
ਅੱਜ ਜਿਨ੍ਹਾਂ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਦੌਲਤ ਹੈ, ਉਹ ਵੀ ਰਾਹੋਂ ਭਟਕ ਕੇ, ਨਕਲੀ ਬਾਬਿਆਂ ਦੇ ਡੇਰਿਆਂ ਵਿਚ ਮੱਥਾ ਟੇਕਦੇ ਹਨ।
ਮਹੂਆ ਮੋਇਤਰਾ ਜਦ ਦਿੱਲੀ ਵਿਧਾਨ ਸਭਾ ਵਿਚ ਦਿੱਲੀ ਦੇ ਲਾਲ ਕਿਲ੍ਹੇ ਤੇ ਖ਼ਾਲਸਈ ਝੰਡਾ ਲਹਿਰਾਉਣ ਵਾਲੇ ਸਿੱਖ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਤੇ ਅਪਣਾ ਹੱਕ ਜਤਾਂਦੀ ਹੈ ਤਾਂ ਸਿਰ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਉਹ ਕੈਸੇ ਸਿੱਖ ਸਨ ਜਿਨ੍ਹਾਂ ਵਿਚ ਏਨੀ ਦਲੇਰੀ ਸੀ ਕਿ ਇਕ ਸ਼ਹਿਨਸ਼ਾਹ ਦੀ ਤਾਕਤ ਨਾਲ ਟੱਕਰ ਲੈਣ ਦੀ ਵੀ ਸੋਚ ਸਕਦੇ ਸਨ। ਉਨ੍ਹਾਂ ਦਲੇਰ ਸਿੱਖਾਂ ਦੀ ਝਲਕ ਅੱਜ ਅਫ਼ਗ਼ਾਨੀ ਸਿੱਖਾਂ ਵਿਚ ਵੀ ਨਜ਼ਰ ਆਉਂਦੀ ਹੈ ਜਿਨ੍ਹਾਂ ਕੋਲ ਅਪਣਾ ਤਾਂ ਕੁੱਝ ਬਚਿਆ ਹੀ ਨਹੀਂ ਪਰ ਜਿਨ੍ਹਾਂ ਗੁਰਦਵਾਰੇ ਦੀ ਰਾਖੀ ਕਰਦਿਆਂ ਮਾਰੇ ਗਏ ਇਕ ਮੁਸਲਮਾਨ ਦੇ ਪ੍ਰਵਾਰ ਵਾਸਤੇ ਇਕ ਲੱਖ ਅਫ਼ਗ਼ਾਨੀ ਰੁਪਿਆ ਇਕੱਠਾ ਕਰ ਕੇ ਮੁਸਲਮਾਨ ਪ੍ਰਵਾਰ ਨੂੰ ਦੇ ਦਿਤਾ। ਕਾਰਨ ਇਹੀ ਸੀ ਕਿ ਸਿੰਖ ਸਮਝਦੇ ਹਨ ਕਿ ਉਹ ਮੁਸਲਮਾਨ ਵੀ ਗੁਰਦਵਾਰੇ ਦੀ ਰਾਖੀ ਕਰਦਾ ਮਾਰਿਆ ਗਿਆ ਸੀ। ਆਪ ਅਫ਼ਗ਼ਾਨੀ ਸਿੱਖ ਭਾਵੇਂ ਰਫ਼ਿਊਜੀ ਤੇ ਬੇਘਰੇ ਬਣ ਚੁੱਕੇ ਹਨ ਪਰ ਫਿਰ ਵੀ ਦੂਜੇ ਕਿਸੇ ਦੀ ਮਦਦ ਕਰਨੀ ਨਹੀਂ ਭੁਲਦੇ।
Jathedar Jassa Singh Ahluwalia
ਐਸੀ ਦਲੇਰੀ ਹੀ ਪਿੰਡ ਮਲਕੇ ਦੇ ਫ਼ੌਜੀ ਸੇਵਕ ਸਿੰਘ ਨੇ ਵੀ ਕੀਤੀ ਜਦ ਉਨ੍ਹਾਂ ਨੇ ਦੋ ਡੇਰਾ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਵੇਖਿਆ। ਸੇਵਕ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤੇ ਡੇਰਾ ਪ੍ਰੇਮੀਆਂ ਵਿਰੁਧ ਗਵਾਹੀ ਵੀ ਦਿਤੀ। ਜਦ ਉਨ੍ਹਾਂ ਨੂੰ ਲਗਿਆ ਕਿ ਸਰਕਾਰ ਦੀ ਨੀਅਤ ਬੱਦ ਹੈ ਤਾਂ ਉਨ੍ਹਾਂ ਨੇ ਅਪਣੀ ਫ਼ੌਜ ਦੀ ਨੌਕਰੀ ਵੀ ਛੱਡ ਦਿਤੀ ਤੇ ਅਪਣੇ ਵਕੀਲ ਨਾਲ ਇਸ ਕੇਸ ਦੀ ਪੈਰਵੀ ਕੀਤੀ। ਜਿਥੇ ਕਾਂਗਰਸ ਤੇ ਆਪ ਵਾਲੇ ਕੇਸ ਦੇ ਹੋਏ ਫ਼ੈਸਲੇ ਦਾ ਕ੍ਰੈਡਿਟ ਲੈਣ ਦੀ ਲੜਾਈ ਲੜ ਰਹੇ ਹਨ, ਸੇਵਕ ਸਿੰਘ ਨਿਰਾਸ਼ ਹਨ ਕਿਉਂਕਿ ਸਜ਼ਾ ਵੱਡੇ ਅਪਰਾਧ ਮੁਤਾਬਕ ਬਹੁਤ ਥੋੜੀ ਮਿਲੀ ਹੈ। ਥੋੜੀ ਸਜ਼ਾ ਦਾ ਕਾਰਨ ਕਮਜ਼ੋਰ ਐਫ਼ਆਈਆਰ ਹੈ। ਪਿਛਲੀ ਸਰਕਾਰ ਵਲੋਂ ਬੇਅਦਬੀਆਂ ਵਾਸਤੇ 295-ਏ ਧਾਰਾ ਹੀ ਗ਼ਲਤ ਤੌਰ ਤੇ ਲਾਈ ਗਈ ਸੀ। ਸੇਵਕ ਸਿੰਘ ਅਨੁਸਾਰ ਅਨੁਸਾਰ, ਪੁਲਿਸ ਨੇ ਅਸਲ ਵਿਚ ਪਰਚਾ ਹੀ ਕਮਜ਼ੋਰ ਭਰਿਆ।
ਨਵੇਂ ਏਜੀ ਨੂੰ ਸ਼ਾਇਦ ਅਜੇ ਇਸ ਕੇਸ ਬਾਰੇ ਜਾਣਕਾਰੀ ਵੀ ਨਹੀਂ ਹੋਵੇਗੀ ਨਹੀਂ ਤਾਂ ਉਹ ਕਿਸੇ ਮਹਿੰਗੇ ਵਕੀਲ ਨੂੰ ਜ਼ਰੂਰ ਭੇਜ ਦਿੰਦੇ। ਪਰ ਇਹ ਸਿਰਫ਼ 7 ਸਾਲ ਦੇ ਅਰਸੇ ਵਿਚ ਤਿੰਨ ਸਰਕਾਰਾਂ ਦੀ, ਬੇਅਦਬੀਆਂ ਦੇ ਮਾਮਲਿਆਂ ਨੂੰ ਲੈ ਕੇ ਪਹਿਲੀ ਜਿੱਤ ਹੈ ਜਿਸ ਨੂੰ ਜੇ ਇਕ ਦਲੇਰ ਸਿੱਖ ਦੀ ਪੈਰਵੀ ਨਾ ਮਿਲੀ ਹੁੰਦੀ ਤਾਂ ਸਰਕਾਰਾਂ ਇਹ ਵੀ ਠੰਢੇ ਬਸਤੇ ਵਿਚ ਪਾ ਗਈਆਂ ਹੁੰਦੀਆਂ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਥੇ ਇਤਿਹਾਸ ਵਿਚ ਸਾਡੇ ਆਗੂ ਦਲੇਰ ਤੇ ਸੁੱਚੇ ਹੁੰਦੇ ਸਨ, ਅੱਜ ਆਮ ਲੋਕਾਂ ਵਿਚ ਜ਼ਰੂਰ ਇਸ ਤਰ੍ਹਾਂ ਦੇ ਕਿਰਦਾਰ ਮਿਲ ਜਾਂਦੇ ਹਨ ਪਰ ਸਾਡੇ ਆਗੂ ਤਾਂ ਕੱਚੇ ਘੜਿਆਂ ਵਾਂਗ ਤੇਜ਼ ਲਹਿਰਾਂ ਵੇਖਦਿਆਂ ਹੀ ਸਾਡਾ ਸਾਥ ਛੱਡ ਜਾਂਦੇ ਹਨ। ਨਾ ਉਹ ਜੱਸਾ ਸਿੰਘ ਆਹਲੂਵਾਲੀਆ ਵਾਂਗ ਫ਼ਤਿਹ ਲਈ ਜੂਝਣ ਵਾਲੇ ਹਨ। ਦਿੱਲੀ ਤਾਂ ਦੂਰ ਦੀ ਗੱਲ ਹੈ, ਇਹ ਤਾਂ ਪੰਜਾਬ ਨੂੰ ਚੰਡੀਗੜ੍ਹ ਵੀ ਨਹੀਂ ਦਿਵਾ ਸਕਦੇ ਤੇ ਨਾ ਹੀ ਪੰਜਾਬ ਦਾ ਪਾਣੀ ਹੀ ਦਿਵਾ ਸਕਦੇ ਹਨ। ਸੱਤ ਸਾਲਾਂ ਵਿਚ ਵਾਰ-ਵਾਰ ਇਸ ਤਾਕਤਵਰ ਧੜੇ ਨੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਤੇ ਨਿਹੱਥੇ ਸਿੰਘਾਂ ਦੇ ਕਾਤਲਾਂ ਦਾ ਕੇਸ ਕਮਜ਼ੋਰ ਹੀ ਕੀਤਾ ਹੈ। ਕਿਸੇ ਛੋਟੇ ਵੱਡੇ ਮਾਮਲੇ ਨੂੰ ਲੈ ਕੇ ਸਿੱਖ ਆਗੂਆਂ ਨੇ ਕਿਤੇ ਵੀ ਅਪਣੇ ਅੰਦਰ ਇਤਿਹਾਸਕ ਸਿੱਖਾਂ ਵਾਲਾ ਕਿਰਦਾਰ ਕੰਮ ਕਰਦਾ ਨਹੀਂ ਦਿਖਾਇਆ ਸਗੋਂ ਵਾਰ ਵਾਰ ਡੇਰਿਆਂ ਵਰਗੀ ਸੋਚ ਅਸੀਂ ਇਨ੍ਹਾਂ ਆਗੂਆਂ ਅੰਦਰ ਪਨਪਦੀ ਵੇਖੀ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਅੱਜ ਜਿਨ੍ਹਾਂ ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਦੌਲਤ ਹੈ, ਉਹ ਵੀ ਰਾਹੋਂ ਭਟਕ ਕੇ, ਨਕਲੀ ਬਾਬਿਆਂ ਦੇ ਡੇਰਿਆਂ ਵਿਚ ਮੱਥਾ ਟੇਕਦੇ ਹਨ। ਜਦ ਆਗੂ ਸਿੱਖ ਫਲਸਫ਼ੇ ਤੋਂ ਦੂਰ ਹੋ ਕੇ ਅਪਣੀ ਜਨਤਾ ਦੇ ਹੱਕਾਂ ਵਾਸਤੇ ਨਿਤਰਨ ਦੀ ਤਾਕਤ ਨਹੀਂ ਰਖਦੇ, ਜ਼ਾਹਰ ਹੈ ਲੋਕ ਨਿਰਾਸ਼ ਹੋ ਕੇ ‘ਜੈ ਗੁਰੂ ਜੀ’ ਜਾਂ ‘ਜੈ ਰਾਧੇ ਮਾਂ’ ਹੀ ਕਰਨਗੇ। ਸੇਵਕ ਸਿੰਘ ਜਾਂ ਅਫ਼ਗ਼ਾਨੀ ਸਿੰਘਾਂ ਵਰਗੇ ਹੁਣ ਵਿਰਲੇ ਹੀ ਰਹਿ ਗਏ ਹਨ ਜੋ ਹੱਕ ਸੱਚ ਵਾਸਤੇ ਲੜਦੇ ਹਨ ਕਿਉਂਕਿ ਇਨ੍ਹਾਂ ਦੇ ਕਿਰਦਾਰਾਂ ਵਿਚ ਗੁਰੂ ਦੀ ਖ਼ਾਲਸ ਸੋਚ ਦੀ ਜੋਤ ਜਗਦੀ ਹੈ। ਇਨ੍ਹਾਂ ਸਿੰਘਾਂ ਦੇ ਕਿਰਦਾਰ ਤੋਂ ਹੀ ਅੱਜ ਦੇ ਨੌਜਵਾਨ ਨੂੰ ‘ਖ਼ਾਲਸ’ ਸਥਾਨ ਦੀ ਗੁਰੂ-ਪਰਿਭਾਸ਼ਾ ਸਮਝ ਆ ਜਾਵੇਗੀ।
- ਨਿਮਰਤ ਕੌਰ