
ਅੱਜ ਹਰ ਸੁਰਖ਼ੀ, ਹਰ ਚੈਨਲ ਦੀ ਆਵਾਜ਼ ਇਹੀ ਸੁਨੇਹਾ ਦੇ ਰਹੀ ਹੈ ਕਿ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਹੈ|
ਅੱਜ ਹਰ ਸੁਰਖ਼ੀ, ਹਰ ਚੈਨਲ ਦੀ ਆਵਾਜ਼ ਇਹੀ ਸੁਨੇਹਾ ਦੇ ਰਹੀ ਹੈ ਕਿ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਹੈ| ਕਈ ਇਹ ਵੀ ਆਖ ਰਹੇ ਹਨ ਕਿ ਹੁਣ ‘ਆਪ’ ਇਕ ਰਾਸ਼ਟਰੀ ਦਲ ਬਣ ਗਿਆ ਹੈ ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਦੇਸ਼ ਦੇ ਗੜ੍ਹ ਦਿੱਲੀ ਵਿਚ ਭਾਜਪਾ ਦੀ ਹਾਰ ਹੋਈ ਹੈ ਕਿਉਂਕਿ ਉਨ੍ਹਾਂ ਦਿੱਲੀ ਵਿਚ ਡਬਲ ਇੰਜਣ ਹੋਣ ਦੇ ਬਾਵਜੂਦ ਸਫ਼ਾਈ ਵਿਚ ਸੁਧਾਰ ਨਹੀਂ ਸੀ ਕੀਤਾ| ਆਖ਼ਰ ਜਿਸ ਸ਼ਹਿਰ ਵਿਚ ਪ੍ਰਧਾਨ ਮੰਤਰੀ ਰਹਿੰਦੇ ਹੋਣ ਅਤੇ ਸਾਰੀ ਦੁਨੀਆਂ ਦੇ ਲੋਕ ਇਸ ਦੇਸ਼ ਵਿਚ ਦਾਖ਼ਲ ਹੋਣ ਸਮੇਂ ਪਹਿਲਾ ਕਦਮ ਜਿਸ ਸ਼ਹਿਰ ਵਿਚ ਰਖਦੇ ਹੋਣ,ਉਥੇ ਇੰਡੀਆ ਗੇਟ ਤੋਂ ਵੱਡਾ ਕੂੜੇ ਦਾ ਅੰਬਾਰ ਸਾਲਾਂ ਤੋਂ ਉੱਚਾ ਹੁੰਦਾ ਆ ਰਿਹਾ ਹੋਵੇ ਤਾਂ ਹਾਰ ਜਾਇਜ਼ ਹੀ ਮੰਨੀ ਜਾਣੀ ਚਾਹੀਦੀ ਹੈ
ਹਿਮਾਚਲ ਵਿਚ ਵੀ ਭਾਜਪਾ ਦੀ ਹਾਰ ਡਬਲ ਇੰਜਣ ਦੇ ਦਾਅਵੇ ਦੀ ਹਾਰ ਹੈ| ਗੁਜਰਾਤ ਨੇ ਵੀ ਅਪਣਾ ਪੁੱਤਰ ਹੀ ਜਿਤਾਇਆ ਕਿਉਂਕਿ ਉਸ ਨੇ ਅਪਣੇ ਸੂਬੇ ਨੂੰ ਕੇਂਦਰੀ ਖ਼ਜ਼ਾਨੇ ’ਚੋਂ ਵੱਧ ਤੋਂ ਵੱਧ ਦਿਤਾ| ਆਖ਼ਰਕਾਰ ਅੰਬਾਨੀ, ਅਡਾਨੀ, ਸ਼ਾਹ ਅੱਜ ਭਾਰਤ ਦੇ ਸਭ ਤੋਂ ਅਮੀਰ ਅਤੇ ਤਾਕਤਵਰ ਘਰਾਣੇ ਇਸ ਕਰ ਕੇ ਹੀ ਹਨ ਕਿਉਂਕਿ ਉਹ ਗੁਜਰਾਤੀ ਹਨ| ਪਰ ਬਾਕੀ ਭਾਰਤ ਵਿਚ ਡਬਲ ਇੰਜਣ ਦਾ ਕੋਈ ਫਾਇਦਾ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ| ਤੇ ਜਦ ਚੋਣਾਂ ਆਉਂਦੀਆਂ ਹਨ ਤਾਂ ਲੋਕ ਕਾਂਗਰਸ ਤੇ ਆਪ ਵਿਚਕਾਰ ਵੰਡੇ ਜਾਂਦੇ ਹਨ| ਇਨ੍ਹਾਂ ਦੋਹਾਂ ਵਿਚ ਦੇਸ਼ ਦੀ ਅੱਵਲ ਵਿਰੋਧੀ ਪਾਰਟੀ ਕਿਹੜੀ ਹੈ, ਇਸ ਨੂੰ ਲੈ ਕੇ ਵੀ ਕਸ਼ਮਕਸ਼ ਚਲ ਰਹੀ ਹੈ| ਇਸ ਲੜਾਈ ਵਿਚ ਵੀ ਭਾਜਪਾ ਦਾ ਫ਼ਾਇਦਾ ਹੈ ਤੇ ਰਹੇਗਾ ਵੀ ਤੇ 2027 ਵਿਚ ਇਸ ਲੜਾਈ ਕਾਰਨ ਭਾਜਪਾ ਫਿਰ ਸੁਰਖ਼ੀਆਂ ਵਿਚ ਹੋਵੇਗੀ|
ਹੁਣ ਅਸਲ ਮਿਹਨਤ ‘ਆਪ’ ਤੇ ਕਾਂਗਰਸ ਨੂੰ ਕਰਨੀ ਪੈਣੀ ਹੈ| ‘ਆਪ’ ਬੜੇ ਫ਼ਾਇਦੇ ਵਿਚ ਹੈ ਕਿਉਂਕਿ ਉਨ੍ਹਾਂ ਉਤੇ ਪਿਛਲੇ 70 ਸਾਲਾਂ ਦਾ ਹਿਸਾਬ ਦੇਣ ਦਾ ਕੋਈ ਭਾਰ ਨਹੀਂ| ਉਹ ‘ਇਕ ਮੌਕਾ’ ਬੜੇ ਉਤਸ਼ਾਹ ਨਾਲ ਮੰਗ ਸਕਦੇ ਹਨ ਅਤੇ ਹੁਣ ਤਕ ਜਦ ਵੀ ਉਨ੍ਹਾਂ ਮੌਕਾ ਮੰਗਿਆ ਤਾਂ ਉਨ੍ਹਾਂ ਨੇ ਅਪਣਾ ਦਿੱਲੀ ਮਾਡਲ ਬੜੇ ਉਤਸ਼ਾਹ ਨਾਲ ਵਿਖਾਇਆ ਪਰ ਉਨ੍ਹਾਂ ਨੂੰ ਮੰਥਨ ਕਰਨ ਦੀ ਲੋੜ ਹੈ ਕਿ ਦਿੱਲੀ ਦੇ ਸ਼ੁਰੂ ਹੋਏ ਬਦਲਾਅ ਦੀ ਅੱਗ ਪੰਜਾਬ ਤੋਂ ਅੱਗੇ ਹਿਮਾਚਲ ਵਿਚ ਜਾ ਕੇ ਠੰਢੀ ਕਿਉਂ ਪੈ ਗਈ? ਗੁਜਰਾਤ ਵਿਚ ਜਾ ਕੇ ਪ੍ਰਚਾਰ ਕਰਨਾ ਜਿੰਨਾ ਔਖਾ ਸੀ, ਓਨਾ ਹੀ ਆਸਾਨ ਸੀ ਹਿਮਾਚਲ ਵਿਚ ਪ੍ਰਚਾਰ ਕਰਨਾ|
ਪੰਜਾਬ ਦੀਆਂ ਸਰਹੱਦਾਂ ਤੋਂ ਸੱਚੀ ਖ਼ਬਰ ਸਿੱਧੀ ਹਿਮਾਚਲੀਆਂ ਕੋਲ ਪਹੁੰਚ ਜਾਂਦੀ ਹੈ ਤੇ ਉਸ ਦਾ ਅਸਰ ਪ੍ਰਚਾਰ ਦੇ ਸਾਰੇ ਮਾਧਿਅਮਾਂ ਨਾਲੋਂ ਜ਼ਿਆਦਾ ਹੁੰਦਾ ਹੈ| ‘ਪੰਜਾਬ ਮਾਡਲ’ 8 ਮਹੀਨਿਆਂ ਵਿਚ ਕੋਈ ਦਿਸ਼ਾ ਨਹੀਂ ਫੜ ਸਕਿਆ ਜਿਸ ਦਾ ਫ਼ਾਇਦਾ ਕਾਂਗਰਸ ਨੂੰ ਹਿਮਾਚਲ ਵਿਚ ਮਿਲ ਸਕਦਾ| ਕਾਂਗਰਸ ਨੇ ਅਪਣੇ ਪ੍ਰਚਾਰ ਵਿਚ ਕੋਈ ਜਾਨ ਨਾ ਭਰੀ| ਨਾ ਰਾਹੁਲ ਗਾਂਧੀ ਪ੍ਰਚਾਰ ਵਾਸਤੇ ਗਏ, ਨਾ ਕਾਂਗਰਸੀਆਂ ਨੇ ਅਪਣੀਆਂ ਲੜਾਈਆਂ ਛੱਡੀਆਂ ਤੇ ਫਿਰ ਵੀ ਉਹ ਜਿੱਤ ਗਏ ਤੇ ਇਸ ਦਾ ਕਾਰਨ ਸਿਰਫ਼ ਇਹੀ ਹੈ ਕਿ ਕਾਂਗਰਸ ਵਾਸਤੇ ਕੋਈ ਚੁਨੌਤੀ ਨਹੀਂ ਸੀ ਤੇ ਲੋਕ ਭਾਜਪਾ ਤੋਂ ਦੂਰ ਹੋ ਰਹੇ ਹਨ|
ਰਾਹੁਲ ਗਾਂਧੀ, ਖੜਗੇ ਤੇ ਕਾਂਗਰਸ ਨੂੰ ਜੇ ‘ਆਪ’ ਦੇ ਮੁਕਾਬਲੇ ਖੜਾ ਕਰਨ ਦੀ ਗੱਲ ਸੋਚਣੀ ਹੈ ਤਾਂ ਰਾਹੁਲ ਗਾਂਧੀ ਨੂੰ ਅਪਣਾ ਮਾਡਲ ਕਿਸੇ ਸੂਬੇ ਵਿਚ ਬਣਾ ਕੇ ਵਿਖਾਣਾ ਪਵੇਗਾ| ਅੱਜ ਤਕ ਲੋਕ ਕਾਂਗਰਸ ਦੇ ਆਜ਼ਾਦੀ ਦੀ ਲੜਾਈ ਵਾਲੇ ਇਤਿਹਾਸ ਕਾਰਨ ਵੋਟ ਕਾਂਗਰਸ ਨੂੰ ਪਾਉਂਦੇ ਆ ਰਹੇ ਸਨ| ਪਰ ਜਿਥੇ ਗੁਜਰਾਤ ਮਾਡਲ ਹੈ, ਦਿੱਲੀ ਮਾਡਲ ਹੈ, ਰਾਹੁਲ ਗਾਂਧੀ ਮਾਡਲ ਕਿਥੇ ਹੈ? ਹਾਂ, ਰਾਹੁਲ ਗਾਂਧੀ ਭਾਰਤ ਨੂੰ ਜੋੜਨਾ ਚਾਹੁੰਦਾ ਹੈ| ਰਾਹੁਲ ਗਾਂਧੀ ਨੇ ਮਨਰੇਗਾ ਸਥਾਪਤ ਕਰ ਕੇ ਭਾਰਤ ਦੇ ਗ਼ਰੀਬ ਨੂੰ ਭੁੱਖਮਰੀ ਤੋਂ ਬਚਾਇਆ ਪਰ ਫਿਰ ਵੀ ਲੋਕ ਰਾਹੁਲ ਤੋਂ ਕੁੱਝ ਹੋਰ ਵੇਖਣਾ ਚਾਹੁੰਦੇ ਹਨ| ਉਹ ਇਕ ਆਗੂ ਚਾਹੁੰਦੇ ਹਨ ਜੋ ਟਿਕ ਕੇ ਤੇ ਇਕ ਟੀਚਾ ਮਿਥ ਕੇ ਕੰਮ ਕਰੇ ਤੇ ਅਪਣੀ ਪਾਰਟੀ ਨੂੰ ਜੋੜ ਕੇ ਵਿਖਾਵੇ|
ਰਾਜਸਥਾਨ ਵਿਚ ਅੰਦਰੂਨੀ ਲੜਾਈ ਦੇ ਸੰਕੇਤ ਹਨ| ਕਾਂਗਰਸ ਦਾ ਪ੍ਰਧਾਨ üਣਨ ਵਾਲੇ ਗਹਿਲੋਤ ਵਲੋਂ ਬਗ਼ਾਵਤ ਮਗਰੋਂ ਹਿਮਾਚਲ ਵਿਚ ਵੀ ਲੜਾਈ ਐਨ ਮੁਮਕਿਨ ਹੈ| ਪੰਜਾਬ ਵਿਚ ਨਵਜੋਤ ਸਿੰਘ ਦੇ ਬਾਹਰ ਆਉਂਦੇ ਹੀ ਫਿਰ ਲੜਾਈਆਂ ਸ਼ੁਰੂ ਹੋ ਜਾਣਗੀਆਂ| ਕਾਂਗਰਸ ਦੀ ਸੂਬੇ ਵਿਚ ਜਿੱਤ ਤੋਂ ਬਾਅਦ ਰਾਹੁਲ ਗਾਂਧੀ ਗ਼ਾਇਬ ਕਿਉਂ ਹੋ ਜਾਂਦੇ ਹਨ? ਜਦ ਤਕ ਉਹ ਅਪਣੇ ਆਪ ਦੀ ਨਿਗਰਾਨੀ ਵਿਚ ਕਾਂਗਰਸ ਵਿਚ ਅਨੁਸ਼ਾਸਨ ਨਹੀਂ ਲਿਆਉਂਦੇ ਤੇ ਅਪਣੀ ਪਾਰਟੀ ਨੂੰ ਈਮਾਨਦਾਰੀ ਦੀ ਮਿਸਾਲ ਬਣਾਉਣ ਮਗਰੋਂ ਇਕ ਮਾਡਲ ਸੂਬਾ ਪੇਸ਼ ਨਹੀਂ ਕਰਦੇ, ਉਹ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਹਾਰਦੇ ਹੀ ਰਹਿਣਗੇ| 2024 ਪ੍ਰਧਾਨ ਮੰਤਰੀ ਦੀ ਚੋਣ ਹੀ ਨਹੀਂ ਹੋਣੀ ਬਲਕਿ ਕੇਜਰੀਵਾਲ ਤੇ ਰਾਹੁਲ ਵਿਚੋਂ ਵਿਰੋਧੀ ਧਿਰ ਦਾ ਆਗੂ ਬਣ ਕੇ ਕੌਣ ਉਭਰੇਗਾ, ਇਸ ਗੱਲ ਦੀ ਲੜਾਈ ਸਿਰੇ ਲਗਣੀ ਹੈ| - ਨਿਮਰਤ ਕੌਰ