ਰਣਜੀਤ ਬਾਵਾ ਨੇ ਇਕ ਗੀਤ ਨੂੰ ਆਵਾਜ਼ ਦਿਤੀ ਹੈ ‘ਮੇਰਾ ਕੀ ਕਸੂਰ’ ਤੇ ਇਸ ਗੀਤ ਤੋਂ ਬਾਅਦ ਮੁੱਦਿਆਂ ਨੂੰ ਤਰਸਦੇ ਪੰਜਾਬੀ ਮੀਡੀਆ ਅਤੇ ਲੜਖੜਾ ਰਹੀ ਸਿਆਸਤ ਨੂੰ
ਰਣਜੀਤ ਬਾਵਾ ਨੇ ਇਕ ਗੀਤ ਨੂੰ ਆਵਾਜ਼ ਦਿਤੀ ਹੈ ‘ਮੇਰਾ ਕੀ ਕਸੂਰ’ ਤੇ ਇਸ ਗੀਤ ਤੋਂ ਬਾਅਦ ਮੁੱਦਿਆਂ ਨੂੰ ਤਰਸਦੇ ਪੰਜਾਬੀ ਮੀਡੀਆ ਅਤੇ ਲੜਖੜਾ ਰਹੀ ਸਿਆਸਤ ਨੂੰ ਇਕ ਮੁੱਦਾ ਮਿਲ ਗਿਆ ਹੈ ਕਿ ਇਹ ਇਕ-ਦੂਜੇ ਨੂੰ ਫਿਰ ਤੋਂ ਭੰਡਣ ਬੈਠ ਜਾਣ। ਰਣਜੀਤ ਬਾਵਾ ਨੇ ਇਸ ਗੀਤ ਦੇ ਲੇਖਕ ਬੀਰ ਸਿੰਘ ਦੀਆਂ ਸਤਰਾਂ ਨੂੰ ਆਵਾਜ਼ ਤਾਂ ਬੜੀ ਸੋਹਣੀ ਦਿਤੀ ਪਰ ਅਫ਼ਸੋਸ ਉਹ ਗੀਤਕਾਰ ਦੇ ਇਨਕਲਾਬੀ ਕਦਮ ਨਾਲ ਖੜਾ ਨਾ ਰਹਿ ਸਕਿਆ ਅਤੇ ਡਰਦਾ ਮਾਰਾ, ਦੂਜੇ ਦਿਨ ਹੀ ਮਾਫ਼ੀ ਮੰਗ ਕੇ ਗ਼ਾਇਬ ਹੋ ਗਿਆ। ਬੀਰ ਸਿੰਘ ਅਪਣੇ ਲਫ਼ਜ਼ਾਂ ਉਤੇ ਅਟੱਲ ਖੜਾ ਹੈ। ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸੋਚਾਂ ਨੂੰ ਅਪਣੇ ਗੀਤਾਂ ’ਚ ਪਰੋਂਦਾ ਆਇਆ ਹੈ।
ਬੀਰ ਸਿੰਘ ਨੇ ਇਨ੍ਹਾਂ ਸਤਰਾਂ ਵਿਚ ਨਾ ਸਿਰਫ਼ ਹਿੰਦੂ ਧਰਮ ਦੇ ਬਲਕਿ ਹਰ ਧਰਮ ਦੇ ਮੁਖੀਆਂ ਤੋਂ ਸਵਾਲ ਪੁਛਿਆ ਹੈ ਕਿ ਹਰ ਇਨਸਾਨ ਦੀ ਬਰਾਬਰੀ ਤੇ ਇਨਸਾਨੀਅਤ, ਜੇ ਧਰਮ ਦਾ ਅੰਗ ਨਹੀਂ ਤਾਂ ਬਾਕੀ ਸੱਭ ਰੀਤਾਂ ਦਾ ਮਾਨਵਤਾ ਨੂੰ ਕੀ ਫ਼ਾਇਦਾ ਹੈ? ਧਰਮ ਦੇ ਵਿਹੜੇ ਵਿਚ ਲਿਆ ਬਿਠਾਇਆ ਦੋਗਲਾਪਨ ਵੇਖ ਕੇ ਬੀਰ ਸਿੰਘ ਦੀ ਰੂਹ ਕੰਬੀ ਅਤੇ ਉਸ ਕਾਂਬੇ ਵਿਚੋਂ ਇਹ ਗੀਤ ਨਿਕਲਿਆ। ਅੱਜ ਬੀਰ ਸਿੰਘ ਦੀ ਹੀ ਰੂਹ ਨਹੀਂ ਬਲਕਿ ਕਈਆਂ ਦੀਆਂ ਰੂਹਾਂ ਕੰਬ ਰਹੀਆਂ ਹਨ। ਜੇ ਨਾ ਕੰਬਣ ਤਾਂ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਸੀਨੇ ਵਿਚ ਦਿਲ ਧੜਕਣੇ ਬੰਦ ਹੋ ਚੁੱਕੇ ਹਨ।
ਭੁੱਖਿਆਂ ਨੂੰ ਮਰਦਾ ਵੇਖ ਕੇ ਸਵਾਲ ਪੁਛਣਾ ਬਣਦਾ ਹੀ ਬਣਦਾ ਹੈ। ਜਦ ਨਰਾਤਿਆਂ ’ਚ ਘਿਉ ਦੇ ਦੀਵੇ ਬਾਲੇ ਜਾਂਦੇ ਹਨ ਤਾਂ ਸਵਾਲ ਪੁਛਣਾ ਬਣਦਾ ਹੀ ਬਣਦਾ ਹੈ। ਜਦ ਗਾਤਰਾ, ਜਨੇਊ ਪਾ ਕੇ ਤੇ ਲਾਲਚੀ ਬਣ ਕੇ ਗ਼ਰੀਬਾਂ ਦੇ ਮੂੰਹਾਂ ’ਚੋਂ ਰਾਸ਼ਨ ਖਿੱਚ ਕੇ ਅਪਣੇ ਘਰ ਭਰੇ ਜਾ ਰਹੇ ਹਨ ਤਾਂ ਸਵਾਲ ਪੁਛਣਾ ਬਣਦਾ ਹੀ ਬਣਦਾ ਹੈ। ਬੀਰ ਸਿੰਘ ਨੇ ਨਾ ਸਿਰਫ਼ ਹਿੰਦੂ ਵਿਹੜੇ ਵਿਚ ਖਿਲਰੇ ਦੋਗਲੇਪਨ ਤੇ ਸਵਾਲ ਚੁਕਿਆ ਹੈ ਬਲਕਿ ਸਿੱਖੀ ਦੇ ਵਿਹੜੇ ਵਿਚਲੇ ਦੋਗਲੇਪਨ ਅਥਵਾ ਗੋਤਾਂ ਅਨੁਸਾਰ ਬਣਾਏ ਗੁਰੂ ਘਰਾਂ ਉਤੇ ਵੀ ਸਵਾਲ ਚੁਕਿਆ ਹੈ। ਪਰ ਇਤਰਾਜ਼ ਕੇਵਲ ਸ਼ਿਵ ਸੈਨਾ ਨੇ ਕੀਤਾ ਅਤੇ ਪਰਚਾ ਵੀ ਦਰਜ ਕਰਵਾ ਦਿਤਾ।
ਇਸ ਨਾਲ ਸਵਾਲ ਬੀਰ ਸਿੰਘ ਦੀ ਕਲਮ ਉਤੇ ਨਹੀਂ ਬਲਕਿ ਸਾਡੀ ਸਹਿਣਸ਼ੀਲਤਾ ਉਤੇ ਉਠਦਾ ਹੈ। ਇਸ ਮਾਮਲੇ ਨੂੰ ਸ਼ਿਵ ਸੈਨਾ ਵਲੋਂ ਚੁੱਕੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਤਰਾਜ਼ ਇਸ ਗੀਤ ਉਤੇ ਏਨਾ ਨਹੀਂ ਜਿੰਨਾ ਇਕ ਸਿੱਖ ਵਲੋਂ ਇਹ ਗੀਤ ਲਿਖੇ ਜਾਣ ਦੀ ਹਿੰਮਤ ਕਰਨ ਉਤੇ ਹੈ ਅਤੇ ਅਖੌਤੀ ਨੀਵੀਆਂ ਜਾਤੀਆਂ ਦੇ ਜਜ਼ਬਾਤ ਨੂੰ ਅਪਣੀ ਆਵਾਜ਼ ਦੇਣਾ ਤਾਂ ਸੱਭ ਤੋਂ ਵੱਡਾ ਗੁਨਾਹ ਹੈ ਸ਼ਾਇਦ।
ਇਹੀ ਵਿਚਾਰ ਵਾਰ-ਵਾਰ ਲੇਖਕ, ਕਲਾਕਾਰ ਚੁਕਦੇ ਰਹਿੰਦੇ ਹਨ ਅਤੇ ਅਕਸ਼ੈ ਕੁਮਾਰ, ਪਰੇਸ਼ ਰਾਵਲ ਦੀ ਫ਼ਿਲਮ ‘ਓ ਮਾਈ ਗਾਡ’ ਵਿਚ ਵੀ ਕੋਈ ਕਸਰ ਨਹੀਂ ਸੀ ਛੱਡੀ ਗਈ ਪਰ ਉਸ ਵੇਲੇ ਇਨ੍ਹਾਂ ਨੂੰ ਮਾੜਾ ਨਹੀਂ ਸੀ ਲਗਿਆ। ਇਸ ਨਾਲ ਇਕ ਗੱਲ ਸਾਫ਼ ਹੈ ਕਿ ਸ਼ਿਵ ਸੈਨਾ ਜੋ ਵਾਰ ਵਾਰ ਆਖਦੀ ਹੈ ਕਿ ਸਿੱਖ ਤਾਂ ਹਿੰਦੂ ਧਰਮ ਦਾ ਹਿੱਸਾ ਹਨ, ਉਨ੍ਹਾਂ ਦੇ ਦਾਅਵੇ ਦਾ ਸੱਚ ਸਾਹਮਣੇ ਆ ਗਿਆ ਹੈ।
ਰਹੀ ਗੱਲ ਕਲਾਕਾਰਾਂ ਦੀ ਤਾਂ ਉਨ੍ਹਾਂ ਨੂੰ ਇਕ ਵਾਰ ਫਿਰ ਦਸ ਦਿਤਾ ਗਿਆ ਹੈ ਕਿ ਇਹ ਸਮਾਂ ਔਰੰਗਜ਼ੇਬ ਦੇ ਸਮੇਂ ਵਰਗਾ ਹੀ ਹੈ। ਬੀਰ ਸਿੰਘ ਅਪਣੇ ਆਪ ਨੂੰ ਨਾਨਕ ਦਾ ਪੁੱਤਰ ਦਸਦੇ ਹਨ ਅਤੇ ਬਾਬਾ ਨਾਨਕ ਨੇ ਇਹ ਜੀਵਨ ਜਾਚ ਉਸ ਸਮੇਂ ਦੱਸਣ ਦੀ ਹਿੰਮਤ ਕੀਤੀ ਸੀ ਜਦੋਂ ਮੁਗ਼ਲਾਂ ਦਾ ਰਾਜ ਸੀ ਤੇ ਧਾਰਮਕ ਕੱਟੜਵਾਦ ਸਿਖਰਾਂ ਤੇ ਸੀ, ਆਜ਼ਾਦ ਆਵਾਜ਼ ਨੂੰ ਫਰਕਣ ਦੀ ਇਜਾਜ਼ਤ ਨਹੀਂ ਸੀ।
ਅੱਜ 550 ਸਾਲਾਂ ਬਾਅਦ ਵੀ ਉਨ੍ਹਾਂ ਦੀ ਸੋਚ ਨੂੰ ਇਕ ਕਲਾਕਾਰ ਦੇ ਲਫ਼ਜ਼ਾਂ ਵਿਚ ਝਲਕਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਨਸਾਨੀਅਤ ਹਮੇਸ਼ਾ ਤੋਂ ਹੀ ਅਜਿਹੀ ਸੋਚ ਕਾਰਨ ਖ਼ਤਰੇ ਵਿਚ ਸੀ ਤੇ ਸਹੀ ਸੋਚ ਵਾਲਿਆਂ ਨੂੰ ਦਸਿਆ ਜਾ ਰਿਹਾ ਹੈ ਕਿ ਕੱਟੜਵਾਦ ਜਦ ਤਕ ਜੀਵਤ ਹੈ, ਇਹ ਸਦਾ ਹੀ ਖ਼ਤਰੇ ਵਿਚ ਰਹੇਗੀ। ਬਾਕੀ ਅੰਦਾਜ਼ਾ ਤੁਸੀ ਬੀਰ ਸਿੰਘ ਦੇ ਸ਼ਬਦਾਂ ਨੂੰ ਪੜ੍ਹ ਕੇ ਆਪ ਹੀ ਲਾ ਸਕਦੇ ਹੋ। ਇਹ ਕਵਿਤਾ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚ ਵੀ ਚੁੱਕੀ ਹੈ ਤੇ ਚਰਚਾ ਵਿਚ ਵੀ ਹੈ, ਇਸ ਲਈ ਸਾਡੇ ਪਾਠਕਾਂ ਦਾ ਵੀ ਇਹ ਹੱਕ ਬਣਦਾ ਹੈ ਕਿ ਉਹ ਵੀ ਇਸ ਨੂੰ ਵੇਖ ਲੈਣ ਤੇ ਅਪਣੀ ਆਜ਼ਾਦ ਰਾਏ ਬਣਾ ਲੈਣ:
ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧ ਆ
ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਆ
ਜੇ ਮੈਂ ਸੱਚ ਬਹੁਤਾ ਬੋਲਿਆ ਤਾਂ ਮੱਚ ਜਾਣਾ ਯੁੱਧ ਆ
ਗ਼ਰੀਬੜੇ ਦੀ ਛੋਹ ਮਾੜੀ ਗਊ ਦਾ ਮੂਤ ਸ਼ੁੱਧ ਆ
ਚਲੋ ਮੰਨਿਆ ਕਿ ਤਕੜਾ ਏਂ, ਤੇਰਾ ਆਪਣਾ ਗ਼ਰੂਰ ਆ
ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ?
ਓ ਗਾਤਰੇ, ਜਨੇਊ ਤੇ ਕਰਾਸ ਗਲ ਪਾ ਲਏ
ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ
ਚੌਧਰਾਂ ਦੇ ਭੁੱਖਿਆਂ ਅਸੂਲ ਸਾਰੇ ਖਾ ਲਏ
ਗੋਤਾਂ ਅਨੁਸਾਰ ਗੁਰਦਵਾਰੇ ਵੀ ਬਣਾ ਲਏ।
ਧੰਨੇ ਭਗਤ, ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ
ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜ਼ੂਰ ਆ
ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ?
ਬੰਦ ਕਮਰੇ ’ਚ ਵਹਿੰਦੀਆਂ ਹਵਾਵਾਂ ਨੂੰ ਲੁਕਾ ਲਵੋ
ਓ ਚੰਨ ਸੂਰਜਾਂ ਸਿਤਾਰਿਆਂ ਨੂੰ ਛੱਤਾਂ ’ਤੇ ਚੜ੍ਹਾ ਲਵੋ
ਪਾਣੀ ਨਦੀਆਂ ਸਮੁੰਦਰਾਂ ਦਾ ਸਰਾਂ ’ਚ ਬਣਾ ਲਵੋ
ਨਾ ਸਾਡਾ ਪਵੇ ਪਰਛਾਵਾਂ ਅੰਨ ਵਿਹੜਿਆਂ ’ਚ ਲਾ ਲਵੋ
ਮਰ ਜਾਣੈ ਆਪੇ ਅਸੀਂ ਇਹ ਪਾਬੰਦੀਆਂ ਲਗਾ ਲਵੋ
ਹੋ ਜਾਵੋਗੇ ਮੈਲੇ, ਹੱਥੀਂ ਮਾਰਨਾ ਜ਼ਰੂਰ ਆ
ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ?
ਸ਼ਾਹੂਕਾਰੋ ਮੰਨਿਆ ਤੁਹਾਨੂੰ ਕੋਈ ਥੋੜ ਨਹੀਂ
ਅੰਨ ਪਾਣੀ, ਛੱਤ, ਕਪੜੇ ਦੀ ਸਾਨੂੰ ਭਲਾ ਲੋੜ ਨਹੀਂ
ਘਰ ਛੋਟੇ, ਦਿਲ ਵੱਡੇ, ਗੱਲ ਸਿੱਧੀ ਮੋੜ ਘੋੜ ਨਹੀਂ
ਤੁਹਾਡੇ ਕਤਲ ਵੀ ਮਾਫ਼, ਸਾਡੇ ਝੂਠ ਨੂੰ ਵੀ ਛੋੜ ਨਹੀਂ
ਉੱਚਿਆਂ ਨੂੰ ਕਰੇ ਉੱਚਾ ਮਾੜਿਆਂ ਨੂੰ ਰੋਲਦਾ
ਬੱਲੇ ਤੇਰੇ ਸ਼ਹਿਰ ਦਾ ਖ਼ੂਬ ਦਸਤੂਰ ਆ
ਜੇ ਮੈਂ ਮਾੜੇ ਘਰ ਜੰਮਿਆ ਤਾਂ ਮੇਰਾ ਕੀ ਕਸੂਰ ਆ?
-ਨਿਮਰਤ ਕੌਰ