
ਕਦੇ ਸਮਾਂ ਸੀ ਜਦੋਂ ਭਾਰਤ ਦੀ ਸਰਕਾਰ ਵਿਦੇਸ਼ਾਂ ਅੱਗੇ ਝੋਲੀ ਅੱਡ ਕੇ ਖਾਣ ਵਾਸਤੇ ਅਨਾਜ ਮੰਗਦੀ ਹੁੰਦੀ ਸੀ,ਪਰ ਦੇਸ਼ ਦੇ ਅੰਨਦਾਤੇ ਨੇ ਕਮਾਈ ਕਰ ਕੇ ਅੰਨ ਦੇ ਭੰਡਾਰ ਭਰ ਦਿਤੇ..
ਕਦੇ ਸਮਾਂ ਸੀ ਜਦੋਂ ਭਾਰਤ ਦੀ ਸਰਕਾਰ ਵਿਦੇਸ਼ਾਂ ਅੱਗੇ ਝੋਲੀ ਅੱਡ ਕੇ ਖਾਣ ਵਾਸਤੇ ਅਨਾਜ ਮੰਗਦੀ ਹੁੰਦੀ ਸੀ, ਪਰ ਦੇਸ਼ ਦੇ ਅੰਨਦਾਤੇ ਨੇ ਕਮਾਈ ਕਰ ਕੇ ਅੰਨ ਦੇ ਭੰਡਾਰ ਭਰ ਦਿਤੇ, ਫਿਰ ਸਰਕਾਰਾਂ ਨੇ ਹਰੀ ਕ੍ਰਾਂਤੀ ਦੇ ਨਾਲ ਨਾਲ ਸਹਾਇਕ ਧੰਦੇ, ਮੱਛੀ ਪਾਲਣ, ਮੁਰਗੀ ਪਾਲਣ ਅਤੇ ਡੇਅਰੀ ਵਰਗੇ ਧੰਦੇ ਅਪਨਾਉਣ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ। ਕਿਸਾਨਾਂ ਨੇ ਉਕਤ ਧੰਦੇ ਬੜੇ ਜ਼ੋਰ ਨਾਲ ਚਲਾਏ ਪਰ ਸਹੀ ਮੰਡੀਕਰਨ ਨਾ ਹੋਣ ਕਰ ਕੇ ਸਾਡੇ ਧੰਦੇ ਫ਼ੇਲ ਹੁੰਦੇ ਜਾ ਰਹੇ ਹਨ।
ਜਿਥੇ ਸਬਜ਼ੀ ਬਾਜ਼ਾਰਾਂ ਵਿਚ ਦੋ ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ, ਗਾਂ ਦਾ ਤਿਆਰ ਕੀਤਾ ਦੁੱਧ 18 ਤੋਂ 20 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਉਥੇ ਪਾਣੀ ਦੀ ਬੋਤਲ 22 ਰੁਪਏ ਤੋਂ 25 ਰੁਪਏ ਕਿਲੋ ਦੇ ਹਿਸਾਬ ਨਾਲ ਮਿਲ ਰਹੀ ਹੈ। ਅੰਨਦਾਤਾ ਹਰ ਪਾਸੇ ਹਰ ਧੰਦੇ ਵਿਚ ਫ਼ੇਲ ਹੋ ਚੁੱਕਾ ਹੈ। ਕਦੇ ਕੋਠਿਆਂ ਉਤੇ ਲੱਗੇ ਸਪੀਕਰ ਉਤੇ ਵਜਦਾ ਗੀਤ ਅੱਜ ਫਿਰ ਯਾਦ ਆ ਜਾਂਦਾ ਹੈ ਕਿ
''ਤੇਰਾ ਵਿਕਦਾ ਜਲ ਕੁਰੇ ਪਾਣੀ ਮਿੱਤਰਾਂ ਦਾ ਨਾ ਦੁੱਧ ਵਿਕਦਾ।'' ਇਸ ਗੱਲ ਤੋਂ ਤੰਗ ਹੋ ਕੇ ਕਿਸਾਨ ਦੁੱਧ ਸਬਜ਼ੀ ਹਰਾ ਚਾਰਾ ਰੋਕਣ ਲਈ ਮਜਬੂਰ ਹੋ ਗਏ ਸਨ ਤਾਕਿ ਕੁੰਭ ਕਰਨ ਦੀ ਨੀਦ ਸੁੱਤੀ ਸਰਕਾਰ ਨੂੰ ਜਾਗ ਆ ਜਾਵੇ।
ਮੱਖਣ ਸਿੰਘ ਸੇਲਬਰਾਹ (ਬਠਿੰਡਾ), ਸੰਪਰਕ : 98153-95393