
ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੋਦੀ ਜੀ ਇਕ ਸਿਆਸਤਦਾਨ ਵਜੋਂ ਨਹੀਂ ਬੋਲ ਰਹੇ ਬਲਕਿ ਇਕ ਸਿਆਸੀ ਗੁਰੂ ਵਜੋਂ ਗਿਆਨ ਦੇ ਰਹੇ ਹਨ।
ਪੰਜ ਸੂਬਿਆਂ ਵਿਚ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਏ.ਐਨ.ਆਈ. ਦੇ ਖ਼ਾਸ ਪੱਤਰਕਾਰ ਨਾਲ ਟੀ ਵੀ ਉਤੇ ਸਾਰੇ ਦੇਸ਼ ਬਾਰੇ ਚਰਚਾ ਕਰਦੇ ਵਿਖਾਏ ਗਏ ਹਨ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਮੋਦੀ ਜੀ ਇਕ ਸਿਆਸਤਦਾਨ ਵਜੋਂ ਨਹੀਂ ਬੋਲ ਰਹੇ ਬਲਕਿ ਇਕ ਸਿਆਸੀ ਗੁਰੂ ਵਜੋਂ ਗਿਆਨ ਦੇ ਰਹੇ ਹਨ। ਉਨ੍ਹਾਂ ਨੇ ਬਹੁਤ ਸਹੀ ਗੱਲਾਂ ਵੀ ਚੁਕੀਆਂ ਜਿਨ੍ਹਾਂ ਨੂੰ ਜਨਤਾ ਵੀ ਸਹੀ ਮੰਨ ਲੈਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਸਾਲਾਂ ਬਾਅਦ ਸੱਤਾਧਾਰੀ ਪਾਰਟੀ ਦੇ ਵਿਰੋਧ ਵਿਚ ਵੋਟ ਪੈਂਦੀ ਸੀ
Prime Minister Narendra Modi
ਪਰ ਅੱਜ ਮੋਦੀ ਰਾਜ ਵੇਖਣ ਮਗਰੋਂ ਇਹ ਰੁਝਾਨ ਬਦਲ ਗਿਆ ਹੈ ਤੇ ਹੁਣ ਸੱਤਾਧਾਰੀ ਪਾਰਟੀ ਦੇ ਹੱਕ ਵਿਚ ਵੋਟ ਭੁਗਤਦੀ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਵਿਚ ਤਿੰਨ ਵਾਰ ਦੀ ਅਪਣੀ ਜਿੱਤ ਨੂੰ ਅਪਣੀ ਸਫ਼ਲਤਾ ਦੀ ਉਦਾਹਰਣ ਦਸਿਆ। ਉਨ੍ਹਾਂ ਸਿੱਖਾਂ ਨਾਲ ਅਪਣਾ ਰਿਸ਼ਤਾ ਵੀ ਦਸਿਆ ਤੇ ਦੇਸ਼ ਨੂੰ ਪਾਰਟੀ ਤੋਂ ਉਪਰ ਉਠ ਕੇ ਪਿਆਰ ਕਰਨ ਦੀ ਸੋਚ ਅਤੇ ਕੰਮ ਸਾਂਝੇ ਕੀਤੇ।
Poor People
ਉਨ੍ਹਾਂ ਦਸਿਆ ਕਿ ਉਹ ਹਰ ਗ਼ਰੀਬ ਨੂੰ ਹਰ ਸਹੂਲਤ ਦੇਣਾ ਚਾਹੁੰਦੇ ਹਨ ਤਾਕਿ ਉਸ ਦਾ ਮੁਫ਼ਤ ਇਲਾਜ ਹੋ ਸਕੇ। ਗੱਲਾਂ ਤਾਂ ਬਹੁਤ ਚੰਗੀਆਂ ਸਨ ਪਰ ਸਵਾਲ ਇਹ ਉਠਦਾ ਹੈ ਕਿ ਫਿਰ ਵੀ ਉਹ ਇਕ ਤਬਕੇ ਦਾ ਦਿਲ ਕਿਉਂ ਨਹੀਂ ਜਿੱਤ ਸਕੇ ਜਿਸ ਦਾ ਸੱਭ ਤੋਂ ਵੱਡਾ ਹਿੱਸਾ ਪੰਜਾਬ ਤੇ ਬੰਗਾਲ ਵਿਚ ਰਹਿੰਦਾ ਹੈ? ਜਦ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ ਤਾਂ ਉਹ ਇਨ੍ਹਾਂ ਸੂਬਿਆਂ ਦੇ ਲੋਕਾਂ ਵਲੋਂ ਹੀ ਸ਼ੁਰੂ ਹੋਈ ਸੀ।
GST
ਜਦ ਉਤਰ ਪ੍ਰਦੇਸ਼ ਦੇ ਇਕ ਜੋੜੇ ਨੇ ਮੋਦੀ ਜੀ ਨੂੰ ਸੰਬੋਧਨ ਕਰਦਿਆਂ ਫ਼ੇਸਬੁੱਕ ਤੇ ਲਾਈਵ ਹੋ ਕੇ ਜ਼ਹਿਰ ਖਾਂਦੇ ਆਖਿਆ ਕਿ ਉਹ ਤਾਂ ਚੰਗੇ ਹਨ ਪਰ ਉਨ੍ਹਾਂ ਦੀਆਂ ਨੀਤੀਆਂ ਛੋਟੇ ਵਪਾਰੀ ਤੇ ਕਿਸਾਨੀ ਵਿਰੁਧ ਹਨ ਤੇ ਜੀ.ਐਸ.ਟੀ. ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ ਤਾਂ ਉਹ ਵੀ ਇਕ ਦੁਖੀ ਵਰਗ ਦਾ ਸੱਚ, ਅਪਣੀ ਜਾਨ ਦੇ ਕੇ ਕਰ ਰਿਹਾ ਸੀ। ਜਿਹੜੇ ਕਿਸਾਨਾਂ, ਗ਼ਰੀਬਾਂ, ਛੋਟੇ ਵਪਾਰੀਆਂ ਵਾਸਤੇ ਮੋਦੀ ਜੀ ਦੇ ਕਥਨ ਅਨੁਸਾਰ, ਉਨ੍ਹਾਂ ਦੇ ਮਨ ਵਿਚ ਪਿਆਰ ਹੈ, ਉਹ ਕਿਉਂ ਨਿਰਾਸ਼ ਹਨ? ਇਸ ਸਵਾਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਤੇਜ਼ੀ ਨਾਲ ਭਾਰਤ ਵਿਚ ਗ਼ਰੀਬੀ ਫੈਲ ਰਹੀ ਹੈ, ਮੁਫ਼ਤ ਇਲਾਜ, ਦਾਲ, ਆਟੇ ਬਿਨਾਂ ਤਾਂ ਲਾਸ਼ਾਂ ਦੇ ਢੇਰ ਲਗਣੇ ਸ਼ੁਰੂ ਹੋ ਜਾਣਗੇ।
Poverty
ਭਾਰਤ ਵਿਚ ਦਿਨ ਬ ਦਿਨ ਗ਼ਰੀਬੀ ਵੱਧ ਰਹੀ ਹੈ ਤੇ ਹੁਣ ਚਿੰਤਾ ਗ਼ਰੀਬ ਨੂੰ ਸਹੂਲਤਾਂ ਦੇਣ ਦੀ ਨਹੀਂ ਸਗੋਂ ਫਿਰ ਤੋਂ ਪੁਰਾਣਾ ਗ਼ਰੀਬੀ ਹਟਾਉ ਨਾਹਰਾ ਲਗਾਉਣ ਦੇ ਯਤਨ ਹੀ ਹੁੰਦੇ ਵੇਖੇ ਜਾ ਰਹੇ ਹਨ। ਮੋਦੀ ਜੀ ਨੇ ਡਬਲ ਇੰਜਣ ਸਰਕਾਰ ਯਾਨੀ ਭਾਜਪਾ ਹੀ ਸੂਬੇ ਵਿਚ ਤੇ ਭਾਜਪਾ ਹੀ ਕੇਂਦਰ ਵਿਚ ਹੋਣ ਦੇ ਫ਼ਾਇਦੇ ਗਿਣਾ ਕੇ ਵੋਟਰ ਨੂੰ ਭਾਜਪਾ ਵਲ ਆਕਰਸ਼ਤ ਕਰਨਾ ਚਾਹਿਆ ਹੈ ਪਰ ਨਾਲ ਨਾਲ ਅਪਣੇ ਆਪ ਨੂੰ ਸੰਘੀ ਢਾਂਚੇ ਦਾ ਸਮਰਥਕ ਵੀ ਦਸਿਆ। ਜੇ ਇਹ ਸਹੀ ਹੈ ਤਾਂ ਅੱਜ ਤਕ ਪੰਜਾਬ ਦਾ ਬਕਾਇਆ ਜੀ.ਐਸ.ਟੀ. ਦਾ ਹਿੱਸਾ ਕਿਉਂ ਨਹੀਂ ਭੇਜਿਆ ਗਿਆ? ਹਰਿਆਣਾ ਜਾਂ ਉਤਰ ਪ੍ਰਦੇਸ਼ ਨੂੰ ਕੇਂਦਰ ਵਲੋਂ ਕੋਈ ਕਮੀ ਨਹੀਂ ਆਉਂਦੀ ਪਰ ਗ਼ੈਰ ਭਾਜਪਾ ਸੂਬਿਆਂ ਵਿਚ ਮੁੱਖ ਮੰਤਰੀਆਂ ਨੂੰ ਤਰਸਾਇਆ ਜਾਂਦਾ ਹੈ।
Lakhimpur Kheri Incident
ਪੰਜਾਬ ਤੇ ਸਿੱਖਾਂ ਨਾਲ ਪਿਆਰ ਦਾ ਦਾਅਵਾ ਵੀ ਸ਼ੱਕੀ ਹੈ। ਉਨ੍ਹਾਂ ਦੇ ਵੱਡੇ ਦਿਲਾਂ ਨੂੰ ਮੋਦੀ ਜੀ ਸਮਝਦੇ ਨੇ ਪਰ ਫਿਰ ਵੀ ਇਨ੍ਹਾਂ ਵੱਡੇ ਦਿਲਾਂ ਵਿਚ ਅਪਣੇ ਵਾਸਤੇ ਥਾਂ ਨਹੀਂ ਬਣਾ ਸਕੇ। ਕਾਰਨ ਸਿਰਫ਼ ਕਿਸਾਨੀ ਸੰਘਰਸ਼, ਲਖਮੀਰਪੁਰ ਕਾਂਡ, 750 ਕਿਸਾਨਾਂ ਦੀ ਸ਼ਹੀਦੀ ਨੂੰ ਨਾ ਸਵੀਕਾਰਨ ਦੀ ਨਹੀਂ, ਹਰ ਸਿੱਖ ਮੰਗ ਨੂੰ ਬਰਫ਼ ਵਿਚ ਲਗਾ ਦੇਣ ਦੀ ਪ੍ਰਵਿਰਤੀ ਪੰਜਾਬੀ ਸੂਬੇ ਦੀ ਮੰਗ ਤੋਂ ਲੈ ਕੇ ਅੱਜ ਤਕ ਜਾਰੀ ਹੈ। ਅੱਜ ਜਦ ਕਰਨਾਟਕਾ ਵਿਚ ਵਿਦਿਆਰਥੀਆਂ ਨੇ ਤਿਰੰਗੇ ਨੂੰ ਉਤਾਰ ਕੇ ਉਥੇ ਭਗਵਾਂ ਝੰਡਾ ਲਗਾਇਆ ਤਾਂ ਕੀ ਉਨ੍ਹਾਂ ਨੂੰ ਅਤਿਵਾਦੀ ਆਖਿਆ ਗਿਆ?
Sikhs
ਸਿੱਖਾਂ ਨੂੰ ਨਿੱਛ ਮਾਰਨ ਤੇ ਵੀ ਅਤਿਵਾਦੀ ਆਖ ਦਿਤਾ ਜਾਂਦਾ ਹੈ। ਕਿਸਾਨਾਂ ਵਲੋਂ ਕਿਸਾਨੀ ਝੰਡਾ ਲਹਿਰਾਉਣਾ ਗ਼ੈਰ ਕਾਨੂੰਨੀ ਪਰ ਭਗਵਾਂ ਝੰਡਾ ਨਹੀਂ? ਛੋਟੀਆਂ ਛੋਟੀਆਂ ਗੱਲਾਂ ਵੀ ਦਿਲ ਨੂੰ ਚੁਭ ਜਾਂਦੀਆਂ ਹਨ ਤੇ ਵੱਡੇ ਜ਼ਖ਼ਮ ਬਣਾ ਦਿੰਦੀਆਂ ਹਨ। ਜੇ ਸਚਮੁਚ ਸੰਘੀ ਢਾਂਚੇ ਦਾ ਸਤਿਕਾਰ ਕਰਦੇ ਤਾਂ ਸਿਰਫ਼ ਚੋਣਾਂ ਦੇ ਸਮੇਂ ਨਹੀਂ, ਹਰ ਸਮੇਂ ਸਿੱਖਾਂ ਤੇ ਪੰਜਾਬ ਵਾਸਤੇ ਪਿਆਰ ਵਜੋਂ ਕੇਂਦਰ ਦਾ ਖ਼ਜ਼ਾਨਾ ਵੀ ਖੁਲ੍ਹਾ ਰਖਦੇ। ਫਿਰ ਹਾਲਤ ਹੋਰ ਹੁੰਦੀ। -ਨਿਮਰਤ ਕੌਰ