸੀ ਦੇ ਦਾਅਵੇਦਾਰ ਸਨ, ਦੇ ਅਨੁਸ਼ਾਸਨ ਤੇ ਪਾਰਟੀ ਦੇ ਫ਼ੈਸਲਿਆਂ ਨੂੰ ਹੱਸ ਕੇ ਕਬੂਲ ਕਰਨ ਦੀ ਸ਼ਕਤੀ ਨੂੰ ਸਤਿਕਾਰ ਦੇਣਾ ਬਣਦਾ ਹੈ। ਹਰਜੀਤ ਗਰੇਵਾਲ ਵਰਗੇ ਭਾਜਪਾ ਦੇ ਆਗੂ ਅਸਲ ਵਿਚ ਉਹ ਤਾਕਤ ਹਨ ਜੋ ਉਨ੍ਹਾਂ ਨੂੰ ਕਾਂਗਰਸ ਜਾਂ ਬਾਕੀ ਵਿਰੋਧੀ ਪਾਰਟੀਆਂ ਤੋਂ ਵਖਰਾ ਕਰਦੀ ਹੈ। ਏਕਨਾਥ ਸ਼ਿੰਦੇ, ਅਜੀਤ ਪਵਾਰ ਵਰਗੇ ਆਗੂ ਭਾਜਪਾ ਵਿਚ ਨਾ ਹੋਣ ਕਾਰਨ ਭਾਜਪਾ ਸ਼ਾਇਦ ਅਗਲੀਆਂ 2024 ਦੀਆਂ ਚੋਣਾਂ ਵੀ ਜਿੱਤ ਜਾਵੇ। ਇਸ ਨੂੰ ਅੰਧ ਭਗਤੀ ਆਖ ਲਵੋ ਜਾਂ ਅਨੁਸ਼ਾਸਨ ਪਰ ਵਿਰਲਾ ਹੀ ਕੋਈ ਭਾਜਪਾ ਨੇਤਾ ਅਪਣੀ ਪਾਰਟੀ ਤੋਂ ਨਾਰਾਜ਼ ਹੋ ਕੇ ਕਿਸੇ ਹੋਰ ਪਾਸੇ ਜਾਂਦਾ ਹੈ ਜਦਕਿ ਬਾਕੀ ਪਾਰਟੀਆਂ ਦੇ ਆਗੂ ਟਪੂਸੀਆਂ ਮਾਰਨ ਵਿਚ ਮਾਹਰ ਹੋ ਚੁੱਕੇ ਹਨ।
ਜਿਥੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੀ ਗੱਲ ਆਉਂਦੀ ਹੈ, ਉਨ੍ਹਾਂ ਅੱਗੇ ਜੋ ਚੁਨੌਤੀ ਹੈ, ਉਹ ਭਾਜਪਾ ਦੀ ਹਾਈਕਮਾਨ ਵਾਸਤੇ ਇਕ ਛੋਟਾ ਤਜਰਬਾ ਹੈ ਕਿਉਂਕਿ ਪੰਜਾਬ ਦੀਆਂ ਸੀਟਾਂ ਦੇ ਸਿਰ ’ਤੇ ਕੇਂਦਰ ਵਿਚ ਸਰਕਾਰਾਂ ਨਹੀਂ ਬਣਦੀਆਂ। ਪੰਜਾਬ ਨੂੰ ਭਾਜਪਾ ਸਮਝ ਹੀ ਨਹੀਂ ਪਾਈ ਭਾਵੇਂ ਉਨ੍ਹਾਂ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਹਨ, ਇਸ ਦਾ ਦਿਲ ਜਿੱਤਣ ਲਈ। ਪੰਜਾਬ ਵਿਚ ਵੀ, ਕਾਂਗਰਸ ਭਾਵੇਂ ਕਈਆਂ ਵਾਸਤੇ ਅਜੇ ਵੀ ਇੰਦਰਾ ਗਾਂਧੀ ਨਾਲ ਜੋੜੀ ਜਾਂਦੀ ਹੈ ਨਾਕਿ ਡਾ. ਮਨਮੋਹਨ ਸਿੰਘ ਨਾਲ। ਭਾਜਪਾ ਹਾਈਕਮਾਨ ਨੇ ਕਾਂਗਰਸੀਆਂ ਨੂੰ ਪੰਜਾਬ ਭਾਜਪਾ ਦੀ ਕਮਾਨ ਫੜਾ ਕੇ ਅਪਣੇ ਵਾਸਤੇ ਕਾਂਗਰਸੀ ਵਰਕਰਾਂ ਦਾ ਸਮਰਥਨ ਹਾਸਲ ਕਰਨ ਦਾ ਇਕ ਦਾਅ ਦਸਿਆ ਹੈ।
ਪਰ ਸੁਨੀਲ ਜਾਖੜ ਵਾਸਤੇ ਇਹ ਇਕ ਚੁਨੌਤੀ ਹੀ ਨਹੀਂ ਬਲਕਿ ਇਕ ਹੋਰ ਵੱਡੀ ਚੁਨੌਤੀ ਆਉਣ ਵਾਲੀ ਹੈ ਜੋ ਕਿ ਅਕਾਲੀ ਦਲ ਨਾਲ ਪੈਣ ਵਾਲੀ ਭਾਈਵਾਲੀ ਵਿਚੋਂ ਨਿਕਲੇਗੀ। ਜਲੰਧਰ ਚੋਣਾਂ ਵਿਚ ਸਿੱਧਾ ਸਾਦਾ ਗਣਿਤ ਇਹ ਇਸ਼ਾਰਾ ਕਰਦਾ ਸੀ ਕਿ ਭਾਜਪਾ ਜੇ ਅਕਾਲੀ ਦਲ ਨਾਲ ਹੁੰਦੀ ਤਾਂ ਉਹ ਜਿੱਤ ਸਕਦੇ ਸਨ, ਨਹੀਂ ਤਾਂ ਕਾਂਗਰਸ ਨੂੰ ਪਿੱਛੇ ਛੱਡ, ਦੂਜੇ ਨੰਬਰ ’ਤੇ ਆ ਸਕਦੇ ਸਨ। ਹੁਣ ਇਹ 2024 ਵਿਖਾਏਗਾ ਕਿ ਸਿਆਸਤ ਸਿੱਧਾ ਸਾਦਾ ਗਣਿਤ ਹੁੰਦਾ ਹੈ ਜਾਂ ਪੇਚੀਦਾ ਅਲਜਬਰਾ ਜਿਥੇ ਸਾਕਾਰਾਤਮਕ ਤੇ ਨਾਕਾਰਾਤਮਕ ਦੀ ਤਕਰਾਰ ਵਿਚ ਹਿਸਾਬ ਬਦਲ ਜਾਂਦੇ ਹਨ। ਜੇ ਅਕਾਲੀ ਦਲ ਨਾਲ ਸਾਂਝ ਬਣਦੀ ਹੈ ਤਾਂ ਮੁੜ ਤੋਂ 75-25 ਦੀ ਸਾਂਝ ਵਾਲੇ ਸੰਪੂਰਨ ਸੰਗਠਨ ਦੀਆਂ ਆਵਾਜ਼ਾਂ ਜ਼ਰੂਰ ਉਠਣਗੀਆਂ।
ਸੁਨੀਲ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ, ਬਤੌਰ ਕਾਂਗਰਸੀ, ਪੰਜਾਬ ਦੀ ਬੇਬਾਕ ਆਵਾਜ਼ ਸਨ ਜਿਨ੍ਹਾਂ ਦੇ ਨਾਂ ਨਾਲ ‘ਪਾਣੀਆਂ ਦੇ ਰਾਖੇ’ ਦਾ ਖ਼ੁਤਬਾ ਵਜਦਾ ਸੀ। ਜਦ ਡਬਲ ਇੰਜਣ ਦੀ ਗੱਲ ਹੁੰਦੀ ਹੈ ਤਾਂ ਭਾਜਪਾ ਉਤੇ ਇਲਜ਼ਾਮ ਲਗਦਾ ਸੀ ਕਿ ਉਹ ਅਕਾਲੀ ਦਲ ਨੂੰ ਅਪਣੇ ਏਜੰਡੇ ਵਾਸਤੇ ਇਸ ਇੰਜਣ ਦਾ ਇਸਤੇਮਾਲ ਕਰਦੀ ਹੈ। ਕੀ ਹੁਣ ਅਕਾਲੀ ਕੇਂਦਰ ਨੂੰ ਪੰਜਾਬ ਦੇ ਪਾਣੀਆਂ ਤੇ ਰਾਜਧਾਨੀ ਦੇ ਹੱਕ ਬਾਰੇ ਸੁਚੇਤ ਕਰਵਾ ਸਕਣਗੇ? ਕੀ ਉਹ ਪੰਜਾਬ ਦੇ ਹਿੱਸੇ ਆਰ.ਡੀ.ਏ. ਤੇ ਜੀਐਸਟੀ ਦਾ ਪੈਸਾ ਦਿਵਾ ਕੇ ਪੰਜਾਬੀਆਂ ਦੇ ਹੱਕ ਬਚਾਉਣਗੇ ਜਾਂ ਵਖਰੇ ਰੰਗ ਵਿਚ ਰੰਗੇ ਜਾਣਗੇ? ਸੁਨੀਲ ਜਾਖੜ ਤੋਂ ਬੜੀਆਂ ਉਮੀਦਾਂ ਨਾ ਸਿਰਫ਼ ਭਾਜਪਾ ਨੂੰ ਹਨ ਬਲਕਿ ਉਨ੍ਹਾਂ ਪੰਜਾਬੀਆਂ ਨੂੰ ਵੀ ਹਨ ਜੋ ਜਾਣਦੇ ਹਨ ਕਿ ਭਾਵੇਂ ਉਹ ਕਿਸੇ ਸਿੱਖ ਘਰ ਵਿਚ ਨਹੀਂ ਜਨਮੇ ਪਰ ਸਿੱਖੀ ਉਨ੍ਹਾਂ ਵਿਚ ਕਈ ਨੀਲੀਆਂ ਪੱਗਾਂ ਵਾਲਿਆਂ ਤੋਂ ਜ਼ਿਆਦਾ ਹੈ।
- ਨਿਮਰਤ ਕੌਰ