
ਅੱਜ ਸਾਡੇ ਨੌਜਵਾਨ ਵੇਖਣ ਨੂੰ ਤਾਕਤਵਰ ਹਨ ਪਰ ਅੰਦਰੂਨੀ ਤੌਰ ’ਤੇ ਕਮਜ਼ੋਰ ਹਨ, ਤਾਂ ਹੀ ਤਾਂ ਦਿਲ ਦੀਆਂ ਬੀਮਾਰੀਆਂ ਦੇ ਸ਼ਿਕਾਰ ਹਨ
ਕਲ ਦੇ ਪਰਚੇ ਵਿਚ ਅਸੀ ਵਿਚਾਰ ਚਰਚਾ ਕੀਤੀ ਸੀ ਕਿ ਗਿ: ਹਰਪ੍ਰੀਤ ਸਿੰਘ ਨੇ ਦੋ ਮੁੱਦਿਆਂ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ ਕਿ ਸਿੱਖਾਂ ਅੰਦਰ ਜਣਨ ਦਰ ਘੱਟ ਰਹੀ ਹੈ ਜਿਸ ਕਾਰਨ ਪੰਜਾਬ ਦੀਆਂ ਕੁੜੀਆਂ ਦੀਆਂ ਕੁੱਖਾਂ ਵਿਚ ਬਾਹਰੋਂ ਲਿਆ ਕੇ ਸੀਮਨ ਪਾਇਆ ਜਾ ਰਿਹਾ ਹੈ। ਪੰਜਾਬ ਵਿਚ ਆਈ.ਵੀ.ਐਫ਼ ਕੇਂਦਰ ਵਧੇ ਹਨ ਤੇ ਜਥੇਦਾਰ ਜੀ ਦੇ ਕਹਿਣ ’ਤੇ ਅਸਲ ਕਾਰਨ ਲੱਭਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸੱਭ ਤੋਂ ਪਹਿਲਾਂ ਤਾਂ ਕਈ ਅਜਿਹੇ ਕੇਸ ਨਿਕਲਣਗੇ ਜਿਥੇ ਮੁੰਡਾ ਪ੍ਰਾਪਤ ਕਰਨ ਦੀ ਚਾਹਤ ਪੂਰੀ ਕਰਨ ਵਾਸਤੇ ਆਈ.ਵੀ.ਐਫ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਨਾ ਕਿ ਜਣਨ ਸ਼ਕਤੀ ਦੀ ਕਮੀ ਪੂਰੀ ਕਰਨ ਵਾਸਤੇ।
ਇਸ ਵਿਚ ਸੁਧਾਰ ਆਇਆ ਹੈ ਪਰ ਇਹ ਵੀ ਸਾਫ਼ ਹੈ ਕਿ ਪੰਜਾਬ ਵਿਚ ਰਹਿਣ ਵਾਲੇ ਹੀ ਗੁਰੂ ਨਾਨਕ ਦੇਵ ਜੀ ਦੀ ਸੋਚ ਤੋਂ ਦੂਰ ਹਨ। ਜਿਸ ਬਾਬੇ ਨਾਨਕ ਨੇ ਦੁਨੀਆਂ ਵਿਚ ਪਹਿਲੀ ਵਾਰ ਅਜਿਹਾ ਫ਼ਲਸਫ਼ਾ ਦਿਤਾ ਸੀ ਜੋ ਔਰਤ ਨੂੰ ਬਰਾਬਰੀ ਦੇਂਦਾ ਹੈ, ਅੱਜ ਉਨ੍ਹਾਂ ਦੇ ਵਾਰਸ ਹੀ ਕੁੜੀਆਂ ਨੂੰ ਕੁੱਖਾਂ ਵਿਚ ਮਾਰਦੇ ਹਨ। ਇਹ ਸੋਚ ਵੀ ‘ਜਥੇਦਾਰ ਜੀ’ ਛੁਡਵਾ ਕੇ ਵੱਡੀ ਤਬਦੀਲੀ ਲਿਆ ਸਕਦੇ ਹਨ।
ਦਰਬਾਰ ਸਾਹਿਬ ਵਿਚ ਪਾਲਕੀ ਸਾਹਿਬ ਦੀ ਸੇਵਾ ਵਿਚ ਔਰਤਾਂ ਦੀ ਸ਼ਮੂਲੀਅਤ ’ਤੇ ਪਾਬੰਦੀ ਹੈ। ਔਰਤਾਂ ਨੂੰ ਇਸ ਕਾਰਜ ਵਾਸਤੇ ਗੰਦੀਆਂ ਜਾਂ ਕਮਜ਼ੋਰ ਸਮਝਣ ਵਾਲੀ ਸੋਚ ਨੂੰ ਗਿਆਨੀ ਹਰਪ੍ਰੀਤ ਸਿੰਘ ਅੱਜ ਜੜ੍ਹੋਂ ਕੱਟ ਦੇਣ ਤਾਂ ਉਹ ਇਕ ਲਹਿਰ ਸ਼ੁਰੂ ਕਰ ਸਕਦੇ ਹਨ ਜੋ ਆਈ.ਵੀ.ਐਫ਼ ਸਿਨਫ਼ਰਾ ਦੀ ਲੋੜ ਅੱਧੀ ਕਰ ਸਕਦੇ ਹਨ। ਦੂਜੀ ਗੱਲ ਜਿਹੜੀ ਜਣਨ ਦਰ ਤੇ ਹਾਵੀ ਹੈ ਤੇ ਦੇਸ਼ ਨਾਲੋਂ ਵਖਰੀ ਹੈ, ਉਹ ਅਸਲ ਵਿਚ ਸਾਡੇ ਮੁੰਡਿਆਂ ਦੇ ਸੀਮਨ ਦੀ ਕਮਜ਼ੋਰੀ ਹੈ। ਕਮਜ਼ੋਰੀ ਦੇ ਤਿੰਨ ਵੱਡੇ ਕਾਰਨ ਨਜ਼ਰ ਆਉਂਦੇ ਹਨ। ਪਹਿਲਾ ਨਸ਼ੇ, ਦੂਜੀ ਸ਼ਰਾਬ ਦੀ ਆਦਤ ਤੇ ਤੀਜੀ ਡੌਲੇ ਬਣਾਉਣ ਵਾਸਤੇ ਸਟੀਰਾਇਡਜ਼ ਦੀ ਵਰਤੋਂ।
ਘਰ ਦੀ ਸ਼ਰਾਬ ਪਿਆ ਪਿਆ ਕੇ ਪੰਜਾਬ ਦੇ ਖ਼ਜ਼ਾਨੇ ਵਿਚ ਤਾਂ ਕੁੱਝ ਜਾਣ ਨਹੀਂ ਦਿਤਾ ਪਰ ਸ਼ਰਾਬ ਮਾਫ਼ੀਆ ਜ਼ਰੂਰ ਕਾਇਮ ਕਰ ਗਏ ਜੋ ਪੰਜਾਬ ਦੀ ਜਵਾਨੀ ਦੇ ਸਿਰ ਤੇ ਅਪਣੀਆਂ ਤਿਜੌਰੀਆਂ ਭਰ ਕੇ ਲੈ ਜਾਂਦਾ ਹੈ। ਨਸ਼ੇ ਦਾ ਚਿੱਟਾ ਦਰਿਆ ਪੰਜਾਬ ਵਿਚ ਸਾਡੀਆਂ ਅੱਖਾਂ ਸਾਹਮਣੇ ਖੋਦਿਆ ਗਿਆ। ਰਾਹੁਲ ਗਾਂਧੀ ਵਰਗੇ ਆਗੂ ਹੀ ਨਹੀਂ ਸੰਯੁਕਤ ਰਾਸ਼ਟਰ ਨੇ ਵੀ ਚੇਤਾਵਨੀਆਂ ਦਿਤੀਆਂ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਬੇਨਤੀਆਂ ਕੀਤੀਆਂ ਕਿ ਅਪਣੇ ਲਾਲਚ ਵਿਚ ਨੌਜਵਾਨਾਂ ਨੂੰ ਨਸ਼ਈ ਨਾ ਬਣਾਉ। ਅੱਜ ਅਜਿਹੇ ਸੈਂਕੜੇ ਪਿੰਡ ਹਨ ਜਿਥੇ ਹਰ ਪਿੰਡ ਵਿਚ ਪਿਛਲੇ 10 ਸਾਲਾਂ ਵਿਚ 10-15 ਨੌਜਵਾਨ ਨਸ਼ੇ ਕਾਰਨ ਮੌਤ ਦੇ ਘਾਟ ਉਤਰ ਚੁੱਕੇ ਹਨ।
ਨਸ਼ੇ ਨਾਲ ਗੁੰਡਾਗਰਦੀ ਆਈ, ਬੰਦੂਕਾਂ ਆਈਆਂ ਅਤੇ ਡੌਲਿਆਂ ਦੀ ਲੋੜ ਵਾਸਤੇ ਸਟੀਰਾਇਡਜ਼ ਦੀ ਵਰਤੋਂ ਹੱਦ ਤੋਂ ਵੱਧ ਹੋ ਗਈ। ਅੱਜ ਸਾਡੇ ਨੌਜਵਾਨ ਵੇਖਣ ਨੂੰ ਤਾਕਤਵਰ ਹਨ ਪਰ ਅੰਦਰੂਨੀ ਤੌਰ ’ਤੇ ਕਮਜ਼ੋਰ ਹਨ, ਤਾਂ ਹੀ ਤਾਂ ਦਿਲ ਦੀਆਂ ਬੀਮਾਰੀਆਂ ਦੇ ਸ਼ਿਕਾਰ ਹਨ। ਅੱਜ ਪੰਜਾਬ ਵਿਚ ਮੈਰੀਟੋਰੀਅਸ ਸਕੂਲ ਖ਼ਾਲੀ ਪਏ ਹਨ। ਨੌਜਵਾਨ ਵਿਦੇਸ਼ਾਂ ਵਿਚ ਡਰਾਈਵਰੀ ਕਰ ਕੇ ਜਲਦੀ ਪੈਸੇ ਬਣਾਉਣਾ ਚਾਹੁੰਦੇ ਹਨ ਪਰ ਮਿਹਨਤ ਤੇ ਮੁਸ਼ੱਕਤ ਦੀ ਕਮਾਈ ਤੋਂ ਘਬਰਾਉਂਦੇ ਹਨ। ਹਰ ਸੂਬੇ ਵਿਚੋਂ ਵਧੀਆ ਪੜ੍ਹੇ ਲਿਖੇ ਨੌਜਵਾਨ ਆ ਰਹੇ ਹਨ। ਸਾਡੇ ਵਿਚੋਂ ਕਿਉਂ ਨਹੀਂ ਆਉਂਦੇ? ਸ਼੍ਰੋਮਣੀ ਕਮੇਟੀ ਦੇ ਚਲਾਏ ਸਕੂਲਾਂ ਦਾ ਹਾਲ ਵੇਖ ਲਉ। ਹਰ ਗੱਲ ਤੇ ਅਸੀ ਆਖ ਦੇਂਦੇ ਹਾਂ, ਸਿੱਖਾਂ ਵਿਰੁਧ ਸਾਜ਼ਸ਼ ਰਚੀ ਜਾ ਰਹੀ ਹੈ। ਕਦੇ ਕੇਂਦਰ ਦਾ ਨਾਂ ਲੈਂਦੇ ਹਾਂ ਤੇ ਕਦੇ ਪਾਕਿਸਤਾਨ ਦਾ, ਪਰ ਜੋ ਅਸੀ ਆਪ ਅਪਣਿਆਂ ਨਾਲ ਕਰ ਰਹੇ ਹਾਂ, ਉਸ ਦਾ ਹਿਸਾਬ ਕੌਣ ਦੇਵੇਗਾ? ਸੋਚ ਵਿਚਾਰ ਦੀ ਜ਼ਰੂਰਤ ਹੈ ਪਰ ਜਿਗਰਾ ਵੱਡਾ ਕਰ ਕੇ ਬੈਠਣਾ ਪਵੇਗਾ ਕਿਉਂਕਿ ਅਸਲ ਕਸੂਰਵਾਰ ਕੋਈ ਵੀ ਹੋ ਸਕਦਾ ਹੈ, ਅਸੀ ਆਪ ਵੀ।
- ਨਿਮਰਤ ਕੌਰ