
ਬੰਦੀ ਸਿੰਘਾਂ ਦੀ ਰਿਹਾਈ ਲਈ, ਅਪਣੀ ਹੀ ਰਾਜਧਾਨੀ ਵਿਚ ਸਿੰਘਾਂ, ਸਿੰਘਣੀਆਂ ਦੀ ਇਸ ਤਰ੍ਹਾਂ ਬੇਕਦਰੀ ਹੁੰਦੇ ਵੇਖ, ਅੱਜ ਸੱਭ ਦੇ ਦਿਲਾਂ ਵਿਚ ਦਰਦ ਜ਼ਰੂਰ ਹੋਇਆ ਹੋਵੇਗਾ
ਅੱਜ ਚੰਡੀਗੜ੍ਹ ਤੇ ਮੋਹਾਲੀ ਵਿਚਕਾਰ ਤਣਾਅ ਪੂਰਨ ਸਥਿਤੀ ਬਣ ਗਈ ਜਦ ਸਿੱਖ ਜਥੇਬੰਦੀਆਂ ਦੇ ਪੰਜਾਬ ਦੀ ਰਾਜਧਾਨੀ ਵਿਚ ਦਾਖ਼ਲੇ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ ਦੰਗਾ ਪੁਲਿਸ (riot police) ਬੁਲਾ ਲਈ, ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ ਤੇ ਮਰਦ ਪੁਲਿਸ ਕਰਮਚਾਰੀਆਂ ਨੇ ਔਰਤਾਂ ’ਤੇ ਵੀ ਡਾਂਗਾਂ ਚਲਾ ਦਿਤੀਆਂ। ਜਦ ਅਕਾਲੀ ਦਲ ਵਲੋਂ ਵੱਡੀ ਰੈਲੀ ਕੱਢ ਕੇ ਚੰਡੀਗੜ੍ਹ ਦੀ ਸਰਹੱਦ ਤੇ ਹਿਰਾਸਤ ਵਿਚ ਲਿਆ ਗਿਆ ਸੀ ਤਾਂ ਇਕ ਵੀ ਡਾਂਗ ਨਹੀਂ ਚੱਲੀ ਸੀ ਕਿਉਂਕਿ ਐਸ.ਐਸ.ਪੀ. ਚਹਿਲ ਪੰਜਾਬ ਤੋਂ ਸਨ। ਅੱਜ ਗੱਲ ਵਖਰੀ ਹੈ ਤੇ ਪੰਜਾਬ ਤੋਂ ਰੋਸ ਪ੍ਰਗਟ ਕਰਨ ਆਏ ਲੋਕਾਂ ਨਾਲ ਰਾਜਧਾਨੀ ਵਿਚ ਕਿਸੇ ਨੂੰ ਕੋਈ ਹਮਦਰਦੀ ਨਹੀਂ।
ਖ਼ੈਰ! ਬੰਦੀ ਸਿੰਘਾਂ ਦੀ ਰਿਹਾਈ ਲਈ, ਅਪਣੀ ਹੀ ਰਾਜਧਾਨੀ ਵਿਚ ਸਿੰਘਾਂ, ਸਿੰਘਣੀਆਂ ਦੀ ਇਸ ਤਰ੍ਹਾਂ ਬੇਕਦਰੀ ਹੁੰਦੇ ਵੇਖ, ਅੱਜ ਸੱਭ ਦੇ ਦਿਲਾਂ ਵਿਚ ਦਰਦ ਜ਼ਰੂਰ ਹੋਇਆ ਹੋਵੇਗਾ। ਇਕ ਪਾਸੇ ਬੰਦੀ ਸਿੰਘਾਂ ਵਾਸਤੇ ਮੋਹਾਲੀ ਵਿਚ ਮੋਰਚਾ ਚਲ ਰਿਹਾ ਹੈ, ਦੂਜੇ ਪਾਸੇ ਬਰਗਾੜੀ ਵਿਚ ਸੁਖਰਾਜ ਸਿੰਘ ਅਪਣੇ ਪਿਤਾ ਵਾਸਤੇ ਨਿਆਂ ਲਈ ਡਟੇ ਬੈਠੇ ਹਨ ਤੇ ਤੀਜੇ ਪਾਸੇ ਕਿਸਾਨਾਂ ਦੀ ਲੜਾਈ ਜਾਰੀ ਹੈ। ਇਨ੍ਹਾਂ ਸੱਭ ਜ਼ਖ਼ਮਾਂ ਦਾ, ਆਉਣ ਵਾਲਾ ਕਲ, ਨਕੋਦਰ ਦੇ 38 ਯਾਦਗਾਰੀ ਦਿਵਸ ਵਾਂਗ, ਨਿਆਂ ਤੋਂ ਸਖਣਾ, ਬਜ਼ੁਰਗ ਮਾਂ-ਬਾਪ ਦੀ ਆਸ ਦੇ ਸਹਾਰੇ, ਵਿਦੇਸ਼ਾਂ ਵਿਚ ਮਨੀਂਦਾ ਹੋਇਆ ਦਿਸ ਰਿਹਾ ਹੈ। ਤੇ ਜਦ ਜ਼ਖ਼ਮ ਨੂੰ ਮਲ੍ਹਮ ਨਹੀਂ ਮਿਲਦੀ, ਕੁੱਝ ਆਪੇ ਸੁਕ ਜਾਂਦੇ ਹਨ ਤੇ ਕੁੱਝ ਬੇਕਾਬੂ ਗੁੱਸੇ ਦਾ ਰੂਪ ਧਾਰ ਲੈਂਦੇ ਹਨ, ਇਹੀ ਦਿਸ ਰਿਹਾ ਹੈ। ਇਹ ਸਾਨੂੰ ਹੀ ਨਹੀਂ ਬਲਕਿ ਸਾਰੀ ਦੁਨੀਆਂ ਨੂੰ ਦਿਸ ਰਿਹਾ ਹੈ ਤੇ ਸਾਰਾ ਭਾਰਤ ਵੀ ਅਣਦੇਖੀ ਨਹੀਂ ਕਰ ਸਕਦਾ।
ਪਰ ਹੱਲ ਕੱਢਣ ਵਾਸਤੇ ਕੋਈ ਵੀ ਕਦਮ ਚੁਕਣ ਲਈ ਤਿਆਰ ਨਹੀਂ। ਬਹੁਤ ਹੀ ਸੋਹਣੇ ਭਾਸ਼ਣ ਦਿਤੇ ਜਾਂਦੇ ਹਨ ਤੇ ਇਨ੍ਹਾਂ ਭਾਸ਼ਣਾਂ ਨੂੰ ਸੁਣ ਕੇ ਆਮ ਸਿੱਖ ਭਾਵੁਕ ਹੋ ਕੇ ਅਪਣੀ ਜਾਨ ਤਲੀ ’ਤੇ ਰੱਖ ਕੇ ਪਿੱਛੇ ਲੱਗ ਜਾਂਦੇ ਹਨ। ਪਰ ਅੰਤ ਵਿਚ ਨਿਕਲਦਾ ਕੀ ਹੈ? ਕੁੱਝ ਆਗੂ ਜ਼ਖ਼ਮਾਂ ਨੂੰ ਵਰਤ ਕੇ ਅਮੀਰ ਬਣ ਜਾਂਦੇ ਹਨ ਜਾਂ ਸਿਆਸਤ ਵਿਚ ਵੋਟਾਂ ਖਟ ਜਾਂਦੇ ਹਨ ਪਰ ਹੱਲ ਕੋਈ ਨਹੀਂ ਨਿਕਲਦਾ। ਜਿਹੜੇ ਨੌਜੁਆਨ ਕ੍ਰੋਧ ਵਿਚ ਹਿੰਸਾ ਦਾ ਰਾਹ ਫੜਦੇ ਹਨ, ਉਨ੍ਹਾਂ ਨੂੰ ਵੀ ਇਕ ਪਿਆਦਾ ਬਣਾ ਕੇ, ਵਰਤ ਕੇ ਸੁੱਟ ਦਿਤਾ ਜਾਂਦਾ ਹੈ ਜਾਂ ਖ਼ਤਮ ਕਰ ਦਿਤਾ ਜਾਂਦਾ ਹੈ।
ਅੱਜ ਜਿਹੜੇ ਮੁੱਦਿਆਂ ਵਾਸਤੇ ਸਿੱਖ ਕੌਮ ਖੜੀ ਹੈ, ਉਹ ਕਿਸੇ ਇਕ ਧੜੇ ਦੇ ਨਹੀਂ ਹਨ ਪਰ ਕੋਈ ਪਾਰਟੀ ਉਨ੍ਹਾਂ ਨਾਲ ਡੱਟ ਕੇ ਨਹੀਂ ਖੜੀ ਹੋਈ। ਅਕਾਲੀ ਦਲ ਨੇ ਜਦ ਤੋਂ ਅਪਣੇ ਆਗੂ ਬਿਕਰਮ ਮਜੀਠੀਆ ਨੂੰ ਜੇਲ ’ਚੋਂ ਕਢਵਾ ਲਿਆ ਹੈ, ਉਨ੍ਹਾਂ ਨੇ ਬੰਦੀ ਸਿੰਘਾਂ ਨੂੰ ਭੁਲਾ ਹੀ ਦਿਤਾ ਹੈ। ਖੜੇ ਹੋਣ ਵੀ ਕਿਸ ਤਰ੍ਹਾਂ, ਉਹ ਤਾਂ ਸੱਤਾ ਵਿਚ ਹੋਣ ਸਮੇਂ ਵੀ ਬੰਦੀ ਸਿੰਘਾਂ ਨੂੰ ਆਜ਼ਾਦ ਨਹੀਂ ਕਰਨਾ ਚਾਹੁੰਦੇ ਸਨ। ਬਰਗਾੜੀ ਦੇ ਮੁੱਦੇ ਤੇ ਨਾ ਅਕਾਲੀਆਂ ਨੇ ਇਨਸਾਫ਼ ਦਿਤਾ, ਨਾ ਹੀ ਕਾਂਗਰਸ ਨੇ ਤੇ ਉਨ੍ਹਾਂ ਨਕੋਦਰ ਕਾਂਡ ਦੇ ਮਾਮਲੇ ਤੇ ਵੀ ਨਹੀਂ ਦਿਤਾ। ‘ਆਪ’ ਸਰਕਾਰ ਨੇ ਨਿਆਂ ਦਾ ਦਾਅਵਾ ਤਾਂ ਕਰ ਦਿਤਾ ਪਰ ਜਿੱਤਣ ਤੋਂ ਬਾਅਦ ਉਹ ਅਕਾਲੀ-ਕਾਂਗਰਸ ਦੀਆਂ ਜਾਂਚਾਂ ਦੀ ਘੁੰਮਣ ਘੇਰੀ ਵਿਚ ਹੀ ਫਸੇ ਲਗਦੇ ਹਨ ਤੇ ਇਸ ਮੁੱਦੇ ਦੀ ਅਹਿਮੀਅਤ ਹੀ ਭੁੱਲ ਗਏ ਹਨ। ਜਿਵੇਂ ਸਿੱਖ ਨਸਲਕੁਸ਼ੀ 1984, ਨਕੋਦਰ, ਜੰਮੂ ਕਸ਼ਮੀਰ ਸਿੱਖ ਨਸਲਕੁਸ਼ੀ 2000, ਸਾਕਾ ਨੀਲਾ ਤਾਰਾ, ਬਰਗਾੜੀ ਕਾਂਡ, ਕਿਸਾਨੀ ਸੰਘਰਸ਼ (ਐਮ.ਐਸ.ਪੀ.) ਦੇ ਸੰਘਰਸ਼ਾਂ ਤੇ ਹੁਣ ਬੰਦੀ ਸਿੱਖਾਂ ਦੀ ਰਿਹਾਈ ਅੰਦੋਲਨ ਦਾ ਜੋ ਸਿੱਟਾ ਸਾਹਮਣੇ ਆ ਰਿਹਾ ਹੈ, ਇਹੀ ਕਿਹਾ ਜਾ ਸਕਦਾ ਹੈ ਕਿ ਨਾ ਤਾਂ ਕੇਂਦਰ ਤੇ ਨਾ ਹੀ ਪੰਜਾਬ ਦੇ ਸਿਆਸਤਦਾਨ ਹੀ ਲੋਕਾਂ ਦੇ ਨਾਲ ਹਨ, ਸਿਰਫ਼ ਇਸਤੇਮਾਲ ਕਰ ਕੇ ਇਨ੍ਹਾਂ ਨੂੰ ਪੌੜੀ ਬਣਾ ਕੇ ਅਖ਼ੀਰ ਭੁੰਜੇ ਸੁਟ ਦਿੰਦੇ ਹਨ ਤੇ ਬੱਸ! - ਨਿਮਰਤ ਕੌਰ