
ਬੜੀ ਖ਼ੁਸ਼ੀ ਹੋਈ ਇਹ ਸੁਣ ਕੇ ਕਿ ਜਥੇਦਾਰ ਜੀ ਆਖ਼ਰਕਾਰ ਇਸ ਬਾਰੇ ਚਿੰਤਤ ਹਨ ਤੇ ਕਾਰਨ ਜਾਣਨ ਵਾਸਤੇ ਤਿਆਰ ਹਨ।
ਅਕਾਲ ਤਖ਼ਤ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਸਿੱਖਾਂ ਤੇ ਪੰਜਾਬ ਲਈ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ ਤੇ ਆਖਿਆ ਹੈ ਕਿ ਫ਼ਸਲ ਤੇ ਨਸਲ ਦੋਵੇਂ ਹੀ ਖ਼ਤਰੇ ਵਿਚ ਹਨ। ਉਨ੍ਹਾਂ ਨੂੰ ਜੋ ਦਸਿਆ ਗਿਆ, ਉਸ ਨੂੰ ਸੁਣ ਕੇ ਹੀ ਉਨ੍ਹਾਂ ਬਿਆਨ ਜਾਰੀ ਕਰ ਦਿਤਾ ਪਰ ਕੀ ਇਹ ਕਹਿਣਾ ਸਹੀ ਹੈ ਕਿ ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ ਤੇ ਪੰਜਾਬ ਤੇ ਅਕਹਿ ਜ਼ੁਲਮ ਹੋ ਰਿਹਾ ਹੈ? ਅਜਿਹੇ ਹਾਲਾਤ ਸਾਡੇ ਵਲੋਂ ਹੀ ਬਣਾਏ ਜਾ ਰਹੇ ਹਨ ਕਿ ਸੱਭ ਨੌਜੁਆਨ ਪੰਜਾਬ ਨੂੰ ਛੱਡਣ ਲਈ ਮਜਬੂਰ ਹੋ ਰਹੇ ਹਨ। ਆਈ.ਵੀ.ਐਫ਼ ਕੇਂਦਰ ਤੇ ਟੈਸਟ ਟਿਊਬ ਬੱਚਿਆਂ ਬਾਰੇ ਚਿੰਤਾ ਪ੍ਰਗਟਾਉਂਦੇ ਹੋਏ ਉਨ੍ਹਾਂ ਆਖਿਆ ਕਿ ਲੜਕੀਆਂ ਪੰਜਾਬ ਦੀਆਂ ਪਰ ਸੀਮਨ ਬਾਹਰ ਦਾ ਆ ਰਿਹਾ ਹੈ। ‘ਜਥੇਦਾਰ’ ਜੀ ਵਲੋਂ ਅਜਿਹਾ ਕਿਉਂ ਕਿਹਾ ਗਿਆ ਹੈ? ਜਵਾਬ ਲੱਭਣ ਲਈ ਠੰਢੇ ਦਿਲ-ਦਿਮਾਗ਼ ਨਾਲ ਸਾਰੇ ਤੱਥ ਖੰਘਾਲਣ ਤੇ ਵਿਚਾਰਨ ਦੀ ਜ਼ਰੂਰਤ ਹੈ।
ਬੜੀ ਖ਼ੁਸ਼ੀ ਹੋਈ ਇਹ ਸੁਣ ਕੇ ਕਿ ਜਥੇਦਾਰ ਜੀ ਆਖ਼ਰਕਾਰ ਇਸ ਬਾਰੇ ਚਿੰਤਤ ਹਨ ਤੇ ਕਾਰਨ ਜਾਣਨ ਵਾਸਤੇ ਤਿਆਰ ਹਨ। ਭਾਵੇਂ ਜਥੇਦਾਰ ਜੀ, ਇਕ ਸਿਆਸੀ ਪਾਰਟੀ (ਪੰਥਕ ਨਹੀਂ, ਪੰਜਾਬੀ ਪਾਰਟੀ) ਦੇ ਬੁਲਾਰੇ ਬਣ ਗਏ ਨਜ਼ਰ ਆਉਂਦੇ ਹਨ ਤੇ ਸਿੱਖੀ ਦੀ ਗੱਲ ਉਨ੍ਹਾਂ ਨੂੰ ਦੂਜੀਆਂ ਪਾਰਟੀਆਂ ਦੀ ਆਲੋਚਨਾ ਕਰਨ ਵੇਲੇ ਹੀ ਯਾਦ ਆਉਂਦੀ ਹੈ ਪਰ ਉਹ ਇਹ ਵੀ ਜ਼ਰੂਰ ਸਮਝਦੇ ਹੋਣਗੇ ਕਿ ਉਨ੍ਹਾਂ ਦਾ ਤਾਜ਼ਾ ਦੋਸ਼ 50 ਦਿਨ ਪੁਰਾਣੀ ‘ਆਪ’ ਸਰਕਾਰ ਤੇ ਨਹੀਂ ਮੜਿ੍ਹਆ ਜਾ ਸਕਦਾ। ਇਸ ਦਾ ਇਤਿਹਾਸ ਇਕ ਦੋ ਦਹਾਕੇ ਪੁਰਾਣਾ ਹੈ ਪਰ ਉਹ ਵੀ ਅੰਸ਼ਕ ਤੌਰ ’ਤੇ ਹੀ ਸੱਚ ਹੈ।
ਪਹਿਲਾਂ ਤਾਂ ਗੱਲ ਕਰੀਏ ਉਸ ਕਥਿਤ ਸਾਜ਼ਸ਼ ਦੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਤੇ ‘ਪੰਜਾਬੀਅਤ’ ਨੂੰ ਮਲੀਆਮੇਟ ਕਰਨ ਲਈ ਰਚੀ ਗਈ ਹੈ। ਕੀ ਇਹ ਸਹੀ ਹੈ? ਜਿਸ ਰੀਪੋਰਟ ਤੋਂ ਪੰਜਾਬ ਤੇ ਸਿੱਖਾਂ ਦੀ ਜਣਨ ਦਰ ਘਟਣ ਦੀ ਗੱਲ ਸ਼ੁਰੂ ਹੋਈ ਹੈ, ਉਹ ਰਾਸ਼ਟਰ ਪ੍ਰਵਾਰ ਸਿਹਤ ਸਰਵੇਖਣ ’ਤੇ ਆਧਾਰਤ ਹੈ। ਜਣਨ ਦਰ ਸਿਰਫ਼ ਸਿੱਖਾਂ ਦੀ ਹੀ ਨਹੀਂ ਬਲਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਵੀ ਘਟੀ ਹੈ ਤੇ ਸੱਭ ਤੋਂ ਵੱਧ ਕਮੀ ਮੁਸਲਮਾਨ ਜਣਨ ਦਰ ਵਿਚ ਹੋਈ ਹੈ। ਇਹ ਇਕ ਸੋਚੀ ਸਮਝੀ ਯੋਜਨਾ ਅਧੀਨ ਹੋਇਆ ਹੈ ਕਿਉਂਕਿ ਸਮਝਿਆ ਗਿਆ ਸੀ ਕਿ ਦੇਸ਼ ਦੀ ਅਸਮਾਨ ਛੂੰਹਦੀ ਆਬਾਦੀ ਨੂੰ ਰੋਕਣ ਦੀ ਲੋੜ ਹੈ। ਸੋ ਦੇਸ਼ ਪੱਧਰ ਤੇ ਸਾਰੀ ਆਬਾਦੀ ਤੇ ਇਸ ਯੋਜਨਾ ਦਾ ਅਸਰ ਹੋਇਆ। ਪੰਜਾਬ ਉਤੇ ਕੋਈ ਵਖਰੀ ਨੀਤੀ ਲਾਗੂ ਨਹੀਂ ਹੋਈ।
ਸਮੱਸਿਆ ਧਰਤੀ ਦੇ ਬਲਾਤਕਾਰ ਤੋਂ ਉਪਜੀ ਹੈ ਤੇ ਇਹ ਬਿਲਕੁਲ ਸਹੀ ਹੈ ਕਿ ਹਰੀ ਕ੍ਰਾਂਤੀ ਦੀ ਕੀਮਤ ਪੰਜਾਬ ਤੇ ਹਰਿਆਣਾ ਦੀ ਧਰਤੀ ਨੇ ਚੁਕਾਈ ਹੈ ਜਿਸ ਸਦਕਾ ਸਾਡੇ ਸਰੀਰਾਂ ਵਿਚ ਪ੍ਰਦੂਸ਼ਣ ਫੈਲਿਆ ਹੈ। ‘ਕੈਂਸਰ ਟਰੇਨ’ ਪੰਜਾਬ ਦੇ ਪਿੰਡਾਂ ਵਿਚੋਂ ਹੀ ਚਲਦੀ ਹੈ ਤੇ ਜਥੇਦਾਰ ਜੀ ਨੇ ਇਸ ਬਾਰੇ ਵੀ ਜ਼ਰੂਰ ਸੁਣਿਆ ਹੋਵੇਗਾ। ਇਹ ਹੁਣ ਤਾਂ ਬੰਦ ਹੋਣ ਦੇ ਕੰਢੇ ਹੈ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਵਿਚ ਸਹੂਲਤਾਂ ਵਧਾ ਦਿਤੀਆਂ ਸਨ ਪਰ ਪੰਜਾਬ ਦਾ ਨਿਡਰ ਮੀਡੀਆ ਇਸ ਨੂੰ ਲੈ ਕੇ ਕਈ ਸਾਲਾਂ ਤੋਂ ਆਵਾਜ਼ ਚੁਕ ਰਿਹਾ ਹੈ।
ਪੰਜਾਬ ਦੀ ਹੁਣ ਵਾਲੀ ਸਰਕਾਰ ਵੀ ਕਿਸਾਨਾਂ ਨੂੰ ਕੀਟਨਾਸ਼ਕਾਂ ਤੋਂ ਦੂਰ ਲਿਜਾਣ ਦੀ ਸੋਚ ਰਖਦੀ ਹੈ ਤੇ ਸੌਖਾ ਹੱਲ ਜਥੇਦਾਰ ਜੀ ਦੇ ਹੱਥ ਵਿਚ ਹੈ। ਉਹ ਹਰ ਗੁਰੂ ਘਰ ਨੂੰ ਹਰ ਇਲਾਕੇ ਦੇ ਸੱਭ ਤੋਂ ਛੋਟੇ ਤੇ ਗ਼ਰੀਬ ਕਿਸਾਨ ਨਾਲ ਜੋੜ ਕੇ ਉਨ੍ਹਾਂ ਤੋਂ ਹੀ ਗੁਰੂ ਘਰ ਦੇ ਲੰਗਰ ਲਈ ਸਮੱਗਰੀ ਲੈਣ ਦੀ ਰੀਤ ਲਾਗੂ ਕਰ ਦੇਣ ਤਾਂ ਕੋਈ ਛੋਟਾ ਕਿਸਾਨ ਕਦੇ ਖ਼ੁਦਕੁਸ਼ੀ ਕਰੇਗਾ ਹੀ ਨਹੀਂ। ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਘਰੇ ਬਣਾਇਆ ਹੋਇਆ ਘਿਉ ਹੀ ਲੰਗਰ ਵਾਸਤੇ ਇਸਤੇਮਾਲ ਹੋਵੇ ਤਾਂ ਤਸਵੀਰ ਬਦਲ ਸਕਦੀ ਹੈ। ਧਰਤੀ ਦਾ ਬਲਾਤਕਾਰ ਰੋਕਣ ਲਈ ਇਹ ਛੋਟਾ ਜਿਹਾ ਕਦਮ ਬਦਲਾਅ ਦਾ ਵੱਡਾ ਕਾਰਨ ਬਣ ਸਕਦਾ ਹੈ। (ਚਲਦਾ)