Editorial: ਜਿੰਮ ਜ਼ਰੂਰ ਜਾਉ, ਪਰ ਜਾਉ ਸੰਭਲ ਕੇ...
Published : Aug 9, 2025, 7:14 am IST
Updated : Aug 9, 2025, 7:14 am IST
SHARE ARTICLE
Go to the gym, but go carefully... Editorial
Go to the gym, but go carefully... Editorial

ਸੁਡੌਲ ਸਰੀਰ ਦੀ ਚਾਹਤ ਰੱਖਣ ਵਾਲਿਆਂ ਨੂੰ ਜਿਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਪਣੀ ਸੰਪੂਰਨ ਸਰੀਰਕ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ ਦੀ ਹਦਾਇਤ ਸਵਾਗਤਯੋਗ ਹੈ।

Go to the gym, but go carefully... Editorial: ਸੁਡੌਲ ਸਰੀਰ ਦੀ ਚਾਹਤ ਰੱਖਣ ਵਾਲਿਆਂ ਨੂੰ ਜਿਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਪਣੀ ਸੰਪੂਰਨ ਸਰੀਰਕ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ ਦੀ ਹਦਾਇਤ ਸਵਾਗਤਯੋਗ ਹੈ। ਸੂਬਾਈ ਸਿਹਤ ਵਿਭਾਗ ਨੇ ਇਹ ਮਸ਼ਵਰਾਨੁਮਾ ਹਦਾਇਤ ਪੰਜਾਬ ਖੇਤੀ ਯੂਨੀਵਰਸਟੀ (ਪੀਏਯੂ), ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਟੀ (ਗਡਵਾਯੂ) ਅਤੇ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀਐਮਸੀਐੱਚ) ਵਲੋਂ ਸਾਂਝੇ ਤੌਰ ’ਤੇ ਕੀਤੇ ਗਏ ਅਧਿਐਨ ਦੇ ਆਧਾਰ ’ਤੇ ਜਾਰੀ ਕੀਤੀ ਹੈ। ਇਹ ਅਧਿਐਨ, ਖਿਡਾਰੀਆਂ ਜਾਂ ਜਿੰਮ ਜਾਣ ਵਾਲਿਆਂ ਦੀਆਂ ਕਸਰਤੀ ਮਸ਼ਕਾਂ ਦੌਰਾਨ ਮੌਤਾਂ ਦੇ ਅੰਕੜੇ ਲਗਾਤਾਰ ਵਧਣ ਦੇ ਮੱਦੇਨਜ਼ਰ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਅਜਿਹੀ ਕਿਸੇ ਨਾ ਕਿਸੇ ਮੌਤ ਦੀ ਖ਼ਬਰ ਹਰ ਦੂਜੇ-ਤੀਜੇ ਦਿਨ ਸੁਣਨ ਨੂੰ ਮਿਲ ਰਹੀ ਹੈ।

ਦੋ ਦਹਾਕੇ ਪਹਿਲਾਂ 45 ਤੋਂ 55 ਵਰਿ੍ਹਆਂ ਦਰਮਿਆਨ ਦੀ ਉਮਰ ਵਾਲਿਆਂ ਨੂੰ ਹਾਰਟ ਅਟੈਕ ਵਰਗੀ ਮਰਜ਼ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਜਾਂਦਾ ਸੀ। ਦਹਾਕਾ ਪਹਿਲਾਂ ਚੌਕਸੀ ਦੀ ਹਦਾਇਤ ਘੱਟ ਕੇ 40 ਤੋਂ 50 ਵਰਿ੍ਹਆਂ ਵਾਲਿਆਂ ਤਕ ਆ ਗਈ। ਹੁਣ 25 ਤੋਂ 40 ਵਰਿ੍ਹਆਂ ਵਾਲਿਆਂ ਨੂੰ ਵੀ ਹਿਰਦੇ ਰੋਗ ਜਾਂ ਹੋਰਨਾਂ ਗੰਭੀਰ ਮਰਜ਼ਾਂ ਦੀ ਚੈੱਕਅਪ ਸਾਲ-ਦੋ ਸਾਲ ਬਾਅਦ ਕਰਵਾਉਣ ਲਈ ਕਿਹਾ ਜਾਣ ਲੱਗਾ ਹੈ। ਖਿਡਾਰੀਆਂ ਨੂੰ ਤਾਂ ਹੋਰ ਵੀ ਵੱਧ ਇਹਤਿਆਤ ਵਰਤਣ, ਖ਼ਾਸ ਕਰ ਕੇ ਜ਼ੋਰਦਾਰ ਜਿਸਮਾਨੀ ਮੁਸ਼ੱਕਤ ਮਗਰੋਂ ਇਕਦਮ ਵੱਧ ਪਾਣੀ ਪੀਣ ਵਰਗੀ ਆਦਤ ਤੋਂ ਬਚਣ ਦਾ ਮਸ਼ਵਰਾ ਵੀ ਸੁਣਨ ਨੂੰ ਮਿਲ ਰਿਹਾ ਹੈ। ਇਹ ਮਸ਼ਵਰਾ ਵੱਧ ਪਾਣੀ ਪੀਣ ਕਰ ਕੇ ਸਰੀਰ ਅੰਦਰ ਸੋਡੀਅਮ ਦੀ ਮਿਕਦਾਰ ਅਚਨਚੇਤੀ ਘਟਣ ਕਾਰਨ ਹੁੰਦੀਆਂ ਮੌਤਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।

ਤਿੰਨ ਸੰਸਥਾਵਾਂ ਵਲੋਂ ਕੀਤਾ ਗਿਆ ਸਾਂਝਾ ਅਧਿਐਨ ਵੀਰਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮੀਡੀਆ ਵਾਸਤੇ ਰਿਲੀਜ਼ ਕੀਤਾ ਗਿਆ। ‘ਆਪ’ ਸਰਕਾਰ ਦੀ ‘ਸਵਸਥ ਪੰਜਾਬ-ਸੁਰੱਖਿਅਤ ਪੰਜਾਬ’ ਮੁਹਿੰਮ ਅਧੀਨ ਕਰਵਾਏ ਗਏ ਇਸ ਅਧਿਐਨ ਦਾ ਮਨੋਰਥ ਹੈ : ਪੰਜਾਬ ਵਾਸੀਆਂ, ਖ਼ਾਸ ਕਰ ਕੇ ਨੌਜਵਾਨੀ ਨੂੰ ਜਿੰਮ ਜਾਣ ਤੇ ਛੇ ਪੈਕ ਵਾਲਾ ਜਿਸਮ ਬਣਾਉਣ ਦੇ ਫ਼ੈਸ਼ਨ ਦੇ ਮੁਰੀਦ ਬਣਨ ਨਾਲ ਜੁੜੇ ਖ਼ਤਰਿਆਂ ਤੋਂ ਸੁਚੇਤ ਕਰਨਾ ਅਤੇ ਇਨ੍ਹਾਂ ਖ਼ਤਰਿਆਂ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਦੀ ਜਾਣਕਾਰੀ ਦੇਣਾ।

ਸਿਹਤ ਵਿਭਾਗ ਨੇ ਹੁਣ ਸਾਰੇ ਜਿੰਮ ਮਾਲਕਾਂ ਅਤੇ ਫਿੱਟਨੈੱਸ ਕੇਂਦਰਾਂ ਨੂੰ ਹੁਕਮ ਦਿਤਾ ਹੈ ਕਿ ਉਹ ਸਾਵਧਾਨੀਆਂ ਨਾਲ ਜੁੜੇ ਮਸ਼ਵਰੇ ਨੂੰ ਆਪੋ-ਅਪਣੇ ਕਾਰੋਬਾਰੀ ਅਹਾਤਿਆਂ ਵਿਚ ਪ੍ਰਦਰਸ਼ਿਤ ਕਰਨ ਅਤੇ ਹਰ ਨਵੇਂ ਗਾਹਕ ਦੀ ਸਿਖਲਾਈ ਆਰੰਭਣ ਤੋਂ ਪਹਿਲਾਂ ਇਹ ਜਾਣਕਾਰੀ ਜ਼ਰੂਰ ਇਕੱਤਰ ਕਰਨ ਕਿ (1) ਉਹ ਪਹਿਲਾਂ ਜਿਸਮਾਨੀ ਸਰਗਰਮੀਆਂ ਵਿਚ ਹਿੱਸਾ ਲੈਂਦਾ ਆਇਆ ਹੈ ਜਾਂ ਨਹੀਂ; (2) ਉਸ ਨੂੰ ਸੀਨੇ ਵਿਚ ਦਰਦ, ਸਾਹ ਚੜ੍ਹਨ ਜਾਂ ਦਿਲ ਦੀ ਹਰਕਤ ਅਸਾਧਾਰਣ ਤੌਰ ’ਤੇ ਤੇਜ਼ ਹੋਣ ਵਰਗੀ ਕੋਈ ਮਰਜ਼ ਤਾਂ ਨਹੀਂ; (3) ਉਸ ਨੂੰ ਚੱਕਰ ਆਉਣ, ਅਚਨਚੇਤੀ ਬੇਹੋਸ਼ ਹੋਣ ਆਦਿ ਵਰਗੀ ਕੋਈ ਬਿਮਾਰੀ ਤਾਂ ਨਹੀਂ; (4) ਉਸ ਦਾ ਬਲੱਡ ਪ੍ਰੈੱਸ਼ਰ ਨਾਰਮਲ ਹੈ ਜਾਂ ਨਹੀਂ; (5) ਉਸ ਨੂੰ ਮਧੂਮੇਹ (ਸ਼ੱਕਰ ਰੋਗ) ਤਾਂ ਨਹੀਂ; (6) ਉਸ ਦੇ ਮਾਪਿਆਂ ਤੇ ਵਡੇਰਿਆਂ ਵਿਚੋਂ ਕਿਸੇ ਨੂੰ ਹਿਰਦੇ ਰੋਗ ਤਾਂ ਨਹੀਂ; ਅਤੇ (7) ਉਹ ਤਮਾਕੂਨੋਸ਼ੀ, ਸ਼ਰਾਬਖੋਰੀ ਜਾਂ ਨਸ਼ਾਖੋਰੀ ਵਰਗੀਆਂ ਅਲਾਮਤਾਂ ਤੋਂ ਮੁਕਤ ਹੈ ਜਾਂ ਨਹੀਂ। ਉਪਰੋਕਤ ਵਿਚੋਂ ਕਿਸੇ ਵੀ ਇਕ ਮਰਜ਼ ਤੋਂ ਪੀੜਤ ਵਿਅਕਤੀ ਨੂੰ ਮੈਡੀਕਲ ਸਪੈਸ਼ਲਿਸਟ ਦੀ ਮਨਜ਼ੂਰੀ ਤੋਂ ਬਿਨਾਂ ਸਰੀਰਿਕ ਸਿਖਲਾਈ ਨਾ ਦਿਤੀ ਜਾਵੇ। ਆਖ਼ਰੀ ਹਦਾਇਤ ਸਰਕਾਰੀ ਹਦਾਇਤਨਾਮੇ ਦੀ ਸੱਭ ਤੋਂ ਸਖ਼ਤ ਤੇ ਜ਼ਰੂਰੀ ਮੱਦ ਹੈ।

ਜਿੰਮਾਂ ਜਾਂ ਫਿੱਟਨੈੱਸ ਕੇਂਦਰਾਂ ਵਲੋਂ ਅਪਣੇ ਸਿਖਿਆਰਥੀਆਂ ਜਾਂ ਟੇ੍ਰਨੀਜ਼ ਨੂੰ ਖ਼ਾਸ ਕਿਸਮ ਦੀ ਖਾਧ-ਖ਼ੁਰਾਕ ਖਾਣ ਅਤੇ ਵੱਧ ਪ੍ਰੋਟੀਨ ਲੈਣ ਆਦਿ ਦੀ ਸਲਾਹ ਅਕਸਰ ਦਿਤੀ ਜਾਂਦੀ ਹੈ। ਕੁੱਝ ਅਜਿਹੇ ਖ਼ੁਰਾਕੀ ਸਪਲੀਮੈਂਟ ਵੀ ਅਜ਼ਮਾਉਣ ਵਾਸਤੇ ਕਿਹਾ ਜਾਂਦਾ ਹੈ ਜੋ ਕਿ ਫ਼ੌਰੀ ਤੌਰ ’ਤੇ ਤਾਂ ਸਰੀਰ ਲਈ ਲਾਹੇਵੰਦ ਸਾਬਤ ਹੁੰਦੇ ਹਨ, ਪਰ ਸਮਾਂ ਪੈਣ ’ਤੇ ਸਰੀਰ ਵਿਚ ਖ਼ਤਰਨਾਕ ਕਿਸਮ ਦੀ ਰਸਾਇਣਕ ਅਸੰਤੁਲਨ ਪੈਦਾ ਕਰ ਦਿੰਦੇ ਹਨ। ਅਜਿਹੇ ਮਸਨੂਈ ਸਪਲੀਮੈਂਟ, ਖ਼ਾਸ ਤੌਰ ’ਤੇ ਜਾਅਲੀ ਜਾਂ ਨਕਲੀ ਸਪਲੀਮੈਂਟ ਸਰੀਰਾਂ ਅੰਦਰ ਸਥਾਈ ਕੁਢੱਬ ਪੈਦਾ ਕਰ ਦਿੰਦੇ ਹਨ।

ਅਜਿਹੇ ਪਦਾਰਥਾਂ ਦਾ ਪ੍ਰਚਲਣ ਜਾਂ ਵਿਕਰੀ ਰੋਕਣੀ ਸੂਬਾ ਸਰਕਾਰ ਦੀ ਸਿੱਧੀ ਜ਼ਿੰਮੇਵਾਰੀ ਹੈ। ਸਵਰਥ ਤੇ ਸੁਡੌਲ ਸਰੀਰ ਅਪਣੇ ਆਪ ਵਿਚ ਇਕ ਖ਼ਜ਼ਾਨਾ ਹੈ, ਪਰ ਬਿਹਤਰ ਇਹ ਹੈ ਕਿ ਸੁਡੌਲਤਾ, ਧੀਰਜ ਤੇ ਸਿਹਤਮੰਦ ਜੀਵਨ-ਸ਼ੈਲੀ ਰਾਹੀਂ ਹਾਸਲ ਕੀਤੀ ਜਾਵੇ। ਤਿੰਨ ਮਹੀਨਿਆਂ ਵਿਚ ਹਾਸਲ ਕੀਤੇ ਛੇ-ਪੈਕ ਕਈ ਵਾਰ ਘਾਤਕ ਮਰਜ਼ਾਂ ਦੀ ਆਮਦ ਦੀ ਵਜ੍ਹਾ ਬਣ ਜਾਂਦੇ ਹਨ। ਇਸੇ ਪ੍ਰਸੰਗ ਵਿਚ ਡੀ.ਐਮ.ਸੀ.ਐੱਚ. ਦੇ ਡਾਕਟਰਾਂ ਦੀ ਇਹ ਸਲਾਹ ਅਤਿਅੰਤ ਵਾਜਬ ਜਾਪਦੀ ਹੈ : ‘‘ਅਤਿ ਨਾ ਚੁੱਕੋ; ਜੋ ਵੀ ਕਰਨਾ ਹੈ ਸੰਜਮੀ ਢੰਗ ਨਾਲ ਕਰੋ। ਇਹ ਵਿਧੀ ਅਪਣਾਉਗੇ ਤਾਂ ਫਲ ਵੀ ਚੰਗਾ ਪਾਉਗੇ।’’

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement