
ਤੇ ਵੱਡੀਆਂ ਤਾਕਤਾਂ ਦੀ ਚਾਂਦੀ ਬਣੀ ਹੋਈ ਹੈ
ਭਾਰਤ ਤੇ ਰੂਸ ਵਿਚਕਾਰ ਰਖਿਆ ਸਮਝੌਤਾ ਹੋਰ ਮਜ਼ਬੂਤ ਹੋ ਗਿਆ ਹੈ ਤੇ ਹੁਣ ਰੂਸ ਭਾਰਤ ਨੂੰ ਤਕਨੀਕੀ ਜਾਣਕਾਰੀ ਵੀ ਦੇਵੇਗਾ ਤੇ ਨਾਲ ਹੀ ਉਤਰ ਪ੍ਰਦੇਸ਼ ਵਿਚ 5000 ਕਰੋੜ ਲਾਗਤ ਵਾਲੀ ਇਕ ਫ਼ੈਕਟਰੀ ਵੀ ਲੱਗ ਗਈ ਹੈ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਬੰਦੂਕਾਂ ਖੁਲੇਆਮ ਉਤਰ ਪ੍ਰਦੇਸ਼ ਦੀਆਂ ਸੜਕਾਂ ਤੇ ਮਿਲਣਗੀਆਂ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਅਮਰੀਕਾ ਸ਼ਾਇਦ ਭਾਰਤ ਨਾਲ ਵਪਾਰ ਉਤੇ ਸਖ਼ਤ ਪਾਬੰਦੀਆਂ ਲਗਾ ਸਕਦਾ ਹੈ।
India and Russia
ਭਾਰਤ ਤੇ ਰੂਸ ਵਿਚ ਪੁਰਾਣੀ ਸਾਂਝ ਹੈ ਜਿਸ ਕਾਰਨ ਅਮਰੀਕਾ ਦਾ ਝੁਕਾਅ ਪਾਕਿਸਤਾਨ ਵਲ ਹੈ। ਪਰ ਨਰਸਿਮਹਾ ਰਾਉ ਹੇਠ ਇਹ ਸੋਚ ਬਦਲੀ ਗਈ ਤੇ ਮਨਮੋਹਨ ਸਿੰਘ ਅਮਰੀਕਾ ਨਾਲ ਚੰਗੇ ਰਿਸ਼ਤੇ ਬਣਾਉਣ ਵਿਚ ਕਾਮਯਾਬ ਵੀ ਹੋਏ। ਜੋ ਫ਼ਾਇਦਾ ਉਹ ਵਪਾਰ ਵਾਸਤੇ ਲੈ ਸਕੇ, ਅੱਜ ਦੀ ਸਰਕਾਰ ਅਮਰੀਕਾ ਨਾਲ ਨੇੜਤਾ ਦੇ ਬਾਵਜੂਦ ਨਹੀਂ ਲੈ ਸਕੀ। ਬਾਇਡੇਨ ਨੇ ਵੀ ਭਾਰਤ ਤੋਂ ਵਪਾਰ ਲੈ ਲਿਆ ਪਰ ਬਦਲੇ ਵਿਚ ਭਾਰਤ ਨੂੰ ਕੁੱਝ ਨਹੀਂ ਦਿਤਾ। ਸ਼ਾਇਦ ਇਸੇ ਹਾਰ ਕਾਰਨ ਭਾਰਤ ਨੇ ਰੂਸ ਨਾਲ ਸਮਝੌਤਾ ਕੀਤਾ ਜਿਸ ਨਾਲ ਹੁਣ ਪੈਸਾ ਭਾਰਤ ਵਿਚ ਆ ਰਿਹਾ ਹੈ।
Joe Biden
ਜਦ ਭਾਜਪਾ ਦੀ ਨਵੀਂ ਸਰਕਾਰ ਆਈ ਸੀ ਤਾਂ ਉਹ ਇਕ ਨਵੀਂ ਸੋਚ ਨਾਲ ਆਈ ਸੀ ਜਿਸ ਵਿਚ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਸ਼ਾਮਲ ਸੀ। ਉਸ ਨਾਲ ਬਹੁਤ ਵੱਡਾ ਫ਼ਰਕ ਪੈਂਦਾ ਸੀ ਕਿਉਂਕਿ ਜਦ ਸਰਹੱਦਾਂ ਉਤੇ ਸ਼ਾਂਤੀ ਅਤੇ ਅਮਨ ਹੋਵੇਗਾ ਤਾਂ ਸਾਰੇ ਹੀ ਸੁੱਖ ਦਾ ਸਾਹ ਲੈਣ ਲੱਗਣਗੇੇ। ਸਰਕਾਰ ਨੂੰ ਮਜਬੂਰਨ ਅਪਣੀ ਆਮਦਨ ਦਾ 13.73 ਫ਼ੀ ਸਦੀ ਦੇਸ਼ ਦੀ ਸੁਰੱਖਿਆ ਤੇ ਖ਼ਰਚਣਾ ਪੈਂਦਾ ਹੈ। ਇਸ ਨਾਲ ਕਿੰਨੇ ਅਜਿਹੇ ਪ੍ਰਬੰਧ ਕਰਨੇ ਪੈਂਦੇ ਹਨ ਜਿਨ੍ਹਾਂ ਤੋਂ ਚੀਨ ਤੇ ਪਾਕਿਸਤਾਨ ਨੂੰ ਪਤਾ ਲਗਦਾ ਰਹੇ ਕਿ ਭਾਰਤ ਨਾਲ ਮੁਕਾਬਲਾ ਕਰਨਾ ਸੌਖਾ ਨਹੀਂ ਹੋਵੇਗਾ ਤੇ ਇਹ ਅਰਬਾਂ ਦਾ ਨਿਵੇਸ਼ ਕਦੇ ਵਰਤੋਂ ਵਿਚ ਵੀ ਨਹੀਂ ਆਇਆ ਕਿਉਂਕਿ ਸੁਖ ਨਾਲ ਦੇਸ਼ ਵਿਚ ਜੰਗ ਹੋਏ ਅਰਸਾ ਹੋ ਗਿਆ ਹੈ ਪਰ ਗਵਾਂਢੀਆਂ ਦੇ ਤੇਵਰ ਵੇਖਣ ਮਗਰੋਂ ਬਣੇ ਡਰ ਕਾਰਨ ਸਾਡਾ ਖ਼ਰਚਾ ਨਹੀਂ ਘੱਟ ਸਕਿਆ।
Pakistan PM Imran Khan
ਇਸ ਦਾ ਖ਼ਮਿਆਜ਼ਾ ਸਾਡੇ ਸਿਖਿਆ ਤੇ ਸਿਹਤ ਪ੍ਰਬੰਧਾਂ ਨੂੰ ਚੁਕਾਉਣਾ ਪੈਂਦਾ ਹੈ ਜਿਨ੍ਹਾਂ ਉਤੇ ਜੀ.ਡੀ.ਪੀ. ਦਾ 2 ਜਾਂ 4 ਫ਼ੀ ਸਦੀ ਖ਼ਰਚਾ ਹੀ ਕੀਤਾ ਜਾਂਦਾ ਹੈ। ਇਸ ਸਾਲ ਸਿਖਿਆ ਦੇ ਖੇਤਰ ਵਿਚ ਕੇਂਦਰ ਵਲੋਂ 6000 ਕਰੋੜ ਦੀ ਕਟੌਤੀ ਹੋਈ ਜਿਸ ਦਾ ਅਸਰ ਅਸੀ ਵੇਖ ਰਹੇ ਹਾਂ ਕਿ ਅਧਿਆਪਕ ਸੜਕਾਂ ’ਤੇ ਮੁਜ਼ਾਹਰੇ ਕਰ ਰਹੇ ਹਨ ਕਿਉਂਕਿ ਕੇਂਦਰ ਦੀ ਸਕੀਮ ਤਹਿਤ ਉਨ੍ਹਾਂ ਦੀ ਭਰਤੀ ਹੋਈ ਸੀ ਪਰ ਉਹ ਸਕੀਮਾਂ ਹੀ ਹੁਣ ਖ਼ਤਮ ਹੋ ਗਈਆਂ ਹਨ। ਅੱਜ ਸੂਬੇ ਅਪਣੇ ਬਲਬੂਤੇ ਤੇ ਅਪਣੇ ਸਕੂਲਾਂ ਨੂੰ ਸੁਧਾਰ ਕੇ ਆਪਸ ਵਿਚ ਲੜਦੇ ਪਏ ਹਨ।
PM MODI
ਅਸਲ ਵਿਚ ਤਾਂ ਇਹ ਕੰਮ ਕੇਂਦਰ ਸਰਕਾਰ ਦਾ ਸੀ ਕਿ ਹਰ ਸੂੁਬੇ ਵਿਚ ਵਧੀਆ ਸਕੂਲ ਹੋਣ। ਸਿਹਤ ਸਹੂਲਤਾਂ ਦੀ ਅਸਲੀਅਤ ਕੋਵਿਡ ਨੇ ਸਾਡੇ ਸਾਹਮਣੇ ਲਿਆ ਕੇ ਰੱਖ ਦਿਤੀ ਹੈ। ਰਾਜਧਾਨੀ ਦੇ ਵਾਸੀ ਸਾਹ ਵਾਸਤੇ ਤੜਫ਼ ਤੜਫ਼ ਕੇ ਮਰ ਗਏ। ਦਰਿਆਵਾਂ ਵਿਚ ਬਸਾਂ ਵਗਦੀਆਂ ਵੇਖੀਆਂ ਤੇ ਅਸੀ ਬੇਬਸ ਰਹੇ। ਪਾਕਿਸਤਾਨ ਦਾ ਵੀ ਇਹੋ ਹਾਲ ਹੈ ਕਿ ਉਹ ਵੀ ਅਪਣਾ ਰਖਿਆ ਖ਼ਰਚਾ ਵਧਾਈ ਜਾਂਦੇ ਹਨ। ਉਹ ਵੀ ਸਾਡੇ ਡਰ ਹੇਠ ਅਪਣੀਆਂ ਨੀਤੀਆਂ ਬਣਾਉਂਦੇ ਹਨ।
ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੰਤਰਰਾਸ਼ਟਰੀ ਭੁਖਮਰੀ ਸੂਚਨਾ ਮਾਪਦੰਡਾਂ ਅਨੁਸਾਰ, ਭਾਰਤ, ਪਾਕਿਸਤਾਨ, ਬੰਗਾਲਦੇਸ਼ ਤੇ ਨੇਪਾਲ ਤੋਂ ਵੀ ਜ਼ਿਆਦਾ ਭੁੱਖਿਆਂ ਦਾ ਦੇਸ਼ ਹੈ।
ਇਹ ਦੇਸ਼ ਵੀ ਭੁਖਮਰੀ ਦਾ ਸ਼ਿਕਾਰ ਹਨ ਪਰ ਸਾਡੀ ਵੱਡੀ ਆਬਾਦੀ ਕਾਰਨ ਇਨ੍ਹਾਂ ਦਾ ਹਾਲ ਸਾਡੇ ਤੋਂ ਕੁੱਝ ਬਿਹਤਰ ਹੈ। ਅੱਜ ਤੁਸੀਂ ਅਫ਼ਗ਼ਾਨਿਸਤਾਨ ਵਲ ਵੇਖੋ। ਉਹ ਰੂਸ ਤੇ ਅਮਰੀਕਾ ਦੀ ਲੜਾਈ ਵਿਚ ਫਸਿਆ ਸੀ ਤੇ ਅੱਜ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੀ ਸਰਦੀ ਵਿਚ ਤਕਰੀਬਨ 50 ਲੱਖ ਲੋਕ ਠੰਢ ਤੇ ਭੁੱਖ ਕਾਰਨ ਉਥੇ ਮਰ ਜਾਣਗੇ। ਇਹ ਵੱਡੀਆਂ ਤਾਕਤਾਂ ਸਾਨੂੰ ਆਪਸ ਵਿਚ ਲੜਾ ਕੇ ਤੇ ਸਾਡੇ ਡਰ ਦਾ ਫ਼ਾਇਦਾ ਉਠਾ ਕੇ ਅਪਣੇ ਹਥਿਆਰ ਵੇਚ ਲੈਂਦੀਆਂ ਹਨ ਤੇ ਸਾਡੇ ਆਗੂ ਭੁਲ ਜਾਂਦੇ ਹਨ ਕਿ ਉਨ੍ਹਾਂ ਦਾ ਕੰਮ ਦੇਸ਼ ਨੂੰ ਸਿਰਫ਼ ਸਰਹੱਦਾਂ ਤੇ ਹੀ ਤਾਕਤਵਰ ਕਰਨ ਤਕ ਹੀ ਨਹੀਂ ਹੁੰਦਾ ਬਲਕਿ ਅਪਣੀ ਜਨਤਾ ਨੂੰ ਵੀ ਤਾਕਤਵਰ ਬਣਾਉਣਾ ਹੁੰਦਾ ਹੈ। ਉਹ ਤਾਂ ਸਿਖਿਆ ਤੇ ਸਿਹਤ ਨਾਲ ਹੀ ਹੋ ਸਕਦਾ ਹੈ ਪਰ ਡਰ ਵਿਚ ਕੰਮ ਕਰਦੀਆਂ ਸਰਕਾਰਾਂ ਇਸ ਸੋਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। -ਨਿਮਰਤ ਕੌਰ