
ਇਹ ਮੁੱਦਾ ਕਿੰਨੀ ਵਾਰ ਚੁਕਿਆ ਗਿਆ ਹੈ ਤੇ ਹਰ ਸਿੱਖ ਜਿਸ ਦਾ ਦਿਲ ਸਿੱਖੀ ਨਾਲ ਜੁੜਿਆ ਹੁੰਦਾ ਹੈ, ਪ੍ਰਕਰਮਾ ਕਰਦੇ ਹੀ ਰੋ ਪੈਂਦਾ ਹੈ
Punjab Politics: ਅਕਾਲੀ ਦਲ ਸੰਯੁਕਤ ਦੀ ਅਕਾਲੀ ਦਲ ਬਾਦਲ ਵਿਚ ਵਾਪਸੀ ਹੋ ਗਈ ਹੈ ਤੇ ਇਸ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾਉਣ ਵਾਲਾ ਕਦਮ ਆਖਿਆ ਜਾ ਰਿਹਾ ਹੈ। ਇਕ ਚਿੰਤਿਤ ਵਰਗ ਹੈ ਜੋ ਅੱਜ ਮੰਨਦਾ ਹੈ ਕਿ ਪੰਜਾਬ ਵਿਚ ਸਿੱਖੀ ਖ਼ਤਰੇ ਵਿਚ ਹੈ। ਇਸ ਖ਼ਤਰੇ ਦਾ ਹਵਾਲਾ ਸਿਆਸਤਦਾਨ ਤਾਂ ਅਕਾਲੀ ਦਲ ਦੀਆਂ ਗ਼ਾਇਬ ਹੁੰਦੀਆਂ ਸੀਟਾਂ ਪ੍ਰਤੀ ਚਿੰਤਾ ਦਰਸਾ ਕੇ ਕਰ ਰਿਹਾ ਹੈ
ਪਰ ਅਸਲ ਚਿੰਤਾ ਐਸ.ਜੀ.ਪੀ.ਸੀ. ਦੇ ਗ਼ਾਇਬ ਹੁੰਦੇ ਵੋਟਰ ਹਨ। ਅਜੇ ਤਕ ਤਰੀਕਾਂ ਪਾ ਪਾ ਕੇ 30 ਲੱਖ ਵੋਟਰ ਵੀ ਦਸਤਖ਼ਤ ਕਰਨ ਲਈ ਨਹੀਂ ਮਨਾਏ ਜਾ ਸਕੇ ਜਦਕਿ ਸ਼੍ਰੋਮਣੀ ਕਮੇਟੀ ਦੀ ਸਾਰੀ ਫ਼ੌਜ ਹੀ ਇਹ ਕੰਮ ਕਰ ਰਹੀ ਹੈ ਤੇ ਅਪਣੀ ਮਰਜ਼ੀ ਨਾਲ ਸ਼ਾਇਦ ਹੀ ਕੋਈ ਵੋਟਰ ਬਣਿਆ ਹੋਵੇ। ਇਨ੍ਹਾਂ ਸਾਲਾਂ ਵਿਚ ਜੋ ਲੋਕ ਐਸ.ਜੀ.ਪੀ.ਸੀ. ਦੀ ਸੇਵਾ ਸੰਭਾਲ ਲਈ ਜ਼ਿੰਮੇਵਾਰ ਰਹੇ ਹਨ, ਉਨ੍ਹਾਂ ਨੂੰ ਸੋਚਣਾ ਪਵੇਗਾ ਕਿ ਅਜਿਹਾ ਕੀ ਕੀਤਾ ਜਾਏ ਜਿਸ ਨਾਲ ਸਿੱਖ ਉਨ੍ਹਾਂ ਦੇ ਰਾਜ ਵਿਚ ਅਪਣੇ ਗੁਰੂ ਘਰਾਂ ਦੀ ਸੰਭਾਲ ਵਿਚ ਸਰਗਰਮ ਹੋ ਕੇ ਹਿੱਸਾ ਲੈਣਾ ਸ਼ੁਰੂ ਕਰ ਦੇਣ?
ਮੀਰੀ ਪੀਰੀ ਦਾ ਹਵਾਲਾ ਦੇਂਦੇ ਹੋਏ ਹਰ ਵਾਰ ਸਿਆਸਤਦਾਨ ਨੂੰ ਸਿੱਖ ਧਰਮ ਵਿਚ ਜ਼ਿਆਦਾ ਅਹਿਮੀਅਤ ਦਿਤੀ ਜਾਂਦੀ ਹੈ ਪਰ ਜਿੰਨਾ ਸਿੱਖੀ ਦਾ ਨੁਕਸਾਨ ਇਨ੍ਹਾਂ ਸਿੱਖ ਸਿਆਸਤਦਾਨਾਂ ਨੇ ਕੀਤਾ ਹੈ, ਓਨਾ ਤਾਂ ਸ਼ਾਇਦ ਮਸੰਦਾਂ ਨੇ ਵੀ ਨਹੀਂ ਕੀਤਾ ਹੋਣਾ। ਮਸੰਦਾਂ ਨੇ ਗੁਰੂ ਘਰਾਂ ’ਤੇ ਕਬਜ਼ਾ ਕੀਤਾ ਸੀ ਪਰ ਅੱਜ ਦੇ ਪ੍ਰਬੰਧਕਾਂ ਤੇ ਜਥੇਦਾਰਾਂ ਨੇ ਸਿੱਖਾਂ ਨੂੰ ਸਿੱਖੀ ਤੋਂ ਹੀ ਦੂਰ ਕਰ ਦਿਤਾ ਹੈ।
ਜਥੇਦਾਰਾਂ ਤੇ ਗੁਰਦਵਾਰਾ ਪ੍ਰਬੰਧਕਾਂ ਬਾਰੇ ਸੋਚ ਸੋਚ ਕੇ ਉਨ੍ਹਾਂ ਦਾ ਮਨ ਖੱਟਾ ਹੋਈ ਜਾ ਰਿਹਾ ਹੈ ਤੇ ਉਹ ਵੋਟ ਪਾਉਣ ਵਿਚ ਵੀ ਦਿਲਚਸਪੀ ਲੈਣੋਂ ਹਟ ਚੁੱਕੇ ਹਨ। ਆਮ ਫ਼ਿਕਰਾ ਜੋ ਲੋਕ-ਸੱਥਾਂ ਵਿਚ ਸੁਣਿਆ ਜਾਂਦਾ ਹੈ, ਉਹ ਇਹੀ ਹੈ ਕਿ, ‘‘ਵੋਟਾਂ ਦੇ ਵਣਜਾਰੇ ਭਾਵੇਂ ਸਿਆਸਤ ਵਿਚ ਹੋਣ ਤੇ ਭਾਵੇਂ ਧਾਰਮਕ ਸੰਸਥਾਵਾਂ ਵਿਚ, ਉਹ ਇਤਬਾਰ-ਯੋਗ ਬਿਲਕੁਲ ਨਹੀਂ ਹੁੰਦੇ।’’
ਸਿਆਸਤਦਾਨ ਦੀ ਸੋਚ ਤਾਂ ਵੋਟਾਂ ਤਕ ਸੀਮਤ ਰਹਿ ਸਕਦੀ ਹੈ, ਇਹ ਉਨ੍ਹਾਂ ਦਾ ਪੇਸ਼ਾ ਹੈ ਪਰ ਜੇ ਅਸੀ ਸੋਚ ਲਿਆ ਕਿ ਇਨ੍ਹਾਂ ਵਿਚ ਧਰਮ ਵਾਸਤੇ ਕੁਰਸੀ ਤੋਂ ਜ਼ਿਆਦਾ ਪਿਆਰ ਹੋਵੇਗਾ ਤਾਂ ਗ਼ਲਤੀ ਸਾਡੀ ਹੋਵੇਗੀ ਤੇ ਪਿਛਲੇ ਦਹਾਕਿਆਂ ਵਿਚ ਇਹ ਸਾਬਤ ਵੀ ਹੋ ਗਿਆ ਹੈ। ਅਕਾਲੀ ਦਲ ਸੰਯੁਕਤ ਤੇ ਬਾਦਲ ਦੇ ਮਿਲਾਪ ਨੂੰ ਇਹ ਆਪ ਹੀ ਦੋ ਪ੍ਰਵਾਰਾਂ ਦਾ ਮੁੜ ਤੋਂ ਹੱਥ ਮਿਲਾਣਾ ਆਖ ਰਹੇ ਹਨ ਜਦਕਿ ਚਿੰਤਾ ਸਿੱਖੀ ਤੇ ਸਿੱਖ ਸਿਧਾਂਤਾਂ ਬਾਰੇ ਕਰਨ ਦੀ ਲੋੜ ਸੀ।
ਢੀਂਡਸਾ ਸਾਹਿਬ ਨੇ ਬੜੀ ਆਸਾਨੀ ਨਾਲ ਆਖ ਦਿਤਾ ਹੈ ਕਿ ਸੁਖਬੀਰ ਨੇ ਬਰਗਾੜੀ ਵਾਸਤੇ ਅਪਣੀ ਗ਼ਲਤੀ ਮੰਨ ਕੇ ਮਾਫ਼ੀ ਦੀ ਅਰਦਾਸ ਕਰ ਲਈ ਹੈ ਤੇ ਇਹ ਕਾਫ਼ੀ ਹੈ। ਕੀ ਅਸੀ ਬਰਗਾੜੀ ਵਿਚ ਇਕ ‘ਪੰਥਕ’ ਸਰਕਾਰ ਵਲੋਂ ਨਿਹੱਥੇ ਸਿੱਖਾਂ ’ਤੇ ਗੋਲੀ ਚਲਾਉਣ ਦੇ ਮਾਮਲੇ ਨੂੰ ਏਨੇ ਹਲਕੇ ਢੰਗ ਨਾਲ ਲੈ ਸਕਦੇ ਹਾਂ? ਜੇ ਉਹ ਮੰਨਦੇ ਹਨ ਕਿ ਦੋ ਨਿਹੱਥੇ ਸਿੰਘਾਂ ’ਤੇ ਗੋਲੀ ਚਲਾਉਣ ਦਾ ਆਦੇਸ਼, ਜਥੇਦਾਰ ਕਾਉਂਕੇ ਵਾਂਗ ਹੋਰ ਨੌਜੁਆਨਾਂ ਦੀ ਮੌਤ ਦਾ ਸੱਚ ਛੁਪਾਉਣਾ ਤੇ ਉਨ੍ਹਾਂ ਨੂੰ ਮਾਰਨ ਵਾਲੇ ਪੁਲਿਸ ਅਫ਼ਸਰਾਂ ਦੀਆਂ ਛਾਤੀਆਂ ’ਤੇ ਤਗ਼ਮੇ ਲਗਾ ਕੇ ਉਨ੍ਹਾਂ ਨੂੰ ਪੰਜਾਬ ਦੇ ਡੀਜੀਪੀ ਲਗਾਉਣਾ
ਗੁਰਬਾਣੀ ਦੇ ਪ੍ਰਸਾਰਨ ਦੇ ਏਕਾਧਿਕਾਰ ਤੇ ਸਿਆਸੀ ਕਬਜ਼ਾ, ਜਥੇਦਾਰਾਂ ਨੂੰ ਲਿਫ਼ਾਫ਼ਾ ਕਲਚਰ ਦਾ ਹਿੱਸਾ ਬਣਾ ਕੇ, ਸਿਆਸੀ ਰੰਜਸ਼ਾਂ ਕੱਢਣ ਲਈ ਸਿਆਸੀ ਤੇ ਅਨੇਕਾਂ ਫ਼ਤਵਿਆਂ ਸਮੇਤ ਹੋਰ ਮੁੱਦਿਆਂ ਨੂੰ ਇਸ ਗ਼ੈਰ-ਸੰਜੀਦਗੀ ਤੇ ਹਲਕੇ ਢੰਗ ਨਾਲ ਲਿਆ ਜਾਵੇਗਾ ਤਾਂ ਫਿਰ ਇਹ ਉਪਰਾਲੇ ਸਹੀ ਠਿਕਾਣੇ ਨਹੀਂ ਲੱਗਣ ਵਾਲੇ।
ਇਕ ਅਕਾਲੀ ਆਗੂ ਨਾਲ ਇਸ ਵਿਸ਼ੇ ’ਤੇ ਗੱਲਬਾਤ ਦੌਰਾਨ ਉਨ੍ਹਾਂ ਨੇ ਦਸਿਆ ਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਨੂੰ ਕੈਨੇਡਾ ਤੋਂ ਆਏ ਕਿਸੇ ਸੱਜਣ ਨੇ ਵਿਖਾਇਆ ਕਿ ਦਰਬਾਰ ਸਾਹਿਬ ਵਿਚ ਹੋਈ ਨਵੀਂ ਮੀਨਾਕਾਰੀ ਵੀ ਸਿੱਖੀ ਦਾ ਘਾਣ ਕਰਨ ਵਾਲੀ ਹੈ।
ਇਹ ਮੁੱਦਾ ਕਿੰਨੀ ਵਾਰ ਚੁਕਿਆ ਗਿਆ ਹੈ ਤੇ ਹਰ ਸਿੱਖ ਜਿਸ ਦਾ ਦਿਲ ਸਿੱਖੀ ਨਾਲ ਜੁੜਿਆ ਹੁੰਦਾ ਹੈ, ਪ੍ਰਕਰਮਾ ਕਰਦੇ ਹੀ ਰੋ ਪੈਂਦਾ ਹੈ। ਐਸੀ ਨੱਕਾਸ਼ੀ ਨੂੰ ਸਿੱਖੀ ਸਿਧਾਂਤਾਂ ਵਿਰੁਧ ਅਤੇ ‘ਬ੍ਰਾਹਮਣੀ ਕਲਚਰ’ ਦਾ ਪ੍ਰਚਾਰ ਕਰਦੇ ਵੇਖ ਕੇ ਵੀ ਇਨ੍ਹਾਂ ਆਗੂਆਂ ਨੂੰ ਇਹ ਨਜ਼ਰ ਕਿਉਂ ਨਹੀਂ ਆਇਆ? ਇਹ ਕਿਸ ਤਰ੍ਹਾਂ ਦੇ ਆਗੂ ਹਨ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਗੁਰੂ ਤੇ ਸਿੱਖਾਂ ਵਿਚ ਗ਼ਲਤ-ਫ਼ਹਿਮੀਆਂ ਤੇ ਦੂਰੀਆਂ ਸਿੱਖ ਸੰਸਥਾਵਾਂ ਵਲੋਂ ਹੀ ਪਾਈਆਂ ਗਈਆਂ ਤੇ ਇਨ੍ਹਾਂ ਨੂੰ ਸਮਝ ਹੀ ਨਹੀਂ ਆਈਆਂ ਜਾਂ ਕੀ ਉਹ ਸੱਤਾ ਦੇ ਪੰਘੂੜੇ ਦੇ ਝੂਟੇ ਲੈਂਦਿਆਂ ਐਸੇ ਗੁੰਮਸੁੰਮ ਹੋ ਜਾਂਦੇ ਹਨ ਕਿ ਤਿਜੋਰੀਆਂ ਭਰਨ ਵਿਚ ਹੀ ਮਸ਼ਰੂਫ਼ ਰਹਿੰਦੇ ਹਨ ਤੇ ਉਨ੍ਹਾਂ ਨੂੰ ਹੋਰ ਕਿਸੇ ਗੱਲ ਦੀ ਸੁਧ ਬੁਧ ਹੀ ਨਹੀਂ ਰਹਿੰਦੀ ਜਿਸ ਕਾਰਨ ਉਨ੍ਹਾਂ ਕੋਲੋਂ ਅਜਿਹੇ ਕਾਰੇ ਹੋ ਜਾਂਦੇ ਹਨ?
ਜੋ ਵੀ ਕਾਰਨ ਹਨ, ਅੱਜ ਸਥਿਤੀ ਨਾਜ਼ੁਕ ਹੈ ਤੇ ਮੋੜਾ ਮੰਗਦੀ ਹੈ ਪਰ ਸਿਆਸਤਦਾਨਾਂ ਤੇ ਉਨ੍ਹਾਂ ਦੇ ਥਾਪੇ ਧਾਰਮਕ ਨਾਇਕਾਂ ਤੋਂ ਸਿਧਾਂਤਕ ਪੁਨਰ ਸੁਰਜੀਤੀ ਦੀ ਆਸ ਰਖਣੀ ਸਹੀ ਨਹੀਂ ਹੋਵੇਗੀ। ਅੱਜ ਤਾਂ ਲੋੜ ਇਸ ਗੱਲ ਦੀ ਹੈ ਕਿ ਹਰ ਸਿਆਸਤਦਾਨ ਨੂੰ ਐਸਜੀਪੀਸੀ ਤੋਂ ਦੂਰ ਕਰ ਕੇ ਸਿਰਫ਼ ਪੰਥਕ ਸੋਚ ਵਾਲੇ ਸਿੱਖ ਹੀ ਅਗਵਾਈ ਕਰਨ ਜੋ ਹਰ ਇਕ ਨਾਲ ਸੰਵਾਦ ਰਚਾਉਣ ਤੇ ਸਮੂਹਕ ਚਿੰਤਨ ਨਾਲ ਅਗਲੇ ਪ੍ਰੋਗਰਾਮ ਉਲੀਕਣ। ਪਰ ਕੀ ਇਹ ਸਿਆਸਤਦਾਨਾਂ ਦੇ ਕਬਜ਼ੇ ਤੋਂ ਅਪਣੇ ਆਪ ਨੂੰ ਆਜ਼ਾਦ ਕਰ ਕੇ ਸੱਚੇ ਸਿੱਖ ਬਣਨ ਦਾ ਸਾਹਸ ਕਰ ਵੀ ਸਕਣਗੇ?
- ਨਿਮਰਤ ਕੌਰ