'ਭਾਰਤੀ ਵਣਜ ਮੰਤਰਾਲੇ ਨੇ ਟਰੰਪ ਦੀ ਧਮਕੀ ਬਾਰੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। '
Trump's new threat is not very effective Editorial: ਇਕ ਪਾਸੇ ਅਮਰੀਕੀ ਵਪਾਰਕ ਵਾਰਤਾਕਾਰਾਂ ਦੀ ਟੀਮ ਨਵੀਂ ਦਿੱਲੀ ਪੁੱਜੀ ਹੋਈ ਹੈ, ਦੂਜੇ ਪਾਸੇ ਉਸ ਦੇਸ਼ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਉੱਤੇ ਅਮਰੀਕਾ ਵਿਚ ਚਾਵਲ ਡੰਪ ਕਰਨ ਦਾ ਦੋਸ਼ ਲਾਉਂਦਿਆਂ ਇਨ੍ਹਾਂ ਦੀ ਅਮਰੀਕਾ ਵਿਚ ਆਮਦ ਉਪਰ ਵਾਧੂ ਮਹਿਸੂਲ ਲਾਉਣ ਦੀ ਧਮਕੀ ਦਿਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਪਹਿਲਾਂ ਹੀ ਭਾਰਤੀ ਤੇ ਬ੍ਰਾਜ਼ੀਲੀ ਵਸਤਾਂ ਦੀ ਅਮਰੀਕਾ ਵਿਚ ਆਮਦ ਉਪਰ 50 ਫ਼ੀਸਦੀ ਮਹਿਸੂਲ (ਟੈਰਿਫਸ) ਲਾਗੂ ਕੀਤਾ ਹੋਇਆ ਹੈ। ਹੁਣ ਚੌਲਾਂ ਉਪਰ ਹੋਰ ਮਹਿਸੂਲ ਲਾਉਣ ਦੀ ਧਮਕੀ, ਭਾਰਤ ਨੂੰ ਨਵੇਂ ਸਿਰਿਉਂ ਦੰਡਿਤ ਕਰਨ ਵਾਲਾ ਕਦਮ ਹੈ। ਇਹ ਵੱਖਰੀ ਗੱਲ ਹੈ ਕਿ ਭਾਰਤ ਨਾ ਤਾਂ ਅਮਰੀਕੀ ਮੰਡੀਆਂ ਵਿਚ ਚਾਵਲ ਸਸਤੇ ਭਾਅ ਸੁੱਟ ਰਿਹਾ ਹੈ ਅਤੇ ਨਾ ਹੀ ਇਹ ਜਿਨਸ ਏਨੀ ਵੱਡੀ ਮਿਕਦਾਰ ਵਿਚ ਅਮਰੀਕਾ ਭੇਜ ਰਿਹਾ ਹੈ ਕਿ ਅਮਰੀਕੀ ਮਾਰਕੀਟ ਖੁੱਸਣ ਦੀ ਸੂਰਤ ਵਿਚ ਭਾਰਤੀ ਬਰਾਮਦਕਾਰਾਂ ਦਾ ਲੰਬਾ-ਚੌੜਾ ਨੁਕਸਾਨ ਹੋਵੇ। ਇਹ ਇਕ ਜਾਣਿਆ-ਪਛਾਣਿਆ ਤੱਥ ਹੈ ਕਿ ਭਾਰਤ, ਦੁਨੀਆਂ ਵਿਚ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਵੀ ਹੈ ਅਤੇ ਬਰਾਮਦਕਾਰ ਵੀ। ਭਾਰਤ ਤੋਂ ਇਲਾਵਾ ਚੀਨ ਤੇ ਥਾਈਲੈਂਡ ਵੀ ਅਮਰੀਕਾ ਨੂੰ ਚਾਵਲ ਬਰਾਮਦ ਕਰਦੇ ਹਨ। ਪਰ ਭਾਰਤੀ ਬਰਾਮਦਾਂ ਮੁੱਖ ਤੌਰ ’ਤੇ ਬਾਸਮਤੀ ਆਧਾਰਿਤ ਹਨ। ਇਹ ਚੌਲਾਂ ਦੀਆਂ ਕੁਲ ਭਾਰਤੀ ਬਰਾਮਦਾਂ ਦਾ ਮਹਿਜ਼ ਤਿੰਨ ਫ਼ੀਸਦੀ ਹਿੱਸਾ ਬਣਦੀਆਂ ਹਨ। ਵਿੱਤੀ ਸਾਲ 2024-25 ਦੌਰਾਨ ਭਾਰਤ ਨੇ 33.71 ਕਰੋੜ ਡਾਲਰਾਂ ਦੇ ਮੁੱਲ ਦੇ ਬਾਸਮਤੀ ਚਾਵਲ ਅਮਰੀਕਾ ਭੇਜੇ ਸਨ। ਬਾਸਮਤੀ ਤੋਂ ਇਲਾਵਾ ਦੱਖਣ ਭਾਰਤੀ ਕਿਸਮਾਂ ਦੇ ਮੋਟੇ ਚਾਵਲਾਂ ਦੀ ਥੋੜ੍ਹੀ ਜਹੀ ਮਿਕਦਾਰ ਵੀ ਅਮਰੀਕਾ ਭੇਜੀ ਜਾਂਦੀ ਹੈ ਜੋਕਿ ਮੁੱਖ ਤੌਰ ’ਤੇ ਉੱਥੇ ਵਸੇ ਦੱਖਣ ਭਾਰਤੀ ਭਾਈਚਾਰੇ ਦੀ ਖਾਧ-ਖ਼ੁਰਾਕ ਦੇ ਕੰਮ ਆਉਂਦੀ ਹੈ। ਭਾਰਤੀ ਚੌਲ ਬਰਾਮਦਕਾਰਾਂ ਦੀ ਜਥੇਬੰਦੀ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਜੀਰੀ ਦੀ ਪੈਦਾਵਾਰ ਬਹੁਤੀ ਨਹੀਂ ਹੁੰਦੀ। ਇਹ ਮੁੱਖ ਤੌਰ ’ਤੇ ਤਿੰਨ ਸੂਬਿਆਂ ਵਿਚ ਹੀ ਹੁੰਦੀ ਹੈ। ਜਿੰਨੀ ਕੁ ਜੀਰੀ ਉੱਥੇ ਪੈਦਾ ਹੁੰਦੀ ਹੈ, ਓਨੀ ਕੁ ਉਹ ਹੋਰਨਾਂ ਦੇਸ਼ਾਂ ਤੋਂ ਮੰਗਵਾਉਂਦਾ ਵੀ ਹੈ। ਲਿਹਾਜ਼ਾ, ਭਾਰਤੀ ਬਰਾਮਦਾਂ ਤੋਂ ਉਥੋਂ ਦੇ ਜੀਰੀ ਕਾਸ਼ਤਕਾਰਾਂ ਨੂੰ ਆਰਥਿਕ ਨੁਕਸਾਨ ਹੋਣ ਦੀਆਂ ਸ਼ਿਕਾਇਤਾਂ ਬਹੁਤੀਆਂ ਜਾਇਜ਼ ਨਹੀਂ। ਹਾਂ, ਬਾਸਮਤੀ ਨਾਲ ਜੁੜਿਆ ਇਕ ਤੱਥ ਜ਼ਰੂਰ ਅਮਰੀਕੀ ਕਾਸ਼ਤਕਾਰਾਂ ਨੂੰ ਪ੍ਰੇਸ਼ਾਨ ਕਰਦਾ ਆਇਆ ਹੈ। ਉਹ ਇਹ ਕਿ ਅਮਰੀਕਾ ਵਿਚ ਵੀ ਸੁਗੰਧੀਦਾਰ ਚੌਲਾਂ ਦੀ ਕਾਸ਼ਤ ਹੁੰਦੀ ਹੈ ਜਿਨ੍ਹਾਂ ਨੂੰ ਬਾਸਮਤੀ ਦੱਸ ਕੇ ਮਾਰਕੀਟ ਵਿਚ ਰੇੜਿ੍ਹਆ ਜਾਂਦਾ ਸੀ। ਉਸ ਪ੍ਰਥਾ ਖ਼ਿਲਾਫ਼ ਭਾਰਤ ਤੇ ਪਾਕਿਸਤਾਨ ਨੇ ਮਿਲ ਕੇ ਵਿਸ਼ਵ ਵਪਾਰ ਸੰਸਥਾ (ਡਬਲਿਊ.ਟੀ.ਓ.) ਵਿਚ ਲੜਾਈ ਲੜੀ ਅਤੇ ਬਾਸਮਤੀ ਦਾ ਪੇਟੈਂਟ ਹਾਸਿਲ ਕਰ ਲਿਆ। ਅਮਰੀਕਾ ਇਹ ਸੁਗੰਧੀਦਾਰ ਚੌਲ ਕਈ ਲਾਤੀਨੀ ਅਮਰੀਕੀ ਦੇਸ਼ਾਂ ਨੂੰ ਬਰਾਮਦ ਕਰਦਾ ਆ ਰਿਹਾ ਹੈ। ਕਿਉਂਕਿ ਅਮਰੀਕੀ ਟੈਰਿਫਸ ਕਾਰਨ ਭਾਰਤੀ ਬਰਾਮਦਕਾਰ ਵੀ ਲਾਤੀਨੀ ਅਮਰੀਕੀ ਦੇਸ਼ਾਂ ਵਲ ਰੁਖ਼ ਕਰ ਰਹੇ ਹਨ, ਇਸ ਲਈ ਉੱਥੇ ਅਮਰੀਕੀ ਬਰਾਮਦਾਂ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਟਰੰਪ ਦੀ ਧਮਕੀ ਨੂੰ ਇਸ ਪ੍ਰਸੰਗ ਨਾਲ ਵੀ ਜੋੜਿਆ ਜਾ ਰਿਹਾ ਹੈ।
ਟਰੰਪ ਨੇ ਉਪਰੋਕਤ ਧਮਕੀ ਲੂਜ਼ਿਆਨਾ ਸੂਬੇ ਦੇ ਜੀਰੀ ਕਾਸ਼ਤਕਾਰਾਂ ਦੇ ਇਕ ਵਫ਼ਦ ਨਾਲ ਮੁਲਾਕਾਤ ਸਮੇਂ ਦਿਤੀ। ਇਸ ਵਫ਼ਦ ਨੇ ਥਾਈਲੈਂਡ, ਭਾਰਤ ਤੇ ਚੀਨ ਉੱਤੇ ਅਮਰੀਕੀ ਮੰਡੀਆਂ ਵਿਚ ਚਾਵਲ ਡੰਪ ਕਰਨ ਦੇ ਦੋਸ਼ ਲਾਏ ਸਨ, ਪਰ ਟਰੰਪ ਨੇ ਬਾਕੀ ਦੋ ਮੁਲਕਾਂ ਦੀ ਥਾਂ ਭਾਰਤ ਉੱਤੇ ਹੀ ਹੋਰ ਮਹਿਸੂਲ (ਟੈਰਿਫਸ) ਲਾਏ ਜਾਣ ਦੀ ਚਿਤਾਵਨੀ ਦਿਤੀ। ਦਰਹਕੀਕਤ, ਥਾਈਲੈਂਡ, ਅਮਰੀਕਾ ਨੂੰ ਸਭ ਤੋਂ ਵੱਧ ਚਾਵਲ ਬਰਾਮਦ ਕਰਦਾ ਹੈ। ਉਸ ਨੇ ਕੈਲੰਡਰ ਵਰ੍ਹੇ 2024 ਦੌਰਾਨ 80.25 ਕਰੋੜ ਡਾਲਰਾਂ ਦੇ ਮੁੱਲ ਦੇ ਚਾਵਲ ਅਮਰੀਕਾ ਭੇਜੇ ਜਦੋਂਕਿ ਜਨਵਰੀ-ਅਗੱਸਤ 2025 ਦੌਰਾਨ ਇਹ ਮਾਲੀਅਤ 62.68 ਕਰੋੜ ਡਾਲਰਾਂ ਦੀ ਰਹੀ। ਦੂਜੇ ਪਾਸੇ, ਭਾਰਤ ਨੇ 2024 ਦੌਰਾਨ 39.12 ਕਰੋੜ ਡਾਲਰ ਅਤੇ ਜਨਵਰੀ-ਅਗੱਸਤ, 2025 ਦੌਰਾਨ 20.39 ਕਰੋੜ ਡਾਲਰਾਂ ਦੀ ਮਾਲੀਅਤ ਦੇ ਚਾਵਲ ਅਮਰੀਕਾ ਭੇਜੇ। ਥਾਈਲੈਂਡ ਵੀ ਸੁਗੰਧੀਦਾਰ ਚਾਵਲ ਪੈਦਾ ਕਰਦਾ ਹੈ, ਪਰ ਉਨ੍ਹਾਂ ਉਪਰ ਬਾਸਮਤੀ ਦਾ ਠੱਪਾ ਨਹੀਂ ਹੁੰਦਾ। ਇਸੇ ਕਾਰਨ ਉਨ੍ਹਾਂ ਦੀ ਮਾਰਕੀਟ ਕੀਮਤ ਭਾਰਤੀ ਬਾਸਮਤੀ ਤੋਂ ਘੱਟੋ-ਘੱਟ 15 ਫ਼ੀਸਦੀ ਘੱਟ ਰਹਿੰਦੀ ਹੈ।
ਭਾਰਤੀ ਵਣਜ ਮੰਤਰਾਲੇ ਨੇ ਟਰੰਪ ਦੀ ਧਮਕੀ ਬਾਰੇ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ। ਵਪਾਰਕ ਸੰਗਠਨਾਂ ਨੇ ਇਸ ਪੱਖੋਂ ਕੁੱਝ ਚਿੰਤਾ ਜ਼ਰੂਰ ਜਤਾਈ ਹੈ, ਪਰ ਬਹੁਤੇ ਵਪਾਰਕ ਆਗੂਆਂ ਦੀ ਰਾਇ ਹੈ ਕਿ ਟਰੰਪ ਵਲੋਂ ਵਾਧੂ ਮਹਿਸੂਲ ਲਾਏ ਜਾਣ ਦੀ ਸੂਰਤ ਵਿਚ ਵੀ ਭਾਰਤੀ ਚੌਲਾਂ ਦੀ ਬਰਾਮਦ ਉਪਰ ਬਹੁਤਾ ਅਸਰ ਨਹੀਂ ਪਵੇਗਾ। ਇਸ ਤੋਂ ਉਲਟ ਪ੍ਰੇਸ਼ਾਨੀ ਅਮਰੀਕੀ ਖ਼ਪਤਕਾਰਾਂ ਨੂੰ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਭਾਰਤੀ ਚਾਵਲ ਮਹਿੰਗੇ ਭਾਅ ਖ਼ਰੀਦਣੇ ਪੈਣਗੇ। ਸਰਕਾਰੀ ਹਲਕੇ ਟਰੰਪ ਦੀ ਨਵੀਂ ਧਮਕੀ ਨੂੰ ਨਵੀਂ ਦਿੱਲੀ ਵਿਚ ਚੱਲ ਰਹੀ ਭਾਰਤ-ਅਮਰੀਕਾ ਵਣਜ ਵਾਰਤਾ ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਦੀ ਰਾਇ ਹੈ ਕਿ ਟਰੰਪ ਨੇ ਇਸ ਵਣਜ ਵਾਰਤਾ ਦੌਰਾਨ ਅਮਰੀਕਾ ਦਾ ਹੱਥ ਉੱਚਾ ਰੱਖਣ ਲਈ ਚੌਲਾਂ ’ਤੇ ਵਾਧੂ ਟੈਰਿਫਸ ਵਾਲਾ ਪੱਤਾ ਵਰਤਿਆ ਹੈ। ਪਰ ਇਹ ਪੱਤਾ ਬਹੁਤਾ ਕਾਰਗਰ ਸਾਬਤ ਹੋਣ ਵਾਲਾ ਨਹੀਂ। ਇਹ ਸੱਚ ਹੈ ਕਿ ਟਰੰਪ ਵਲੋਂ ਥੋਪੀਆਂ ਗਈਆਂ 50 ਫ਼ੀਸਦੀ ਮਹਿਸੂਲ ਦਰਾਂ ਨੇ ਗਾਰਮੈਂਟਸ, ਜ਼ੇਵਰਾਤ, ਫੁੱਟਵੀਅਰ ਤੇ ਮੋਟਰ ਪਾਰਟਸ ਵਰਗੀਆਂ ਭਾਰਤੀ ਸਨਅਤਾਂ ਨੂੰ ਆਰਥਿਕ ਸੱਟ ਮਾਰੀ ਹੈ। ਪਰ ਇਸ ਸੱਟ ਨਾਲ ਜੁੜੀ ਪੀੜ ਏਨੀ ਜ਼ਿਆਦਾ ਨਹੀਂ ਕਿ ਸਹਿਣ ਨਾ ਕੀਤੀ ਜਾ ਸਕੇ। ਇਸੇ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨਾਲ ਵਪਾਰਕ ਸੌਦੇਬਾਜ਼ੀ ਦੌਰਾਨ ਭਾਰਤੀ ਹਿਤਾਂ ਦੀ ਬਲੀ ਨਹੀਂ ਦਿਤੀ ਜਾਣੀ ਚਾਹੀਦੀ।
